ਅੱਜ-ਨਾਮਾ
ਉਲਝਣ ਮੁੱਕੀ ਕਿਸਾਨਾਂ ਦੀ ਅਜੇ ਹੈ ਨਾ,
ਰੇਲਾਂ, ਸੜਕਾਂ `ਤੇ ਲੋਕ ਆ ਡਟੇ ਮੀਆਂ।
ਝੋਨਾ ਝਾੜਨ ਦਾ ਓਧਰ ਹੈ ਸਮਾਂ ਆਇਆ,
ਧਰਨਿਆਂ ਵਿੱਚ ਪਰ ਲੋਕ ਨਾ ਘਟੇ ਮੀਆਂ।
ਦੇਂਦੀ ਫਿਰਦੀ ਦਲੀਲਾਂ ਸਰਕਾਰ ਕੇਂਦਰ,
ਸੁਣ ਕੇ ਸੀਨਾ ਕਿਸਾਨਾਂ ਦਾ ਫਟੇ ਮੀਆਂ।
ਰਾਖੀ ਕਿਰਤ ਦੀ ਖਾਤਰ ਹਨ ਡਟੇ ਲੋਕੀਂ,
ਹਟਾਇਆਂ ਪਿੱਛੇ ਕਿਸਾਨ ਨਾ ਹਟੇ ਮੀਆਂ।
ਦਿੱਤੇ ਮੋਦੀ ਫਿਰ ਝੋਕ ਹਨ ਭਾਜਪਾਈਏ,
ਕਰ`ਤੀ ਪਿੰਡਾਂ ਦੇ ਵੱਲ ਆ ਧਾਈ ਮੀਆਂ।
ਦੁਖਿਆਂ ਹੋਇਆਂ ਨੂੰ ਹੋਰ ਦੁਖਾਉਣ ਚੱਲੇ,
ਲਏ ਆ ਲੋਕ ਵੀ ਸਮਝ ਸ਼ੁਦਾਈ ਮੀਆਂ।
-ਤੀਸ ਮਾਰ ਖਾਂ
ਅਕਤੂਬਰ 04, 2020