ਯੈੱਸ ਪੰਜਾਬ
ਤਰਨ ਤਾਰਨ, 25 ਮਾਰਚ, 2021:
ਪੰਜਾਬ ਵਿੱਚ ਵੀਰਵਾਰ ਸ਼ਾਮ ਹਥਿਆਰਬੰਦ ਵਿਅਕਤੀਆਂ ਨੇ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਤਰਨ ਤਾਰਨ ਦੇ ਐਸ.ਐਸ.ਪੀ. ਦੇ ਘਰ ਸਾਹਮਣੇ ਨਵੇਂ ਖੁਲ੍ਹੇ ਵਿਸ਼ਾਲ ਮੈਗਾ ਮਾਰਟ ’ਤੇ ਗੋਲੀਆਂ ਚਲਾ ਦਿੱਤੀਆਂ ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਜਾਂ ਹਲਾਕ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਤਰਨ ਤਾਰਨ ਸ਼ਹਿਰ ਦੇ ਗਹਿਮਾ ਗਹਿਮ ਇਲਾਕੇ ਵਿੱਚ ਸਥਿਤ ਐਸ.ਐਸ.ਪੀ. ਦੀ ਰਿਹਾਇਸ਼ ਦੇ ਸਾਹਮਣੇ ਸਥਿਤ ਇਸ ਸਟੋਰ ਵਿੱਚ ਇਸ ਤਰ੍ਹਾਂ ਵਾਰਦਾਤ ਹੋਣ ਨਾਲ ਸ਼ਹਿਰ ਵਿੱਚ ਸਨਸਨੀ ਅਤੇ ਦਹਿਸ਼ਤ ਦਾ ਮਾਹੌਲ ਹੈ।
ਪਤਾ ਲੱਗਾ ਹੈ ਕਿ ਐਸ.ਐਸ.ਪੀ.ਧ੍ਰਿਮਨ ਨਿੰਬਲੇ ਦੀ ਰਿਹਾਇਸ਼ ਦੇ ਸਾਹਮਣੇ ਬਣੇ ਇਸ ਮਾਲ ਦੇ ਕਿਸੇ ਕਰਮਚਾਰੀ ਨਾਲ ਕਿਸੇ ਵਿਅਕਤੀ ਦੀ ਅੱਜ ਕਿਸੇ ਗੱਲੋਂ ਬਹਿਸ ਹੋ ਗਈ ਜਿਸ ਮਗਰੋਂ ਸੰਬੰਧਤ ਵਿਅਕਤੀ ਵਾਪਸ ਚਲਾ ਗਿਆ ਪਰ ਬਾਅਦ ਵਿੱਚ ਆਪਣੇ ਦਰਜਨ ਦੇ ਲਗਪਗ ਹਥਿਆਰਬੰਦ ਸਾਥੀਆਂ ਸਮੇਤ ਵਿਸ਼ਾਲ ਮੈਗਾ ਮਾਰਟ ’ਤੇ ਆ ਗਿਆ ਅਤੇ ਗੋਲੀਬਾਰੀ ਕਰ ਦਿੱਤੀ।
ਇਹ ਪਤਾ ਲੱਗਾ ਹੈ ਕਿ ਵੱਡੀ ਗਿਣਤੀ ਵਿੱਚ ਗੋਲੀਆਂ ਚਲਾਈਆਂ ਗਈਆਂ ਅਤੇ ਸਮਾਨ ਅਤੇ ਸ਼ੀਸ਼ਿਆਂ ਦੀ ਤੋੜ ਭੰਨ ਕੀਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ।
ਖ਼ਬਰ ਮਿਲਣ ’ਤੇ ਡੀ.ਐਸ.ਪੀ. ਸ: ਸੁੱਚਾ ਸਿੰਘ ਪੁਲਿਸ ਫ਼ੋਰਸ ਸਹਿਤ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਲਈ। ਪੁਲਿਸ ਨੇ ਸੀ.ਸੀ.ਟੀ.ਵੀ.ਫੁੱਟੇਜ ਵੀ ਹਾਸਲ ਕੀਤੀ ਹੈ ਅਤੇ ਉਸ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।