ਯੈੱਸ ਪੰਜਾਬ
ਡਿਬਰੂਗੜ੍ਹ, ਮਾਰਚ 19, 2023:
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਦੇ ਸਨਿਚਰਵਾਰ ਨੂੰ ਗ੍ਰਿਫ਼ਤਾਰ ਕੀਤੇ ਸਾਥੀਆਂ ਵਿੱਚੋਂ ਚਾਰ ਨੂੰ ਪੰਜਾਬ ਪੁਲਿਸ ਵੱਲੋਂ ਅਸਾਮ ਦੇ ਡਿਬਰੂਗੜ੍ਹ ਵਿਖ਼ੇ ਪਹੁੰਚਾ ਦਿੱਤਾ ਗਿਆ ਹੈ।
ਪੰਜਾਬ ਪੁਲਿਸ ਦੀ ਇਕ 27 ਮੈਂਬਰੀ ਵਿਸ਼ੇਸ਼ ਟੀਮ ਆਈ.ਜੀ.ਜੇਲ੍ਹ ਦੀ ਅਗਵਾਈ ਵਿੱਚ ਏਅਰਫ਼ੋਰਸ ਦੇ ਇਕ ਵਿਸ਼ੇਸ਼ ਜਹਾਜ਼ ਰਾਹੀਂ ਇਨ੍ਹਾਂ ਚਾਰਾਂ ਨੂੰ ਲੈ ਕੇ ਐਤਵਾਰ ਸਵੇਰੇ ਹੀ ਡਿਬਰੂਗੜ੍ਹ ਪਹੁੰਚੀ ਜਿੱਥੇ ਇਨ੍ਹਾਂ ਨੂੰ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਵਿੱਚ ਰੱਖੇ ਜਾਣ ਦੀ ਸੰਭਾਵਨਾ ਹੈ।
ਡਿਬਰੂਗੜ੍ਹ ਦੇ ਮੋਹਾਨਬਾੜੀ ਹਵਾਈ ਅੱਡੇ ’ਤੇ ਡਿਬਰੂਗੜ੍ਹ ਦੇ ਡੀ.ਸੀ. ਅਤੇ ਐਸ.ਪੀ. ਦੀ ਹਾਜ਼ਰੀ ਵਿੱਚ ਸਖ਼ਤ ਸੁਰੱਖ਼ਿਆ ਪ੍ਰਬੰਧਾਂ ਹੇਠ ਇਨ੍ਹਾਂ ਚਾਰਾਂ ਨੂੰ ਪੰਜਾਬ ਪੁਲਿਸ ਵੱਲੋਂ ਅਸਾਮ ਪੁਲਿਸ ਦੇ ਹਵਾਲੇ ਕੀਤਾ ਗਿਆ।
ਭਾਵੇਂ ਇਨ੍ਹਾਂ ਚਾਰਾਂ ਨੂੰ ਪੰਜਾਬ ਤੋਂ ਅਸਾਮ ਲਿਜਾਏ ਜਾਣ ਦਾ ਸਹੀ ਕਾਰਨ ਅਜੇ ਤਾਈਂ ਭੇਤ ਬਣਿਆ ਹੋਇਆ ਹੈ ਪਰ ਸਮਝਿਆ ਜਾਂਦਾ ਹੈ ਕਿ ਇਨ੍ਹਾਂ ਦੇ ਖ਼ਿਲਾਫ਼ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੋਵੇਗਾ ਕਿਉਂਕਿ ਕਿਸੇ ਵੀ ਕੈਦੀ ਨੂੰ ਦੂਜੇ ਸੂਬੇ ਵਿੱਚ ਇਸੇ ਐਕਟ ਦੇ ਤਹਿਤ ਹੀ ਰੱਖ਼ਿਆ ਜਾ ਸਕਦਾ ਹੈ। ਉਂਜ ਅਜੇ ਪੁਲਿਸ ਵੱਲੋਂ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।