ਗਾਇਕ ਕੇ.ਐਸ. ਮੱਖਣ ਵੱਲੋਂ ‘ਲਾਈਵ’ ਹੋ ਕੇ ਕਕਾਰ ਲਾਹੁਣੇ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ: ਲੌਂਗੋਵਾਲ

ਅੰਮ੍ਰਿਤਸਰ, 2 ਅਕਤੂਬਰ, 2019-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੇ. ਐਸ. ਮੱਖਣ ਨਾਂ ਦੇ ਇਕ ਗਾਇਕ ਵੱਲੋਂ ਆਪਣੇ ਕਕਾਰ ਉਤਾਰਨ ਅਤੇ ਇਸ ਘਟਨਾ ਨੂੰ ਸ਼ੋਸ਼ਲ ਮੀਡੀਆ ’ਤੇ ਪ੍ਰਚਾਰਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਇਹ ਕੇ. ਐਸ. ਮੱਖਣ ਦੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਆਪਣੇ ਨਿੱਜੀ ਮੁਫਾਦਾਂ ਖਾਤਰ ਅਜਿਹਾ ਕਰਕੇ ਉਸ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਹੈ।

ਭਾਈ ਲੌਂਗੋਵਾਲ ਨੇ ਆਖਿਆ ਕਿ ਧਰਮ ਦੀਆਂ ਮੁੱਲਵਾਨ ਕਦਰਾਂ ਕੀਮਤਾਂ ਅਤੇ ਮਰਯਾਦਾ ਇਕ ਜੀਵਨ ਜਾਚ ਵਜੋਂ ਹੈ। ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਸਿੱਖ ਰਹਿਣੀ ’ਤੇ ਅਡਿੱਗ, ਅਡੋਲ ਰਹਿੰਦਿਆਂ ਪੁਰਾਤਨ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦੇਣੀਆਂ ਤਾਂ ਪ੍ਰਵਾਨ ਕਰ ਲਈਆਂ ਸਨ ਪਰੰਤੂ ਸਿੱਖੀ ਨਹੀਂ ਛੱਡੀ।

ਸਿੱਖ ਸ਼ਾਨਾਮੱਤੇ ਵਿਰਸੇ ਦੇ ਵਾਰਸ ਹਨ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਉਹ ਜ਼ੁਲਮਾਂ, ਸਿਤਮਾਂ ਦੀ ਹਨ੍ਹੇਰੀ ਵਿਚ ਵੀ ਕਦੇ ਨਹੀਂ ਡੋਲੇ। ਉਨ੍ਹਾਂ ਕਿਹਾ ਕਿ ਕੇ. ਐਸ. ਮੱਖਣ ਨੇ ਭਾਰੀ ਅਵੱਗਿਆ ਕੀਤੀ ਹੈ ਅਤੇ ਉਸ ਨੂੰ ਅਜਿਹੀ ਹਰਕਤ ਕਰਨ ਤੋਂ ਪਹਿਲਾਂ ਇਤਿਹਾਸ ਵੱਲ ਝਾਤੀ ਮਾਰਨੀ ਚਾਹੀਦੀ ਸੀ।

Share News / Article

Yes Punjab - TOP STORIES