32.1 C
Delhi
Friday, April 26, 2024
spot_img
spot_img

ਕਰਨਾਲ: ਕਿਸਾਨਾਂ ਅਤੇ ਪ੍ਰਸ਼ਾਸ਼ਨ ਵਿਚਾਲੇ ਗੱਲ ਟੁੱਟਣ ਮਗਰੋਂ ਮਿੰਨੀ ਸਕੱਤਰੇਤ ਵੱਲ ਵਧੇ ਕਿਸਾਨ, ਟਿਕੈਤ, ਚੜੂਨੀ, ਯੋਗਿੰਦਰ ਯਾਦਵ ਗ੍ਰਿਫ਼ਤਾਰ

ਯੈੱਸ ਪੰਜਾਬ
ਕਰਨਾਲ, 7 ਸਤੰਬਰ, 2021:
ਕਿਸਾਨਾਂ ’ਤੇ ਕਰਨਾਲ ਵਿੱਚ ਬੀਤੇ ਦਿਨੀਂ ਹੋਏ ਲਾਠੀਚਾਰਜ ਅਤੇ ਇਸੇ ਮੌਕੇ ਆਈ.ਏ.ਐਸ.ਅਧਿਕਾਰੀ ਅਤੇ ਕਰਨਾਲ ਦੇ ਐਸ.ਡੀ.ਐਮ. ਆਯੁਸ਼ ਸਿਨ੍ਹਾ ਦੀ ਕਿਸਾਨਾਂ ਦੇ ਸਿਰ ਭੰਨ ਦੇਣ ਦੀ ਵਾਇਰਲ ਹੋਈ ਵੀਡੀਓ ਦੇ ਖਿਲਾਫ਼ ਸੰਯੁਕਤ ਮੋਰਚੇ ਵੱਲੋਂ ਅੱਜ ਸੱਦੀ ਗਈ ਕਿਸਾਨ ਮਹਾਂਪੰਚਾਇਤ ਦੌਰਾਨ ਕਿਸਾਨਾਂ ਅਤੇ ਸਰਕਾਰ ਵਿਚਾਲੇ ਤਿੰਨ ਘੰਟੇ ਤੋਂ ਵੀ ਵੱਧ ਚੱਲੀ ਗੱਲਬਾਤ ਟੁੱਟ ਗਈ ਹੈ ਜਿਸ ਮਗਰੋਂ ਕਿਸਾਨਾਂ ਨੇ ਮਿੰਨੀ ਸਕੱਤਰੇਤ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ।

ਇਹ ਮਾਰਚ ਸ਼ੁਰੂ ਹੋ ਜਾਣ ਨਾਲ ਤਨਾਅ ਅਤੇ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ ਹੈ ਕਿਉਂਕਿ ਕਿਸਾਨ ਮਿੰਨੀ ਸਕੱਤਰੇਤ ਵੱਲ ਵਧਣ ਲਈ ਅਤੇ ਪ੍ਰਸ਼ਾਸ਼ਨ ਉਨ੍ਹਾਂ ਨੂੰ ਨਾ ਵਧਣ ਦੇਣ ਲਈ ਬਜ਼ਿਦ ਹੈ।

ਤਾਜ਼ਾ ਖ਼ਬਰ ਇਹ ਵੀ ਹੈ ਕਿ ਮਿੰਨੀ ਸਕੱਤਰੇਤ ਕੋਲ ਤਾਇਨਾਤ ਸੁਰੱਖ਼ਿਆ ਬਲ ਵੱਡੀ ਗਿਣਤੀ ਵਿੱਚ ਮਿੰਨੀ ਸਕੱਤਰੇਤ ਵੱਲ ਵਧ ਰਹੇ ਕਿਸਾਨਾਂ ਨੂੰ ਵੇਖ਼ਦੇ ਹੋਏ ਪਿੱਛੇ ਹਟਣੇ ਸ਼ੁਰੂ ਹੋ ਗਏ ਹਨ।

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਹਿੰਸਾ ਨਹੀਂ ਕੀਤੀ ਜਾਵੇਗੀ ਅਤੇ ਜਿੱਥੇ ਵੀ ਕਿਸਾਨਾਂ ਨੂੂੰ ਰੋਕਿਆ ਜਾਵੇਗਾ, ੳੁੱੱਥੇ ਹੀ ਗ੍ਰਿਫ਼ਤਾਰੀ ਦੇ ਦਿੱਤੀ ਜਾਵੇਗੀ।

ਇਸੇ ਦੌਰਾਨ ਪਤਾ ਲੱਗਾ ਹੈ ਕਿ ਹਰਿਆਣਾ ਦੇ ਕਿਸਾਨ ਨੇਤਾ ਸ੍ਰੀ ਰਾਕੇਸ਼ ਟਿਕੈਤ, ਸ: ਗੁਰਨਾਮ ਸਿੰਘ ਚੜੂਨੀ, ਸ੍ਰੀ ਯੋਗਿੰਦਰ ਯਾਦਵ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪਤਾ ਲੱਗਾ ਹੈ ਕਿ ਸ: ਚੜੂਨੀ ਨੇ ਆਪਣੀ ਗ੍ਰਿਫ਼ਤਾਰੀ ਆਪ ਹੀ ਦੇ ਦਿੱਤੀ ਜਦਕਿ ਸ੍ਰੀ ਟਿਕੈਤ ਅਤੇ ਸ੍ਰੀ ਯੋਗਿੰਦਰ ਯਾਦਵ ਨੂੂੰ ਪੁਲਿਸ ਨੇ ਆਪ ਹਿਰਾਸਤ ਵਿੱਚ ਲਿਆ। ਇਹ ਗ੍ਰਿਫ਼ਤਾਰੀਆਂ ਨਮਸਤੇ ਚੌਂਕ ਵਿੱਚ ਹੋਈਆਂ ਹਨ।

ਯਾਦ ਰਹੇ ਕਿ ਕਰਨਾਲ ਪ੍ਰਸ਼ਾਸ਼ਨ ਨੇ ਬੀਤੀ ਰਾਤ ਤੋਂ ਪੰਜ ਜ਼ਿਲ੍ਹਿਆਂ ਕਰਨਾਲ, ਜੀਂਦ, ਪਾਣੀਪਤ, ਕੁਰੁਕਸ਼ੇਤਰ ਅਤੇ ਕੈਥਲ ਵਿੱਚ ਇੰਟਰਨੈਟ ਅਤੇ ਐਸ.ਐਮ.ਐਸ.ਸੇਵਾਵਾਂ ਬੰਦ ਕਰ ਦਿੱਤੀਆਂ ਸਨ।

ਇਸ ਤੋਂ ਪਹਿਲਾਂ ਦੀ ਖ਼ਬਰ ਇਹ ਰਹੀ ਕਿ ਧਾਰਾ 144 ਲਗਾ ਕੇ ਸ਼ਹਿਰ ਨੂੰ ਸੀਲ ਕਰ ਦੇਣ ਦੇ ਕਰਨਾਲ ਪ੍ਰਸ਼ਾਸ਼ਨ ਅਤੇ ਹਰਿਆਣਾ ਸਰਕਾਰ ਦੇ ਯਤਨ ਕੰਮ ਨਹੀਂ ਆਏ ਅਤੇ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਅਨਾਜ ਮੰਡੀ ਪੁੱਜ ਗਏ।

ਇਸ ਮੌਕੇ ਹਰਿਆਣਾ ਸਰਕਾਰ ਨੇ ਸਖ਼ਤ ਰੁਖ਼ ਅਪਨਾਉਂਦਿਆਂ ਸੁਰੱਖ਼ਿਆ ਬਲਾਂ ਦੀਆਂ 40 ਕੰਪਨੀਆਂ ਤਾਇਨਾਤ ਕਰਕੇ ਸਮੁੱਚੇ ਕਰਨਾਲ ਨੂੂੰ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਅੰਬਾਲਾ-ਦਿੱਲੀ ਹਾਈਵੇਅ ਅਤੇ ਚੰਡੀਗੜ੍ਹ-ਕਰਨਾਲ ਹਾਈਵੇਅ ’ਤੇ ਰੂਟ ਡਾਇਵਰਟ ਕਰ ਦਿੱਤੇ ਗਏ ਸਨ।

ਅੱਜ ਪਹਿਲਾਂ ਪ੍ਰਸ਼ਾਸ਼ਨ ਨੇ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਜਿਸ ਦੇ ਜਵਾਬ ਵਿੱਚ ਇਕ 11 ਮੈਂਬਰੀ ਵਫ਼ਦ ਪ੍ਰਸ਼ਾਸ਼ਨ ਨਾਲ ਗੱਲਬਾਤ ਲਈ ਗਿਆ ਜਿਸ ਵਿੱਚ ਸ੍ਰੀ ਰਾਕੇਸ਼ ਟਿਕੈਤ, ਸ: ਬਲਬੀਰ ਸਿੰਘ ਰਾਜੇਵਾਲ, ਸ: ਗੁਰਨਾਮ ਸਿੰਘ ਚੜੂਨੀ, ਸ: ਜਗਜੀਤ ਸਿੰਘ ਡੱਲੇਵਾਲ, ਸ੍ਰੀ ਦਰਸ਼ਨ ਪਾਲ, ਸ੍ਰੀ ਯੋਗਿਦਰ ਯਾਦਵ ਆਦਿ ਆਗੂ ਸ਼ਾਮਲ ਸਨ ਗੱਲਬਾਤ ਲਈ ਪੁੱਜੇ।

ਐਪਰ ਤਿੰਨ ਪੜਾਵਾਂ ਵਿੱਚ ਹੋਈ ਇਹ ਗੱਲਬਾਤ ਜੋ 3 ਘੰਟੇ ਤੋਂ ਵੱਧ ਚੱਲੀ ਪਰ ਇਹ ਗੱਲਬਾਤ ਬੇਸਿੱਟਾ ਰਹੀ ਜਿਸ ਮਗਰੋਂ ਵਾਪਸ ਪੁੱਜੇ ਕਿਸਾਨ ਆਗੂਆਂ ਨੇ ਮਿੰਨੀ ਸਕੱਤਰੇਤ ਵੱਲ ਕੂਚ ਦਾ ਐਲਾਨ ਕੀਤਾ।

ਜ਼ਿਕਰਯੋਗ ਹੈ ਕਿ ਕਿਸਾਨ ਆਗੂ ਐਸ.ਡੀ.ਐਮ.ਦੀ ਬਰਖ਼ਾਸਤਗੀ ਅਤੇ ਇਸ ਲਾਠੀਚਾਰਜ ਦੇ ਸਿੱਟੇ ਵਜੋਂ ਦਮ ਤੋੜ ਗਏ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰਕ ਮੈਂਬਰ ਲਈ ਨੌਕਰੀ ਅਤੇ 25 ਲੱਖ ਰੁਪਏ ਮੁਆਵਜ਼ੇ ਦੀ ਮੰਗ ਕਰ ਰਹੇ ਸਨ। ਸਰਕਾਰ ਵੱਲੋਂ ਇਨ੍ਹਾਂ ਦੋਹਾਂ ਮੰਗਾਂ ਪ੍ਰਤੀ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ ਗਿਆ ਜਿਸ ਮਗਰੋਂ ਸਥਿਤੀ ਤਨਾਅਪੂਰਨ ਹੈ।

ਯਾਦ ਰਹੇ ਕਿ ਹਰਿਆਣਾ ਸਰਕਾਰ ਨੇ ਅਤੇ ਖ਼ਾਸਕਰ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਸਾਫ਼ ਕੀਤਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਸਰਕਾਰ ਕਿਸੇ ਵੀ ਤਰ੍ਹਾਂ ਸਥਿਤੀ ਨੂੰ ਸੰਭਾਲਣ ਲਈ ਤਿਆਰ ਹੈ।

ਇਸੇ ਦੌਰਾਨ ਸ੍ਰੀ ਅਨਿਲ ਵਿੱਜ ਨੇ ਹੁਕਮ ਜਾਰੀ ਕਰਕੇ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਸ: ਨਵਦੀਪ ਸਿੰਘ ਵਿਰਕ ਨੂੰ ਕਰਨਾਲ ਵਿੱਚ ਤਾਇਨਾਤ ਕਰਦਿਆਂ ਕਿਹਾ ਸੀ ਕਿ ਉਹ ਹੀ ਇਸ ਸਾਰੇ ਮਾਮਲੇ ਮੌਕੇ ਸਥਿਤੀ ਨੂੰ ਸੰਭਾਲਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION