ਪੰਜਾਬ ਬਾਇਓਟੈਕਨਾਲੌਜੀ ਇੰਕੁਬੇਟਰ ਮੁਹਾਲੀ ‘ਸਟੇਟ ਏਜੰਸੀ’ ਵਜੋਂ ਨੋਟੀਫਾਈ

ਚੰਡੀਗੜ, 26 ਸਤੰਬਰ, 2019:

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਵਿਭਾਗਾਂ ਸਮੇਤ ਬੋਰਡ, ਕਾਰਪੋਰੇਸ਼ਨਾਂ ਅਤੇ ਸੰਸਥਾਵਾਂ ਨੂੰ ਵਾਤਾਵਰਣ, ਖੁਰਾਕ, ਪਾਣੀ ਅਤੇ ਖੇਤੀਬਾੜੀ ਖੇਤਰਾਂ ਵਿੱਚ ਵਿਸ਼ਲੇਸ਼ਨਾਤਮਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਬਾਇਓਟੈਕਨਾਲੌਜੀ ਇੰਕੁਬੇਟਰ (ਪੀ.ਬੀ.ਟੀ.ਆਈ.) ਮੁਹਾਲੀ ਨੂੰ ‘ਸਟੇਟ ਏਜੰਸੀ’ ਵਜੋਂ ਨੋਟੀਫਾਈ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੀ.ਬੀ.ਟੀ.ਆਈ. ਨੂੰ ਸਟੇਟ ਏਜੰਸੀ ਵਜੋਂ ਨੋਟੀਫਾਈ ਕਰਨ ਨਾਲ ਇਹ ਵਾਤਾਵਰਣ ’ਤੇ ਨਿਗਰਾਨੀ ਤੋਂ ਇਲਾਵਾ ਪਾਣੀ, ਪ੍ਰਦੂਸ਼ਿਤ ਹਵਾ, ਖਤਰਨਾਕ ਕੂੜੇ, ਠੋਸ ਕੂੜਾ, ਸੌਰ, ਮੌਸਮ, ਬਾਇਓ-ਬੋਝ, ਮਿੱਟੀ ਅਤੇ ਸਿੰਚਾਈ ਦੇ ਪਾਣੀ, ਖਾਣੇ ਦੀ ਮਿਲਾਵਟ, ਖੁਰਾਕ ਦੀ ਪ੍ਰਮਾਣਿਕਤਾ, ਮਾਈਕਰੋਬਾਇਓਲੋਜੀਕਲ ਵਿਸ਼ਲੇਸ਼ਣ, ਡੀ.ਐਨ.ਏ. ਫਿੰਗਰਪਿ੍ਰੰਟਿੰਗ/ਸੀਕੁਇੰਸਿੰਗ, ਵਾਇਰਸ ਇੰਡੈਕਸਿੰਗ, ਕੀਟਨਾਸ਼ਕਾਂ, ਨਸ਼ੀਲੇ ਪਦਾਰਥਾਂ ਦੀ ਰਹਿੰਦ-ਖੂੰਹਦ, ਪੋਸ਼ਣ ਸੰਬੰਧੀ ਵਿਟਾਮਿਨ, ਖਣਿਜ, ਐਮਿਨੋ ਐਸਿਡ ਅਤੇ ਫੈਟੀ ਐਸਿਡ ਆਦਿ ਨਾਲ ਸਬੰਧਤ ਵਿਸ਼ਲੇਸ਼ਨਾਤਮਕ ਸੇਵਾਵਾਂ ਮੁਹੱਈਆ ਕਰਵਾਏਗੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਲਈ ਖਰਚਿਆਂ ਨੂੰ ਮੁੱਖ ਸਕੱਤਰ ਦੀ ਅਗਵਾਈ ਵਾਲੀ ਸੁਸਾਇਟੀ ਦੀ ਗਵਰਨਿੰਗ ਕੌਂਸਲ ਪ੍ਰਵਾਨਗੀ ਦੇਵੇਗੀ, ਜਿਸ ਦਾ ਭੁਗਤਾਨ ਬਿਨਾਂ ਕਿਸੇ ਟੈਂਡਰ ਪ੍ਰਕਿਰਿਆ ਦੇ ਸਬੰਧਤ ਵਿਭਾਗਾਂ ਅਤੇ ਰਾਜ ਦੀਆਂ ਹੋਰ ਸੰਸਥਾਵਾਂ ਏਜੰਸੀ ਤੋਂ ਲਈਆਂ ਜਾਣ ਵਾਲੀਆਂ ਸੇਵਾਵਾਂ ਬਦਲੇ ਕਰਨਗੀਆਂ।

ਬੁਲਾਰੇ ਨੇ ਅੱਗੇ ਦੱਸਿਆ ਕਿ ਸਾਰੇ ਵਿਭਾਗਾਂ, ਬੋਰਡਾਂ, ਕਾਰਪੋਰਸ਼ਨਾਂ, ਸੁਸਾਇਟੀਆਂ ਅਤੇ ਸਹਿਕਾਰੀ ਸਮੂਹਾਂ ਨੂੰ ਪੀ.ਬੀ.ਟੀ.ਆਈ. ਦੀਆਂ ਵਿਸ਼ਲੇਸ਼ਨਾਤਮਕ ਸੇਵਾਵਾਂ ਲਈ ਪਾਬੰਦ ਕੀਤਾ ਗਿਆ ਹੈ। ਪ੍ਰਾਈਵੇਟ ਲੈਬਾਰਟਰੀਆਂ ਦੀਆਂ ਸੇਵਾਵਾਂ ਸਿਰਫ ਤਾਂ ਹੀ ਲਈਆਂ ਜਾ ਸਕਦੀਆਂ ਹਨ ਜੇ ਲੋੜੀਂਦੀਆਂ ਸੇਵਾਵਾਂ ਏਜੰਸੀ ਵੱਲੋਂ ਪ੍ਰਦਾਨ ਨਹੀਂ ਕੀਤੀਆਂ ਜਾਂਦੀਆਂ।

ਜ਼ਿਕਰਯੋਗ ਹੈ ਕਿ ਪੀ.ਬੀ.ਟੀ.ਆਈ. ਨੇ ਸ਼ਹਿਦ ਦੀ ਪ੍ਰਮਾਣਿਕਤਾ ਅਤੇ ਪਰਖ ਸਹੂਲਤਾਂ ਦੇ ਨਾਲ-ਨਾਲ ਖੇਤੀ, ਖੁਰਾਕ ਅਤੇ ਵਾਤਾਵਰਣ ਖੇਤਰਾਂ ਲਈ ਇਕ ਛੱਤ ਹੇਠ ਵਿਆਪਕ ਵਿਸ਼ਲੇਸ਼ਨਾਤਮਕ ਸਹੂਲਤਾਂ ਦੀ ਸਥਾਪਤੀ ਰਾਹੀਂ ਦੇਸ਼ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।

ਇੰਕੁਬੇਟਰ ਦੀ ਸਮਰਥਾ ਅਤੇ ਪ੍ਰਾਪਤੀਆਂ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਇਸ ਨੂੰ ਐਲ.ਐੱਮ.ਓ / ਜੀ.ਐੱਮ.ਓ. ਖੋਜ ਲਈ ਨੈਸ਼ਨਲ ਰੈਫਰਲ ਲੈਬਾਰਟਰੀ ਐਲਾਨਿਆ ਹੈ।

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES