ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਦਸੰਬਰ 3, 2024:
ਰਾਸ਼ਟਰਪਤੀ Joe Biden ਨੇ ਆਪਣੇ ਕਾਰਜਕਾਲ ਦੇ ਆਖਰੀ ਬਚੇ ਕੁਝ ਦਿਨਾਂ ਤੋਂ ਪਹਿਲਾਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਪੁੱਤਰ Hunter Biden ਦੇ ਸਾਰੇ ਗੁਨਾਹ ਮੁਆਫ ਕਰ ਦਿੱਤੇ ਹਨ।
ਕਾਨੂੰਨੀ ਮਾਹਿਰਾਂ ਨੇ ਇਸ ਕਾਰਵਾਈ ਨੂੰ ਅਸਧਰਾਨ ਕਰਾਰ ਦਿੰਦਿਆਂ ਕਿਹਾ ਹੈ ਕਿ ਕਾਰਜਪਾਲਿਕਾ ਦੇ ਇਤਿਹਾਸ ਵਿਚ ਅਜਿਹੀ ਮੇਹਰਬਾਨੀ ਦੀ ਘੱਟ ਹੀ ਮਿਸਾਲ ਮਿਲਦੀ ਹੈ।
ਰਾਸ਼ਟਰਪਤੀ ਨੇ ਆਪਣੇ ਆਦੇਸ਼ ਵਿਚ ਹੰਟਰ ਨੂੰ 1 ਜਨਵਰੀ, 2014 ਤੋਂ ਇਸ ਸਾਲ ਦੇ ਅੰਤ ਤੱਕ ਕੀਤੇ ਸਾਰੇ ਸੰਘੀ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਹੈ।
ਕਾਨੂੰਨੀ ਮਾਹਿਰਾਂ ਅਨੁਸਾਰ ਉਹ ਇਸ ਮੁਕੰਮਲ ਤੇ ਬਿਨਾਂ ਸ਼ਰਤ ਮੁਆਫੀ ਦੀ ਅਸਧਾਰਨ ਕਾਰਵਾਈ ਤੋਂ ਹੈਰਾਨ ਹਨ ਜਿਸ ਤਹਿਤ ਹੰਟਰ ਨੂੰ 2014 ਤੋਂ 2024 ਦਰਮਿਆਨ ਭਵਿੱਖ ਦੇ ਸੰਭਾਵੀ ਦੋਸ਼ਾਂ ਸਮੇਤ ਹਰ ਤਰਾਂ ਦੇ ਸੰਘੀ ਦੋਸ਼ਾਂ ਤੋਂ ਬਚਾਇਆ ਗਿਆ ਹੈ।
ਇਥੇ ਜਿਕਰਯੋਗ ਹੈ ਕਿ ਹੰਟਰ ਬਾਈਡਨ ਨੂੰ ਡਰੱਗ ਲੈਣ ਦੀ ਆਦਤ ਦੌਰਾਨ ਗੰਨ ਖਰੀਦਣ ਤੇ ਗੰਨ ਆਪਣੇ ਕੋਲ ਰਖਣ ਦੇ ਮਾਮਲੇ ਵਿਚ ਡੈਲਵੇਅਰ ਜਿਊਰੀ ਨੇ ਦੋਸ਼ੀ ਕਰਾਰ ਦਿੱਤਾ ਸੀ।
ਇਸ ਤੋਂ ਇਲਾਵਾ ਕੈਲੀਫੋਰਨੀਆ ਵਿਚ ਅਨੇਕਾਂ ਸਾਲਾਂ ਤੱਕ ਟੈਕਸਾਂ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਵਿਚ ਹੰਟਰ ਨੇ ਆਪਣਾ ਗੁਨਾਹ ਮੰਨ ਲਿਆ ਸੀ। ਫੌਰਨ ਏਜੰਟ ਰਜਿਸਟ੍ਰੇਸ਼ਨ ਐਕਟ ਤਹਿਤ ਵਿਦੇਸ਼ੀ ਕਾਰੋਬਾਰ ਨੂੰ ਲੈ ਕੇ ਵੀ ਉਸ ਵਿਰੁੱਧ ਜਾਂਚ ਹੋ ਰਹੀ ਸੀ।