27.1 C
Delhi
Sunday, April 28, 2024
spot_img
spot_img

ਅੰਮ੍ਰਿਤਸਰ ਹਵਾਈ ਅੱਡਾ ਕਾਇਮ ਕਰੇਗਾ ਨਵਾਂ ਰਿਕਾਰਡ; ਗਰਮੀਆਂ ਵਿੱਚ 11 ਭਾਰਤੀ ਅਤੇ ਵਿਦੇਸ਼ੀ ਏਅਰਲਾਈਨਜ਼ ਦੀਆਂ ਚੱਲਣਗੀਆਂ 64 ‘ਫ਼ਲਾਈਟਸ’

ਯੈੱਸ ਪੰਜਾਬ
ਅੰਮ੍ਰਿਤਸਰ, ਮਾਰਚ 26, 2023:
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰੀਆਂ ਲਈ ਚੰਗੀ ਖਬਰ ਹੈ। ਪ੍ਰੈਸ ਨੂੰ ਜਾਰੀ ਬਿਆਨ ਵਿੱਚ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ, ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡਾ ਆਉਣ ਵਾਲੇ ਗਰਮੀਆਂ ਦੇ ਮੌਸਮ ਵਿੱਚ ਨਵੀਆਂ ਉਡਾਣਾਂ ਨਾਲ ਨਵੇਂ ਰਿਕਾਰਡ ਕਾਇਮ ਕਰਨ ਲਈ ਤਿਆਰ ਹੈ।

ਇੱਥੋਂ ਭਾਰਤ ਅਤੇ ਵਿਦੇਸ਼ ਦੀਆਂ ਕੁੱਲ 11 ਏਅਰਲਾਈਨ ਦੁਆਰਾ ਰੋਜ਼ਾਨਾ ਲਗਭਗ 64 ਉਡਾਣਾਂ ਦੀ ਰਵਾਨਗੀ ਅਤੇ ਆਗਮਨ ਹੋਵੇਗੀ। ਹਵਾਬਾਜੀ ਖੇਤਰ ਵਿੱਚ ਗਰਮੀਆਂ ਦਾ ਸੀਜ਼ਨ ਮਾਰਚ ਦੇ ਅਖੀਰਲੇ ਹਫਤੇ ਤੋਂ ਸ਼ੁਰੂ ਹੋ ਕੇ ਅਕਤੂਬਰ ਦੇ ਅੰਤ ਤੱਕ ਹੁੰਦਾ ਹੈ।

ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈਸ ਨੇ 25 ਮਾਰਚ ਤੋਂ ਅੰਮ੍ਰਿਤਸਰ ਅਤੇ ਸ਼ਾਰਜਾਹ ਵਿਚਕਾਰ ਹਫਤੇ ਵਿੱਚ 3 ਉਡਾਣਾਂ ਦੀ ਗਿਣਤੀ ਨੂੰ ਵਧਾ ਕੇ 5 ਕਰ ਦਿੱਤਾ ਹੈ। ਇੰਡੀਗੋ ਵਲੋਂ ਵੀ ਰੋਜ਼ਾਨਾਂ ਉਡਾਣ ਦਾ ਸ਼ੰਚਾਲਨ ਜਾਰੀ ਰਹਿਣ ਨਾਲ ਹੁਣ ਅੰਮ੍ਰਿਤਸਰ ਤੋਂ ਸ਼ਾਰਜਾਹ ਲਈ ਹਫਤੇ ਵਿੱਚ 12 ਉਡਾਣਾਂ ਦਾ ਸੰਚਾਲਨ ਹੋਵੇਗਾ। ਜਦੋਂ ਕਿ ਏਅਰ ਇੰਡੀਆ ਐਕਸਪ੍ਰੈਸ ਅਤੇ ਸਪਾਈਸਜੈੱਟ ਦੋਵੇਂ ਦੁਬਈ ਲਈ 14 ਹਫਤਾਵਾਰੀ (ਰੋਜ਼ਾਨਾਂ 2) ਉਡਾਣਾਂ ਹੋਣਗੀਆਂ।

ਇਹਨਾਂ ਉਡਾਣਾਂ ਦੇ ਵਾਧੇ ਨਾਲ ਸੰਯੁਕਤ ਅਰਬ ਐਮੀਰੇਟਸ (ਯੂਏਈ) ਦੇ ਦੁਬਈ ਅਤੇ ਸ਼ਾਰਜਾਹ ਹਵਾਈ ਅੱਡਿਆਂ ਲਈ ਅੰਮ੍ਰਿਤਸਰ ਤੋਂ ਹਫਤੇ ਵਿੱਚ ਸਭ ਤੋਂ ਵੱਧ 26 ਉਡਾਣਾਂ ਦਾ ਸੰਚਾਲਨ ਹੋਵੇਗਾ। ਗੁਮਟਾਲਾ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਤੋਂ ਉਡਾਣਾਂ ਅਤੇ ਯਾਤਰੀਆਂ ਦੀ ਵੱਧਦੀ ਗਿਣਤੀ ਨੂੰ ਦੇਖ ਹਾਲ ਹੀ ਵਿੱਚ ਦੁਬਈ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਏਅਰਲਾਈਨ ਐਮੀਰੇਟਸ ਨੇ ਹਾਲ ਹੀ ਵਿੱਚ ਅਤੇ ਬੀਤੇ ਸਾਲ 2022 ਵਿੱਚ ਵੀ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਦੋਵਾਂ ਦੇਸ਼ਾਂ ਦੇ ਦੁਵੱਲੇ ਹਵਾਈ ਸੇਵਾ ਸਮਝੌਤਿਆਂ ਵਿੱਚ ਸ਼ਾਮਲ ਕਰਨ ਲਈ ਬੇਨਤੀ ਕੀਤੀ ਸੀ ਤਾਂ ਜੋ ਏਅਰਲਾਈਨ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰ ਸਕੇ।

ਇਸ ਸਮੇਂ ਹਵਾਈ ਸਮਝੋਤਿਆਂ ਅਨੁਸਾਰ ਸਿਰਫ ਭਾਰਤ ਦੀਆਂ ਏਅਰਲਾਈਨ ਹੀ ਅੰਮ੍ਰਿਤਸਰ ਤੋਂ ਯੂਏਈ ਦੇ ਹਵਾਈ ਅੱਡਿਆਂ ਲਈ ਉਡਾਣਾਂ ਦਾ ਸੰਚਾਲਨ ਕਰ ਸਕਦੀਆਂ ਹਨ।

ਭਾਰਤ ਨੇ ਇਸ ਮੰਗ ਨੂੰ ਪਹਿਲਾਂ ਵੀ ਕਈ ਵਾਰ ਅੰਮ੍ਰਿਤਸਰ ਸਮੇਤ ਭਾਰਤ ਦੇ ਕੁੱਝ ਹੋਰ ਹਵਾਈ ਅੱਡਿਆਂ ਲਈ ਐਮੀਰੇਟਸ ਜਾਂ ਦੁਬਈ ਦੇ ਹਵਾਬਾਜ਼ੀ ਮਹਿਕਮੇ ਵਲੋਂ ਕੀਤੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦਾ ਕਾਰਨ ਭਾਰਤ ਵਲੋਂ ਅੰਮ੍ਰਿਤਸਰ ਜਾਂ ਹੋਰ ਦੂਜੇ ਟੀਅਰ-2 ਹਵਾਈ ਅੱਡਿਆਂ ਤੋਂ ਭਵਿੱਖ ਵਿੱਚ ਸਿਰਫ ਭਾਰਤੀ ਏਅਰਲਾਈਨ ਨੂੰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਨੂੰ ਤਰਜੀਹ ਦੇਣਾ ਦੱਸਿਆ ਗਿਆ ਹੈ।

ਉੱਤਰੀ ਅਮਰੀਕਾ ਦੇ ਨਾਲ ਵੱਧ ਰਹੇ ਸੰਪਰਕ ਬਾਰੇ ਜਾਣਕਾਰੀ ਦਿੰਦੀਆਂ, ਗੁਮਟਾਲਾ ਨੇ ਖੁਸ਼ੀ ਪ੍ਰਗਟਾਈ ਕਿ ਕੈਨੇਡਾ ਦੇ ਪ੍ਰਵਾਸੀ ਪੰਜਾਬੀਆਂ ਦੀ ਦਿੱਲੀ ਦੀ ਬਜਾਏ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਸਿੱਧੇ ਹਵਾਈ ਸੰਪਰਕ ਦੀ ਮੰਗ ਹੁਣ 6 ਅਪ੍ਰੈਲ ਤੋਂ ਪੂਰੀ ਹੋਣ ਜਾ ਰਹੀ ਹੈ। ਇਟਲੀ ਦੀ ਨਿਓਸ ਏਅਰ ਦੁਆਰਾ 6 ਅਪ੍ਰੈਲ ਤੋਂ ਇਟਲੀ ਦੇ ਮਿਲਾਨ ਮਾਲਪੇਨਸਾ ਹਵਾਈ ਅੱਡੇ ਰਾਹੀਂ ਅੰਮ੍ਰਿਤਸਰ ਅਤੇ ਟੋਰਾਂਟੋੇ ਵਿਚਕਾਰ ਹਫਤੇ ਵਿੱਚ ਇੱਕ ਉਡਾਣ ਨਾਲ ਇਸ ਰੂਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਮਿਲਾਨ ਰਾਹੀਂ ਅਮਰੀਕਾ ਦੇ ਨਿਊਯਾਰਕ ਲਈ ਵੀ ਅੰਮ੍ਰਿਤਸਰ ਨੂੰ ਸੁਵਿਧਾਜਨਕ ਸੰਪਰਕ ਦਿੱਤਾ ਜਾਵੇਗਾ।

ਏਅਰਲਾਈਨ ਵਲੋਂ ਪੰਜਾਬੀ ਭਾਈਚਾਰੇ ਦੇ ਚੰਗੇ ਹੁੰਗਾਰੇ ‘ਤੇ ਨਿਰਭਰ ਕਰਦਿਆਂ ਇਹਨਾਂ ਦੀ ਗਿਣਤੀ ਨੂੰ ਵਧਾਇਆ ਵੀ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਨੀਸ਼ੀਏਟਿਵ ਵਲੋਂ ਏਅਰਲਾਈਨ ਨੂੰ ਵੈਨਕੂਵਰ ਲਈ ਵੀ ਸੰਪਰਕ ਜੋੜਣ ਦੀ ਬੇਨਤੀ ਕੀਤੀ ਗਈ ਹੈ। ਸਾਨੂੰ ਯਕੀਨ ਹੈ ਕਿ ਏਅਰਲਾਈਨ ਵਲੋਂ ਇਸ ਸੰਬੰਧੀ ਜਰੂਰ ਵਿਚਾਰ ਕੀਤਾ ਜਾਵੇਗਾ। ਵੈਨਕੂਵਰ ਵਿੱਚ ਲੱਖਾ ਦੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਵੱਸਦਾ ਹੈ।

ਇਹਨਾਂ ਉਡਾਣਾਂ ਦੇ ਵਾਧੇ ਨਾਲ ਪ੍ਰਵਾਸੀ ਪੰਜਾਬੀ ਹੁਣ ਲੰਡਨ ਗੈਟਵਿਕ, ਬਰਮਿੰਘਮ, ਰੋਮ, ਮਿਲਾਨ ਮਾਲਪੈਂਸਾ, ਮਿਲਾਨ ਬਰਗਾਮੋ, ਦੁਬਈ, ਸ਼ਾਰਜਾਹ, ਦੋਹਾ, ਸਿੰਗਾਪੁਰ ਅਤੇ ਕੁਆਲਾਲੰਪੁਰ ਸਮੇਤ 10 ਤੋਂ ਵੱਧ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੋਂ ਸਿੱਧਾ ਅੰਮ੍ਰਿਤਸਰ ਲਈ ਯਾਤਰਾ ਕਰ ਸਕਣਗੇ।

ਏਅਰ ਇੰਡੀਆ ਵਲੋਂ ਹਫਤੇ ਵਿੱਚ 3-ਦਿਨ ਚਲਾਈ ਜਾ ਰਹੀ ਲ਼ੰਡਨ ਹੀਥਰੋ ਤੋਂ ਅੰਮ੍ਰਿਤਸਰ ਦੀ ਉਡਾਣ ਨੂੰ 25 ਮਾਰਚ ਤੋਂ ਬੰਦ ਕਰਕੇ ਇਸ ਨੂੰ ਲੰਡਨ ਗੈਟਵਿੱਕ ਹਵਾਈ ਅੱਡੇ ਤਬਦੀਲ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਤੋਂ ਗਰਮੀਆਂ ਵਿੱਚ 4 ਭਾਰਤੀ ਅਤੇ 4 ਵਿਦੇਸ਼ੀ ਏਅਰਲਾਈਨ ਦੁਆਰਾ ਗਰਮੀਆਂ ਵਿੱਚ ਹਫਤੇ ਵਿੱਚ 112 ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਦੀ ਰਵਾਨਗੀ ਅਤੇ ਆਮਦ ਹੋਵੇਗੀ।

ਘਰੇਲੂ ਉਡਾਣਾਂ ਸੰਬੰਧੀ ਗੁਮਟਾਲਾ ਨੇ ਦੱਸਿਆ ਕਿ ਭਾਰਤ ਦੀ ਅਲਾਇੰਸ ਏਅਰ ਦੁਆਰਾ 26 ਮਾਰਚ ਤੋਂ ਦਿੱਲੀ-ਅੰਮ੍ਰਿਤਸਰ ਵਿਚਕਾਰ ਰੋਜ਼ਾਨਾ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਦੇ ਨਾਲ ਘਰੇਲੂ ਯਾਤਰੀ ਵੀ ਹੁਣ ਵੱਧ ਰਹੀਆਂ ੳਡਾਣਾਂ ਦਾ ਲਾਭ ਲੈ ਸਕਦੇ ਹਨ। ਇਹੀ ਨਹੀਂ ਏਅਰ ਇੰਡੀਆ ਵੀ ਅੰਮ੍ਰਿਤਸਰ-ਦਿੱਲੀ ਦਰਮਿਆਨ ਆਪਣੀਆਂ ਰੋਜ਼ਾਨਾਂ ਉਡਾਣਾਂ ਦੀ ਗਿਣਤੀ ਨੂੰ 3 ਤੋਂ ਵਧਾ ਕੇ 4 ਕਰ ਰਹੀ ਹੈ।

ਦਿੱਲੀ ਲਈ ਉਡਾਣਾਂ ਦੀ ਗਿਣਤੀ ਵਧਣ ਨਾਲ ਕਿਰਾਏ ਵੀ ਘਟਣ ਦੀ ਆਸ ਕੀਤੀ ਜਾ ਸਕਦੀ ਹੈ। ਇਨ੍ਹਾਂ ਨਵੀਆਂ ਉਡਾਣਾਂ ਦੇ ਨਾਲ ਅੰਮ੍ਰਿਤਸਰ ਤੋਂ ਹੁਣ ਭਾਰਤ ਦੀਆਂ 7 ਪ੍ਰਮੁੱਖ ਏਅਰਲਾਈਨ ਵਲੋਂ ਦਿੱਲੀ ਸਣੇ ਮੁੰਬਈ, ਸ਼੍ਰੀਨਗਰ, ਜੈਪੁਰ, ਪਟਨਾ, ਲਖਨਊ, ਅਹਿਮਦਾਬਾਦ, ਕੋਲਕਾਤਾ, ਬੈਂਗਲੋਰ, ਪੁਣੇ ਲਈ ਹਫਤੇ ਵਿੱਚ ਲਗਭਗ 324 ਉਡਾਣਾਂ ਦੀ ਰਵਾਨਗੀ ਅਤੇ ਆਮਦ ਹੋਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION