ਫ਼ਾਜ਼ਿਲਕਾ, 30 ਅਕਤੂਬਰ, 2019:
ਡਿਪਟੀ ਕਮਿਸ਼ਨਰ ਸ੍ਰ ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਦੁਨੀਆਂ ਭਰ ’ਚ ਮਨਾਏ ਜਾ ਰਹੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਲੈ ਕੇ ਸਿੱਖ ਸੰਗਤਾਂ ਵਿਚ ਪਾਏ ਜਾ ਰਹੇ ਭਾਰੀ ਉਤਸਾਹ ਨੂੰ ਵੇਖਦਿਆਂ ਹੋਇਆ ਵਿਦੇਸ਼ ਮੰਤਰਾਲਾ ਭਾਰਤ ਸਰਕਾਰ ਦੀ ਯੋਗ ਅਗਵਾਈ ਹੇਠ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਨਵੇਂ ਪਾਸਪੋਰਟ ਬਣਾਉਣ ਲਈ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ 31 ਅਕਤੂਬਰ ਤੋਂ ਜ਼ਿਲੇ੍ਹ ਦੇ ਸੇਵਾ ਕੇਂਦਰਾਂ ਵਿੱਚ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਚਾਹਵਾਨ ਆਨਲਾਈਨ ਪਾਸਪੋਰਟ ਬੁਕਿੰਗ ਦੀ ਸੁਵਿਧਾ ਦਾ ਲਾਹਾ ਲੈ ਸਕਣਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪਾਸਪੋਰਟ ਅਫ਼ਸਰ ਅੰਮਿ੍ਰਤਸਰ ਸ੍ਰੀ ਮੁਨੀਸ਼ ਕਪੂਰ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਕਾਰਨ ਪਾਸਪੋਰਟ ਬਣਾਉਣ ਵਾਲਿਆਂ ਦੀ ਗਿਣਤੀ ’ਚ ਪਹਿਲਾਂ ਨਾਲੋਂ ਕਾਫੀ ਵਾਧਾ ਹੋਇਆ ਹੈ, ਜਿਸ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਦੇ ਦਫ਼ਤਰ ਵੱਲੋਂ ਫ਼ਾਜ਼ਿਲਕਾ ਵਿਖੇ 5 ਨੂੰ ਜਦ ਕਿ ਅਬੋਹਰ ਵਿਖੇ 6 ਨਵੰਬਰ ਨੂੰ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਲੱਗਣ ਨਾਲ ਪਾਸਪੋਰਟ ਬਣਵਾਉਣ ਦੇ ਚਾਹਵਾਨ ਲੋਕਾਂ ਨੂੰ ਦੂਰ ਦੁਰਾਡੇ ਨਹੀਂ ਜਾਣਾ ਪਵੇਗਾ, ਜਿਸ ਨਾਲ ਉਨ੍ਹਾਂ ਦੀ ਬੇਲੋੜੀ ਖੱਜਲ ਖੁਆਰੀ ਵੀ ਘਟੇਗੀ।
ਪਾਸਪੋਰਟ ਅਫ਼ਸਰ ਨੇ ਦੱਸਿਆ ਕਿ ਫ਼ਾਜ਼ਿਲਕਾ ਦੇ ਮਲੋਟ ਰੋਡ ’ਤੇ ਸਥਿਤ ਆਈ.ਟੀ.ਆਈ. ਵਿਖੇ 5 ਨਵੰਬਰ ਨੂੰ ਜਦ ਕਿ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਹਨੂੰਮਾਨਗੜ੍ਹ ਰੋਡ ਅਬੋਹਰ ਵਿਖੇ 6 ਨਵੰਬਰ ਨੂੰ ਲੱਗਣ ਵਾਲੇ ਵਿਸ਼ੇਸ਼ ਕੈਂਪ ਦੌਰਾਨ 200-200 ਨਵੇਂ ਪਾਸਪੋਰਟ ਬਣਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਥਾਵਾਂ ’ਤੇ ਪਾਸਪੋਰਟ ਬਣਾਉਣ ਦੇ ਚਾਹਵਾਨ ਵਿਭਾਗ ਦੀ ਵੈੱਬਸਾਈਟ www.passportindia.gov.in ’ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਵੇਂ ਪਾਸਪੋਰਟ ਬਣਾਉਣ ਦੇ ਚਾਹਵਾਨਾਂ ਦੀ ਸਹੂਲਤ ਲਈ ਭਵਿੱਖ ’ਚ ਵੀ ਅਜਿਹੇ ਕੈਂਪ ਹੋਰ ਲਾਏ ਜਾਣਗੇ।