34 C
Delhi
Saturday, April 27, 2024
spot_img
spot_img

ਕੀ ਭਗਵੰਤ ਮਾਨ ਨੂੰ ਫ਼ਰੈਂਕਫ਼ਰਟ ਹਵਾਈ ਅੱਡੇ ’ਤੇ ਜਹਾਜ਼ੋਂ ਲਾਹਿਆ ਗਿਆ? ‘ਆਪ’ ਨੇ ਮੁੱਖ ਮੰਤਰੀ ਦੇ ‘ਪੀਤੀ ਹੋਣ’ ਦੇ ਦੋਸ਼ ਨਕਾਰੇ

ਯੈੱਸ ਪੰਜਾਬ
ਚੰਡੀਗੜ੍ਹ, 19 ਸਤੰਬਰ, 2022:
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਸਿੰਘ ਵੱਲੋਂ ਪੰਜਾਬ ਵਿੱਚ ਨਿਵੇਸ਼ ਲਿਆਉਣ ਲਈ ਕੀਤਾ ਗਿਆ ਇਕ ਹਫ਼ਤੇ ਦਾ ਜਰਮਨੀ ਦੌਰਾ ਵਿਵਾਦਪੂਰਨ ਹੋ ਨਿੱਬੜਿਆ ਹੈ।

11 ਸਤੰਬਰ ਤੋਂ ਲੈ ਕੇ 18 ਸਤੰਬਰ ਤਕ ਦੇ ਇਸ ਦੌਰੇ ਦੌਰਾਨ ਮੁੱਖ ਮੰਤਰੀ ਬੀ.ਐਮ.ਡਬਲਿਊ. ਵੱਲੋਂ ਪੰਜਾਬ ਵਿੱਚ ਕਲਪੁਰਜ਼ਿਆਂ ਦਾ ਇਕ ਪਲਾਂਟ ਲਗਾਉਣ ਦੇ ਦਾਅਵੇ ਅਤੇ ਦੂਜੇ ਹੀ ਦਿਨ ਖ਼ੁਦ ਬੀ.ਐਮ.ਡਬਲਿਊ. ਵੱਲੋਂ ਇਸ ਦਾਅਵੇ ਨੂੰ ਰੱਦ ਕੀਤੇ ਜਾਣ ਕਾਰਨ ਵਿਵਾਦ ਨਾਲ ਘਿਰੇ ਰਹੇ ਪਰ ਇਸ ਦੌਰੇ ਦਾ ਅੰਤ ਵੀ ਕੋਈ ਬਹੁਤਾ ਸ਼ੁਭ ਨਹੀਂ ਰਿਹਾ।

ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਫ਼ਰੈਂਕਫ਼ਰਟ ਹਵਾਈ ਅੱਡੇ ਤੋਂ ਵਾਪਸੀ ਉਡਾਨ ਫ਼ੜ ਕੇ ਭਾਰਤ ਵਾਪਸ ਆਉਣ ਲਈ ਮੁੱਖ ਮੰਤਰੀ ਲੁਫ਼ਥਾਨਸਾ ਦੇ ਜਹਾਜ਼ ਵਿੱਚ ਚੜ੍ਹ ਤਾਂ ਗਏ ਪਰ ਉਨ੍ਹਾਂ ਵੱਲੋਂ ਕਥਿਤ ਤੌਰ ’ਤੇ ਸ਼ਰਾਬ ਪੀਤੇ ਹੋਣ ਅਤੇ ਠੀਕ ਤਰ੍ਹਾਂ ਤੁਰ ਵੀ ਨਾ ਸਕਣ ਕਾਰਨ ਉਨ੍ਹਾਂ ਨੂੰ ਜਹਾਜ਼ ਵਿੱਚੋਂ ਲਾਹ ਦਿੱਤਾ ਗਿਆ ਹਾਲਾਂਕਿ ‘ਆਮ ਆਦਮੀ ਪਾਰਟੀ’ ਨੇ ਇਨ੍ਹਾਂ ਖ਼ਬਰਾਂ ਨੂੰ ਨਿਰਮੂਲ ਅਤੇ ਸਾਜ਼ਿਸ਼ੀ ਪ੍ਰਾਪੇਗੰਡਾ ਕਰਾਰ ਦਿੱਤਾ ਹੈ।

ਇਹ ਵੀ ਖ਼ਬਰ ਹੈ ਕਿ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਨਾਲ ਗਏ ਅਧਿਕਾਰੀਆਂ ਅਤੇ ਸੁਰੱਖ਼ਿਆ ਵੱਲੋਂ ‘ਐਸਕਾਰਟ’ ਕਰਕੇ ਲਿਜਾਇਆ ਗਿਆ ਅਤੇ ਜਹਾਜ਼ ਦੇ ਅੰਦਰ ਬਹਿਸ ਮੁਬਹਿਸੇ ਤੋਂ ਬਾਅਦ ਹੀ ਸ: ਮਾਨ ਨੂੰ ਅੰਤ ਜਹਾਜ਼ ਵਿੱਚੋਂ ਉਤਾਰਿਆ ਗਿਆ। ਪਹਿਲਾਂ ਹੀ ਦੇਰੀ ਨਾਲ ਚੱਲ ਰਹੇ ਜਹਾਜ਼ ਵਿੱਚੋਂ ਮੁੱਖ ਮੰਤਰੀ ਨੂੰ ਲਾਹੇ ਜਾਣ ’ਤੇ ਨਾ ਕੇਵਲ ਉਨ੍ਹਾਂ ਦੀ ਪਤਨੀ ਅਤੇ ਸਾਥੀ ਅਧਿਕਾਰੀਆਂ ਨੂੰ ਵੀ ਹੇਠਾਂ ਉੱਤਰਣਾ ਪਿਆ ਸਗੋਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਜਹਾਜ਼ ਵਿੱਚ ਲੋਡ ਹੋ ਚੁੱਕੇ ਸਮਾਨ ਨੂੰ ਵੀ ਲਾਹੁਣਾ ਪਿਆ ਜਿਸ ਨਾਲ ਜਹਾਜ਼ ਦੀ ਉਡਾਨ ਹੋਰ ਦੇਰੀ ਨਾਲ ਸੰਭਵ ਹੋ ਸਕੀ।

ਮੁੱਖ ਮੰਤਰੀ ਦਫ਼ਤਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੇ ਆਪ ਹੀ ਆਪਣੀ ਯਾਤਰਾ ਨੂੰ ‘ਰੀ-ਸ਼ੈਡਿਊਲ’ ਕਰ ਲਿਆ ਸੀ ਜਿਸ ਕਰਕੇ ਉਨ੍ਹਾਂ ਨੇ ਬਾਅਦ ਵਿੱਚ ਦੂਜੀ ਫ਼ਲਾਈਟ ਲਈ।

ਇਹ ਵੀ ਜ਼ਿਕਰਯੋਗ ਹੈ ਕਿ ਸ: ਭਗਵੰਤ ਸਿੰਘ ਮਾਨ ਵੱਲੋਂ ਉਕਤ ਫ਼ਲਾਈਟ ਵਿੱਚ ਸਫ਼ਰ ਨਾ ਕਰਕੇ ਅਗਲੇ ਹਵਾਈ ਜਹਾਜ਼ ਰਾਹੀਂ ਸਫ਼ਰ ਕਰਦੇ ਹੋਏ ਭਾਰਤ ਪੁੱਜਣ ਕਾਰਨ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਖ਼ੇ ਐਤਵਾਰ ਨੂੰ ਬੁਲਾਈ ਗਈ ਪਾਰਟੀ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਮੀਟਿੰਗ ਵਿੱਚ ਵੀ ਹਾਜ਼ਰ ਨਹੀਂ ਹੋ ਸਕੇ ਹਾਲਾਂਕਿ ਇਹ ਮੀਟਿੰਗ ਐਤਵਰ ਨੂੰ ਇਸੇ ਹਿਸਾਬ ਨਾਲ ਰੱਖੀ ਗਈ ਸੀ ਕਿ ਸ: ਮਾਨ ਇਸ ਵਿੱਚ ਸ਼ਾਮਲ ਹੋ ਸਕਣ।

ਇਸੇ ਦੌਰਾਨ ਇਸ ਵਿਵਾਦ ਵਿੱਚ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਕੁੱਦ ਪਈਆਂ ਹਨ।

ਇਸ ਸੰਬੰਧੀ ਆਈਆਂ ਰਿਪੋਰਟਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਉਸੇ ਫ਼ਲਾਈਟ ਵਿੱਚ ਸਫ਼ਰ ਕਰ ਰਹੇ ਇਕ ਮੁਸਾਫ਼ਿਰ ਨੇ ਇਹ ਕਿਹਾ ਹੈ ਕਿ ਮੁੱਖ ਮੰਤਰੀ ਪੱਕੇ ਪੈਰੀਂ ਖੜ੍ਹੇ ਨਹੀਂ ਹੋ ਪਾ ਰਹੇ ਸਨ, ਲੜਖ਼ੜਾ ਰਹੇ ਸਨ ਅਤੇ ਉਨ੍ਹਾਂ ਨੇ ਇੰਨੀ ਪੀਤੀ ਹੋਈ ਸੀ ਕਿ ਉਨ੍ਹਾਂ ਨੂੰ ਆਪਣੀ ਪਤਨੀ ਅਤੇ ਸੁਰੱਖ਼ਿਆ ਕਰਮੀਆਂ ਦੀ ਮਦਦ ਦੀ ਲੋੜ ਪੈ ਰਹੀ ਸੀ।’

ਪਾਰਟੀ ਦੇ ਮੁੱਖ ਬੁਲਾਰੇ ਸ: ਮਾਲਵਿੰਦਰ ਸਿੰਘ ਕੰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ‘ਸਾਡੇ ਰਾਜਸੀ ਵਿਰੋਧੀ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਮੁੱਖ ਮੰਤਰੀ ਨੂੰ ਬਦਨਾਮ ਕਰਨ ਲਈ ਫ਼ੈਲਾ ਰਹੇ ਹਨ। ਉਹ ਇਹ ਗੱਲ ਹਜ਼ਮ ਨਹੀਂ ਕਰ ਪਾ ਰਹੇ ਕਿ ਮੁੱਖ ਮੰਤਰੀ ਪੰਜਾਬ ਲਈ ਨਿਵੇਸ਼ ਲਿਆਉਣ ਵਾਸਤੇ ਸਖ਼ਤ ਮਿਹਨਤ ਕਰ ਰਹੇ ਹਨ। ਮੁੱਖ ਮੰਤਰੀ ਆਪਣੇ ਮਿੱਥੇ ਪ੍ਰੋਗਰਾਮ ਮੁਤਾਬਕ ਹੀ ਵਾਪਸ ਪਰਤੇ ਹਨ।’

ਮੀਡੀਆ ਨੇ ‘ਆਪ’ ਦੀ ਮੀਡੀਆ ਕਮਿਊਨੀਕੇਸ਼ਨ ਡਾਇਰੈਕਟਰ ਸ੍ਰੀਮਤੀ ਚੰਦਰ ਸੁਤਾ ਡੋਗਰਾ ਦੇ ਹਵਾਲੇ ਨਾਲ ਲਿਖ਼ਿਆ ਹੈ ਕਿ ਮੁੱਖ ਮੰਤਰੀ ਦੀ ਸਿਹਤ ਰਤਾ ਨਾਸਾਜ਼ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਨੇ ਇਸ ਮਾਮਲੇ ’ਤੇ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਆਪਣੇ ਟਵਿੱਟਰ ਸੁਨੇਹੇ ਵਿੱਚ ਆਖ਼ਿਆ ਹੈ ਕਿ ‘ਪਰੇਸ਼ਾਨ ਕਰਨ ਵਾਲੀਆਂ ਮੀਡੀਆ ਰਿਪੋਰਟਾਂ ਵਿੱਚ ਜਹਾਜ਼ ਵਿੱਚ ਸਵਾਰ ਹੋਰ ਸੁਆਰੀਆਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਸ:ਭਗਵੰਤ ਸਿੰਘ ਮਾਨ ਨੂੰ ਲੁਫ਼ਥਾਨਸਾ ਦੀ ਫ਼ਲਾਈਟ ਵਿੱਚੋਂ ਉਤਾਰਿਆ ਗਿਆ ਜਿਸ ਨਾਲ ਫ਼ਲਾਈਟ 4 ਘੰਟੇ ਲੇਟ ਹੋ ਗਈ। ਉਹ ‘ਆਪ’ ਦੀ ਕੌਮੀ ਕਨਵੈਨਸ਼ਨ ਵਿੱਚ ਵੀ ਭਾਗ ਨਹੀਂ ਲੈ ਸਕੇ। ਇਹਨਾਂ ਰਿਪੋਰਟਾਂ ਕਰਕੇ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਸ਼ਰਮਿੰਦਗੀ ਅਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਸ੍ਰੀ ਕੇਜਰੀਵਾਲ ਨੂੰ ਇਸ ਮਾਮਲੇ ’ਤੇ ਆਪਣਾ ਪੱਖ ਰੱਖਣਾ ਚਾਹੀਦਾ ਹੈ।’

ਸ: ਸੁਖ਼ਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਹੈ ਕਿ ਉਹ ਹੈਰਾਨ ਹਨ ਕਿ ਮੁੱਖ ਮੰਤਰੀ ਸ: ਮਾਨ ਬਾਰੇ ਇਨ੍ਹਾਂ ਰਿਪੋਰਟਾਂ ’ਤੇ ਪੰਜਾਬ ਸਰਕਾਰ ਨੇ ਚੁੱਪ ਧਾਰੀ ਹੋਈ ਹੈ। ਸ: ਸੁਖ਼ਬੀਰ ਸਿੰਘ ਬਾਦਲ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਸ: ਮਾਨ ਨੂੰ ਫ਼ਰੈਂਕਫ਼ਰਟ ਹਵਾਈ ਅੱਡੇ ’ਤੇ ਜਹਾਜ਼ ਵਿੱਚੋਂ ਉਤਾਰੇ ਜਾਣ ਦਾ ਇਹ ਮਾਮਲਾ ਉਹ ਜਰਮਨੀ ਸਰਕਾਰ ਨਾਲ ਉਠਾਉਣ।

ਇਸੇ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਨੇ ਜਲੰਧਰ ਵਿੱਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ। ਇਹ ਘਟਨਾ ਬਡੀ ਮੰਦਭਾਗੀ ਅਤੇ ਸ਼ਰਮਸਾਰ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਇਸ ਘਟਨਾ ਬਾਰੇ ਲੁਫ਼ਥਾਨਸਾ ਤੋਂ ਸਾਰੀ ਜਾਣਕਾਰੀ ਲੈ ਕੇ ਕਾਰਨ ਜਨਤਕ ਕਰਨਾ ਚਾਹੀਦਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION