ਯੈੱਸ ਪੰਜਾਬ
ਨਵੀਂ ਦਿੱਲੀ, 2 ਦਸੰਬਰ, 2020:
ਕੁਲ ਹਿੰਦ ਯੂਥ ਕਾਂਗਰਸ ਨੂੰ ਇਕ ਸਾਲ ਦੇ ਵਕਫ਼ੇ ਬਾਅਦ ਨਵਾਂ ਪ੍ਰਧਾਨ ਮਿਲਿਆ ਹੈ। ਕੁਲ ਹਿੰਦ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਅੱਜ ਸ੍ਰੀ ਬੀ.ਵੀ. ਸ੍ਰੀਨਿਵਾਸ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ।
ਸ੍ਰੀ ਸ੍ਰੀਨਿਵਾਸ ਸ੍ਰੀ ਕੇਸ਼ ਚੰਦ ਯਾਦਵ ਦੇ ਵਿਵਾਦ ਵਿੱਚ ਆ ਜਾਣ ਕਾਰਨ ਅਸਤੀਫ਼ਾ ਦੇ ਜਾਣ ਮਗਰੋਂ ਹੁਣ ਤਕ ਯੂਥ ਕਾਂਗਰਸ ਦੇ ਅੰਤਰਿਮ ਪ੍ਰਧਾਨ ਵਜੋਂ ਕੰਮ ਕਰ ਰਹੇ ਸਨ।
ਸੂਤਰਾਂ ਅਨੁਸਾਰ ਸ੍ਰੀ ਸ੍ਰੀਨਿਵਾਸ ਨੂੰ ਉਨ੍ਹਾਂ ਵੱਲੋਂ ਕੋਰੋਨਾ ਮਹਾਮਾਰੀ ਅਤੇ ਇਸੇ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਦਰਪੇਸ਼ ਸੰਕਟ ਦੇ ਸੰਬੰਧ ਵਿੱਚ ਕੀਤੇ ਗਏ ਕਾਰਜਾਂ ਕਰਕੇ ਇਹ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ।
ਸ੍ਰੀ ਸ੍ਰੀਨਿਵਾਸ ਕਰਨਾਟਕਾ ਵਿੱਚ ਸ਼ਿਮੋਗਾ ਨਾਲ ਸੰਬੰਧਤ ਹਨ। ਸ਼ਿਮੋਗਾ ਉਹੀ ਜ਼ਿਲ੍ਹਾ ਹੈ ਜਿੱਥੋਂ ਕਰਨਾਟਕਾ ਦੇ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਸ੍ਰੀ ਬੀ.ਐਸ. ਯੈੱਦੀਯੁਰੱਪਾ ਆਉਂਦੇ ਹਨ। ਸ੍ਰੀ ਯੈੱਦੀਯੁਰੱਪਾ ਸ਼ਿਮੋਗਾ ਜ਼ਿਲ੍ਹੇ ਦੇ ਸ਼ਿਕਾਰੀਪੁਰਾ ਤੋਂ ਵਿਧਾਇਕ ਹਨ।
ਸ੍ਰੀ ਅਹਿਮਦ ਪਟੇਲ ਦੇ ਦਿਹਾਂਤ ਤੋਂ ਬਾਅਦ ਸ੍ਰੀਮਤੀ ਸੋਨੀਆ ਗਾਂਧੀ ਵੱਲੋਂ ਕੀਤੀ ਗਈ ਇਹ ਪਹਿਲੀ ਵੱਡੀ ਨਿਯੁਕਤੀ ਹੈ।
ਜ਼ਿਕਰਯੋਗ ਹੈ ਕਿ ਭਾਵੇਂ ਸਮਝਿਆ ਜਾਂਦਾ ਹੈ ਕਿ ਇਸ ਤੋਂ ਪਹਿਲੇ ਯੂਥ ਕਾਂਗਰਸ ਪ੍ਰਧਾਨ ਸ੍ਰੀ ਯਾਦਵ ਨੇ ਇਕ ਵਿਵਾਦ ਦੇ ਉੱਭਰ ਆਉਣ ਮਗਰੋਂਅਸਤੀਫ਼ਾ ਦਿੱਤਾ ਸੀ ਪਰ 7 ਜੁਲਾਈ, 2019 ਨੂੰ ਦਿੱਤੇ ਅਸਤੀਫ਼ੇ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਲੋਕ ਸਭਾ ਚੋਣਾਂ ਵਿੱਚ ਹੋਈ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦਿੱਤਾ ਹੈ। ਸ੍ਰੀ ਯਾਦਵ ਉੱਤਰ ਪ੍ਰਦੇਸ਼ ਵਿੱਚ ਦਿਉਰੀਆ ਨਾਲ ਸੰਬੰਧਤ ਸਨ।