spot_img
Friday, June 14, 2024

ਵਾਹਿਗੁਰੂ

spot_img
spot_img

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

- Advertisement -

ਮਾਨਾ ਮਰਜਾਣਿਆ,
ਸਤਿ ਸ੍ਰੀ ਅਕਾਲ।

ਇਹ ਚਿੱਠੀ ਹਫ਼ਤਾ ਪਹਿਲਾਂ ਲਿਖ਼ੀ ਹੁੰਦੀ ਤਾਂ ਸਤਿਕਾਰਯੋਗ ਮਾਨ ਸਾਹਿਬ ਤੋਂ ਸ਼ੁਰੂ ਹੁੰਦੀ। ਗੁਸਤਾਖ਼ੀ ਤਾਂ ਹੁਣ ਵੀ ਕੋਈ ਨਹੀਂ ਕੀਤੀ, ਮਾਨ ਮਰਜਾਣਾ ਕਹਿ ਕੇ ਹੀ ਸੰਬੋਧਨ ਕੀਤੈ। ਤੇਰਾ ਬਾਈ ਆਪਣਾ ਦਿੱਤਾ ਹੋਇਆ ਨਾਂਅ ਹੈ ਜਾਂ ਕਹਿ ਲਓ ਤਖੱਲਸ ਹੈ।

ਜਿੰਨੀ ਕੁ ਪੰਜਾਬੀ ਲੇਖ਼ਨ ਅਤੇ ਗਾਇਕੀ ਦੀ ਸਮਝ ਮੈਨੂੰ ਹੈ ਉਸ ਹਿਸਾਬ ਨਾਲ ਚੰਗੇ ਲੇਖ਼ਕ ਹੋਣਾ, ਚੰਗੇ ਗਾਇਕ ਹੋਣਾ, ਚੰਗੀ ਪੇਸ਼ਕਾਰੀ ਕਰ ਲੈਣਾ, ਮਕਬੂਲ ਹੋ ਜਾਣਾ ਅਤੇ ਕਲਾ ਦੇ ਸਿਰ ’ਤੇ ਅਮੀਰ ਹੋ ਜਾਣਾ ਤਾਂ ਕਈਆਂ ਦੇ ਹਿੱਸੇ ਆਇਆ ਹੋਵੇਗਾ ਪਰ ਕਲਾਕਾਰਾਂ ਵਿਚੋਂ ਉਹ ਨਾਂਅ ਪੋਟਿਆਂ ’ਤੇ ਗਿਣੇ ਜਾ ਸਕਦੇ ਹਨ ਜਿਨ੍ਹਾਂ ਨੇ ਇੱਜ਼ਤ ਵੀ ਕਮਾਈ ਹੋਵੇ। ਇਹਨਾਂ ਇੱਜ਼ਤ ਕਮਾਉਣ ਵਾਲਿਆਂ ਵਿਚੋਂ ‘ਇਕ ਸੀ’ ਲੋਕਾਂ ਦਾ ਆਪਣਾ ‘ਮਾਨ ਮਰਜਾਣਾ’।

ਪਿਛਲੇ ਕੁਝ ਸਮੇਂ ਤੋਂ ਦੱਖਣ ਤੋਂ ਆਇਆ ਚੰਡੀਗੜ੍ਹ ਰਹਿੰਦਾ ਇਕ ਪ੍ਰੋਫੈਸਰ ਜਿਹਦੀ ਇਹ ਮਾਂ ਬੋਲੀ ਨਹੀਂ, ਆਪਣੇ ਹੀ ਨਿੱਜੀ ਅਤੇ ਨਿਵੇਕਲੇ ਢੰਗ ਨਾਲ ਪੰਜਾਬੀ ਦਾ ਝੰਡਾ ਬੁਲੰਦ ਕਰੀ ਤੁਰੀ ਆਉਂਦੈ। ਗੀਤਕਾਰਾਂ ਨਾਲ, ਗਾਇਕਾਂ ਨਾਲ, ਰੈਪਰਾਂ ਨਾਲ ਉਹਨਾਂ ਦੇ ਬੋਲਾਂ ਕਰਕੇ, ਵੀਡੀਉ ਪੇਸ਼ਕਾਰੀ ਕਰਕੇ ਪੰਗੇ ਲੈਂਦਾ ਇਹ ਪ੍ਰੋਫ਼ੈਸਰ ਹੈ ਪੰਡਿਤ ਰਾਓ ਧਾਰੇਨਾਵਰ।

ਉਹ ਪੰਜਾਬੀ ਦੇ ਗਾਇਕਾਂ ਲਈ ਘੱਟ ਅਤੇ ਪੰਜਾਬੀ ਦੇ ਉਨ੍ਹਾਂ ਸ਼ੈਦਾਈਆਂ ਲਈ ਪਰੇਸ਼ਾਨੀ ਦਾ ਸਬੱਬ ਜ਼ਿਆਦਾ ਬਣਿਆ ਹੋਇਆ ਹੈ ਜਿਹੜੇ ਨਾਲੇ ਇਨ੍ਹਾਂ ਗਾਇਕਾਂ ਨੂੰ ਵੱਖ ਵੱਖ ਤਰੀਕਿਆਂ ਨਾਲ ‘ਪ੍ਰਮੋਟ’ ਕਰਦੇ ਨੇ, ਨਾਲੇ ਉਨ੍ਹਾਂ ਨਾਲ ਲਿਹਾਜ਼ ਪਾਲਦੇ ਨੇ ਤੇ ਨਾਲ ਦੱਬੀ ਜ਼ੁਬਾਨੇ ਉਹਨਾਂ ਦਾ ਵਿਰੋਧ ਕਰਦੇ ਨੇ। ਨਹੀਂ ਤੇ ਐਸੀਆਂ ਜੱਥੇਬੰਦੀਆਂ, ਕਲਮਾਂ ਤੇ ਤਾਕਤਾਂ ਪੰਜਾਬ ’ਚ ਹੈ ਨੇ ਕਿ ਜੇ ਇਕ ਦਿਨ ਅੱਧਾ ਘੰਟਾ ਕਲਮ ਘਸਾਈ ਕਰ ਦੇਣ ਤਾਂ ਲੇਖ਼ਕ ਅਤੇ ਗਾਇਕ ‘ਗ਼ਲਤ ਗੀਤਾਂ’ ਤੋਂ ਤੌਬਾ ਕਰ ਲੈਣ।

ਆਉਂਦੀਆਂ ਜਾਂਦੀਆਂ ਸਰਕਾਰਾਂ ਕਦੇ ਸੈਂਸਰ ਬੋਰਡ ਬਨਾਉਣ ’ਤੇ ਕਦੇ ਲੱਚਰ, ਹਥਿਆਰਾਂ, ਨਸ਼ਿਆਂ ਬਾਰੇ ਗੀਤ ਲਿਖ਼ਣ, ਗਾਉਣ ਅਤੇ ਅਸ਼ਲੀਲ ਵੀਡੀਉ ਬਨਾਉਣ ਵਾਲਿਆਂ ਨੂੰ ‘ਨੱਥ ਪਾ ਲੈਣ’ ਦੀਆਂ ਗੱਲਾਂ ਕਰਦੀਆਂ ਨੇ ਪਰ ਉਹਨਾਂ ਸਰਕਾਰਾਂ ਨੂੰ ਪੰਜ ਪੰਜ ਸਾਲ ਇਹ ਸਮਝ ਨਹੀਂ ਲੱਗਦੀ ਬਈ ਇਹ ਨੱਥ ਸੁਨਿਆਰਾ ਬਜ਼ਾਰ ਦੇ ਕਿਸੇ ਸੁਨਿਆਰੇ ਤੋਂ ਘੜਾਉਣੀ ਹੈ ਜਾਂ ਫ਼ਿਰ ਲੋਹਾ ਮੰਡੀ ਦੇ ਕਿਸੇ ਲੁਹਾਰ ਤੋਂ ਠਪਵਾਉਣੀ ਹੈ। ਫ਼ਾਈਲ ਉਵੇਂ ਹੀ ਸੁੱਚਮ ਸੁੱਚੀ ਅਗਲੀ ਸਰਕਾਰ ਕੋਲ, ਅਗਲੇ ਮੰਤਰੀ ਕੋਲ ਚਲੀ ਜਾਂਦੀ ਹੈ।

ਗੱਲ, ਮਾਨਾ ਮਰਜਾਣਿਆ, ਗ਼ੀਤ ‘ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ’ ਦੀ ਵੀ ਚੱਲੀ ਸੀ। ਬਾਈ, ਹੋ ਸਕਦੈ ਤੇਰੇ ਘਰੇ ਨਿਕਲਦੀ ਹਵੇੋ, ਤੇਰੇ ਆਂਢ ਗੁਆਂਢ ਨਿਕਲਦੀ ਹੋਵੇ, ਤੇਰੇ ਆਹਮਣੇ ਸਾਹਮਣੇ ਕੱਢੀ ਜਾਂਦੀ ਹੋਵੇ। ਸਾਡਾ ਵੀ ਘੇਰਾ ਵਿਸ਼ਾਲ ਐ, ਪੀਣ ਵਾਲੇ ਸੱਜਣ ਤਾਂ ਕਈ ਵਾਕਿਫ਼ ਹੋਣਗੇ ਪਰ ਘਰ ਦੀ ਕੱਢਣ ਆਲਾ ਕੋਈ ਨਹੀਂ।

ਇਹਦਾ ਮਤਲਬ ਇਹ ਵੀ ਨਹੀਂ ਕਿ ਪੰਜਾਬ ’ਚ ਕਿਸੇ ਘਰ ‘ਘਰ ਦੀ ਸ਼ਰਾਬ’ ਨਿਕਲਦੀ ਨਹੀਂ ਪਰ ਇਹਦਾ ਮਤਲਬ ਇਹ ਵੀ ਕਦਾਚਿਤ ਨਹੀਂ ਕਿ ਕੋਈ ਗੁਰਦਾਸ ਮਾਨ ਉੱਠੇ ’ਤੇ ਸਾਰੇ ਵਿਸ਼ਵ ਵਿਚ (ਸਾਰੇ) ਪੰਜਾਬੀਆਂ ਨੂੰ ਘਰ ਦੀ ਸ਼ਰਾਬ ਵਾਲੇ ਕਹਿ ਕੇ ਸਿਰਫ਼ ਇਸ ਲਈ ਭੰਡਦਾ ਫ਼ਿਰੇ ਕਿਉਂਕਿ ਗੀਤ ਦੀ ਸਥਾਈ ਉਹਨੂੰ ਚਲੰਤ ਹੋਣ ਕਰਕੇ ‘ਜੱਚ’ ਗਈ ਸੀ, ਲੱਗਦਾ ਸੀ ਕਿ ਚੱਲ ਸਕਦੀ ਐ, ਵਿਕ ਸਕਦੀ ਐ।

‘ਘਰ ਦੀ ਸ਼ਰਾਬ’ ਵਿਰੁੱਧ ਨਾ ਬੋਲਣ ਦਾ ਮਤਲਬ ਇਹ ਨਹੀਂ ਸੀ ਕਿ ਇਹ ਗ਼ੀਤ ਚੰਗਾ ਸੀ ਤੇ ਗੀਤ ਗਾ ਕੇ ਪੰਜਾਬ ਦਾ, ਮਾਂ ਬੋਲੀ ਦਾ ਜਾਂ ਫ਼ਿਰ ਪੰਜਾਬੀ ਸਭਿਆਚਾਰ ਦਾ ਕੋਈ ਭਲਾ ਕੀਤਾ ਗਿਆ ਸੀ। ਘਰ ਦੀ ਸ਼ਰਾਬ ਨੂੰ ਪੰਜਾਬੀਆਂ ਦੀ ਪਛਾਣ ਵਜੋਂ ਪੇਸ਼ ਕਰਕੇ ਜਿਹੜੀ ਪੰਜਾਬ ਦੀ ਅਤੇ ਪੰਜਾਬੀ ਦੀ ਸੇਵਾ ਮਾਨ ਮਰਜਾਣੇ ਨੇ ਕੀਤੀ ਸੀ, ਉਹਦੇ ਬਾਰੇ ਵਧੇਰੇ ਪੰਜਾਬੀ ਤਾਂ ਇਸ ਕਰਕੇ ਚੁੱਪ ਸਨ ਕਿ ਛੱਡੋ ਬਹੁਤਿਆਂ ਨਾਲੋਂ ਫ਼ੇਰ ਵੀ ਚੰਗਾ ਐ।

ਪੰਜਾਬੀ ਮਾਂ ਬੋਲੀ ਕਰਕੇ ‘ਸੁਪਰ ਸਟਾਰ’ ਬਣੇ ਮਰਜਾਣਿਆ, ਇਸੇ ਪੰਜਾਬੀ ਨੇ ਗੁਰਦਾਸ ਮਾਨ ਨੂੰ ਉਹ ਇੱਜ਼ਤ, ਉਹ ਦੌਲਤ, ਉਹ ‘ਸਟਾਰਡਮ’ ਬਖ਼ਸ਼ੀ ਜਿਸ ਦੇ ਸੌਂਵੇਂ, ਹਜ਼ਾਰਵੇਂ ਹਿੱਸੇ ਲਈ ਕਲਾਕਾਰ ਸਾਰੀ ਉਮਰ ਘਾਲਣਾ ਘਾਲਦੇ ਮਰ ਜਾਂਦੇ ਨੇ।

ਜਦ ‘ਘਰ ਦੀ ਸ਼ਰਾਬ’, ਲੱਚਰ ਗੀਤਾਂ, ਹਥਿਆਰਾਂ ਅਤੇ ਨਸ਼ਿਆਂ ਬਾਰੇ ਗੀਤਾਂ ਵਿਰੁੱਧ ਪਿੱਛੇ ਜਿਹੇ ਆਵਾਜ਼ਾਂ ਉੱਠਣੀਆਂ ਸ਼ੁਰੂ ਹੋਈਆਂ ਤਾਂ ਸਹਿਜ ਸੁਭਾਏ, ਅੰਦਰੋਂ ਇਕ ਤੜਫਣ ਸੀ ਕਿ ਗੁਰਦਾਸ ਮਾਨ ਜੇ ਇਸ ਮਾਮਲੇ ’ਚ ਪਹਿਲ ਕਰਕੇ ‘ਘਰ ਦੀ ਸ਼ਰਾਬ’ ਵਾਲੇ ਗ਼ੀਤ ’ਤੇ ਮਹਿਜ਼ ਅਫ਼ਸੋਸ ਪ੍ਰਗਟ ਕਰਦਾ ਹੋਇਆ ਇਸ ਗੀਤ ਨੂੰ ਵਾਪਿਸ ਲੈਣ ਦਾ ਐਲਾਨ ਕਰ ਦੇਵੇ ਤਾਂ ਨਾ ਕੇਵਲ ਉਸਦੀ ਹੋਰ ਵਾਹ ਵਾਹ ਹੋ ਸਕਦੀ ਐ ਸਗੋਂ ਹੋਰ ਕਲਾਕਾਰ ਮਗਰ ਕਤਾਰ ਬੰਨ੍ਹ ਆ ਸਕਦੇ ਨੇ ’ਤੇ ਮਾੜੇ ਗੀਤਾਂ ਦੇ ਵਰਤਾਰੇ ਨੂੰ ਕੋਈ ਬਾਨ੍ਹਣੂ ਬੰਨਿ੍ਹਆ ਜਾ ਸਕਦੈ। ਪਤਾ ਨਹੀਂ ਕਿਉਂ ਕਿੰਨੇ ਦਿਨ, ਕਿੰਨੇ ਮਹੀਨੇ ਮੈਨੂੰ ਇਹ ਆਸ ਰਹੀ ਕਿ ਗੁਰਦਾਸ ਮਾਨ ਅੱਜ ਬੋਲਿਆ ਕਿ ਕਲ੍ਹ ਬੋਲਿਆ, ਇਕ ਆਸ ਸੀ ਕਿ ਬੋਲੇਗਾ ਜ਼ਰੂਰ। ਨਹੀਂ ਬੋਲਿਆ।

ਹੁਣ ਜਦੋਂ ਕੈਨੇਡਾ ਦੇ ਇਕ ‘ਟਾਕ ਸ਼ੋਅ’ ਵਿਚ ਜੋ ਤੇਰੇ ਮੁਖ਼ਾਰਬਿੰਦ ਵਿਚੋਂ ਨਿਕਲਿਆ ਉਸਨੂੰ ਜਿੰਨਾ ਮਰਜ਼ੀ ਸਹੀ ਠਹਿਰਾਈ ਜਾਉ, ਪਹਿਲੀ ਗੱਲ ਤਾਂ ਮੰਨੋ ਕਿ ‘ਟਾਈਮਿੰਗ’ ਬਹੁਤ ਗ਼ਲਤ ਸੀ। ਤੇਰੀ ਉਸ ਇੰਟਰਵਿਊ ਤੋਂ ਬਾਅਦ ਲੋਕਾਂ ਨੂੰ ਲੱਗਣ ਲੱਗਾ ਕਿ ‘ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ’ ਵੀ ਮਹਿਜ਼ ਇਕ ਹੋਰ ਗ਼ੀਤ ਸੀ, ਜੋ ਚੱਲ ਸਕਦਾ ਸੀ, ਵਿਕ ਸਕਦਾ ਸੀ, ਖ਼ੂਬ ਵਿਕਿਆ।

ਇਹ ਕੋਈ ਭਾਵਨਾ ਨਹੀਂ ਸੀ, ਇਹ ਕੋਈ ਲਗਾਅ ਨਹੀਂ ਸੀ, ਹਾਂ ਇੰਨਾ ਜ਼ਰੂਰ ਪਤਾ ਸੀ ਕਿ ਇੰਨੇ ਨਾਲ ਪੰਜਾਬੀ ਸ਼ੈਦਾਈ ਹੀ ਨਹੀਂ ਸ਼ੁਦਾਈ ਵੀ ਕੀਤੇ ਜਾ ਸਕਦੇ ਨੇ ਤੇ ਭਾਰਤ ’ਚ ਲੱਖਾਂ ਦੇ ਲਾਏ ਜਾਂਦੇ ਇਕ ਇਕ ਸ਼ੋਅ ਦਾ ਭਾਅ ਲੱਖ ਦੋ ਲੱਖ ਹੋਰ ਵਧ ਸਕਦੈ, ਵਿਦੇਸ਼ਾਂ ਦੇ ਸ਼ੋਅ ’ਚ ਡਾਲਰਾਂ ਦੀ ਬਰਸਾਤ ਹੋਰ ਤੇਜ਼, ਵੀਰਵਾਰ ਦੀ ਝੜੀ ਵਾਂਗ ਤਿੱਖੀ ਤੇ ਲਗਾਤਾਰ ਹੋ ਸਕਦੀ ਹੈ।

ਤੇਰੀ ਉਸ ਇੰਟਰਵਿਊ ਮਗਰੋਂ ਲੋਕਾਂ ਦਾ ਗੁੱਸਾ ਇਸ ਲਈ ਫੁੱਟਿਆ ਕਿ ਉਨ੍ਹਾਂ ਨੂੰ ਲੱਗਾ ਕਿ ਪੰਜਾਬੀ ਮਾਂ ਬੋਲੀ ਦਾ ਪੁੱਤਰ, ਪੰਜਾਬੀ ਗਾਇਕੀ ਦਾ ‘ਬਾਬਾ ਬੋਹੜ’ ਜਦ ਖੜ੍ਹਣ ਦੀ ਲੋੜ ਪਈ ਤਾਂ ਮਾਂ ਬੋਲੀ ਨਾਲ ਨਹੀਂ ਖੜਿ੍ਹਆ, ਮਾਂ ਨੂੰ ਛੱਡ ਕੇ ਮਾਸੀ ਦੀ ਝੋਲੀ ਪੈਣ ਨੂੰ ਫ਼ਿਰਦੈ। ਪੰਜਾਬੀ ਪ੍ਰੇਮੀ ਤਾਂ ਇਸ ਬਾਰੇ ਸਪਸ਼ਟ ਸਨ ਅਤੇ ਹਨ ਕਿ ਉਹ ਕਿਸੇ ਭਾਸ਼ਾ ਦੇ ਵਿਰੋਧ ’ਚ ਨਹੀਂ, ਪਰ ਹੁਣ ਗੁਰਦਾਸ ਮਾਨ ਨੂੰ ਵੀ ਇਹ ਸਮਝਾਉਣ ਦੀ ਲੋੜ ਐ ਕਿ ਮਾਂ ਮਾਂ ਹੁੰਦੀ ਐ ਤੇ ਮਾਸੀ ਮਾਸੀ ਹੁੰਦੀ ਐ, ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ।

ਇੰਟਰਵਿਊ ਵਿਚ ਗੁਰਦਾਸ ਮਾਨ ਪੰਜਾਬੀਆਂ ਵੱਲੋਂ ਹਿੰਦੀ ਫ਼ਿਲਮਾਂ ਵੇਖ਼ਣ ’ਤੇ ਸਵਾਲ ਖੜ੍ਹੇ ਕਰਦਾ ਹੈ ਅਤੇ ਪੰਜਾਬ ਵਿਚ ਪੰਜਾਬੀ ਪੜ੍ਹਣ ਪੜ੍ਹਾਉਣ ’ਚ ਕੀ ਹਰਜ਼ ਐ ਜਿਹੀਆਂ ਗੱਲਾਂ ਕਰਦੈ। ਪਹਿਲਾ ਸਵਾਲ ਵੀ ਗ਼ਲਤ, ਦੂਜੀ ਗੱਲ ਵੀ ਗ਼ਲਤ। ਪੰਜਾਬੀ ਲੋਕ ਜੇ ਹਿੰਦੀ ਫ਼ਿਲਮਾਂ ਵੇਖ਼ਦੇ ਨੇ ਤਾਂ ਇਸ ਦਾ ਮਤਲਬ ਕੀ ਹੈ? ਮਤਲਬ ਹੈ ਕਿ ਉਨ੍ਹਾਂ ਨੂੰ ਹਿੰਦੀ ਨਾਲ ਕੋਈ ਨਫ਼ਰਤ ਨਹੀਂ, ਕਿਸੇ ਤਰ੍ਹਾਂ ਦਾ ਵਿਤਕਰਾ ਮਨਾਂ ਵਿਚ ਨਹੀਂ ਹੈ ਤੇ ਜਿੱਥੇ ਤਕ ਹਿੰਦੀ ਸਿੱਖਣ, ਪੜ੍ਹਣ ਪੜ੍ਹਾਉਣ ਦੀ ਗੱਲ ਹੈ, ਗੁਰਦਾਸ ਮਾਨ ਨੂੰ ਕੌਣ ਦੱਸੇ ਕਿ ਪੰਜਾਬ ਵਿਚੋਂ ਕਦੇ ਇਹ ਆਵਾਜ਼ ਨਹੀਂ ਉੱਠੀ ਕਿ ਹਿੰਦੀ ਨਹੀਂ ਬੋਲਣੀ, ਹਿੰਦੀ ਨਹੀਂ ਲਿਖ਼ਣੀ, ਹਿੰਦੀ ਨਹੀਂ ਸਿੱਖਣੀ, ਹਿੰਦੀ ਨਹੀਂ ਪੜ੍ਹਣੀ। ਸਗੋਂ ਪੰਜਾਬ ਦਾ ਸ਼ਾਇਦ ਹੀ ਕੋਈ ਐਸਾ ਸਕੂਲ ਹੋਵੇ ਜਿੱਥੇ ਹਿੰਦੀ ਨਾ ਪੜ੍ਹਾਈ ਜਾਂਦੀ ਹੋਵੇ।

ਪੰਜਾਬੀਆਂ ਨੇ ਕਦੇ ਵੀ ਹਿੰਦੀ ਪ੍ਰਤੀ ਕੋਈ ਵਿਤਕਰਾ ਨਹੀਂ ਰੱਖ਼ਿਆ। ਹਾਂ ਮਾਂ ਤੇ ਮਾਸੀ ਵਾਲਾ ਫ਼ਰਕ ਨਾ ਕਦੇ ਰਿਸ਼ਤਿਆਂ ’ਚ ਖ਼ਤਮ ਹੁੰਦੈ ਤੇ ਨਾ ਭਾਸ਼ਾਵਾਂ ਵਿਚ ਖ਼ਤਮ ਹੋ ਸਕਦੈ। ਜੇ ਇੰਨੀ ਹੀ ਜਾਣਕਾਰੀ ਹੈ ਪੰਜਾਬ ਅਤੇ ਪੰਜਾਬੀ ਬਾਰੇ ਤਾਂ ਗੁਰਦਾਸ ਮਾਨ ਨੂੰ ਤਾਂ ਸ਼ਾਇਦ ਇਹ ਵੀ ਨਾ ਪਤਾ ਹੋਵੇ ਕਿ ਪੰਜਾਬ ਅੰਦਰ ਤਾਂ ਸਕੂਲਾਂ ’ਚ ਪੰਜਾਬੀ ਬੋਲਣ ’ਤੇ ਲਾਈਆਂ ਜਾਂਦੀਆਂ ਰੋਕਾਂ ਖਿਲਾਫ਼ ਲੜਾਈਆਂ ਲੜੀਆਂ ਜਾਂਦੀਆਂ ਨੇ, ਸਰਕਾਰਾਂ ਨੂੰ ਮੰਗ ਪੱਤਰ ਦੇਣੇ ਪੈਂਦੇ ਨੇ।

ਖ਼ਬਰਾਂ ਨਾਲ ਘਿਰੇ ਰਹਿਣ ਦੇ ਬਾਵਜੂਦ ਮੈਂ ਕਦੇ ਨਹੀਂ ਪੜਿ੍ਹਆ ਕਿ ਕਿਸੇ ਦਿਨ ਗੁਰਦਾਸ ਮਾਨ ਨੇ ਵੀ ਕੋਈ ਹਾਅ ਦਾ ਨਾਅਰਾ ਮਾਰਿਆ ਹੋਵੇ ਕਿ ਪੰਜਾਬ ਦੇ ਸਕੂਲਾਂ ਅੰਦਰ ਪੰਜਾਬੀ ਨਾਲ ਇੰਜ ਕਿਉਂ ਹੁੰਦਾ ਹੈ? ਕਦੇ ਨਹੀਂ। ਜੇ ਕਦੇ ਕੋਈ ਆਵਾਜ਼ ਚੁੱਕੀ ਹੋਵੇ ਤਾਂ ਦੱਸ ਦੇਵੀਂ, ਮੈਂ ਗ਼ਲਤੀ ਸੁਧਾਰਣ ਨੂੰ ਪਲ ਨਹੀਂ ਲਾਉਣਾ।

ਮੈਂ ਇਹ ਕਹਿਣ ਤਕ ਨਹੀਂ ਜਾਂਦਾ ਕਿ ਇੰਟਰਵਿਊ ਦਿੰਦਿਆਂ ਤੇਰੀ ਭਾਵਨਾ ਗ਼ਲਤ ਸੀ ਪਰ ਨਾ ਕੇਵਲ ਜਾਣਕਾਰੀ ਗ਼ਲਤ ਸੀ ਸਗੋਂ ਵਿਸ਼ੇ ਦੀ ਵਿਆਖ਼ਿਆ ਵੀ ਗ਼ਲਤ ਸੀ। ਘੱਟੋ ਘੱਟ ਗੁਰਦਾਸ ਮਾਨ ਨੂੰ ਪਤਾ ਹੋਣਾ ਚਾਹੀਦੈ ਕਿ ਉਹ ਗੁਰਦਾਸ ਮਾਨ ਹੈ ਅਤੇ ਪੰਜਾਬੀ ਬਾਰੇ ਕਹੀ ਉਸਦੀ ਕੋਈ ਵੀ ਗੱਲ ਨੂੰ ਗੰਭੀਰਤਾ ਨਾਲ ਸੁਣਿਆ, ਵਿਚਾਰਿਆ ਜਾਵੇਗਾ।

ਮਾਹੌਲ ਤਾਂ ਤੇਰੀ ਇੰਟਰਵਿਊ ਤੋਂ ਪਹਿਲਾਂ ਹੀ ਭਖ਼ਿਆ ਹੋਇਆ ਸੀ। ਪੰਜਾਬੀਆਂ ਨੂੰ ਲੱਗਾ ਕਿ ਮਾਨ ਇੱਧਰ ਖੜ੍ਹਣ ਦੀ ਬਜਾਏ, ਉੱਧਰ ਖੜ੍ਹ ਰਿਹਾ ਹੈ। ਮਾਸੀ ਨੂੰ ਮਾਂ ਦੀ ਜਗ੍ਹਾ ਬਿਠਾਉਣ ਲਈ ਜਿਹੜਾ ਪਾੜਾ ਪੰਜਾਬੀ ਪ੍ਰੇਮੀਆਂ ਵਿਚ ਪਾਉਣ ਨੂੰ ਕੋਈ ਲੋਚਦਾ ਸੀ, ਉਹਨੂੰ ਗੁਰਦਾਸ ਮਾਨ ਮਿਲ ਗਿਆ।

ਜੇ ਗੁਰਦਾਸ ਮਾਨ ਵਰਗੀ ਕੋਈ ਸ਼ਖ਼ਸੀਅਤ ਪੰਜਾਬੀ ਦੇ ਮਾਮਲੇ ’ਤੇ ਪੰਜਾਬੀਆਂ ਵਿਚ ਪਾੜਾ ਪਾਉਂਦੀ ਹੈ, ਪੰਜਾਬੀਆਂ ਦੇ ਪੰਜਾਬੀ ਪ੍ਰਤੀ ਮੋਹ ਤੇ ਤੇਹ ਬਾਰੇ ਕੋਈ ਸ਼ੰਕੇ ਖ਼ੜ੍ਹੇ ਕਰਦੀ ਹੈ ਜਾਂ ਉਹਨਾਂ ਨੂੰ ਹਿੰਦੀ ਵਿਰੋਧੀ ਪੇਸ਼ ਕਰਕੇ ਕੋਈ ਭੰਬਲਭੂਸਾ ਪੈਦਾ ਕਰਦੀ ਹੈ ਤਾਂ ਉਹ ਫ਼ਿਰ ਕੋਈ ‘ਬਾਬਾ ਬੋਹੜ’, ਜਾਂ ਸਤਿਕਾਰਤ ਗੁਰਦਾਸ ਮਾਨ ਨਹੀਂ ਰਹਿੰਦਾ, ਗੁੱਸਾ ਨਾ ਕਰੀਂ, ਗੱਲ ਮਾਨ ਮਰਜਾਣੇ ’ਤੇ ਆ ਜਾਣੀ ਸੁਭਾਵਿਕ ਹੈ।

ਪੰਜਾਬੀ ਦੇ ਪੁੱਤ ਨੇ ਮਾਂ ਤੇ ਮਾਸੀ ਵਾਲੀ ਕਹਾਣੀ ’ਚ ਮਾਂ ਨੂੰ ਉਲਝਾਉਣ ਦਾ ਜੋ ‘ਫਰਜ਼ ਨਿਭਾਇਆ’ ਉਸਤੋਂ ਪੰਜਾਬੀਆਂ ਦਾ ਨਾਰਾਜ਼ ਹੋਣਾ ਸੁਭਾਵਿਕ ਸੀ ਪਰ ਕਹਾਣੀ ਅਜੇ ਬਾਕੀ ਸੀ। ‘ਐਬਟਸਫ਼ੋਰਡ’ ਦੇ ਤੇਰੇ ਸ਼ੋਅ ਦੌਰਾਨ ਕੁਝ ਲੋਕਾਂ ਨੇ ਤੇਰੇ ਪੰਜਾਬੀ ਪ੍ਰਤੀ ਪੱਖ ਨੂੰ ਮਾਂ ਬੋਲੀ ਪੰਜਾਬੀ ਨਾਲ ਕੀਤੀ ਗੱਦਾਰੀ ਦੱਸਦਿਆਂ ਵਿਰੋਧ ਕੀਤਾ ਤਾਂ ਗੁਰਦਾਸ ਮਾਨ ਦਾ ਉਹ ਰੂਪ ਵੇਖ਼ਣ ਨੂੰ ਮਿਲਿਆ ਜਿਹੜਾ ਕਿਸੇ ਨੇ ਕਦੇ ਕਿਆਸਿਆ ਵੀ ਨਹੀਂ ਹੋਣਾ।

ਸਪਸ਼ਟ ਹੋ ਗਿਆ ਕਿ ਉਹ ‘ਸਾਊਪੁਣਾ’ ਅਤੇ ਉਹ ‘ਨਿਉਂ ਨਿਉਂ ਕੇ ਵਿਖਾਉਣਾ’ ਸਿੱਕੇ ਦਾ ਇਕ ਪਾਸਾ ਸੀ, ਇਕ ਪਾਸਾ ਹੋਰ ਵੀ ਹੈ। ਅੰਦਰਲੇ ਗੁਰਦਾਸ ਮਾਨ ਦੇ ਦਰਸ਼ਨ ਤਾਂ ਦਹਾਕਿਆਂ ਮਗਰੋਂ ਐਬਟਸਫ਼ੋਰਡ ਦੇ ਲਾਈਵ ਸ਼ੋਅ ’ਚ ਹੋਏ। ਇਹ ਕਹਿਣਾ ਹੀ ਸੌਖ਼ਾ ਹੈ ਕਿ ਮਾਨ ਮਰਜਾਣਾ ਹੈ, ਅੰਦਰੋਂ ਕੋਈ ਚੀਜ਼ ਮਾਰ ਲੈਣੀ ਬਹੁਤ ਔਖ਼ੀ ਹੁੰਦੀ ਹੈ।

ਇਹ ਸੁਆਲ ਆਮ ਕੀਤਾ ਜਾ ਰਿਹੈ, ਕਿ ਗੁਰਦਾਸ ਮਾਨ ਇੰਨੀ ਕੁ ਗੱਲ ਤੋਂ ਇਸ ਤਰ੍ਹਾਂ ਤੈਸ਼ ’ਚ ਕਿਉਂ ਆ ਗਿਆ ਕਿ ਉਸਦਾ ਆਪਣੀ ਬੋਲੀ ’ਤੇ, ਸ਼ਬਦਾਂ ’ਤੇ ਕਾਬੂ ਨਾ ਰਿਹਾ। ਅਸਲ ’ਚ ਇਸ ਮਰਜਾਨੇ ਮਾਣ ਨੂੰ ਅੱਜ ਤਕ ਇੱਜ਼ਤ ਹੀ ਮਿਲੀ ਐ, ਇਹਨੇ ਅਜੇ ਤਾਂਈਂ ਕਦੇ ਵਿਰੋਧ ਵੇਖ਼ਿਆ ਹੀ ਨਹੀਂ, ਨਿਵਾਣ ਤੱਕੀ ਹੀ ਨਹੀਂ।

ਪ੍ਰਸੰਸਕ ਹੀ ਨਹੀਂ, ਵੱਡੇ ਵੱਡੇ ਗਾਇਕ ਵੀ ਗੋਡੀਂ ਹੱਥ ਲਾ ਲਾ ‘ਬਾਬਿਉ, ਬਾਬਿਉ’ ਕਰਦੇ ਨਹੀਂ ਥੱਕਦੇ। ਵਿਰੋਧ ਦਾ ਕੋਈ ਤਜਰਬਾ ਹੀ ਨਹੀਂ। ਸ਼ਾਇਦ ਇਹੀ ਕਾਰਨ ਰਿਹਾ ਹੋਵੇਗਾ ਕਿ ਵਿਰੋਧ ਨੂੰ ਕਿਵੇਂ ਪਚਾਉਣਾ ਹੈ, ਸਿੱਝਣਾ ਹੈ, ਇਹ ਨਹੀਂ ਆਉਂਦਾ, ਜਾਂ ਫ਼ਿਰ ਆਪਣੇ ਆਪ ਨੂੰ ਇੰਨੇ ਉੱਚੇ ਲੈ ਗਏ ਕਿ ਵਿਰੋਧ ਸਹਿਣ ਦੀ ਤਬੀਅਤ ਹੀ ਨਹੀਂ ਰਹੀ।

ਮਾਨ ਮਰਜਾਣਿਆ, ਪੰਜਾਬੀ ਦੇ ਮਾੜੇ ਲਫ਼ਜ਼ਾਂ ਦੀ ਜਿਹੜੀ ਕੁਹਾੜੀ ਤੂੰ ਤੈਸ਼ ਵਿਚ ਆ ਕੇ ਵਿਰੋਧ ਕਰ ਰਹੇ ਅਤੇ ਪੰਜਾਬੀ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਣ ਵਾਲਿਆਂ ਵੱਲ ਚਲਾ ਕੇ ਮਾਰੀ, ਉਹ ਦੂਰ ਨਹੀਂ ਗਈ, ਨੇੜੇ ਹੀ ਡਿੱਗ ਕੇ ਤੇਰਾ ਆਪਣਾ ਪੈਰ ਵੱਢ ਗਈ ਹੈ।

ਉਂਜ ਵੀ ਤੇਰੇ ’ਤੇ ਸੌ ਸੌ ਤਰ੍ਹਾਂ ਦੀਆਂ ਊਜਾਂ ਲੱਗਦੀਆਂ ਹੋਣ, ਕਈ ਕਹਾਣੀਆਂ ਹੋਣ ਤੇ ਦੂਜੇ ਬੰਨੇ ਤੇਰੀ ਗਾਇਕੀ, ਅਦਾਕਾਰੀ ਦੀਆਂ ਹਜ਼ਾਰ ਸਿਫ਼ਤਾਂ ਹੁੰਦੀਆਂ ਹੋਣ ਪਰ ਤੇਰੇ ਸਿਰ ਇਹ ਸਿਹਰਾ ਕਦੇ ਨਹੀਂ ਬੱਝਾ ਕਿ ਤੂੰ ਪੰਜਾਬ ਦੇ ਕਿਸੇ ਮੁੱਦੇ ’ਤੇ, ਪੰਜਾਬੀਆਂ ਦੀ ਕਿਸੇ ਸਮੱਸਿਆ ’ਤੇ ਕਦੇ ਕੁਝ ਬੋਲਿਆਂ ਹੋਵੇਂ।

ਪੰਜਾਬ ਦੀ ਕਿਸਾਨੀ ਤੇ ਨੌਜਵਾਨੀ ਨੇ ਤੇਰੇ ਦੌਰ ਵਿਚ ਬੜਾ ਕੁਝ ਝੱਲਿਐ ਪਰ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਲਈ ਕਿਤੇ ਖੜ੍ਹਣਾ ਤਾਂ ਦੂਰ ਕਦੇ ਪੰਜਾਬ ਜਾਂ ਪੰਜਾਬੀਆਂ ਲਈ ਹਾਅ ਦਾ ਨਾਅਰਾ ਵੀ ਮਾਰਿਆ ਹੋਵੇ, ਐਸਾ ਕੁਝ ਯਾਦ ਨਹੀਂ ਆਉਂਦਾ। ਬੱਸ ਚੰਗਾ ਲਿਖ਼ ਲੈਣ ਵਾਲਾ ਗਾਇਕ ਜ਼ਰੂਰ ਹੈਂ। ਸ਼ੋਅ ਸੋਹਣੇ ਲਾ ਲੈਣੈ।

ਕੈਨੇਡਾ ਦੀ ਸਟੇਜ ਤੋਂ ਪੰਜਾਬੀਆਂ ਦਾ ‘ਸਟਾਰ’ ਜੋ ਬੋਲਿਆ ਉਹ ਸਭਿਅਕ ਭਾਸ਼ਾ ਨਹੀਂ ਹੈ, ਉਹ ਕਲਾਕਾਰਾਂ ਦੀ ਭਾਸ਼ਾ ਨਹੀਂ ਹੈ, ਉਹ ਸਨਮਾਨਿਤ ਕਲਾਕਾਰ ਵਾਲੀ ਭਾਸ਼ਾ ਤਾਂ ਬਿਲਕੁਲ ਹੀ ਨਹੀਂ ਹੈ, ਉਹ ਸਭਿਅਕ ਲੋਕਾਂ ਵਾਲੀ ਭਾਸ਼ਾ ਨਹੀਂ ਹੈ, ਉਹ ਸਭਿਅਕ ਘਰਾਂ ਵਿਚੋਂ ਆਏ ਲੋਕਾਂ ਦੀ ਭਾਸ਼ਾ ਨਹੀਂ ਹੈ, ਉਹ ਕਿਸੇ ਗੁਰਦਾਸ ਮਾਨ ਦੀ ਭਾਸ਼ਾ ਨਹੀਂ ਹੈ, ਉਹ ਕਿਸੇ ‘ਬਾਬਾ ਬੋਹੜ’ ਦੀ ਭਾਸ਼ਾ ਤਾਂ ਕਦੇ ਹੋ ਹੀ ਨਹੀਂ ਹੋ ਸਕਦੀ।

ਇਸ ਤੋਂ ਇਲਾਵਾ ਵੀ ‘ਤੇਰੇ ਪੰਜਾਬੀ ਵਿਰੋਧੀ ਹੋਣ’ ਦਾ ਵਿਰੋਧ ਕਰਨ ਆਏ ਲੋਕਾਂ ਦੇ ਪ੍ਰਤੀਕਰਮ ਵਜੋਂ ਜੋ ਸਟੇਜ ਤੋਂ ਬੋਲਿਆ ਗਿਆ ਉਹ ਪੰਜਾਬੀਆਂ ਦੇ ਦਿਲ ਤੋੜ ਗਿਐ। ਮਾਨਾ ਮਰਜਾਣਿਆ, ਜੇ ਯਾਦ ਹੋਵੇ, ਕੁਝ ਇੰਜ ਬੋਲਿਆ ਸੀ ਤੂੰ ਬਾਈ:

ਪਤਾ ਲੱਗ ਗਿਆ ਅਸਲੀ ਪੰਜਾਬੀ ਕੌਣ ਏ ਬਾਬਾ ਜੀ
ਛੜਿਉ, ਅਮਲੀਉ, ਆਸ਼ਕੋ ਗੱਲ ਸੁਣ ਲੋ
ਰੰਗ ਚਿਹਰੇ ਦਾ ਫਿੱਕਾ ਨਹੀਂ ਪੈਣ ਦੇਣਾ
ਡੰਡ ਬੈਠਕਾਂ ਮਾਰ ਕੇ ਫਿੱਟ ਰਹਿਣਾ
ਮਾੜੇ ਬੰਦੇ ਨੂੰ ਕੋਲ ਨਹੀਂ ਬਹਿਣ ਦੇਣਾ
ਅਸਲੀ ਗੱਲ ਐ, ਅਸਲ ਪੰਜਾਬੀਆਂ ਦੀ
ਪਹਿਲਾਂ ਦੇਸ਼ ’ਚ ਚਿੱਟਾ ਨਹੀਂ ਰਹਿਣ ਦੇਣਾ
ਹੁਣ ਦਾੜ੍ਹੀ ’ਚ ਚਿੱਟਾ ਨਹੀਂ ਰਹਿਣ ਦੇਣਾ
’ਤੇ ਫ਼ਿਰ ਅਖ਼ੀਰ ’ਚ ਜੋ ਤੂੰ ਬੋਲਿਆ, ਉਹਨੂੰ ਲਿਖ਼ਣ ਦੀ ਲੋੜ ਹੈ?

ਮਾਨਾ ਮਰਜਾਣਿਆ ਸਟੇਜ ਤੋਂ ਜੋ ਵੀ ਤੂੰ ਕਿਹਾ, ਉਹਦਾ ਮਤਲਬ ਹੈ ਕਿ ਜਿਹੜਾ ਮੇਰਾ ਵਿਰੋਧ ਕਰੇਗਾ ਉਹ ਅਸਲੀ ਪੰਜਾਬੀ ਨਹੀਂ। ਭਾਵ ਅਸਲੀ ਪੰਜਾਬੀ ਤਾਂ ਸਿਰਫ਼ ਗੁਰਦਾਸ ਮਾਨ ਹੈ। ਇਹ ਤਾਂ ਉਹ ਗੱਲ ਹੋ ਗਈ ਕਿ ਹੁਣ ਪੰਜਾਬੀ ਹੋਣ ਦੇ ਸਰਟਫੀਕੇਟ ਵੀ ਉਹ ਗੁਰਦਾਸ ਮਾਨ ਵੰਡੇਗਾ ਜਿਸ ਤੇ ਦੋਸ਼ ਲੱਗ ਰਹੇ ਨੇ ਕਿ ਉਹ ਮਾਂ ਨੂੰ ਛੱਡ ਕੇ ਮਾਸੀ ਨਾਲ ਖੜ੍ਹਣ ਨੂੰ ਤਿਆਰ ਹੋ ਗਿਐ।

ਇਹ ਸਿਰੇ ਦਾ ਹੰਕਾਰ ਹੀ ਨਹੀਂ ਗ਼ਲਤ ਬਿਆਨੀ ਵੀ ਹੈ। ਇਸ ਤੋਂ ਇਲਾਵਾ ਵੀ ਮਾਨ ਉਸ ਵੇਲੇ ਹਾਲ ਵਿਚ ਬੈਠੇ ਆਪਣੇ ਵਿਰੋਧੀਆਂ ਨੂੰ ਹੀ ਨਹੀਂ, ਸਗੋਂ ਆਪਣੇ ਸਰੋਤਿਆਂ ਨੂੰ ਛੜੇ, ਅਮਲੀ ਅਤੇ ਆਸ਼ਿਕ ਕਹਿ ਕੇ ਸੰਬੋਧਨ ਕਰਦਾ ਹੈ। ਉਸਦਾ ਇਹ ਸੰਬੋਧਨ ਅਸਲ ਵਿਚ ਉੱਥੇ ਬੈਠੇ ਲੋਕਾਂ ਲਈ ਵੀ ਨਹੀਂ ਸਗੋਂ ਸਮੂਹ ਪੰਜਾਬੀਆਂ ਲਈ ਹੈ।

ਰੇਡੀਉ ’ਚ ਦਿੱਤੇ ਇੰਟਰਵਿਊ ਵਿਚ ਵੀ ਗੁਰਦਾਸ ਮਾਨ ਨੇ ਪੰਜਾਬੀ ਦੀ ਗੱਲ ਕਰਨ ਵਾਲਿਆਂ, ਪੰਜਾਬੀ ਦੇ ਹੱਕ ਵਿਚ ਖੜ੍ਹਣ ਵਾਲਿਆਂ ਬਾਰੇ ਆਪਣੀ ਟਿੱਪਣੀ ਵਿਚ ਕਿਹਾ, ਇਹ ‘ਵਿਹਲਿਆਂ’ ਦੇ ਖੜ੍ਹੇ ਕੀਤੇ ਕਲੇਸ਼ ਨੇ। ਸਮਝਿਆ ਜਾ ਸਕਦੈ ਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਵੀ ਹੁੰਦੀ ਹੈ ਪਰ ਸੋਸ਼ਲ ਮੀਡੀਆ ’ਤੇ ਪੰਜਾਬੀ ਦੇ ਹੱਕ ਵਿਚ ਖੜ੍ਹਣ ਵਾਲਿਆਂ ਨੂੰ ਸਿੱਧੇ ਹੀ ‘ਵਿਹਲੇ’ ਕਰਾਰ ਦੇ ਦੇਣ ਦੀ ਹਿੰਮਤ ਵੀ ਕੋਈ ਗੁਰਦਾਸ ਮਾਨ ਹੀ ਕਰ ਸਕਦੈ।

ਇਕ ਕਲਾਕਾਰ ‘ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ’ ਤੋਂ ਸ਼ਰਮਿੰਦਾ ਹੋਣ ਦੀ ਬਜਾਏ ਹੁਣ ਪੰਜਾਬੀ ਦੇ ਵਿਰੋਧ ’ਚ ਖੜ੍ਹਣ ’ਤੇ ਵੀ ਮਾਨ ਮਹਿਸੂਸ ਕਰਦੈ। ਫ਼ਿਰ ਪੰਜਾਬੀਆਂ ਦੀ ਸਟੇਜ ਤੋਂ ਪੰਜਾਬੀਆਂ ਨੂੰ ਪਤਾ ਨਹੀਂ ਕੀ ਕੀ ਕਹਿੰਦੈ, ਫ਼ਿਰ ਉਨ੍ਹਾਂ ਨੂੰ ਪੰਜਾਬੀ ਮੰਨਣੋ ਇਨਕਾਰੀ ਹੁੰਦੈ ਤੇ ਫ਼ਿਰ ਉਨ੍ਹਾਂ ਨੂੰ ਵੰਗਾਰਦੈ।

ਇੱਥੇ ਹੀ ਬਸ ਨਹੀਂ, ਫ਼ਿਰ ਦੇਸ਼ ’ਚ ਚਿੱਟੇ ਦੀ ਗੱਲ ਨੂੰ ਦਾੜ੍ਹੀ ’ਚ ਚਿੱਟੇ ਨਾਲ ਮੇਲਦੈ। ਇਹ ਹੰਕਾਰ ਨਹੀਂ, ਇਹ ਗਰੂਰ ਨਹੀਂ ਤਾਂ ਇਹਨੂੰ ਕੀ ਕਹੀਏ। ਚੰਗਾ ਹੁੰਦਾ ਜੇ ਦਾੜ੍ਹੀ ’ਚ ਚਿੱਟਾ ਨਹੀਂ ਰਹਿਣ ਦੇਣਾ ਦੀ ਵਿਆਖ਼ਿਆ ਵੀ ਮਾਨ ਆਪਣੀ ਸਟੇਜ ਤੋਂ ਕਰ ਹੀ ਦਿੰਦਾ ਜਾਂ ਅਜੇ ਵੀ ਕਰ ਦੇਵੇ ਕਿਉਂਕਿ ਲੋਕ ਇਸ ਦੇ ਵੱਖ ਵੱਖ ਮਤਲਬ ਕੱਢ ਰਹੇ ਨੇ।

ਮਾਨ ਮਰਜਾਣਿਆ ਜੇ ਤੂੰ ਚੰਗਾ ਗਾਇਆ ਤਾਂ ਕਦਰ ਹੋਈ, ਮਿਹਨਤਾਨਾ ਮਿਲਿਆ, ਪੰਜਾਬੀਆਂ ਨੇ ਸਿਰ ਅੱਖਾਂ ’ਤੇ ਬਿਠਾਇਆ, ‘ਬਾਬਾ ਬੋਹੜ’ ਤਕ ਆਖ਼ ਦਿੱਤਾ। ਤੂੰ ਬਾਈ ਇਕ ਚੰਗਾ ਲੇਖ਼ਕ, ਚੰਗਾ ਕਲਾਕਾਰ ਹੋ ਸਕਦੈਂ, ਪਰ ਤੈਨੂੰ ਕੋਈ ਹੱਕ ਨਹੀਂ ਕਿ ਪੰਜਾਬੀਆਂ ਲਈ ਪੰਜਾਬੀ ਅਤੇ ਹਿੰਦੀ ਬਾਰੇ ਕੋਈ ਭੰਬਲਭੂਸਾ ਜਾਂ ਭਰਮ ਭੁਲੇਖ਼ੇ ਖੜ੍ਹੇ ਕਰੇਂ। ਪੰਜਾਬੀ ਦੇ ਹੱਕ ਵਿਚ ਨਾ ਭੁਗਤ ਕੇ ਕਿਤੇ ਹੋਰ ਭੁਗਤੇਂ ਅਤੇ ਜੇ ਕੋਈ ਉਸਦਾ ਵਿਰੋਧ ਕਰੇ ਤਾਂ ਉਹਨਾਂ ਨਾਲ ਇਸ ਤਰ੍ਹਾਂ ਪੇਸ਼ ਆਵੇਂ।

ਪੰਜਾਬੀ ਬਜ਼ੁਰਗਾਂ, ਬੀਬੀਆਂ, ਧੀਆਂ ਧਿਆਣੀਆਂ, ਬੱਚਿਆਂ ਅਤੇ ਆਪਣੇ ਨੌਜਵਾਨ ਪ੍ਰਸ਼ੰਸਕਾਂ, ਪੰਜਾਬੀ ਮਾਂ ਬੋਲੀ ਦੇ ਉਪਾਸ਼ਕਾਂ ਨਾਲ ਭਰੇ ਕੈਨੇਡਾ ਦੇ ਉਸ ਹਾਲ ਵਿਚ ਪੰਜਾਬ ਦੀਆਂ ਧੀਆਂ ਧਿਆਣੀਆਂ ਤੇ ਸੁਆਣੀਆਂ ਵੱਲੋਂ ‘ਪੂਣੀਆਂ ਕੱਤਣ’ ਦੇ ਗੀਤ ਨਾ ਗਾ ਕੇ ‘ਪੂਣੀ ਬਣਾ ਕੇ……….. .. .. .. ..’ ਵਾਲੇ ਸੰਵਾਦ ਬੋਲਣ ਨਾਲ ਗੁਰਦਾਸ ਮਾਨ ਆਪਣੀ ਕਲਾ ਦੇ ਸਫ਼ਰ ਨੂੰ ਕਿਹੜੀਆਂ ਨਵੀਂਆਂ ਨਿਵਾਣਾਂ ਵੱਲ ਲੈ ਗਿਆ ਹੈ, ਇਸ ਦਾ ਅੰਦਾਜ਼ਾ ਸ਼ਾਇਦ ਤੈਨੂੰ ਖ਼ੁਦ ਨੂੰ ਨਾ ਹੋਵੇ। ਆਪਣੇ ਬੋਲਾਂ ਦੇ ਫ਼ਰਕ ਨੂੰ ਜੇ ਕਿਤੇ ਮਿਣ ਸਕੇਂ ਤਾਂ ਦੱਸੀਂ ਜ਼ਰੂਰ ਕਿ ਕਿੰਨੀ ਉੱਚੀ ਥਾਂ ਤੋਂ ਗੱਲ ਕਿੰਨੀ ਨੀਂਵੀਂ ਜਾ ਡਿੱਗੀ ਹੈ।

ਬਾਈ ਤੂੰ ਗੁਰਦਾਸ ਮਾਨ ਹੈਂ ਤਾਂ ਪੰਜਾਬੀ ਕਰਕੇ ਹੈਂ, ਪੰਜਾਬੀਆਂ ਦੇ ਪ੍ਰੇਮ ਕਰਕੇ ਹੈਂ। ਚੜ੍ਹਾਉਣ ਵਾਲੇ ਕਈ ਵਾਰ ਉਸ ਟੀਸੀ ’ਤੇ ਚੜ੍ਹਾ ਦਿੰਦੇ ਨੇ ਜਿੱਥੇ ਖੜ੍ਹੇ ਹੋਇਆ ਹੀ ਨਹੀਂ ਜਾ ਸਕਦਾ। ਮਤ ਕੋਈ ਵਹਿਮ ਰੱਖੀਂ। ਪੰਜਾਬੀ ਭਾਸ਼ਾ ਦੀ, ਪੰਜਾਬੀਆਂ ਦੀ ਹਸਤੀ ਤੇਰੇ ਕਰਕੇ ਨਹੀਂ, ਪੰਜਾਬੀ ਭਾਸ਼ਾ ਅਤੇ ਪੰਜਾਬੀਆਂ ਕਰਕੇ ਤੇਰੀ ਹਸਤੀ ਹੈ।

ਜੇ ਤੇਰੇ ਗਰੂਰ ਦਾ, ਤੇਰੇ ਹੰਕਾਰ ਦਾ ਨਸ਼ਾ ਕੁਝ ਮੱਠਾ ਪੈ ਗਿਆ ਹੋਵੇ ਤਾਂ ਸ਼ੋਹਰਤ ਤੇ ਦੌਲਤ ਦੇ ਚਸ਼ਮੇ ਲਾਹ ਕੇ, ਲਾਂਭੇ ਰੱਖ ਕੇ ਇਕ ਵਾਰ ਸੋਸ਼ਲ ਮੀਡੀਆ ’ਤੇ ਝਾਤੀ ਤਾਂ ਮਾਰ, ਵੇਖ਼ ਸਹੀ ਬਾਜ਼ੀ ਕਿਵੇਂ ਪਲਟੀ ਐ। ਜਿਹੜੀਆਂ ਪੌੜੀਆਂ ਚੜ੍ਹਣ ਨੂੰ ਤੈਨੂੰ ਇੰਨੇ ਦਹਾਕੇ ਲੱਗੇ ਸਨ ਉਹਦੇ ਤੋਂ ਖਿੱਚ ਕੇ ਥੱਲੇ ਲਾਹੁਣ ਨੂੰ ਪੰਜਾਬੀਆਂ ਨੇ ਦੱਸ ਘੰਟੇ ਵੀ ਨਹੀਂ ਲਾਏ।

ਸੋਸ਼ਲ ਮੀਡੀਆ ’ਤੇ ਬਾਈ ਤੇਰੇ ਨਾਲ ਜੋ ਹੋ ਰਹੀ ਏ, ਉਸਤੋਂ ਇਕ ਗੱਲ ਤਾਂ ਸਪਸ਼ਟ ਹੋ ਗਈ ਏ ਕਿ ਹੁਣ ਗੁਰਦਾਸ ਮਾਨ ਕੋਲ ਪੰਜਾਬੀਆਂ ਤੋਂ ਕਮਾਏ ਨੋਟਾਂ ਅਤੇ ਡਾਲਰਾਂ ਤੋਂ ਇਲਾਵਾ ਜ਼ਮੀਨਾਂ ਜਾਇਦਾਦਾਂ ਅਤੇ ਹੋਰ ਕੁਝ ਤਾਂ ਹੋ ਸਕਦੈ, ਉਸ ਕੋਲ ਪੰਜਾਬੀਆਂ ਦਾ ਉਹ ਪਿਆਰ ਅਤੇ ਇੱਜ਼ਤ ਨਹੀਂ ਰਿਹਾ, ਜਿਹੜਾ ਉਸ ਕੋਲ ਇਕ ਹਫ਼ਤਾ ਪਹਿਲਾਂ ਸੀ।

ਪੰਜਾਬੀਆਂ ਨੇ ਦੱਸ ਦਿੱਤੈ ਕਿ ਗੁਰਦਾਸ ਮਾਨ ਦੀ ਇੱਜ਼ਤ ਹੋ ਸਕਦੀ ਹੈ, ਉਸਨੂੰ ਪਿਆਰ ਦਿੱਤਾ ਜਾ ਸਕਦੈ, ਪਰ ਉਹ ਰੱਬ ਨਹੀਂ ਹੋ ਸਕਦਾ, ਉਸਨੂੰ ਸਭ ਕੁਝ ਮੁਆਫ਼ ਨਹੀਂ ਹੋ ਸਕਦਾ ਘੱਟੋ ਘੱਟ ਮਾਂ ਬੋਲੀ ਦੇ ਮਾਮਲੇ ਵਿਚ ਅਤੇ ਸਟੇਜ ਤੋਂ ਗੈਰ ਸਭਿਅਕ ਹੋਣ ਦੇ ਮਾਮਲੇ ਵਿਚ ਤਾਂ ਬਿਲਕੁਲ ਵੀ ਨਹੀਂ।

ਮਾਨਾ ਮਰਜਾਣਿਆ, ਮੈਨੂੰ ਤੇਰੇ ਨਾਲ ਹੋਏ ਦਾ ਅਫ਼ਸੋਸ ਰਹੇਗਾ। ਕਾਸ਼ ਇੰਜ ਨਾ ਹੁੰਦਾ, ਪਰ ਮੇਰੇ ਚਾਹੁਣ ਜਾਂ ਕਹਿਣ ਨਾਲ ਵੀ ਕੀ ਹੁੰਦੈ। ਉਹ ਕਿਸੇ ਨੇ ਆਖ਼ਿਐ ਨਾ ਬਈ

ਨਾ ਚਪੇੜ ਮਾਰਦਾ, ਨਾ ਉਹ ਲੱਤ ਮਾਰਦਾ
ਜਦੋਂ ਮਾਰਣਾ ਕਿਸੇ ਨੂੰ ਉਹਦੀ ਮੱਤ ਮਾਰਦਾ

ਚੰਗਾ ਬਾਈ ਮਾਨਾ ਮਰਜਾਣਿਆ, ਮਰਜ਼ੀ ਤੇਰੀ ਐ ਪਰ ਪੰਜਾਬ ਦੇ ਭਲੇ ’ਚ, ਪੰਜਾਬੀ ਦੇ ਭਲੇ ’ਚ, ਇਹ ਗੱਲ ਨਿਬੇੜਨੀ ਬਣਦੀ ਹੈ। ਹਾਲਾਂਕਿ ਪਹਿਲਾਂ ਵਾਲੀ ਗੱਲ ਤਾਂ ਫ਼ਿਰ ਵੀ ਨਹੀਂ ਬਨਣ ਲੱਗੀ, ਪਰ ਇਕ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ, ਤੇਰੇ ਤੋਂ ਵੱਧ ਕੌਣ ਜਾਣਦੈ ਕਿ ਪੰਜਾਬੀ ਕਿੱਡੇ ਵੱਡੇ ਦਿਲ ਆਲੇ ਨੇ। ਅੱਗੋਂ ਭਈ ਪਤਾ ਨਹੀਂ, ਤੇਰੀਆਂ ਨਜ਼ਰਾਂ ’ਚ ਮੈਂ ਵੀ ਪੰਜਾਬੀ ਹਾਂ ਕਿ ਨਹੀਂ ਕਿਉਂÎਕ ਪੰਜਾਬੀਆਂ ਨੂੰ ਪੰਜਾਬੀ ਹੋਣ ਦੇ ਸਰਟੀਫੀਕੇਟ ਤਾਂ ਹੁਣ ਤੂੰ ਹੀ ਵੰਡਣੇ ਨੇ।

ਐੱਚ.ਐੱਸ.ਬਾਵਾ
ਸੰਪਾਦਕ ਯੈੱਸ ਪੰਜਾਬ ਡਾਟ ਕਾਮ
23 ਸਤੰਬਰ, 2019
[email protected]

- Advertisement -

ਸਿੱਖ ਜਗ਼ਤ

ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਦਾ ਹੀਥਰੋ ਏਅਰਪੋਰਟ ਤੇ ਪਹੁੰਚਣ ਤੇ ਨਿੱਘਾ ਸਵਾਗਤ

ਯੈੱਸ ਪੰਜਾਬ ਲੰਡਨ, 12 ਜੂਨ, 2024 ਸ੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਾਰਟੀ ਦੇ ਬੁਲਾਰੇ ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਦਾ ਲੰਡਨ ਪਹੁੰਚਣ ਤੇ ਹੀਥਰੋ ਏਅਰਪੋਰਟ ਤੇ ਨਿੱਘਾ ਸਵਾਗਤ ਕਰਦਿਆ ਸਿੱਖ ਪ੍ਰਚਾਰਕ...

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ

ਯੈੱਸ ਪੰਜਾਬ ਨਵੀਂ ਦਿੱਲੀ/ਚੰਡੀਗੜ੍ਹ, 10 ਜੂਨ, 2024: ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕਰਨ ਲਈ...

ਮਨੋਰੰਜਨ

ਪੰਜਾਬੀ ਅਦਾਕਾਰਾ ਹਸਨਪ੍ਰੀਤ ਕੌਰ ਨੇ ‘ਬ੍ਰਦਰਜ਼ ਡੇਅ’ ਮਨਾਉਂਦੇ ਹੋਏ ਭਰਾਵਾਂ ਲਈ ਸਾਂਝਾ ਕੀਤੇ ਕੁਝ ਖ਼ਾਸ ਪਲ

ਯੈੱਸ ਪੰਜਾਬ 24 ਮਈ, 2024 ਹਸਨਪ੍ਰੀਤ ਕੌਰ ਜੋ ਜ਼ੀ ਪੰਜਾਬੀ ਦੇ ਸ਼ੋਅ "ਦਿਲਾਂ ਦੇ ਰਿਸ਼ਤੇ" ਵਿੱਚ "ਕੀਰਤ" ਦੀ ਭੂਮਿਕਾ ਨਿਭਾ ਰਹੀ ਹੈ, ਨੇ ਬ੍ਰਦਰਜ਼ ਡੇਅ ਤੇ ਆਪਣੇ ਭਰਾਵਾਂ ਨਾਲ ਦਿਲੀ ਪਲਾਂ ਨੂੰ ਸਾਂਝਾ ਕਰਦੇ ਹਨ। "ਦਿਲਾਂ ਦੇ...

ਇੱਕ ਪਰਫੈਕਟ ਕੋਲੇਬੋਰੇਸ਼ਨ- ਮਿਕੀ ਅਰੋੜਾ ਤੇ ਹਰੀਕੇ ਨੇ ਆਪਣਾ ਨਵਾਂ ਗੀਤ “ਐਚਆਰ ਗਾਡੀ” ਕੀਤਾ ਰਿਲੀਜ਼

ਯੈੱਸ ਪੰਜਾਬ 23 ਮਈ, 2024 ਹਰਿਆਣੇ ਦੇ ਰੈਪ ਸੀਨ ਦੀ ਧੜਕਣ ਵਾਲੀ ਲੈਅ ਇੱਕ ਵਾਰ ਫਿਰ ਗੂੰਜਦੀ ਹੈ ਜਦੋਂ ਮਿਕੀ ਅਰੋੜਾ, ਗੀਤਕਾਰੀ ਦੀ ਕਲਾ ਦੇ ਉਸਤਾਦ, ਨੇ ਆਪਣੇ ਨਵੀਨਤਮ ਸੋਨਿਕ ਮਾਸਟਰਪੀਸ, "ਐਚਆਰ ਗਾਡੀ" ਨੂੰ ਗੁਪਤ ਭੂਮੀਗਤ...

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਸੋਸ਼ਲ ਮੀਡੀਆ

223,028FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...