“ਪਰਚੀਆਂ ਤੇ ਪਰਚਿਆਂ ਦੀ ਰਾਜਨੀਤੀ ਖਤਮ ਕਰਨ ਦਾ ਸਮਾਂ” : ਜਾਖੜ – ਕੈਪਟਨ ਸੰਧੂ ਲਈ ਚੋਣ ਪ੍ਰਚਾਰ ਕੀਤਾ

ਜੋਧਾਂ, 10 ਅਕਤੂਬਰ, 2019 –

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਅੱਜ ਵਿਧਾਨ ਸਭਾ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਲਈ ਚੋਣ ਪ੍ਰਚਾਰ ਕੀਤਾ ਇਸ ਦੌਰਾਨ ਜਾਖੜ ਕੈਪਟਨ ਸੰਧੂ ਨਾਲ ਪਿੰਡ ਭਨੋੜ, ਪਮਾਲ ਅਤੇ ਪਮਾਲੀ ਪੁੱਜੇ। ਜਿੱਥੇ ਹਲਕਾ ਨਿਵਾਸੀਆਂ ਨੇ ਉਨ੍ਹਾਂ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਉਨ੍ਹਾਂ ਨਾਲ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਲਜੀਤ ਸਿੰਘ ਨਾਗਰਾ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਦਿਹਾਤੀ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਗਾਲਿਬ, ਮੇਜਰ ਸਿੰਘ ਭੈਣੀ, ਜਗਪਾਲ ਸਿੰਘ ਖੰਗੂੜਾ, ਇਸ਼ਵਰਜੋਤ ਸਿੰਘ ਚੀਮਾ, ਗੁਰਦੇਵ ਸਿੰਘ ਲਾਪਰਾਂ, ਕੁਲਵੰਤ ਸਿੰਘ ਸਿੱਧੂ ਵੀ ਮੌਜੂਦ ਸਨ।

ਚੋਣ ਸਭਾ ਦੌਰਾਨ ਜਿੱਥੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ, ਉਥੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਸੰਬੋਧਨ ‘ਚ ਕੈਪਟਨ ਸੰਦੀਪ ਸੰਧੂ ਲਈ ਵੋਟਾਂ ਮੰਗੀਆਂ। ਉਨ੍ਹਾਂ ਅਕਾਲੀ-ਭਾਜਪਾ ਸਰਕਾਰ ਨੂੰ ਸਿਆਸੀ ਰਗੜੇ ਲਾਉਂਦਿਆ ਕਿਹਾ ਕਿ ਮੈਨੂੰ ਯਾਦ ਹੈ ਅਕਾਲੀ ਸਰਕਾਰ ਸਮੇ ਮੋਗਾ ਜਿਮਨੀ ਦੇ ਚੋਣ ਪ੍ਰਚਾਰ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਮੋਗਾ ਸੀਟ ਹਾਰਨ ਨਾਲ ਮੇਰੀ ਸਰਕਾਰ ਨਹੀ ਡਿੱਗਣੀ, ਪਰ ਜੇ ਹਾਰ ਗਏ ਤਾਂ ਮੋਗੇ ‘ਚ ਇੱਕ ਇੱਟ ਵੀ ਨਹੀਂ ਲੱਗਣ ਦੇਣੀ।

ਅੱਜ ਬਾਦਲਕੇ ਕਿਸ ਮੂੰਹ ਨਾਲ ਵੋਟਾਂ ਮੰਗ ਰਹੇ ਹਨ? ਜਾਖੜ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਹੰਕਾਰੀਆਂ ਦਾ ਪੂਰਨ ਤੌਰ ‘ਤੇ ਸਿਆਸੀ ਅੰਤ ਕਰਨ ਦਾ। ਪਰਚੀਆਂ ਤੇ ਪਰਚਿਆਂ ਦੀ ਰਾਜਨੀਤੀ ਖਤਮ ਕਰਨ ਦਾ। ਲੋਕਾਂ ਵਿਚ ਵਿਚਰਨ ‘ਤੇ ਪਤਾ ਚੱਲਦਾ ਹੈ ਕਿਸ ਤਰਾਂ ਇਨ੍ਹਾਂ ਨੇ ਜਵਾਨੀ ਦਾ ਘਾਣ ਕੀਤਾ। ਚਿੱਟੇ ਅਤੇ ਪਰਚਿਆਂ ਨਾਲ ਪੰਜਾਬ ਨੂੰ ਰੋਲਿਆ।

ਸੁਨੀਲ ਜਾਖੜ ਨੇ ਕਿਹਾ ਕਿ ਪੰਥ ਤੇ ਪੰਜਾਬੀ ਦੇ ਰਖਵਾਲੇ ਬਣੇ ਅਕਾਲੀ ਦਲ ਵਾਲੇ ਜਿਹਨਾ ਨੇ ਸੁਲਤਾਨਪੁਰ ਲੋਧੀ ਨੂੰ ਸਫੈਦ ਕਰਨ ਦਾ ਬੀੜਾ ਚੁੱਕਿਆ ਜਦੋਂ ਕਿ ਸਫੈਦ ਪੰਜਾਬੀ ਦਾ ਸ਼ਬਦ ਨਹੀਂ ਹੈ, ਸਫੈਦ ਨੂੰ ਪੰਜਾਬੀ ਚਿੱਟਾ ਕਹਿੰਦੇ ਹਨ ਪਰ ਚਿੱਟੇ ਦੇ ਨਾਮ ‘ਤੇ ਅਕਾਲੀਆਂ ਨੂੰ ਕੰਬਣੀ ਛਿੜਦੀ ਹੈ। ਅਕਾਲੀਆਂ ਨੂੰ ਸਮਝ ਲੈਣਾ ਚਾਹੀਆ ਹੈ ਪੰਜਾਬ ਦਾ ਭਵਿੱਖ ਹਨੇਰੇ ਧੱਕ ਹੁਣ ਸਫੈਦੀਆਂ ਕਰਨ ਨਾਲ ਕੁੱਝ ਨਹੀ ਹੋਣਾ।

ਉਨ੍ਹਾਂ ਨਾਲ ਹੀ ਜਿਕਰ ਕੀਤਾ ਕਿ ਬੇਅਦਬੀ ਕਰਨ ਵਾਲੇ ਅਕਾਲੀਆਂ ਨੇ ਲਾਮ ਲਸ਼ਕਰ ਨਾਲ ਦਰਬਾਰ ਸਾਹਿਬ ਵਿਖੇ ਮੁਆਫੀ ਦਾ ਡਰਾਮਾ ਕੀਤਾ ਪਰ ਲੋਕਾਂ ਨੇ ਇਨ੍ਹਾਂ ‘ਤੇ ਤੰਜ ਕਸੇ ਕਿ ਤੁਸੀਂ ਮੁਆਫੀ ਮੰਗਣ ਗਏ ਸੀ ਜਾਂ ਕਬਜਾ ਲੈਣ। ਸੋ ਇਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕਾਂ ਨੇ ਤੁਹਾਨੂੰ ਨਾ ਮੁਆਫ ਕੀਤਾ ਤੇ ਨਾ ਕਰਨਗੇ। ਲੋਕਤੰਤਰ ਵਿਚ ਲੋਕ ਵੱਡੇ ਹੁੰਦੇ ਹਨ ਪਰ ਹੈਰਾਨੀ ਹੁੰਦੀ ਹੈ ਲੋਕਤੰਤਰ ‘ਚ ਸੁਖਬੀਰ ਬਾਦਲ ਜਲਾਲਾਬਾਦ ‘ਚ ਕਹਿ ਰਹੇ ਹਨ ਕਿ ਜਲਾਲਾਬਾਦ ਦੀ ਰਜਿਸਟਰੀ ਤੇ ਗਿਰਦਾਵਰੀ ਮੇਰੇ ਨਾਮ ਹੈ।

ਮੌਜੂਦਾ ਖੜੇ ਅਕਾਲੀ ਉਮੀਦਵਾਰ ਨੂੰ ਮੈਂ ਇਹ ਸੀਟ ਦੋ ਸਾਲ ਲਈ ਠੇਕੇ ‘ਤੇ ਦਿੱਤੀ ਹੈ। ਹੁਣ ਸਮਾਂ ਆ ਗਿਆ ਹੈ ਹੰਕਾਰਿਆਂ ਦੀਆਂ ਗਿਰਦਾਵਰੀਆਂ ਤੋੜਨ ਦਾ।

ਕਾਂਗਰਸ ਪ੍ਰਧਾਨ ਨੇ ਕਿਹਾ ਕਿ 2007 ‘ਚ ਜਦੋੰ ਸਰਕਾਰ ਛੱਡੀ ਤਾਂ ਪੰਜਾਬ ਸਿਰ 44000 ਕਰੋੜ ਦਾ ਕਰਜਾ ਸੀ ਪਰ ਬਾਦਲਾਂ ਨੇ ਸਵਾ 2 ਲੱਖ ਕਰਜਾ ਕਰ ਦਿੱਤਾ। ਪੰਜਾਬ ਨੂੰ ਲੁੱਟਣ ‘ਚ ਬਾਦਲਾਂ ਨੇ ਕੋਈ ਕਸਰ ਨਹੀਂ ਛੱਡੀ। ਪੰਜਾਬ ਦੇ ਲੋਕ ਹਿਸਾਬ ਲੈਣਗੇ। ਇਸ ਵਾਰ ਫਿਰ ਬਾਦਲਾਂ ਨੂੰ ਸਬਕ ਸਿਖਾਉਣਗੇ। ਅੰਤ ਵਿਚ ਜਾਖੜ ਨੇ ਕਿਹਾ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਝ ਲਵੋ ਆਪਣਾ ਅੰਗੂਠਾ ਭਾਵ ਕਰਤਾ ਧਰਤਾ ਹਲਕਾ ਦਾਖਾ ਨੂੰ ਦੇ ਦਿੱਤਾ ਹੈ।

ਕੈਪਟਨ ਸੰਦੀਪ ਸੰਧੂ ਸੂਝਵਾਨ ਪੜੇ- ਲਿਖੇ, ਨਿਮਰਤਾ ਵਾਲੇ ਆਗੂ ਹਨ, ਜੋ ਇਕ ਦਹਾਕੇ ਤੋਂ ਵੱਧ ਕਾਂਗਰਸ ਪਾਰਟੀ ਤੇ ਸਰਕਾਰ ‘ਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਇਸ ਲਈ ਕੈਪਟਨ ਸੰਦੀਪ ਸੰਧੂ ਨੂੰ ਆਪਣਾ ਨੁਮਾਇੰਦਾ ਬਣਾਓ ਅਤੇ ਹਲਕਾ ਦਾਖਾ ਨੂੰ ਵਿਕਾਸ ਦੀ ਲੀਹ ‘ਤੇ ਤੋਰੋ।

ਵੱਡੇ ਇਕੱਠ ਨੂੰ ਦੇਖ ਗਦ-ਗਦ ਹੋਏ ਕੈਪਟਨ ਸੰਧੂ ਨੇ ਕਿਹਾ ਕਿ ਮੈਂ ਜਾਖੜ ਸਾਹਿਬ ਦਾ ਧੰਨਵਾਦੀ ਹਾਂ ਜੋ ਆਪਣੇ ਕੀਮਤੀ ਸਮੇ ‘ਚੋਂ ਸਮਾਂ ਕੱਢ ਕੇ ਆਏ ਹਨ। ਇਸ ਦੇ ਨਾਲ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਮੈਨੂੰ ਅਥਾਹ ਪਿਆਰ ਤੇ ਸਤਿਕਾਰ ਦੇਣ ਵਾਲੇ ਲੋਕ ਮਿਲੇ ਹਨ। ਵੱਡੀ ਗਿਣਤੀ ‘ਚ ਹੋਇਆ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਪੱਖੀ ਤੇ ਵਿਕਾਸਸ਼ੀਲ ਯੋਜਨਾਵਾਂ ਤੋਂ ਪ੍ਰਭਾਵਿਤ ਹਨ ਅਤੇ ਅਸੀ ਇਸੇ ਵਿਕਾਸਸ਼ੀਲ ਯੋਜਨਾਵਾਂ ਦੇ ਆਧਾਰ ‘ਤੇ ਹੀ ਆਪ ਦੀ ਕਚਹਿਰੀ ਵਿਚ ਆਏ।

ਉਨ੍ਹਾਂ ਕਿਹਾ ਕਿ ਜਿਸ ਤਰਾਂ ਅਸੀਂ ਕਾਲੇ ਦੌਰ ‘ਚ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਸ਼ਾਂਤੀ ਦੇ ਰਾਹ ਤੋਰਿਆ ਠੀਕ ਇਸੇ ਤਰਾਂ ਜਦੋਂ ਅਸੀਂ ਇਕ ਹੋ ਗਏ ਤਾਂ ਨਸ਼ਾ ਖਤਮ ਕਰਨ ‘ਚ ਸਫਲ ਹੋਵਾਂਗੇ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਅਸ਼ੀਰਵਾਦ ਨਾਲ ਮੈਨੂੰ ਕਾਮਯਾਬ ਕਰੋ, ਮੈਂ ਵਾਅਦਾ ਕਰਦਾ ਕਿ ਵਿਕਾਸ ਕਰਵਾਉਣ ਲਈ ਢਾਈ ਸਾਲਾਂ ‘ਚ ਸਾਰੀਆਂ ਕਸਰਾਂ ਕੱਢ ਦੇਵਾਂਗਾ।

ਇਸ ਮੌਕੇ ਸਰਪੰਚ ਜਗਦੀਸ਼ ਸਿੰਘ ਜੱਗੀ, ਜਸਪ੍ਰੀਤ ਸਿੰਘ ਪੰਚ, ਸਰਪੰਚ ਸੁਖਵਿੰਦਰ ਸਿੰਘ ਪਮਾਲੀ, ਚੇਅਰਮੈਨ ਮਨਜੀਤ ਕੌਰ ਬਲਾਕ ਸੰਮਤੀ, ਰਾਣੋ ਪੰਚ, ਕੁਲਵੰਤ ਕੌਰ ਪੰਚ, ਅਜੀਤ ਸਿੰਘ ਪੰਚ, ਹੈਪੀ ਗਿੱਲ, ਅਨੂਪ ਸਿੰਘ, ਹਰਬੰਸ ਸਿੰਘ ਪਮਾਲੀ, ਹਰਪਾਲ ਸਿੰਘ ਪਮਾਲੀ, ਨੰਬਰਦਾਰ ਸ਼ਿੰਗਾਰਾ ਸਿੰਘ, ਜਸਪ੍ਰੀਤ ਸਿੰਘ ਪਮਾਲੀ, ਚਰਨਜੀਤ ਕੌਰ ਆਦਿ ਹਾਜਰ ਸਨ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES