ਅਕਾਲੀ ਦਲ (ਅ) ਅਮਰੀਕਾ ਯੂਨਿਟ ਬਾਰੇ ਸਿਮਰਨਜੀਤ ਸਿੰਘ ਮਾਨ ਦੇ ਆਦੇਸ਼ ਲਾਗੂ ਰਹਿਣਗੇ, ਕਿਸੇ ਹੋਰ ਨੂੰ ਬਿਆਨਬਾਜ਼ੀ ਦਾ ਹੱਕ ਨਹੀਂ: ਟਿਵਾਣਾ

ਫ਼ਤਹਿਗੜ੍ਹ ਸਾਹਿਬ, 01 ਫਰਵਰੀ, 2020 –

“ਅਮਰੀਕਾ ਦੇ ਯੂਨਿਟ ਵਿਚ ਜੋ ਬੀਤੇ ਸਮੇਂ ਵਿਚ ਮਸਲਾ ਉੱਠ ਖੜ੍ਹਾ ਹੋਇਆ ਸੀ, ਉਸ ਨੂੰ ਬਹੁਤ ਹੀ ਸੂਝਵਾਨਤਾ ਅਤੇ ਦੂਰਅੰਦੇਸ਼ੀ ਰਾਹੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਿਤੀ 06 ਸਤੰਬਰ ਨੂੰ ਕੇਵਲ ਅਮਰੀਕਾ ਦੇ ਯੂਨਿਟ ਲਈ ਹੀ ਨਹੀਂ, ਬਲਕਿ ਸਮੁੱਚੇ ਮੁਲਕਾਂ ਦੀਆਂ ਜਥੇਬੰਦੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਬਿਆਨ ਜਾਰੀ ਕੀਤਾ ਸੀ, ਜਿਸਦਾ ਸਿਰਲੇਖ ਸੀ ‘ਅਮਰੀਕਾ ਸਟੇਟ ਦੀ ਪਾਰਟੀ ਦਾ ਇਕ ਹੀ ਯੂਨਿਟ ਹੈ, ਈਸਟ-ਵੈਸਟ, ਸਾਊਂਥ-ਨਾਰਥ ਵਿਚ ਕੋਈ ਵੱਖਰਾ ਯੂਨਿਟ ਨਹੀਂ’।

ਉਸ ਬਿਆਨ ਵਿਚ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਸਮੁੱਚੇ ਅਮਰੀਕਾ ਦੇ ਅਹੁਦੇਦਾਰ ਸਾਹਿਬਾਨਾਂ ਨੂੰ ਅਮਰੀਕਾ ਦੀ ਜਥੇਬੰਦੀ ਦੀ ਬਣਤਰ ਅਤੇ ਅਧਿਕਾਰ ਖੇਤਰਾਂ ਸੰਬੰਧੀ ਪ੍ਰਤੱਖ ਰੂਪ ਵਿਚ ਸਪੱਸਟ ਕਰ ਦਿੱਤਾ ਸੀ ਕਿ ਅਮਰੀਕਾ ਦੇ ਯੂਨਿਟ ਦੇ ਕੰਨਵੀਨਰ ਸ. ਬੂਟਾ ਸਿੰਘ ਖੜੌਦ, ਪ੍ਰਧਾਨ ਸ.ਸੁਰਜੀਤ ਸਿੰਘ ਕੁਲਾਰ ਅਤੇ ਸ. ਰੇਸ਼ਮ ਸਿੰਘ ਸੀਨੀਅਰ ਮੀਤ ਪ੍ਰਧਾਨ ਹੋਣਗੇ ਅਤੇ ਬਾਕੀ ਦੇ ਅਹੁਦੇਦਾਰ ਸਾਹਿਬਾਨ ਸ. ਬੂਟਾ ਸਿੰਘ ਖੜੌਦ ਤੇ ਸੁਰਜੀਤ ਸਿੰਘ ਕੁਲਾਰ ਦੀ ਅਗਵਾਈ ਵਿਚ ਹਰ ਤਰ੍ਹਾਂ ਤਾਲਮੇਲ ਰੱਖਦੇ ਹੋਏ ਕੰਮ ਕਰਨਗੇ ।

ਇਸ ਉਪਰੋਕਤ ਬਿਆਨ ਵਿਚ ਇਹ ਵੀ ਸਪੱਸਟ ਕੀਤਾ ਗਿਆ ਸੀ ਕਿ ਜੋ ਅਮਰੀਕਾ ਵਿਚ ਪਾਰਟੀ ਆਈ.ਡੀ. ਬਣਾਈ ਜਾ ਰਹੀ ਸੀ, ਉਹ ਸਭ ਮੁਕੰਮਲ ਰੂਪ ਵਿਚ ਖ਼ਤਮ ਕਰਕੇ ਸਮੁੱਚੇ ਸੰਸਾਰ ਦੇ ਮੁਲਕਾਂ ਵਿਚ ਵਿਚਰ ਰਹੇ ਪਾਰਟੀ ਵਰਕਰਾਂ, ਮੈਬਰਾਂ, ਅਹੁਦੇਦਾਰਾਂ ਦੇ ਆਈ.ਡੀ. ਕਾਰਡ ਬਣਾਉਣ ਦਾ ਅਧਿਕਾਰ ਕੇਵਲ ਤੇ ਕੇਵਲ ਪਾਰਟੀ ਦੇ ਮੁੱਖ ਪ੍ਰਬੰਧਕੀ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਨੂੰ ਹੀ ਹੋਵੇਗਾ, ਸੰਸਾਰ ਵਿਚ ਹੋਰ ਕਿਸੇ ਵੀ ਸਥਾਂਨ ਤੇ ਕਿਸੇ ਨੂੰ ਵੀ ਇਹ ਆਈ.ਡੀ. ਬਣਾਉਣ ਦਾ ਅਧਿਕਾਰ ਨਹੀਂ ਹੈ ।

ਸ. ਮਾਨ ਵੱਲੋਂ ਬੀਤੇ ਸਮੇਂ ਵਿਚ ਇਹ ਜਾਰੀ ਕੀਤੇ ਗਏ ਬਿਆਨ ਨੂੰ ਅਮਰੀਕਾ ਦੀ ਜਥੇਬੰਦੀ ਨੇ ਕੁਝ ਦਿਨ ਪਹਿਲੇ ਅਖ਼ਬਾਰਾਂ ਵਿਚ ਫਿਰ ਤੋਂ ਪ੍ਰਕਾਸ਼ਿਤ ਕਰਵਾਇਆ ਹੈ। ਸ. ਮਾਨ ਦਾ ਇਹ ਬਿਆਨ ਪਹਿਲੇ ਵੀ ਅਮਰੀਕਾ ਤੇ ਪੰਜਾਬ ਦੀਆਂ ਅਖਬਾਰਾਂ ਵਿਚ ਨੀਤੀ ਨੂੰ ਸਪੱਸਟ ਕਰਦੇ ਹੋਏ ਪ੍ਰਕਾਸਿਤ ਹੋ ਚੁੱਕਿਆ ਹੈ।

ਫਿਰ ਇਸ ਉਤੇ ਅਮਰੀਕਾ ਦੀ ਜਥੇਬੰਦੀ ਵਿਚ ਅਤੇ ਪੰਜਾਬ ਦੇ ਕੌਮੀ ਅਹੁਦੇਦਾਰਾਂ ਵਿਚ ਕਿਸੇ ਤਰ੍ਹਾਂ ਦਾ ਭੁਲੇਖਾ ਨਹੀਂ ਰਹਿਣਾ ਚਾਹੀਦਾ ਅਤੇ ਨਾ ਹੀ ਇਸ ਗੰਭੀਰ ਵਿਸ਼ੇ ਤੇ ਅਮਰੀਕਨ ਅਹੁਦੇਦਾਰ ਅਤੇ ਪਾਰਟੀ ਦੇ ਕੌਮੀ ਅਹੁਦੇਦਾਰਾਂ ਨੂੰ ਕਿਸੇ ਤਰ੍ਹਾਂ ਦੀ ਬਿਆਨਬਾਜੀ ਕਰਦੇ ਹੋਏ ਅਖਬਾਰਾਂ, ਮੀਡੀਏ ਅਤੇ ਫੇਸਬੁੱਕ ਵਿਚ ਜਾਣਾ ਚਾਹੀਦਾ ਹੈ।

ਜੇਕਰ ਕਿਸੇ ਅਮਰੀਕਨ ਅਹੁਦੇਦਾਰ ਜਾਂ ਪਾਰਟੀ ਦੇ ਕੌਮੀ ਅਹੁਦੇਦਾਰ ਨੂੰ ਇਸ ਵਿਸ਼ੇ ਤੇ ਕੋਈ ਵੱਖਰੀ ਰਾਏ ਰੱਖਦਾ ਹੈ ਤਾਂ ਉਹ ਸ. ਸਿਮਰਨਜੀਤ ਸਿੰਘ ਮਾਨ ਨਾਲ ਜਾਂ ਪਾਰਟੀ ਮੁੱਖ ਦਫ਼ਤਰ ਨਾਲ ਹੀ ਸਾਂਝਾ ਕਰੇ ਨਾ ਕਿ ਅਖਬਾਰਾਂ ਤੇ ਮੀਡੀਏ ਵਿਚ ਜਾਵੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੀ ਸਮੁੱਚੀ ਜਥੇਬੰਦੀ ਅਤੇ ਪਾਰਟੀ ਦੇ ਸਮੁੱਚੇ ਕੌਮੀ ਅਹੁਦੇਦਾਰਾਂ ਨੂੰ ਸ. ਮਾਨ ਵੱਲੋਂ ਦਿੱਤੇ ਬਿਆਨ ਦੀ ਦਿਸ਼ਾ-ਨਿਰਦੇਸ਼ ਅਨੁਸਾਰ ਅਨੁਸ਼ਾਸ਼ਨ ਵਿਚ ਰਹਿੰਦੇ ਹੋਏ ਪਾਰਟੀ ਦੀ ਕੌਮੀ ਵੱਡੀ ਸੋਚ ਉਤੇ ਕੇਦਰਿਤ ਹੋ ਕੇ ਸੰਜ਼ੀਦਗੀ ਅਤੇ ਦ੍ਰਿੜਤਾ ਨਾਲ ਅਮਲ ਕਰਨ ਦੀ ਜੋਰਦਾਰ ਗੰਭੀਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।

ਉਨ੍ਹਾਂ ਇਹ ਵੀ ਸਪੱਸਟ ਕੀਤਾ ਕਿ ਸ. ਮਾਨ ਨੇ ਆਪਣੇ ਪੱਤਰ ਵਿਚ ਪਹਿਲਾ ਵੀ ਸ. ਰੇਸ਼ਮ ਸਿੰਘ ਦੇ ਉਦਮਾਂ ਬਾਰੇ ਪ੍ਰਸ਼ੰਸ਼ਾਂ ਕਰਦੇ ਹੋਏ ਉਨ੍ਹਾਂ ਨੂੰ ਅਮਰੀਕਾ ਦੀ ਜਥੇਬੰਦੀ ਵਿਚ ਸੀਨੀਅਰ ਮੀਤ ਪ੍ਰਧਾਨ ਦੀ ਸੇਵਾ ਦਿੱਤੀ ਸੀ ਅਤੇ ਅੱਜ ਵੀ ਉਹ ਅਮਰੀਕਾ ਦੀ ਜਥੇਬੰਦੀ ਦੇ ਸਤਿਕਾਰਿਤ ਅਹੁਦੇਦਾਰ ਹਨ ।

ਸ. ਟਿਵਾਣਾ ਨੇ ਬਹੁਤ ਸਿੱਦਤ ਅਤੇ ਸੰਜ਼ੀਦਗੀ ਨਾਲ ਇਹ ਉਮੀਦ ਪ੍ਰਗਟ ਕੀਤੀ ਕਿ ਅਮਰੀਕਨ ਜਥੇਬੰਦੀ ਦੇ ਅਹੁਦੇਦਾਰ ਅਤੇ ਪਾਰਟੀ ਦੇ ਕੌਮੀ ਅਹੁਦੇਦਾਰ ਸਾਹਿਬਾਨ ਇਸ ਵਿਸ਼ੇ ਉਤੇ ਕਿਸੇ ਤਰ੍ਹਾਂ ਦੀ ਬਿਆਨਬਾਜੀ ਨਾ ਕਰਦੇ ਹੋਏ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਇਕ-ਦੂਸਰੇ ਨੂੰ ਸਹਿਯੋਗ ਕਰਦੇ ਹੋਏ ਅਮਰੀਕਾ, ਬਾਹਰਲੇ ਮੁਲਕਾਂ, ਇੰਡੀਆ ਵਿਚ ਕੌਮੀ ਮੰਜ਼ਿਲ ਦੀ ਪ੍ਰਾਪਤੀ ਦੇ ਵੱਡੇ ਮਿਸ਼ਨ ਨੂੰ ਮੁੱਖ ਰੱਖਕੇ ਛੋਟੇ-ਮੋਟੇ ਵਿਚਾਰਾਂ ਦੇ ਵਖਰੇਵਿਆ ਤੋਂ ਉਪਰ ਉੱਠਕੇ ਆਪੋ-ਆਪਣੀਆ ਜ਼ਿੰਮੇਵਾਰੀਆ ਜਿਥੇ ਪੂਰੀਆ ਕਰਦੇ ਰਹਿਣਗੇ, ਉਥੇ ਅਜਿਹੀ ਕੋਈ ਵੀ ਕਾਰਵਾਈ ਜਾਂ ਅਮਲ ਨਹੀਂ ਕਰਨਗੇ ਜਿਸ ਨਾਲ ਪਾਰਟੀ ਦੀ ਜਥੇਬੰਧਕ ਮਜਬੂਤੀ ਅਤੇ ਵੱਡੇ ਕੌਮੀ ਮਿਸ਼ਨ ਨੂੰ ਕਿਸੇ ਤਰ੍ਹਾਂ ਦੀ ਆਂਚ ਆਵੇ ।

ਸ. ਟਿਵਾਣਾ ਨੇ ਬਾਹਰਲੇ ਮੁਲਕਾਂ ਦੇ ਅਹੁਦੇਦਾਰਾਂ ਅਤੇ ਸਮੁੱਚੇ ਇੰਡੀਆ ਤੇ ਪੰਜਾਬ ਦੇ ਅਹੁਦੇਦਾਰਾਂ ਨੂੰ ਕੌਮੀ ਬਿਨ੍ਹਾਂ ਤੇ ਇਹ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਪਾਰਟੀ ਹਰ ਸਾਲ ਦੀ ਤਰ੍ਹਾਂ ਜੋ 12 ਫਰਵਰੀ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦਾ ਪੂਰੀ ਸਾਨੋ-ਸੌਕਤ ਨਾਲ ਜਨਮ ਦਿਹਾੜਾ ਮਨਾਉਦੀ ਹੋਈ ਉਨ੍ਹਾਂ ਵੱਲੋਂ ਮਿੱਥੇ ਕੌਮੀ ਨਿਸ਼ਾਨੇ ਵੱਲ ਅੱਗੇ ਵੱਧਦੀ ਹੈ, ਉਸੇ ਤਰ੍ਹਾਂ 12 ਫਰਵਰੀ 2020 ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ ਪੰਡਾਲ ਵਿਚ 73ਵਾਂ ਜਨਮ ਦਿਹਾੜਾ ਪੂਰੀ ਸਰਧਾ ਤੇ ਸਤਿਕਾਰ ਸਹਿਤ ਮਨਾਉਣ ਜਾ ਰਹੀ ਹੈ ।

ਸਮੁੱਚੇ ਮੁਲਕਾਂ ਦੇ ਪਾਰਟੀ ਵਰਕਰ ਤੇ ਅਹੁਦੇਦਾਰ ਸਾਹਿਬਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਮਨਾਉਣ ਦੇ ਸਮਾਗਮ ਵਿਚ ਹਰ ਪੱਖੋਂ ਯੋਗਦਾਨ ਪਾਉਣ ਦੇ ਫਰਜ ਅਦਾ ਕਰਨ । ਤਾਂ ਕਿ ਹਿੰਦੂਤਵ ਮੁਤੱਸਵੀ ਹੁਕਮਰਾਨਾਂ ਵੱਲੋਂ ਜੋ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਕਰਕੇ ਇੰਡੀਆ ਵਿਚ ਅਰਾਜਕਤਾ ਫੈਲਾਈ ਜਾ ਰਹੀ ਹੈ ਅਤੇ ਘੱਟ ਗਿਣਤੀ ਕੌਮਾਂ ਦੇ ਨਾਗਰਿਕਤਾ ਅਤੇ ਵੋਟ ਹੱਕ ਖੋਹਣ ਲਈ ਸਾਜਿਸ ਰਚੀ ਗਈ ਹੈ ਉਸਦਾ ਕੌਮਾਂਤਰੀ ਪੱਧਰ ਤੇ ਜੁਆਬ ਦਿੰਦੇ ਹੋਏ ਆਪਣੀ ਕੌਮੀ ਮੰਜ਼ਿਲ ਵੱਲ ਦ੍ਰਿੜਤਾ ਨਾਲ ਵੱਧਿਆ ਜਾ ਸਕੇ ।

Yes Punjab - Top Stories