ਅੰਮ੍ਰਿਤਸਰ, 29 ਜਨਵਰੀ, 2020 –
ਮੱਧ ਪ੍ਰਦੇਸ਼ ਅੰਦਰ ਪ੍ਰਸ਼ਾਸਨ ਵੱਲੋਂ ਘਰ ਢਾਹ ਕੇ ਉਜਾੜੇ ਗਏ ਸਿੱਖਾਂ ਦੀ ਮੱਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ। ਭਾਈ ਲੌਂਗੋਵਾਲ ਵੱਲੋਂ ਐਲਾਨ ਕੀਤੀ ਸਹਾਇਤਾ ਰਾਸ਼ੀ ਦੇ ਇਹ ਚੈੱਕ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਮੱਧ ਪ੍ਰਦੇਸ਼ ਵਿਖੇ ਜਾ ਕੇ ਸਬੰਧਤਾਂ ਨੂੰ ਸੌਂਪੇ।
ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ’ਚ ਜ਼ਿਲ੍ਹਾ ਸ਼ਿਓਪੁਰ ਦੇ ਕਰਹਲ ਇਲਾਕੇ ਅੰਦਰ ਸਥਾਨਕ ਪ੍ਰਸ਼ਾਸਨ ਵੱਲੋਂ ਸਿੱਖਾਂ ਨੂੰ ਬੇ-ਘਰ ਕਰਨ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਤਿੰਨ ਮੈਂਬਰੀ ਵਫ਼ਦ ਪੀੜ੍ਹਤਾਂ ਦੀ ਮੱਦਦ ਲਈ ਭੇਜਿਆ ਸੀ।
ਇਸ ਵਫ਼ਦ ਵੱਲੋਂ ਮੱਧ ਪ੍ਰਦੇਸ਼ ਵਿਖੇ ਜਾ ਕੇ ਜਿਥੇ ਪੀੜਤ ਸਿੱਖਾਂ ਨਾਲ ਗੱਲਬਾਤ ਕੀਤੀ ਗਈ, ਉਥੇ ਹੀ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ ਗਿਆ ਸੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਵੱਲੋਂ ਪੀੜਤਾਂ ਲਈ 50-50 ਹਜ਼ਾਰ ਦੀ ਸਹਾਇਤਾ ਐਲਾਨ ਕੀਤੀ ਗਈ, ਜਿਸ ਦੇ ਚੈੱਕ ਭਾਈ ਗਰੇਵਾਲ ਵੱਲੋਂ ਸਬੰਧਤਾਂ ਨੂੰ ਸੌਂਪੇ ਗਏ ਹਨ।
ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਕਰਹਲ ਇਲਾਕੇ ਅੰਦਰ ਚਿਰਾਂ ਤੋਂ ਵੱਸਦੇ ਸਿੱਖਾਂ ਨੂੰ ਉਜਾੜਨ ਕਾਰਨ ਅਜੇ ਵੀ ਉਨ੍ਹਾਂ ਅੰਦਰ ਭਾਰੀ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਸਿੱਖ ਸ਼੍ਰੋਮਣੀ ਕਮੇਟੀ ਵੱਲੋਂ ਲਈ ਗਈ ਸਾਰ ’ਤੇ ਧੰਨਵਾਦ ਕਰ ਰਹੇ ਹਨ, ਉਥੇ ਹੀ ਸਰਕਾਰ ਪ੍ਰਤੀ ਉਨ੍ਹਾਂ ਅੰਦਰ ਭਾਰੀ ਗੁੱਸਾ ਹੈ।
ਭਾਈ ਗਰੇਵਾਲ ਨੇ ਦੱਸਿਆ ਕਿ ਜਿਨ੍ਹਾਂ ਪੀੜਤ 12 ਸਿੱਖ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ, ਉਨ੍ਹਾਂ ਵਿਚ ਸ. ਗੁਰਮੀਤ ਸਿੰਘ, ਸ. ਰਮਨਦੀਪ ਸਿੰਘ, ਸ. ਸੰਤੋਖ ਸਿੰਘ, ਸ. ਗੁਲਜ਼ਾਰ ਸਿੰਘ, ਸ. ਸੁਰਿੰਦਰ ਸਿੰਘ, ਸ. ਸੋਮਨ ਸਿੰਘ, ਸ. ਸ਼ਿਵਕੁਮਾਰ ਸਿੰਘ, ਸ. ਵੀਰ ਸਿੰਘ, ਸ. ਨਿਰਭੈ ਸਿੰਘ, ਸ. ਸੁਖਚੈਨ ਸਿੰਘ, ਸ. ਤਰਵਿੰਦਰ ਸਿੰਘ, ਸ. ਹੰਸਰਾਜ ਸਿੰਘ ਸ਼ਾਮਲ ਹਨ।
ਭਾਈ ਗਰੇਵਾਲ ਅਨੁਸਾਰ ਪੀੜਤ ਸਿੱਖਾਂ ਨੂੰ ਚੈੱਕ ਦੇਣ ਸਮੇਂ ਬਾਬਾ ਘੋਲਾ ਸਿੰਘ ਕਾਰਸੇਵਾ ਸਰਹਾਲੀ ਵਾਲੇ, ਸ. ਸੁਰਿੰਦਰ ਸਿੰਘ ਬਿੱਟੂ, ਸ. ਕੇਸਰ ਸਿੰਘ, ਸ. ਬਿੱਕਰ ਸਿੰਘ, ਸ. ਨਰਿੰਦਰ ਸਿੰਘ ਬਾਂਸਖੇੜੀ, ਸ. ਮਹਿੰਦਰ ਸਿੰਘ, ਸ. ਕੁਲਵਿੰਤ ਸਿੰਘ ਬਾਜਵਾ ਆਦਿ ਮੌਜੂਦ ਸਨ।