ਮਾਂ ਬੋਲੀ ਹਿਤੈਸ਼ੀਆਂ ਵੱਲੋਂ ਦੇਸ਼-ਵਿਦੇਸ਼ ਦੇ ਪੰਜਾਬੀਆਂ ਨੂੰ ਪੰਜਾਬੀ ਦੇ ਹੱਕ ਵਿਚ ਡਟਣ ਦਾ ਸੱਦਾ

ਯੈੱਸ ਪੰਜਾਬ
ਜਲੰਧਰ, 3 ਅਕਤੂਬਰ, 2019 –
ਪਿਛਲੇ ਦਿਨੀਂ ਦੇਸ਼ ’ਤੇ ਇਕ ਰਾਸ਼ਟਰੀ ਭਾਸ਼ਾ ਠੋਸਣ ਦੀਆਂ ਹੋਈਆਂ ਕੋਸ਼ਿਸ਼ਾਂ ਵਿਰੁੱਧ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀ ਭਾਈਚਾਰੇ ਵਲੋਂ ਪ੍ਰਗਟ ਕੀਤੇ ਗਏ ਤਿੱਖੇ ਪ੍ਰਤੀਕਰਮ ਦਾ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਵਿਚ ਲੱਗੀਆਂ ਜਥੇਬੰਦੀਆਂ ਪੰਜਾਬ ਜਾਗਿ੍ਰਤੀ ਮੰਚ, ਫੋਕਲੋਰ ਰਿਸਰਚ ਅਕਾਦਮੀ ਅਤੇ ਭਾਸ਼ਾ ਅਕਾਦਮੀ ਜਲੰਧਰ ਨੇ ਜ਼ੋਰਦਾਰ ਸਵਾਗਤ ਕੀਤਾ ਹੈ ਅਤੇ ਇਸ ਨੂੰ ਪੰਜਾਬੀ ਕੌਮੀਅਤ ਵਿਚ ਆਪਣੀ ਬੋਲੀ ਅਤੇ ਸੱਭਿਆਚਾਰ ਪ੍ਰਤੀ ਵਧ ਰਹੀ ਚੇਤਨਤਾ ਦਾ ਪ੍ਰਗਟਾਵਾ ਕਰਾਰ ਦਿੱਤਾ ਹੈ।

ਇਹ ਬਿਆਨ ਪੰਜਾਬ ਜਾਗਿ੍ਰਤੀ ਮੰਚ ਦੇ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ, ਮੰਚ ਦੇ ਸਕੱਤਰ ਦੀਪਕ ਬਾਲੀ, ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਅਤੇ ਭਾਸ਼ਾ ਅਕਾਦਮੀ ਜਲੰਧਰ ਦੇ ਪ੍ਰਧਾਨ ਅਤੇ ਸਾਬਕ ਵਾਈਸ ਚਾਂਸਲਰ ਡਾ: ਜੋਗਿੰਦਰ ਪਵਾਰ ਵਲੋਂ ਅੱਜ ਇਥੇ ਜਾਰੀ ਕੀਤਾ ਗਿਆ।

ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਇਸੇ ਤਰ੍ਹਾਂ ਪੰਜਾਬੀ ਜ਼ਬਾਨ ਦੇ ਹੱਕਾਂ-ਹਿਤਾਂ ਲਈ ਪਹਿਰਾ ਦੇਣ ਅਤੇ ਆਪਣੀ ਨਵੀਂ ਪੀੜ੍ਹੀ ਨੂੰ ਆਪਣੀ ਜ਼ਬਾਨ ਨਾਲ ਜੋੜਨ ਲਈ ਜ਼ੋਰਦਾਰ ਉਪਰਾਲੇ ਕਰਨ ਦਾ ਵੀ ਸੱਦਾ ਦਿੱਤਾ ਹੈ।

ਦੇਸ਼ ਦੇ ਤਾਜ਼ਾ ਘਟਨਾ-ਕ੍ਰਮ ’ਤੇ ਟਿੱਪਣੀ ਕਰਦਿਆਂ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਦੇਸ਼ ਵਿਚ ਫ਼ਿਰਕੂ ਤੇ ਫਾਸ਼ੀ ਤਾਕਤਾਂ ਦਾ ਬੋਲਬਾਲਾ ਵਧ ਰਿਹਾ ਹੈ ਅਤੇ ਇਨ੍ਹਾਂ ਤਾਕਤਾਂ ਵਲੋਂ ਸੱਤਾ ਦੀ ਦੁਰਵਰਤੋਂ ਕਰਦਿਆਂ ਆਜ਼ਾਦੀ ਸੰਗਰਾਮੀਆਂ ਵਲੋਂ ਵੱਡੀਆਂ ਕੁਰਬਾਨੀਆਂ ਦੇ ਕੇ ਸਥਾਪਿਤ ਕੀਤੇ ਗਏ ਧਰਮ-ਨਿਰਪੱਖ ਭਾਰਤੀ ਰਾਸ਼ਟਰ ਉੱਪਰ ਇਕ ਧਰਮ ਤੇ ਇਕ ਭਾਸ਼ਾ ਠੋਸਣ ਲਈ ਘਟੀਆ ਹਥਕੰਡੇ ਅਪਣਾਏ ਜਾ ਰਹੇ ਹਨ, ਜਿਸ ਕਾਰਨ ਦੇਸ਼ ਭਰ ਵਿਚ ਧਰਮ-ਨਿਰਪੱਖ ਖਿਆਲਾਂ ਵਾਲੀਆਂ ਸਿਆਸੀ ਪਾਰਟੀਆਂ ਅਤੇ ਆਮ ਲੋਕਾਂ ਵਿਚ ਜਿਥੇ ਇਕ ਪਾਸੇ ਡਰ ਅਤੇ ਭੈਅ ਦਾ ਮਾਹੌਲ ਪੈਦਾ ਹੋ ਰਿਹਾ ਹੈ, ਉਥੇ ਲੋਕਾਂ ਦੇ ਵੱਡੇ ਵਰਗਾਂ ਵਿਚ ਰੋਹ ਅਤੇ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ।

ਉਕਤ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਬਿਆਨ ਦੇ ਅਖੀਰ ਵਿਚ ਕਿਹਾ ਹੈ ਕਿ ਦੇਸ਼ ਦੀਆਂ ਸਾਰੀਆਂ ਧਰਮ-ਨਿਰਪੱਖ ਸਿਆਸੀ ਪਾਰਟੀਆਂ, ਸਮਾਜਿਕ ਸੰਗਠਨਾਂ ਅਤੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੇ ਬੁੱਧੀਜੀਵੀਆਂ ਨੂੰ ਅਜੋਕੀਆਂ ਸਥਿਤੀਆਂ ਵਿਚ ਮਜ਼ਬੂਤ ਏਕਤਾ ਉਸਾਰ ਕੇ ਫ਼ਿਰਕੂ ਤੇ ਫਾਸ਼ੀਵਾਦੀ ਤਾਕਤਾਂ ਖਿਲਾਫ਼ ਲਾਮਬੰਦੀ ਕਰਨੀ ਚਾਹੀਦੀ ਹੈ ਤਾਂ ਜੋ ਇਹ ਤਾਕਤਾਂ ਆਪਣੇ ਘਟੀਆ ਮਨਸੂਬਿਆਂ ਨੂੰ ਪੂਰਾ ਕਰਨ ਵਿਚ ਸਫਲ ਨਾ ਹੋ ਸਕਣ।

Share News / Article

YP Headlines