Friday, December 27, 2024
spot_img
spot_img
spot_img

ਮੇਲਾ ਗ਼ਦਰੀ ਬਾਬਿਆਂ ਦਾ: ਮਨ ਰੁਸ਼ਨਾ ਗਈ, ਨਾਟਕਾਂ ਅਤੇ ਗੀਤਾਂ ਭਰੀ ਰਾਤ

ਯੈੱਸ ਪੰਜਾਬ
ਜਲੰਧਰ, 10 ਨਵੰਬਰ, 2024

ਤਿੰਨ ਰੋਜ਼ਾ ਗ਼ਦਰੀ ਬਾਬਿਆਂ ਦੇ ਮੇਲੇ ਦੀ ਸਿਖ਼ਰਲੀ ਰਾਤ ਸਰਘੀ ਵੇਲੇ ਜੋਸ਼-ਖਰੋਸ਼ ਭਰੇ ਨਾਅਰਿਆਂ ਨਾਲ ਮੁੱਕੀ ਅਤੇ ਜ਼ਿੰਦਗੀ ਦੇ ਨਵੇਂ ਮਾਰਗ ਦੀਆਂ ਰੌਸ਼ਨੀਆਂ ਨਾਲ ਸਾਡੇ ਸਮਿਆਂ ਅਤੇ ਆਉਣ ਵਾਲੇ ਕੱਲ੍ਹ ਲਈ ਰੌਸ਼ਨ ਸੁਨੇਹੜੇ ਵੰਡਣ ’ਚ ਸਫ਼ਲ ਰਹੀ। ਮੇਲੇ ’ਚ ਪੇਸ਼ ਹੋਏ ਪੰਜ ਨਾਟਕਾਂ ਅਤੇ ਭੰਡ ਆਏ ਮੇਲੇ ’ਤੇ ਮੌਕੇ ਖਚਾ-ਖਚ ਭਰੇ ਪੰਡਾਲ ’ਚ ਦਰਸ਼ਕਾਂ ਵੱਲੋਂ ਮਾਰੀਆਂ ਤਾੜੀਆਂ ਦੀ ਗੂੰਜ ਪੈਂਦੀ ਰਹੀ। ਜ਼ਿਕਰਯੋਗ ਹੈ ਕਿ ਇਸ ਰਾਤ ਵਿਸ਼ਵ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ, ਫ਼ਿਲਮ ਸਾਜ਼ ਸੰਜੇ ਕਾਕ, ਡਾ. ਸਵਰਾਜਬੀਰ ਸਮੇਤ ਨਾਮਵਰ ਰੰਗ-ਕਰਮੀ ਵੀ ਸ਼ਾਮਿਲ ਹੋਏ।

ਇਸ ਰਾਤ ਦੀ ਸ਼ੁਰੂਆਤ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੇ ਸ਼ਬਦਾਂ ਨਾਲ ਹੋਈ। ਉਹਨਾਂ ਨੇ ਗ਼ਦਰੀ ਬਾਬਿਆਂ ਦੇ ਸਾਮਰਾਜਵਾਦ ਅਤੇ ਫ਼ਿਰਕਾਪ੍ਰਸਤੀ ਵਿਰੁੱਧ ਸੂਹੇ ਮਾਰਗ ਤੋਂ ਸਿਖਣ ਦੀ ਅਪੀਲ ਕੀਤੀ।

ਨਾਟਕਾਂ ਅਤੇ ਗੀਤਾਂ ਭਰੀ ਰਾਤ ਡਾ. ਸ਼ੰਕਰ ਸ਼ੇਸ ਦੇ ਲਿਖੇ ਅਤੇ ਚਕਰੇਸ਼ ਦੁਆਰਾ ਨਿਰਦੇਸ਼ਤ ਨਾਟਕ ‘ਪੋਸਟਰ’ ਦੀ ਅਲੰਕਾਰ ਥੀਏਟਰ ਚੰਡੀਗੜ੍ਹ ਵੱਲੋਂ ਪੇਸ਼ਕਾਰੀ ਨਾਲ ਹੋਈ। ਨਾਟਕ ਨੇ ਲੋਕ ਮਨਾਂ ’ਤੇ ਗੂਹੜੀ ਤਰ੍ਹਾਂ ਉੱਕਰ ਦਿੱਤੀ ਮਿੱਲ ਮਾਲਕਾਂ ਉਹਨਾਂ ਦੇ ਤਾਣੇ-ਬਾਣੇ ਦੀ ਸਨਅਤੀ ਕਾਮਿਆਂ ਪ੍ਰਤੀ ਟਕਰਾਵੇਂ ਰਿਸ਼ਤੇ ਦੀ ਕਹਾਣੀ।

‘ਪੋਸਟਰ’ ਨਾਟਕ ਇਹ ਦਰਸਾਉਣ ਵਿੱਚ ਵੀ ਸਫ਼ਲ ਰਿਹਾ ਕਿ ਜਦੋਂ ਲੁੱਟ ਅਤੇ ਜ਼ਬਰ ਦੀ ਇੰਤਹਾ ਹੁੰਦੀ ਹੈ ਤਾਂ ਮਜ਼ਦੂਰਾਂ ਦੇ ਜਿਹਨ ਅੰਦਰ ਫੁੱਟੀਆਂ ਚਿੰਤਨ ਅਤੇ ਚੇਤਨਾ ਦੀਆਂ ਲੜੀਆਂ ਜੇ ਸਿਰਫ਼ ‘ਪੋਸਟਰ’ ਛਾਪਕੇ ਆਪਣੀਆਂ ਮੰਗਾਂ ਦੀ ਗੱਲ ਹੀ ਕਰਦੀਆਂ ਹਨ ਤਾਂ ਮਿੱਲ ਮਾਲਕਾਂ ਅਤੇ ਸਥਾਪਤੀ ਨੂੰ ਤੇ੍ਰਲੀਆਂ ਆ ਜਾਂਦੀਆਂ ਹਨ। ਨਾਬਰੀ ਭਰੇ ਬੋਲਾਂ ਦੀ ਧਮਕ ਨਾਲ ਤਾਕਤ ਦੇ ਨਸ਼ੇ ਦੇ ਗਰੂਰ ਵਿੱਚ ਮਸਤ ਮਿੱਲ ਮਾਲਕਾਂ ਦਾ ਹੰਕਾਰ ਮਿੱਟੀ ’ਚ ਮਿਲ ਜਾਂਦਾ ਹੈ।

ਡਾ. ਸਵਰਾਜਬੀਰ ਦਾ ਲਿਖਿਆ ਨਾਟਕ ‘ਧਰਤੀ ਦੀ ਧੀ: ਐਨਟਿਗਨੀ’ ਜੋ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ’ਚ ਮੰਚ ਰੰਗ ਮੰਚ ਵੱਲੋਂ ਪੇਸ਼ ਹੋਇਆ ਇਟਲੀ, ਫਰਾਂਸ ਆਦਿ ਧਰਤੀਆਂ ਦੀ ਕਹਾਣੀ ਨੂੰ ਸਾਡੇ ਮੁਲਕ ਦੀ ਮਿੱਟੀ ਨਾਲ ਜੋੜਨ ’ਚ ਸਫ਼ਲ ਰਿਹਾ। ਇਸ ਨਾਟਕ ਨੇ ਦਰਸਾਇਆ ਕਿ ਔਰਤ ਨੂੰ ਕਿਵੇਂ ਆਪਣੇ ਸਵੈਮਾਣ ਅਤੇ ਜ਼ਿੰਦਗੀ ਦੇ ਮਾਰਗ ਖ਼ੁਦ ਘੜਨੇ ਪੈਂਦੇ ਨੇ। ਇੱਕ-ਇੱਕ ਸ਼ਬਦ ਨੂੰ ਸਲਾਮ ਕਰਦੀਆਂ ਆਵਾਜ਼ਾਂ ਵੱਲੋਂ ਕਲਾ ਪ੍ਰਤੀ ਦਰਸ਼ਕਾਂ ਦੇ ਅਦਬ ਦਾ ਸਿਰਜਿਆ ਅੰਬਰ, ਮਨ ਦੇ ਬੂਹੇ ਖੋਲ੍ਹ ਗਿਆ।

ਸ਼ਬਦੀਸ਼ ਦੇ ਲਿਖੇ ‘ਗੁੰਮਸ਼ੁਦਾ ਔਰਤ’ ਨਾਟਕ ਨੂੰ ਉਹਨਾਂ ਦੀ ਜੀਵਨ ਸਾਥਣ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ’ਚ ਸੁਚੇਤਕ ਰੰਗ ਮੰਚ ਮੁਹਾਲੀ ਨੇ ਪੇਸ਼ ਕੀਤਾ। ਸੋਲੋ ਨਾਟਕ ਦੀਆਂ ਵੰਨ-ਸੁਵੰਨੀਆਂ ਪਰਤਾਂ ਨਾਲ ਅਨੀਤਾ ਸ਼ਬਦੀਸ਼ ਨੇ ਬਾਖ਼ੂਬ ਇਨਸਾਫ਼ ਕੀਤਾ। ਮੇਲੇ ’ਤੇ ਵੱਡੀ ਗਿਣਤੀ ਵਿੱਚ ਆਈਆਂ ਔਰਤਾਂ ਅਨੀਤਾ ਦੀ ਕਲਾ ਦੀ ਦਾਦ ਦਿੰਦੀਆਂ ਸੁਣਾਈ ਦਿੰਦੀਆਂ ਰਹੀਆਂ।

ਸੈਮੂਅਲ ਜੌਨ ਦੀ ਕਹਾਣੀ ’ਤੇ ਅਧਾਰਤ ਨੌਜਵਾਨ ਨਿਰਦੇਸ਼ਕ ਬਲਰਾਜ ਸਾਗਰ ਦੀ ਕਲਮ ਤੋਂ ਲਿਖੇ ਅਤੇ ਨਿਰਦੇਸ਼ਤ ਨਾਟਕ ‘ਰਾਖਾ’ ਅਦਾਕਾਰੀ ਪੱਖੋਂ ਸੋਲ ਮੇਟ ਥੀਏਟਰ, ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਫ਼ਿਰੋਜ਼ਪੁਰ ਦੇ ਕਲਾਕਾਰਾਂ ਵੱਲੋਂ ਅਦਾਕਾਰੀ ਪੱਖੋਂ ਐਨਾ ਨਿਖ਼ਾਰਿਆ ਹੋਇਆ ਸੀ ਕਿ ਹਰ ਅੱਖ ਮੰਚ ਨਾਲ ਜੁੜੀ ਰਹੀ।

ਬਹੁਤ ਹੀ ਤੀਖਣ ਕਟਾਖ਼ਸ ਕੱਸਦਾ ਨਾਟਕ ਇਹ ਸੁਨੇਹਾ ਦੇਣ ਵਿੱਚ ਸਫ਼ਲ ਰਿਹਾ ਕਿ ਕਿਵੇਂ ਬਾਘ ਬਘੇਲਿਆਂ ਵਰਗੀਆਂ ਬਹੁ-ਕੌਮੀ ਕੰਪਨੀਆਂ ਸਾਡੀ ਮਿੱਟੀ ਖੋਹਣਾ ਚਾਹੁੰਦੀਆਂ।

ਨਾਟਕ ਨੇ ਬਹੁਤ ਉਭਰਵੇਂ ਰੂਪ ਵਿੱਚ ਸੁਨੇਹਾ ਦਿੱਤਾ ਕਿ ਬੇਜ਼ਮੀਨੇ ਕਿਰਤੀ ਕਾਮੇ ਅਤੇ ਕਿਸਾਨ ਇੱਕ ਦੂਜੇ ਨੂੰ ਗਲਵੱਕੜੀ ਪਾ ਕੇ ਸੰਘਰਸ਼ਾਂ ਭਰੀ ਜ਼ਿੰਦਗੀ ਦੇ ਨਵੇਂ ਮਾਰਗ ਸਿਰਜਣ ਵਿੱਚ ਸਫ਼ਲ ਹੋ ਸਕਦੇ ਹਨ। ਖਾਸ ਕਰਕੇ ਮਾਲਕ ਕਿਸਾਨੀ ਦਾ ਬੇਜ਼ਮੀਨੇ ਕਿਸਾਨਾਂ ਪ੍ਰਤੀ ਭਾਈਚਾਰਕ ਸਾਂਝ ਵਾਲਾ ਨਜ਼ਰੀਆ ਹੀ ਦੋਵਾਂ ਦੇ ਸੁਲੱਖਣੇ ਭਵਿੱਖ਼ ਦਾ ਜਾਮਨ ਬਣੇਗਾ, ਇਹ ਵੰਗਾਰਮਈ ਸੁਨੇਹਾ ਦਿੱਤਾ ਨਾਟਕ ਨੇ।

ਕੁਲਵੰਤ ਕੌਰ ਨਗਰ ਦੇ ਲਿਖੇ, ਜਸਵਿੰਦਰ ਪੱਪੀ ਦੁਆਰਾ ਨਿਰਦੇਸ਼ਤ ਨਾਟਕ ‘ਹਨੇਰ ਨਗਰੀ’ ਨੂੰ ਪੇਸ਼ ਕਰਦਿਆਂ ਮਾਨਵਤਾ ਕਲਾ ਮੰਚ ਨਗਰ ਇਹ ਸੁਨੇਹਾ ਦੇਣ ’ਚ ਸਫ਼ਲ ਰਿਹਾ ਕਿ ਹਨੇਰ ਨਗਰੀ ਤੋਂ ਸੂਰਜ ਵੱਲ ਜਾਂਦੇ ਨਵੀਂ ਜ਼ਿੰਦਗੀ ਦਾ ਮਾਰਗ ਸਾਡੀ ਚੇਤਨਾ ਨੂੰ ਗ੍ਰਹਿਣ ਲਗਾ ਕੇ ਧੁੰਧਲਾ ਅਤੇ ਕਾਲ਼ਾ ਕੀਤਾ ਜਾ ਰਿਹਾ ਹੈ। ਜਿਸ ਵਿੱਚ ਨਵੇਂ ਰੰਗ ਭਰਨ ਲਈ ਨਵੀਂ ਊਰਜਾ, ਦ੍ਰਿਸ਼ਟੀ ਅਤੇ ਆਪਸੀ ਏਕਤਾ ਹੀ ਜੰਗਲ ਦੇ ‘ਭਾਗ’ ਜਗਾਉਣ ਦੀ ਲੋਅ ਪੈਦਾ ਕਰ ਸਕਦੀ ਹੈ। ਕੰਮੀਆਂ ਦੇ ਵਿਹੜੇ ਦਾ ਸੂਰਜ ਬਣ ਸਕਦੀ ਹੈ।

ਇਪਟਾ ਦੇ ਅਵਤਾਰ ਚੜਿਕ ਅਤੇ ਸਾਥੀ ਸੱਚਮੁੱਚ ਹੀ ਮੇਲੇ ’ਤੇ ਭੰਡਾਂ ਦੇ ਆਉਣ ਦਾ ਦ੍ਰਿਸ਼ ਸਿਰਜਣ ਅਤੇ ਤਿੱਖੜੇ ਵਿਅੰਗਮਈ ਤੀਰ ਛੱਡਣ ਵਿੱਚ ਸਫ਼ਲ ਰਹੇ।

ਇਸ ਸਿਖਰਲੀ ਰਾਤ ਗੀਤ-ਸੰਗੀਤ ਦਾ ਆਪਣਾ ਵਿਸ਼ੇਸ਼ ਰੰਗ ਹੋਇਆ। ਇਸ ਵਿੱਚ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ (ਸਵਰਨ ਧਾਲੀਵਾਲ), ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਦਸਤਕ ਮੰਚ (ਸਾਰਾ), ਖਾਲਸਾ ਕਾਲਜ ਗੜ੍ਹਦੀਵਾਲ (ਗੁਰਪਿੰਦਰ ਸਿੰਘ), ਦਰਸ਼ਨ ਖਟਕੜ, ਪਰਮਿੰਦਰ ਸਵੈਚ, ਧਰਮਿੰਦਰ ਮਸਾਣੀ, ਨਰਗਿਸ, ਅੰਮ੍ਰਿਤ ਲਾਲ ਫਿਲੌਰ, ਦਿਲਪ੍ਰੀਤ ਕੌਰ, ਅਜਮੇਰ ਅਕਲੀਆ, ਛਿੰਦਰ, ਜੋਗਿੰਦਰ ਕੁਲੇਵਾਲ, ਹਰਮੀਤ ਕੋਟਗੁਰੂ ਆਦਿ ਗਾਇਕਾਂ ਵੱਲੋਂ ਗੀਤ-ਸੰਗੀਤ ਦਾ ਰੰਗ ਬੰਨਿਆ ਗਿਆ।

ਇਸ ਰਾਤ ਬਹੁਤ ਹੀ ਉਤੇਜਨਾ ਅਤੇ ਜੋਸ਼ੀਲਾ ਮਾਹੌਲ ਬਣਿਆ ਜਦੋਂ ਮੰਚ ਸੰਚਾਲਕ ਅਮੋਲਕ ਸਿੰਘ ਨੇ ਕਵੀ ਬਾਬਾ ਨਜ਼ਮੀ ਨੂੰ ਲਹਿੰਦੇ ਪੰਜਾਬ ਦੇ ਸ਼ਹਿਰ ਲਾਹੌਰ ਤੋਂ ਅਤੇ ਰੰਗ-ਕਰਮੀ ਨਜ਼ੀਰ ਜੋਈਆ ਨੂੰ ਕਸੂਰ ਤੋਂ ਲਾਈਵ ਦਰਸ਼ਕਾਂ ਦੇ ਰੂਬਰੂ ਕੀਤਾ।

ਬਾਬਾ ਨਜ਼ਮੀ ਨੇ ਚੜ੍ਹਦੇ ਪੰਜਾਬ ਅਤੇ ਦੇਸ਼-ਪ੍ਰਦੇਸ਼ ਤੋਂ ਮੇਲੇ ’ਚ ਜੁੜੇ ਲੋਕਾਂ ਦੇ ਨਾਂਅ ਆਪਣੇ ਸੁਨੇਹੇ ਵਿੱਚ ਕਿਹਾ ਕਿ ਮਨ ਜਜ਼ਬਾਤੀ ਯਾਦਾਂ ਦੀਆਂ ਛੱਲਾਂ ਅਤੇ ਦਰਦ ਨਾਲ ਭਰਿਆ ਪਿਆ ਹੈ। ਉਹਨਾਂ ਕਿਹਾ ਕਿ ਕੋਈ ਵੀ ਪੰਜਾਬੀ ਮਾਂ-ਬੋਲੀ ਦਾ ਵਾਲ ਵਿੰਗਾ ਨਹੀਂ ਕਰ ਸਕਦਾ। ਉਹਨਾਂ ਮੰਦਰ ਮਸਜਦ ਦੇ ਨਾਟ ’ਤੇ ਭਰਾ ਮਾਰ ਜੰਗ ਤੋਂ ਸੁਚੇਤ ਕਰਦੀ ਨਜ਼ਮ ਵੀ ਸੁਣਾਈ ਅਤੇ ਇਹ ਵੀ ਕਿਹਾ,
ਜਿਸ ਧਰਤੀ ’ਤੇ ਰੱਜਵਾਂ ਟੁੱਕੜ,
ਖਾਂਦੇ ਨਹੀਂ ਮਜ਼ਦੂਰ
ਉਸਦੇ ਹਾਕਮ ਕੁੱਤੇ
ਉਸਦੇ ਹਾਕਮ ਸੂਰ
ਇਉਂ ਹੀ ਕਸੂਰ (ਲਹਿੰਦਾ ਪੰਜਾਬ) ਤੋਂ ਮੇਲਾ ਦਰਸ਼ਕਾਂ ਨਾਲ ਗੱਲਾਂ ਕਰਦਿਆਂ ਰੰਗ ਕਰਮੀ ਨਜ਼ੀਰ ਜੋਈਆ ਨੇ ਕਿਹਾ ਕਿ ਸਾਂਝੇ ਪੰਜਾਬ ਦੀ ਪੀੜ ਵੀ ਸਾਂਝੀ ਹੈ ਅਤੇ ਰੰਗ ਮੰਚ ਵੀ ਸਾਂਝਾ ਹੈ। ਉਹਨਾਂ ਕਿਹਾ ਕਿ ਅਸੀਂ ਅੱਜ ਮੇਲੇ ’ਤੇ ਪੇਸ਼ ਹੋਏ ਵੰਡ ਅਤੇ ਫ਼ਲਸਤੀਨ ਦੇ ਜਖ਼ਮਾਂ ਨੂੰ ਲਾਈਵ ਵੇਖਿਆ ਅਤੇ ਇਸ ਮੌਕੇ ਰੋਏ ਤੁਸੀਂ ਵੀ ਹੋ ਅਤੇ ਰੋਏ ਅਸੀਂ ਵੀ ਹਾਂ।

ਨਾਟਕਾਂ ਅਤੇ ਗੀਤਾਂ ਭਰੀ ਰਾਤ ਦੇ ਮੰਚ ਸੰਚਾਲਕ ਅਮੋਲਕ ਸਿੰਘ ਨੇ ਕਿਹਾ ਕਿ ਅਗਲੇ ਵਰੇ੍ਹ 2025 ਦਾ ਮੇਲਾ ਕਿਸੇ ਨਾ ਕਿਸੇ ਰੂਪ ਵਿੱਚ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਦੇ ਵਿਛੋੜੇ ਦੇ 100ਵੇਂ ਵਰੇ੍ਹ ਨੂੰ ਸਲਾਮ ਕਰਦਿਆਂ ਵਿਸ਼ੇਸ਼ ਕਰਕੇ ਔਰਤਾਂ ਦੀ ਸਮਾਜ, ਇਤਿਹਾਸ, ਸੰਘਰਸ਼ ਅਤੇ ਨਵੇਂ ਸਮਾਜ ਦੀ ਸਿਰਜਣਾ ਵਿੱਚ ਭੂਮਿਕਾ ਨੂੰ ਕਲਾਵੇ ਵਿੱਚ ਲੈਣ ਦਾ ਯਤਨ ਹੋਏਗਾ।

ਕਮੇਟੀ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਹਰ ਪੱਖੋਂ ਸਫ਼ਲ ਨਾਟਕਾਂ ਅਤੇ ਗੀਤਾਂ ਭਰੀ ਰਾਤ ਅਤੇ ਸਮੁੱਚੇ ਮੇਲੇ ਲਈ ਪੰਜਾਬ ਅਤੇ ਦੇਸ਼-ਪ੍ਰਦੇਸ਼ ਵਸਦੇ ਪੰਜਾਬੀਆਂ ਨੂੰ ਮੁਬਾਰਕਵਾਦ ਦਿੰਦੇ ਹੋਏ ਮੇਲੇ ਦਾ ਸੁਨੇਹਾ ਘਰ-ਘਰ ਲਿਜਾਣ ਦੀ ਅਪੀਲ ਕੀਤੀ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ