37.8 C
Delhi
Thursday, April 25, 2024
spot_img
spot_img

ਮੀਡੀਆ ਨੂੰ ਮੂਸੇਵਾਲਾ ਦੀਆਂ ਧਮਕੀਆਂ – ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਐੱਚ.ਐੱਸ. ਬਾਵਾ ਦੀ ਚਿੱਠੀ

ਯੈੱਸ ਪੰਜਾਬ
ਜਲੰਧਰ, 20 ਜੁਲਾਈ, 2020:

ਨਾਮਵਰ ਅਤੇ ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਵੱਲੋਂ ‘ਲਾਈਵ’ ਹੋ ਕੇ ਮੀਡੀਆ ਪ੍ਰਤੀ ਬੋਲੇ ਗਏ ਅਪਸ਼ਬਦਾਂ ਅਤੇ ਦਿੱਤੀਆਂ ਗਈਆਂ ਧਮਕੀਆਂ ਦੇ ਮਾਮਲੇ ਵਿਚ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਮੀਡੀਆ ਕਰਮੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਦੀ ਤਰਜਮਾਨੀ ਕਰਦਾ ਇਕ ਪੱਤਰ ਯੈੱਸ ਪੰਜਾਬ ਦੇ ਸੰਪਾਦਕ ਸ: ਐੱਚ.ਐੱਸ. ਬਾਵਾ ਵੱਲੋਂ ਪੰਜਾਬ ਦੇ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੂੰ ਲਿਖ਼ਿਆ ਗਿਆ ਹੈ।

ਯੈੱਸ ਪੰਜਾਬ ਦੇ ਪਾਠਕਾਂ ਨਾਲ ਇਹ ਪੱਤਰ ਮੂਲਰੂਪ ਵਿਚ ਹੀ ਹੇਠਾਂ ਸਾਂਝਾ ਕਰ ਰਹੇ ਹਾਂ।

ਸੇਵਾ ਵਿਖ਼ੇ,

ਸ੍ਰੀ ਦਿਨਕਰ ਗੁਪਤਾ ਜੀ,
ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ
ਚੰਡੀਗੜ੍ਹ।

ਵਿਸ਼ਾ: ਸਿੱਧੂ ਮੂਸੇਵਾਲਾ ਵੱਲੋਂ ਮੀਡੀਆ ਬਾਰੇ ਅਪਸ਼ਬਦਾਂ ਦੇ ਇਸਤੇਮਾਲ ਅਤੇ ਧਮਕੀਆਂ ਦੇਣ ਦੇ ਮਾਮਲੇ ਵਿਚ ਕੋਈ ਕਾਰਵਾਈ ਨਾ ਹੋਣ ਬਾਰੇ।

ਸਤਿਕਾਰਯੋਗ ਡੀ.ਜੀ.ਪੀ. ਸਾਹਿਬ,

ਮੈਂ ਆਪ ਜੀ ਦਾ ਧਿਆਨ ਪੰਜਾਬੀ ਦੇ ਨਾਮਵਰ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਵਾਇਰਲ ਹੋਏ ਉਸ ‘ਲਾਈਵ’ ਵੀਡੀਓ ਵੱਲ ਦਿਵਾਉਣਾ ਚਾਹੁੰਦਾ ਹਾਂ ਜਿਸ ਵਿਚ ਆਪਣੇ ਪ੍ਰਤੀ ਲੱਗ ਰਹੀਆਂ ਖ਼ਬਰਾਂ ਤੋਂ ਖਫ਼ਾ ਜਾਪੇ ਸਿੱਧੂ ਮੂਸੇਵਾਲਾ ਵੱਲੋਂ ਨਾ ਕੇਵਲ ਮੀਡੀਆ ਦੇ ਖਿਲਾਫ਼ ਅਪਸ਼ਬਦ ਬੋਲੇ ਗਏ ਸਨ ਸਗੋਂ ਮੀਡੀਆ ਨੂੰ ਨੰਗੇ ਚਿੱਟੇ ਰੂਪ ਵਿਚ ਅਤੇ ਸਿੱਧੇ ਤੌਰ ’ਤੇ ਧਮਕਾਇਆ ਗਿਆ ਸੀ।

ਲੱਗਦਾ ਸੀ ਕਿ ਮਾਮਲਾ ਗੰਭੀਰ ਹੈ, ਮਹੀਨੇ ਬਾਅਦ ਲੱਗਦਾ ਹੈ ਮਾਮਲਾ ਤਾਂ ਗੰਭੀਰ ਨਹੀਂ ਹੈ। ਤੁਹਾਡੇ ਤਕ ਸ਼ਾਇਦ ਇਹ ਗੱਲ ਕਿਸੇ ਨੇ ਪਹੁੰਚਦੀ ਨਾ ਕੀਤੀ ਹੋਵੇ ਪਰ ਹਕੀਕਤ ਇਹ ਹੈ ਕਿ ਉਹ ਪੱਤਰਕਾਰ ਸਾਥੀ ਜਿਹੜੇ ਰੋਜ਼ ਪੁਲਿਸ ਦੀਆਂ ਪ੍ਰਾਪਤੀਆਂ ਦੀਆਂ ਰਿਪੋਰਟਾਂ ਪ੍ਰਕਾਸ਼ਿਤ ਕਰਨ ਦਾ ਮਾਧਿਅਮ ਬਣਦੇ ਹਨ ਅਤੇ ਕਦੇ ਕਦੇ ਪੁਲਿਸ ਦੀਆਂ ਕੁਤਾਹੀਆਂ ਬਾਰੇ ਰਿਪੋਰਟ ਕਰਕੇ ‘ਸਿਸਟਮ’ ਵਿਚ ਸੁਧਾਰ ਦੀ ਲੋੜ ਵੱਲ ਇਸ਼ਾਰੇ ਦਿੰਦੇ ਹਨ, ਉਹ ਪੁਲਿਸ ਦੇ ਇਸ ਮਾਮਲੇ ਵਿੱਚ ਪੁਲਿਸ ਦੀ ਚੁੱਪ ਤੋਂ ਨਾਰਾਜ਼ ਵੀ ਨੇ ਤੇ ਨਿਰਾਸ਼ ਵੀ।

ਰੋਜ ਵੇਖ਼ਦੇ ਸੁਣਦੇ, ਰਿਪੋਰਟ ਕਰਦੇ ਹਾਂ, ਪ੍ਰਕਾਸ਼ਿਤ ਅਤੇ ਟੈਲੀਕਾਸਟ ਕਰਦੇ ਹਾਂ ਕਿ ਆਮ ਵਿਅਕਤੀ ਨੂੰ ਵੀ ਕੋਈ ਗੈਰ ਸਮਾਜੀ ਅਨਸਰ ਅਪਸ਼ਬਦ ਬੋਲਦਾ ਹੈ, ਧਮਕਾਉਂਦਾ ਹੈ ਤਾਂ ਉਸ ਉੱਤੇ ਤੁਰੰਤ ਪਰਚਾ ਦਰਜ ਹੋ ਜਾਂਦਾ ਹੈ ਪਰ ਇਹ ਆਪਣੇ ਆਪ ਵਿਚ ਇਕ ਮਿਸਾਲ ਕੇਸ ਬਣਦਾ ਜਾ ਰਿਹਾ ਹੈ ਜਿੱਥੇ ਵੀਡੀਓ ਦੇ ਰੂਪ ਵਿਚ ਸਾਹਮਣੇ ਪਏ ਸਬੂਤ, ਅਖ਼ਬਾਰਾਂ ਅਤੇ ਵੈਬਸਾਈਟਾਂ ’ਤੇ ਲੱਗੀਆਂ ਖ਼ਬਰਾਂ, ਚੈਨਲਾਂ ਅਤੇ ਯੂ ਟਿਊਬ ’ਤੇ ਚੱਲੀਆਂ ਰਿਪੋਰਟਾਂ, ਪੱਤਰਕਾਰਾਂ ਦੇ ਮੁਜ਼ਾਹਰਿਆਂ, ਉਨ੍ਹਾਂ ਵੱਲੋਂ ਵੱਖ ਵੱਖ ਜ਼ਿਲਿ੍ਹਆਂ ਦੇ ਪੁਲਿਸ ਮੁਖ਼ੀਆਂ ਜਾਂ ਹੋਰ ਉੱਚ ਅਫ਼ਸਰਾਂ ਨੂੰ ਦਿੱਤੀਆਂ ਸ਼ਿਕਾਇਤਾਂ ਅਤੇ ਮੰਗ ਪੱਤਰਾਂ ਦੇ ਬਾਵਜੂਦ ਮਾਮਲਾ ਕਿਸੇ ਠੰਢੇ ਬਸਤੇ ਵਿਚ ਹੈ। ‘ਸਮਬਾਡੀ ਸੀਮਜ਼ ਟੂ ਬੀ ਸਿਟਿੰਗ ਟਾਈਟਲੀ ਆਨ ਦਾ ਫ਼ਾਈਲਜ਼’।

ਮੀਡੀਆ ਨੇ ਲੋਕਾਂ ਨੂੰ ਨਿਆਂ ਦਿਵਾਉਣਾ ਹੁੰਦਾ ਹੈ, ਇਸ ਮਾਮਲੇ ਵਿਚ ਤੁਹਾਡੀ ਅਗਵਾਈ ਵਾਲਾ ਸਿਸਟਮ ਮੀਡੀਆ ਨੂੰ ਇਨਸਾਫ਼ ਦੇਣ ਤੋਂ ਇਨਕਾਰੀ ਜਾਂ ਮੁਨਕਰ ਕਿਉਂ ਹੈ, ਇਹ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹੈ ਤੇ ਇੱਥੇ ਇਹ ਵੀ ਕਹਿਣਾ ਬਣਦਾ ਹੈ ਕਿ ਇਹ ਸਿਰਫ਼ ਮੀਡੀਆ ਹੀ ਨਹੀਂ ਸੋਚ ਰਿਹਾ, ਸਗੋਂ ਸਮਾਜ ਦੇ ਸਾਰੇ ਵਿਚਾਰਵਾਨ ਲੋਕ ਸੋਚ ਰਹੇ ਹਨ ਕਿਉਂਕਿ ਕਦੇ ਵੀ ਕਿਸੇ ਨੂੰ ਵੀ ਇਨਸਾਫ਼ ਲੈਣ ਲਈ ਪੁਲਿਸ ਦੀਆਂ ਬਰੂਹਾਂ ’ਤੇ ਆਉਣਾ ਪੈ ਸਕਦਾ ਹੈ। ਗੱਲ ‘ਸਿਸਟਮ’ ਵਿਚ ਲੋਕਾਂ ਦਾ ਵਿਸ਼ਵਾਸ ਬਣਾਈ ਰੱਖਣ ਦੀ ਹੈ।

ਮੇਰਾ ਮੰਨਣਾ ਹੈ ਅਤੇ ਮੇਰਾ ਖ਼ਦਸ਼ਾ ਹੈ ਕਿ ਜੇ ਇੰਜ ‘ਲਾਈਵ’ ਹੋ ਕੇ ਬੋਲੇ ਅਪਸ਼ਬਦਾਂ ਅਤੇ ਦਿੱਤੀਆਂ ਧਮਕੀਆਂ ਦੇ ਮਾਮਲੇ ਵਿਚ ਸਬੂਤ ਮੌਜੂਦ ਹੋਣ ’ਤੇ ਵੀ ਕਾਰਵਾਈ ਨਹੀਂ ਹੁੰਦੀ, ਜਿਹੜੀ ਅਜੇ ਤਕ ਨਹੀਂ ਹੋਈ, ਤਾਂ ਇਹ ਵਰਤਾਰਾ ਹੋਰਨਾਂ ਨੂੰ ਵੀ ਇਸੇ ਰਾਹ ਤੁਰਣ ਲਈ ਉਤਸ਼ਾਹਿਤ ਕਰੇਗਾ, ਗੈਰ ਸਮਾਜੀ ਅਨਸਰਾਂ ਦੇ ਹੌਂਸਲੇ ਬੁਲੰਦ ਕਰੇਗਾ ਅਤੇ ਨਾਗਰਿਕਾਂ ਦੀ ਸੁਰੱਖ਼ਿਆ ਦਾ ਮਸਲਾ ਬਣਨ ਦੇ ਨਾਲ ਨਾਲ ਸਮਾਜ ਵਿੱਚ ਅਰਾਜਕਤਾ ਦੀ ਸਥਿਤੀ ਪੈਦਾ ਕਰੇਗਾ।

ਡੀ.ਜੀ.ਪੀ. ਸਾਹਿਬ, ਮੂਸੇਵਾਲਾ ਤੇ ਮੀਡੀਆ ਦੀ ਨਾ ਤਾਂ ਵੱਟ ਸਾਂਝੀ ਹੈ ਅਤੇ ਨਾ ਹੀ ਕੋਈ ਵੱਟ ਦਾ ਰੌਲਾ ਹੈ। ਗੱਲ ਵਿਚਾਰਧਾਰਕ ਹੈ। ਜੋ ਕੁਝ ਵੀ ਛਪਦਾ ਹੈ ਉਹ ਸਮਾਜ ਦੇ ਲੋਕਾਂ ਦਾ ਕਿਹਾ ਸੁਣਿਆ ਹੀ ਛਪਦਾ ਹੈ ਅਤੇ ਬਹੁਤ ਸਾਰੇ ਸਭਿਅਕ ਅਤੇ ਸਨਮਾਨਿਤ ਲੋਕਾਂ ਨੂੰ ਉਸ ਦੀ ਗਾਇਕੀ, ਉਸਦੇ ਨਿੱਜ, ਉਸਦੇ ਫ਼ੈਨਜ਼ ਦੀ ਗਿਣਤੀ, ਉਸਦੀ ਚੜ੍ਹਤ ਜਾਂ ਉਸਦੀ ਕਮਾਈ ਤੋਂ ਕੁਝ ਲੈਣਾ ਦੇਣਾ ਨਹੀਂ ਹੈ, ਹਾਂ, ਉਸਦੇ ਗੀਤਾਂ ਦੇ ਬੋਲ, ਉਸ ਵੱਲੋਂ ਹਥਿਆਰ ਕਲਚਰ ਨੂੰ ਬੇਕਿਰਕ ਤਰੀਕੇ ਨਾਲ ਪ੍ਰਮੋਟ ਕਰਨ ਦੀ ਖਿਲਾਫ਼ਤ ਜ਼ਰੂਰ ਹੈ। ਇਸ ਤੋਂ ਇਲਾਵਾ ਆਪਣੀ ਅਲੋਚਨਾ ਨੂੰ ਸੁਣ ਪੜ੍ਹ ਕੇ ਜੋ ਉਸਦਾ ਵਿਹਾਰ ਹੈ, ਉਹ ਸਭਿਅਕ ਨਾ ਹੋ ਕੇ ਗੈਰ ਸਮਾਜੀ ਅਨਸਰਾਂ ਵਾਲਾ ਹੋ ਨਿੱਬੜਦਾ ਹੈ।

ਧੰਨਵਾਦੀ ਹੋਵਾਂਗਾ ਜੇ ਇਹ ਪਤਾ ਕਰ ਸਕੋ ਕਿ ਮੀਡੀਆ ਦੇ ਸਾਥੀਆਂ ਵੱਲੋਂ ਮੂਸੇਵਾਲਾ ਖਿਲਾਫ਼ ਸ਼ਿਕਾਇਤਾਂ ਅਤੇ ਮੰਗ ਪੱਤਰ ਦੇਣ ਤੋਂ ਇਕ ਮਹੀਨੇ ਤੋਂ ਵੀ ਵੱਧ ਸਮਾਂ ਬੀਤ ਜਾਣ ’ਤੇ ਇਨ੍ਹਾਂ ਨੂੰ ਕਾਰਵਾਈ ਯੋਗ ਕਿਉਂ ਨਹੀਂ ਸਮਝਿਆ ਗਿਆ।

ਇਸ ਦੇ ਨਾਲ ਹੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਜੇ ਇਸ ਮਾਮਲੇ ਵਿਚ ਕੋਈ ਕਾਰਵਾਈ ਬਣਦੀ ਹੈ ਤਾਂ ਆਪ ਨਿੱਜੀ ਦਖ਼ਲ ਦੇ ਕੇ ਕਰਵਾਉ।

ਇਨਸਾਫ਼ ਦੀ ਆਸ ਵਿਚ

ਐੱਚ.ਐੱਸ.ਬਾਵਾ
ਸੰਪਾਦਕ, ਯੈੱਸ ਪੰਜਾਬ

20 ਜੁਲਾਈ, 2020


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


Gall 700x100 1

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION