26.7 C
Delhi
Thursday, April 25, 2024
spot_img
spot_img

ਕੌਮਾਂਤਰੀ ਨਗਰ ਕੀਰਤਨ ਦੀ ਸਮਾਪਤੀ ਸੁਲਤਾਨਪੁਰ ਲੋਧੀ ਹੀ ਕਿਉਂ, ਸ੍ਰੀ ਕਰਤਾਰਪੁਰ ਸਾਹਿਬ ਕਿਉਂ ਨਹੀਂ ? ਬੀਰ ਦਵਿੰਦਰ ਸਿੰਘ

ਪਟਿਆਲਾ, 3 ਅਕਤੂਬਰ, 2019 –

ਸਿੱਖ ਸੰਗਤਾਂ ਦੇ ਮਨਾਂ ਵਿੱਚ ਇਹ ਸਵਾਲ ਬਾਰ-ਬਾਰ ਉਠ ਰਿਹਾ ਹੈ ਕਿ ਸ੍ਰੀ ਨਨਕਾਣਾਂ ਸਾਹਿਬ ਤੋਂ 1 ਅਗਸਤ ਨੂੰ ਆਰੰਭ ਹੋਏ ਕੌਮਾਂਤਰੀ ਨਗਰ ਕੀਰਤਨ ਦੀ ਸਮਾਪਤੀ ਸੁਲਤਾਨਪੁਰ ਲੋਧੀ ਕਿਉਂ ਹੋ ਰਹੀ ਹੈ ?

ਸਿੱਖ ਸੰਗਤਾਂ, ਸਮੂਹ ਸਿੱਖ ਤਖਤਾਂ ਦੇ ਸਿੰਘ ਸਾਹਿਬਾਨ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦਵਾਰਾ ਮਨੇਜਮੈਂਟ ਕਮੇਟੀ ਪਾਸੋਂ ਜਾਨਣਾ ਚਾਹੁੰਦੀਆਂ ਹਨ, ਕਿ ਹੁਣ ਜਦੋਂ ਸਿੱਖ ਸੰਗਤਾਂ ਦੀਆਂ 72 ਵਰਿ੍ਹਆਂ ਦੀਆਂ ਕੀਤੀਆਂ ਨਿਰੰਤਰ ਅਰਦਾਸਾਂ ਅਤੇ ਜੋਦੜੀਆਂ, ਗੁਰੂ ਨਾਨਕ ਸਾਹਿਬ ਜੀ ਦੀ ਕ੍ਰਿਪਾ ਦੁਆਰਾ, ਬਰ ਅਈਆਂ ਹਨ ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਖੁਲ੍ਹੇ ਦਰਸ਼ਨ-ਦੀਦਾਰਿਆਂ ਲਈ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਕੌਮਾਂਤਰੀ ਨਗਰ ਕੀਰਤਨ ਦੀ ਸਮਾਪਤੀ ਸੁਲਤਾਨਪੁਰ ਲੋਧੀ ਕਿਉਂ ਹੋ ਰਹੀ ਹੈ ਅਤੇ ਇਸ ਕੌਮਾਂਤਰੀ ਨਗਰ ਕੀਰਤਨ ਨੂੰ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਕਿਉਂ ਨਹੀਂ ਲਿਜਾਇਆ ਜਾ ਰਿਹਾ ?

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਤ, ਕੌਮਾਂਤਰੀ ਨਗਰ ਕੀਰਤਨ ਦੀ ਅਰੰਭਤਾ, ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾਂ ਸਾਹਿਬ ਤੋਂ 1 ਅਗਸਤ ਨੂੰ ਹੋਈ ਸੀ, ਕੌਮਾਂਤਰੀ ਨਗਰ ਕੀਰਤਨ ਦੀ ਸਮਾਪਤੀ ਸੁਭਾਵਿਕ ਅਤੇ ਤਾਰਕਿਕ ਤੌਰ ਤੇ ਗੁਰੂ ਸਾਹਿਬ ਦੇ ਜੋਤੀ-ਜੋਤ ਸਮਾਉਣ ਦੇ ਪਵਿੱਤਰ ਅਸਥਾਨ, ਹੀ ਕਰਨੀ ਬਣਦੀ ਹੈ ਜਿੱਥੇ ਗੁਰੂ ਸਾਹਿਬ ਨੇ, ਆਪਣੇ ਜੀਵਨ ਦੇ ਆਖਰੀ 20 ਵਰੇ੍ਹ ਗੁਜ਼ਾਰੇ।

ਜ਼ਿਕਰ ਯੋਗ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੁੱਚੇ ਜੀਵਨ ਦੇ ਦੁਨਿਆਵੀ ਅਤੇ ਰੁਹਾਨੀ ਅਨੁਭਵਾਂ ਨੂੰ ਸਕਾਰਾਤਮਿਕ ਤੇ ਨਿਰਨਾਇਕ ਤੌਰ ਤੇ ਸੰਚਿਤ ਕਰਕੇ ਆਪਣੇ ਉਪਦੇਸ਼ਾਂ ਨੂੰ ਅੰਤਿਮ ਰੂਪ ਦਿੱਤਾ।ਇਸ ਕਾਰਣ ਸ੍ਰੀ ਕਰਤਾਰਪੁਰ ਸਾਹਿਬ, ਕੌਮਾਂਤਰੀ ਨਗਰ ਕੀਰਤਨ ਦਾ ਅੰਤਿਮ ਟਿਕਾਣਾਂ ਹੋਣਾ ਚਾਹੀਦਾ ਸੀ ਜੋ ਗੁਰੂ ਨਾਨਕ ਦੇਵ ਜੀ ਦਾ ਸਾਰੇ ਸੰਸਾਰ, ਭਾਵ ਚਹੁੰ-ਕੁੰਟਾ ਦੇ ਭਰਮਣ ਤੋਂ ਬਾਅਦ, ਆਪਣਾ ਆਖਰੀ ਟਿਕਾਣਾ ਚੁਣਿਆ ਸੀ।

ਜੇ ਇਤਿਹਾਸਿਕ ਪੱਖੋਂ ਵਿਚਾਰੀਏ ਤਾਂ ਸੁਲਤਾਨਪੁਰ ਲੋਧੀ, ਕੌਮਾਂਤਰੀ ਨਗਰ ਕੀਰਤਨ ਦਾ ਇੱਕ ਵੱਡਾ ਤੇ ਮਹੱਤਵਪੂਰਨ, ਪੜਾਅ ਤਾਂ ਜ਼ਰੂਰ ਹੋ ਸਕਦਾ ਹੈ, ਪਰ ਇਸ ਨਗਰ ਕੀਤਨ ਦਾ ਅੰਤਿਮ ਵਿਰਾਮ ਤਾਂ ਸ੍ਰੀ ਕਰਤਾਰਪੁਰ ਸਾਹਿਬ ਹੀ ਬਣਦਾ ਹੈ, ਹੋਰ ਕਿਤੇ ਨਹੀਂ।

ਸਿੱਖ ਕੌਮ ਇਸ ਸਵਾਲ ਦਾ ਦੋ ਟੁੱਕ ਜਵਾਬ, ਸਿੱਖ ਤਖਤਾਂ ਦੇ ਪੰਜੇ ਸਿੰਘ ਸਾਹਿਬਾਨ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦਵਾਰਾ ਮਨੇਜਮੈਂਟ ਕਮੇਟੀ ਪਾਸੋਂ ਮੰਗਦੀ ਹੈ, ਕਿ ਕੌਮਾਂਤਰੀ ਨਗਰ ਕੀਰਤਨ ਦੇ ਅੰਤਿਮ ਪੜਾਅ ਨੂੰ ਤਹਿ ਕਰਨ ਸਮੇਂ ਸ੍ਰੀ ਕਰਤਾਰਪੁਰ ਸਾਹਿਬ ਦੀ ਵੱਡੀ ਮਹੱਤਤਾ ਨੂੰ ਕਿੰਜ ਤੇ ਕਿਉਂ ਅੱਖੋਂ-ਪਰੋਖੇ ਕੀਤਾ ਗਿਆ ?

ਜੇ ਸਿੱਖਾਂ ਦੇ ਸਾਰੇ ਅਤੀ ਮਹੱਤਵਪੂਰਨ ਧਾਰਮਿਕ ਫੈਸਲੇ ਵੀ ‘ਬਾਦਲ ਪਰਿਵਾਰ’ ਦੀ ਰਾਜਨੀਤਿਕ ਸੁਵਿਧਾ ਅਨੁਸਾਰ ਹੀ ਕੀਤੇ ਜਾਣੇ ਹਨ ਤਾਂ ਫੇਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ, ਪੰਜ ਸਿੱਖ ਤਖਤ ਸਾਹਿਬਾਨ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਸੰਗਤਾ ਅਤੇ ਮਹੱਤਵ ਕੀ ਹੈ ?

ਬਾਦਲਾਂ ਦੀਆਂ ਰਾਜਨੀਤਕ ਇੱਛਾਵਾਂ ਅੱਗੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਰੁਤਬੇਦਾਰ ਤਾਂ ਆਤਮਸਮਰਪਣ ਕਰ ਸਕਦੇ ਹਨ ਪਰ ਪੰਜ ਸਿੱਖ ਤਖਤਾਂ ਦੇ ਸਿੰਘ ਸਾਹਿਬਾਨ ਤੋਂ ਅਜੇਹੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਭੁੱਲ ਨੂੰ ਹੁਣ ਵੀ, ਸਿੱਖ ਕੌਮ ਦੇ ਵਡੇਰੇ ਹਿੱਤਾਂ ਵਿੱਚ, ਸਮਾਂ ਰਹਿੰਦੇ ਸੁਧਾਰਿਆ ਜਾ ਸਕਦਾ ਹੈ, ਨਹੀਂ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਇਹ ਬੱਜਰ ਗ਼ਲਤੀ, ‘ਬਾਦਲ ਜੁੰਡਲੀ’ ਲਈ ਇੱਕ ਵੱਡਾ ਪਾਪ ਬਣਕੇ, ਸਦਾ ਵਾਸਤੇ ਮੱਥੇ ਦਾ ਕਲੰਕ ਸਾਬਿਤ ਹੋਵੇਗੀ।

ਸਮੁੱਚੀ ਸਿੱਖ ਕੌਮ ਦੀ ਜਾਣਕਾਰੀ ਲਈ ਸਿੱਖ ਤਖਤਾਂ ਦੇ ਸਿੰਘ ਸਾਹਿਬਾਨ ਨੂੰ ਇਸ ਮਾਮਲੇ ਵਿੱਚ ਆਪਣੀ ਸਥਿਤੀ ਜ਼ਰੂਰ ਸਪੱਸ਼ਟ ਕਰਨੀ ਚਾਹੀਦੀ ਹੈ ਤਾਂ ਕਿ ਤਖਤਾਂ ਦੀ ਮਰਿਆਦਾ ਅਤੇ ਮਾਣ ਸਨਮਾਨ ਨੂੰ ਕੋਈ ਠੇਸ ਨਾ ਪਹੁੰਚੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION