ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, ਨਵੰਬਰ 3, 2024:
ਭਾਰਤੀ ਹਾਈ ਕਮਿਸ਼ਨ ਜਿੱਥੇ ਵਿਦੇਸ਼ ਬੈਠਿਆਂ ਤੁਹਾਨੂੰ ਵਤਨ ਦੇ ਨਾਲ ਜੋੜੀ ਰੱਖਦਾ ਹੈ ਉਥੇ ਤੁਹਾਡੀ ਮਾਤ ਭਾਸ਼ਾ ਵਿਦੇਸ਼ ਬੈਠਿਆਂ ਤੁਹਾਨੂੰ ਵਿਰਸੇ ਅਤੇ ਸਭਿਆਚਾਰ ਨਾਲ ਜੋੜੀ ਰੱਖਦੀ ਹੈ।
ਪੰਜਾਬੀ ਮੀਡੀਆ ਕਰਮੀਆਂ ਦੇ ਸਹਿਯੋਗ ਨਾਲ ਇਸ ਵਾਰ ਫਿਰ ਪੰਜਵਾਂ ਪੰਜਾਬੀ ਭਾਸ਼ਾ ਹਫ਼ਤਾ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਦੇ ਵਿਹੜੇ ਐਤਵਾਰ ਹੋਣ ਦੇ ਬਾਵਜੂਦ ਮਨਾਇਆ ਗਿਆ।
ਇਸ ਮੌਕੇ ਆਏ ਮਹਿਮਾਨਾਂ ਦੇ ਵਿਚ ਭਾਰਤੀ ਦੂਤਾਵਾਸ ਸ੍ਰੀਮਤੀ ਨੀਤਾ ਭੂਸ਼ਣ ਦੀ ਤਰਫ਼ ਤੋਂ ਸ੍ਰੀ ਮੁਕੇਸ਼ ਘੀਆ, ਸੁਪਰਡੈਂਟ ਨਿਊਜ਼ੀਲੈਂਡ ਪੁਲਿਸ, ਰਾਸ਼ਟਰੀ ਪਾਰਟਨਰਸ਼ਿੱਪ ਮੈਨੇਜਰ ਏਥਨਿਕ ਮਾਓਰੀ ਪੈਸੇਫਿਕ ਅਤੇ ਏਥਨਿਕ ਸਰਵਿਸ ਸ੍ਰੀ ਰਾਕੇਸ਼ ਨਾਇਡੂ, ਸ੍ਰੀਮਤੀ ਵਨੀਸ਼ਾ ਧੂਰੀ, ਮਨੀਸ਼ਾ ਮੋਰਾਰ ਪ੍ਰਧਾਨ ਵਲਿੰਗਟਨ ਇੰਡੀਅਨ ਐਸੋਸੀਏਸ਼ਨ, ਔਕਲੈਂਡ ਤੋਂ ਨੈਸ਼ਨਲ ਪਾਰਟੀ ਦੇ ਸਾਬਕਾ ਉਮੀਦਵਾਰ ਨਵਤੇਜ ਰੰਧਾਵਾ, ਰੇਡੀਓ ਸਪਾਈਸ ਮੈਨੇਜਰ ਸ.ਪਰਮਿੰਦਰ ਸਿੰਘ, ਅਕਾਲ ਫਾਊਂਡੇਸ਼ਨ ਤੋਂ ਸ. ਰਘਬੀਰ ਸਿੰਘ ਸ਼ੇਰਗਿੱਲ, ਹੇਸਟਿੰਗਜ਼ ਤੋਂ ਸ੍ਰੀ ਮਨਜੀਤ ਸੰਧੂ, ਪੰਜਾਬੀ ਹੈਰਲਡ ਦੇ ਸੰਪਾਦਕ ਸ. ਹਰਜਿੰਦਰ ਸਿੰਘ ਬਸਿਆਲਾ ਸ਼ਾਮਿਲ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ ਤੋਂ ਸ੍ਰੀਮਤੀ ਨਵਨੀਤ ਕੌਰ ਅਤੇ ਹਰਪੁਨੀਤ ਕੌਰ ਹੋਰਾਂ ਨੇ ਸਵਾਗਤੀ ਸ਼ਬਦਾਂ ਨਾਲ ਕੀਤੀ।
ਇਕ ਬੱਚੇ ਵੱਲੋਂ ਗੁਰਬਾਣੀ ਮੂਲ ਮੰਤਰ ਪੜਿ੍ਹਆ ਗਿਆ। ਇਸ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਤੋਂ ਸ੍ਰੀ ਮੁਕੇਸ਼ ਘੀਆ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੇ ਵਿਚਾਰ ਰੱਖੇ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ। ਸ. ਨਵਤੇਜ ਸਿੰਘ ਰੰਧਾਵਾ ਨੇ ਸਲਾਈਡ ਸ਼ੋਅ ਰਾਹੀਂ ਪੰਜਾਬੀ ਭਾਸ਼ਾ ਦੇ ਮੂਲ ਤੋਂ ਲੈ ਕੇ ਹੁਣ ਤੱਕ ਦੀ ਸਥਿਤੀ ਦਾ ਵਿਰਤਾਂਤ ਦਰਸਾਇਆ।
ਨਿਊਜ਼ੀਲੈਂਡ ਦੇ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਤਾਜ਼ਾ ਗਿਣਤੀ ਵਾਲੇ ਪੋਸਟਰ ਖਿੱਚ ਦਾ ਕੇਂਦਰ ਸਨ। ਨਿਊਜ਼ੀਲੈਂਡ ਪੁਲਿਸ ਵੱਲੋਂ ਸ੍ਰੀ ਰਾਕੇਸ਼ ਨਾਇਡੂ ਹੋਰਾਂ ਨੇ ਮਾਤ ਭਾਸ਼ਾ ਦੀ ਮਹੱਤਤਾ ਉਤੇ ਆਪਣੇ ਵਿਚਾਰ ਰੱਖੇ।
ਸ਼ਾਨ ਰਣਛੋੜ ਅਤੇ ਇਸ਼ਾਨ ਰਣਛੋੜ ਨੇ ਬਹੁਤ ਸੁੰਦਰ ਕਵਿਤਾ ਪੜ੍ਹੀ। ਰਘਬੀਰ ਸਿੰਘ ਸ਼ੇਰਗਿਲ ਹੋਰਾਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਹੋ ਰਹੇ ਯਤਨਾਂ ਦੀ ਸ਼ਲਾਘਾ ਕੀਤੀ, ਉਨ੍ਹਾਂ ਕਿਹਾ ਇਕ ਵਾਰ ਪੰਜਾਬੀ ਤੋਂ ਟੁੱਟਿਆ ਮੁੜੇ ਕੇ ਜੋੜਨਾ ਔਖਾ ਹੋ ਜਾਂਦਾ ਹੈ।
ਪ੍ਰੋ. ਕਿਰਪਾਲ ਸਿੰਘ ਨੇ ਬਹੁਤ ਸੁੰਦਰ ਵਿਚਾਰ ਪ੍ਰਗਟ ਕੀਤੇ। ਹਰਜੀਤ ਭੱਟ ਦੀ ਭੰਗੜਾ ਅਕੈਡਮੀ ਤੋਂ ਜੂਨੀਅਰ ਟੀਮ ਨੇ ਭੰਗੜੇ ਨਾਲ ਖੂਬ ਰੰਗ ਬੰਨਿ੍ਹਆ।
ਹਰਜਿੰਦਰ ਸਿੰਘ ਬਸਿਆਲਾ ਵੱਲੋਂ ਪੰਜਾਬੀ ਪ੍ਰਤੀ ਪ੍ਰਗਟਾਏ ਜਾ ਰਹੇ ਪਿਆਰ ਲਈ ਸਭ ਨੂੰ ਸਲਾਹਿਆ। ਸ੍ਰੀ ਮਨਜੀਤ ਸੰਧੂ ਹੋਰਾਂ ਪੰਜਾਬੀ ਹਫ਼ਤੇ ਦੀ ਵਧਾਈ ਦਿੰਦਿਆ 17 ਨਵੰਬਰ ਨੂੰ ਹੇਸਟਿੰਗਜ਼ ਵਾਸੇ ਸਮਾਗਮ ਵਿਚ ਪਹੁੰਚਣ ਦਾ ਸੱਦਾ ਦਿੱਤਾ।
ਬੱਚਿਆਂ ਦੇ ਲਈ ਸੁਨੇਹਾ ਛੱਡਿਆ। ਫਿਰ ਡਾ. ਸੁਨੈਣਾ ਸ਼ਰਮਾ ਨੇ ਕਵਿਤਾ ਗਾਇਨ ਕੀਤੀ। ਭੰਗੜਾ ਅਕੈਡਮੀ ਦੇ ਸੀਨੀਅਰ ਭੰਗੜਾ ਕਲਾਕਾਰਾਂ ਪ੍ਰੋਗਰਾਮ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਅਖੀਰ ਦੇ ਵਿਚ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਨੇ ਧੰਨਵਾਦ ਕਰਨ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ।
ਬੱਚਿਆਂ ਨੂੰ ਸੁੰਦਰ ਇਨਾਮ ਮਹਿਮਾਨਾਂ ਵੱਲੋਂ ਵੰਡੇ ਗਏ। ਸ੍ਰੀ ਮੁਕੇਸ਼ ਘੀਆ ਜੀ ਨੂੰ ਪੰਜਾਬੀ ਵਰਣਮਾਲਾ ਵਾਲਾ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਚਾਹ-ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਅੰਤ ਇਹ ਸਮਾਗਮ ਇਕ ਯਾਦਗਾਰੀ ਸਮਾਗਮ ਹੋ ਨਿਬੜਿਆ।