ਜਥੇਦਾਰ ਰਣਜੀਤ ਸਿੰਘ ਈ ਠੀਕ ਐ, ਗੌਹਰ-ਏ-ਮਸਕੀਨ ਰਹਿਣ ਦਈਏ ਜੀ – ਐੱਚ.ਐੱਸ.ਬਾਵਾ

ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਜਦੋਂ ਆਪ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਸੀ ਤਾਂ ਬੜਾ ਮਾਣ ਮਹਿਸੂਸ ਹੋਇਆ ਸੀ। ਅਹਿਸਾਸ ਇਹ ਸੀ ਕਿ ਕੌਮ ਨੇ ਸਿੱਖਾਂ ਦੇ ਚੋਟੀ ਦੇ ਧਰਮ ਸ਼ਾਸਤਰੀ, ਪ੍ਰਕਾਂਡ ਵਿਦਵਾਨ ਅਤੇ ਵਿਚਾਰਕ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ‘ਸਕੂਲ’ ਦੇ ਇਕ ਵਿਦਿਆਰਥੀ ਨੂੰ ਇਸ ਕਾਬਲ ਸਮਝਿਆ ਹੈ। ਮਾਣ ਇਸ ਗੱਲ ਦਾ ਵੀ ਸੀ ਕਿ ਤੁਸਾਂ ਵੀ ਮਸਕੀਨ ਸਾਹਿਬ ਦੀ ਛਾਂਅ ਹੇਠ ਬਹਿ ਕੇ, ਰਹਿ ਕੇ ਇੰਨਾ ਕੁਝ ਸਿੱਖ ਲਿਆ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਧਾਰਣ ਵਾਲੇ ਸ਼ਹਿਰ ਵਿੱਚ ਸਥਾਪਤ ਤਖ਼ਤ ਦੇ ਜਥੇਦਾਰ ਹੋਣ ਦਾ ਮਾਣ ਪ੍ਰਾਪਤ ਹੋ ਗਿਆ।

ਗਿਆਨੀ ਸੰਤ ਸਿੰਘ ਜੀ ਨੇ ਆਪਣਾ ਤਖੱਲਸ ਵੀ ਕਿਆ ਖ਼ੂਬ ਚੁਣਿਆ ਸੀ, ਮਸਕੀਨ। ਭਾਵ ਨਿਮਰ, ਨਿਮਾਣਾ, ਗਰੀਬੜਾ। ਗਿਆਨੀ ਜੀ ਬੜੇ ਹੀ ਨਿਮਰ ਤਰੀਕੇ ਨਾਲ ਆਪਣੀ ਗੱਲ ਨੂੰ ਮਜ਼ਬੂਤੀ ਨਾਲ ਰੱਖ ਜਾਂਦੇ ਸਨ। ਮੁਹਾਰਤ, ਹਲੀਮੀ ਅਤੇ ਸ਼ਬਦਾਂ ਦੀ ਚੋਣ ਇਸ ਤਰ੍ਹਾਂ ਦੀ ਕਿ ਜਿਸਨੂੰ ਚੋਭ ਲਾਉਂਦੇ ਸਨ, ਉਸਨੂੰ ਵੀ ਨਹੀਂ ਚੁੱਭਦੀ ਸੀ, ਉਹ ਬੇਇਜ਼ਤ ਮਹਿਸੂਸ ਨਹੀਂ ਸੀ ਕਰਦਾ, ਜ਼ਲਾਲਤ ਦਾ ਅਹਿਸਾਸ ਨਹੀਂ ਕਰਾਉਂਦੇ ਸਨ, ਸੰਦੇਸ਼ ਦਿੰਦੇ ਸਨ, ਸਾਰਥਕ ਸੰਦੇਸ਼। ਜੇ ਉਹਨਾਂ ਕੋਲ ਉਪਰੋਕਤ ਕਲਾ ਸੀ ਤਾਂ ਇਹ ਵੀ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਸੀ ਅਤੇ ਉਹ ਇੰਨੀ ਉਪਰਲੀ ਅਵਸਥਾ ਵਿੱਚ ਖੜ੍ਹੇ ਸਨ ਕਿ ਕਿਸੇ ਨੂੰ ਨੀਂਵਾਂ ਵਿਖ਼ਾ ਕੇ ਖੁਸ਼ ਹੋਣਾ ਨਹੀਂ ਸਨ ਜਾਣਦੇ।

ਤਖੱਲਸ ਤੁਹਾਡਾ ਵੀ ਬੜਾ ਪਿਆਰਾ ਹੈ – ਗੌਹਰ-ਏ-ਮਸਕੀਨ। ਗਿਆਨੀ ਜੀ ਪ੍ਰਤੀ ਤੁਹਾਡੀ ਆਸਥਾ ਦਾ ਪ੍ਰਤੀਕ ਹੈ ਇਹ ਲਕਬ। ਤੁਹਾਡੀ ਵੀ ਇਹ ਖ਼ੂਬੀ ਰਹੀ ਕਿ ਤੁਸੀਂ ਜਦ ਖ਼ੁਦ ਕੁਝ ਬਣਨ ਦੀ ਸੋਚੀ ਤਾਂ ਮਸਕੀਨ ਸਾਹਿਬ ਦਾ ਪੱਲਾ ਨਹੀਂ ਛੱਡਿਆ, ਜਿਨ੍ਹਾਂ ਨਾਲ ਲੰਬਾ ਸਮਾਂ ਰਹਿ ਕੇ ਤੁਸੀਂ ਕਥਾਵਾਚਕ ਹੋਣ ਦੇ ਆਪਣੇ ਕਿਰਦਾਰ ਅਤੇ ਹੁਨਰ ਨੂੂੰ ਤਰਾਸ਼ਿਆ ਸੀ। ਤੁਸੀਂ ਆਪਣੇ ਨਾਂਅ ਨਾਲ ਜੋ ਲਕਬ ਜੋੜਿਆ, ਉਹ ਸੁਣਨ ਕਹਿਣ ਵਿੱਚ ਵੀ ਬੜਾ ਪਿਆਰਾ ਹੈ – ‘ਗੌਹਰ-ਏ-ਮਸਕੀਨ’। ਅੱਜ ਕਲ੍ਹ ਜੋ ਪੁੱਛਣਾ, ਸਮਝਣਾ ਹੋਵੇ, ‘ਗੂਗਲ’ ਦੇ ਦਰ ’ਤੇ ਹੀ ਦਸਤਕ ਦੇਣੀ ਪੈਂਦੀ ਹੈ।

ਜਿੰਨਾ ਕੁ ਸਮਝ ਸਕਿਆ ਹਾਂ, ਗੌਹਰ ਫ਼ਾਰਸੀ ਸ਼ਬਦ ਹੈ ਤੇ ਇਸ ਦਾ ਅਰਥ ਹੈ ਮੋਤੀ ਜਾਂ ਨਗ। ਕੋਈ ਵਿਅਕਤੀ ਜੇ ਆਪਣੇ ਕਿਸੇ ਵੀ ਖ਼ੇਤਰ ਦੇ ਗੁਰੂ ਤੋਂ ਕੁਝ ਸਿੱਖ ਸਕੇ ਅਤੇ ਉਸਦੀ ਇੱਜ਼ਤ ਕਰ ਸਕੇ ਤਾਂ ਉਹ ਆਪ ਹੀ ਇੱਜ਼ਤ ਦੇ ਕਾਬਿਲ ਹੋ ਜਾਂਦਾ ਹੈ। ਤੁਹਾਡੇ ਵੱਲੋਂ ਆਪਣੇ ਨਾਂਅ ਦੇ ਨਾਲ ਮਸਕੀਨ ਸਾਹਿਬ ਦਾ ਨਾਂਅ ਬੜੇ ਖ਼ੂਬਸੂਰਤ ਤਰੀਕੇ ਨਾਲ ਜੋੜ ਲੈਣਾ, ਹੋਰ ਵੀ ਵੱਡੀ ਗੱਲ ਸੀ।

ਗਿਆਨ ਰਣਜੀਤ ਸਿੰਘ ਜੀ, ਮੈਂ ਕੁਝ ਲਾਲਚੀ ਕਿਸਮ ਦਾ ਸਿੱਖ ਹਾਂ। ਮੈਨੂੰ ਹਮੇਸ਼ਾ ਇਸ ਗੱਲ ਦੀ ਲਾਲਸਾ ਰਹਿੰਦੀ ਹੈ ਕਿ ਕੌਮ ਦੀਆਂ ਉੱਚ ਪਦਵੀਆਂ ’ਤੇ ਬੈਠੀਆਂ ਉੱਚ ਸ਼ਖਸ਼ੀਅਤਾਂ ਜਦੋਂ ਕੋਈ ਗੱਲ ਆਖ਼ਣ, ਕੋਈ ਵਿਚਾਰ ਰੱਖਣ, ਕੋਈ ਭਾਸ਼ਣ ਦੇਣ, ਕੋਈ ਲਿਖ਼ਤ ਲਿਖ਼ਣ ਤਾਂ ਪੜ੍ਹ ਸੁਣ ਕੇ ਕੌਮ ਦਾ ਸਿਰ ਉੱਚਾ ਹੋ ਜਾਵੇ। ਉਂਜ ਅੱਜ ਕਲ੍ਹ ਕਾਫ਼ੀ ਦੇਰ ਤੋਂ ਘੱਟ ਹੀ ਉੱਚਾ ਹੁੰਦਾ ਹੈ।

ਜਦੋਂ ਕੋਈ ਵਿਅਕਤੀ, ਉਹ ਕਿਸੇ ਵੀ ਖਿੱਤੇ ਦਾ ਅਤੇ ਕਿਸੇ ਵੀ ਖ਼ੇਤਰ ਦਾ ਹੋਵੇ, ਉਚਾਈਆਂ ਛੋਂਹਦਾ ਹੈ, ਬੁਲੰਦੀਆਂ ਹਾਸਲ ਕਰਦਾ ਹੈ ਤਾਂ ਰਾਹ ਦੋ ਹੀ ਰਹਿ ਜਾਂਦੇ ਹਨ। ਟੀਸੀ ’ਤੇ ਖੜ੍ਹਾ ਵਿਅਕਤੀ ਜਾਂ ਤਾਂ ਅੱਤ ਦੇ ਹੰਕਾਰ ਨਾਲ ਭਰ ਸਕਦਾ ਹੈ, ਕਿ ਵੇਖ਼ਿਆ ਮੈਂ ਕਿੱਥੇ ਆ ਖੜ੍ਹਾ ਹੋਇਆ ਹਾਂ ਅਤੇ ਜਾਂ ਫ਼ਿਰ ਅੱਤ ਦੀ ਨਿਮਰਤਾ ਨਾਲ ਭਰ ਸਕਦਾ ਹੈ ਕਿ ਵੇਖ਼ਿਆ ਮੇਰੇ ਗੁਰੂ ਨੇ ਮੈਨੂੰ ਕਿੱਥੇ ਲਿਆ ਖੜ੍ਹਾ ਕੀਤਾ ਹੈ। ਗੁਰੂ ਨੇ ਇੰਨੀ ਕੁ ਸੋਝੀ ਬੰਦੇ ਨੂੰ ਬਖ਼ਸ਼ੀ ਹੋਈ ਹੈ, ਤੇ ਬਖ਼ਸ਼ੀ ਵੀ ਉਹਦਾ ‘ਟੈਸਟ’ ਲੈਣ ਲਈ ਹੋਈ ਹੈ ਕਿ ਕਿਸੇ ਸਿਖ਼ਰ ’ਤੇ ਪਹੁੰਚ ਕੇ ਉਹਨੇ ਹੰਕਾਰ ਨੂੰ ਪਰਣਾਏ ਜਾਣਾ ਹੈ ਜਾਂ ਫ਼ਿਰ ਨਿਮਰਤਾ ਦੇ ਲੜ ਲੱਗਣਾ ਹੈ।

ਗਿਆਨੀ ਰਣਜੀਤ ਸਿੰਘ ਜੀ, ਜੋ ਕੁਝ ਤੁਸਾਂ ਪਿਛਲੇ ਦਿਨਾਂ ਵਿੱਚ ਗੁਰੂ ਘਰ ਦੇ ਕੀਰਤਨੀਆਂ, ਰਾਗੀ ਸਿੰਘਾਂ ਬਾਰੇ ਕਿਹਾ ਹੈ, ਉਹ ਮੇਰੇ ਸੰਘ ਤੋਂ ਅਜੇ ਤਾਂਈਂ ਹੇਠਾਂ ਨਹੀਂ ਲੱਥਾ। ਸਾਨੂੰ ਸਮਝਾਇਆ ਗਿਆ ਸੀ ਕਿ ਸਮੇਂ ਦੇ ਨਾਲ ਨਾਲ ਭਾਸ਼ਾ, ਵਿਚਾਰਾਂ ਅਤੇ ਬੋਲਾਂ ’ਤੇ ਪਕੜ ਆ ਜਾਂਦੀ ਹੈ।

Giani Jagtar Singh Head Granthi Golden Templeਆਪ ਜੀ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਰਾਗੀ ਸਿੰਘਾਂ ਦੇ ਵਿਵਾਦ ’ਤੇ ਟਿੱਪਣੀ ਕਰ ਰਹੇ ਸਉ। ਆਪ ਨੇ ਕਿਹਾ ਕਿ ਜੇ ਰਾਗੀ ਸਿੰਘਾਂ ਤੋਂ ਹੁਣ ਕੀਰਤਨ ਨਹੀਂ ਹੁੰਦਾ ਤਾਂ ਰਿਕਸ਼ੇ ਚਲਾ ਲੈਣ। ਇਹ ਕਹਿ ਕੇ ਆਪ ਨੇ ਕੇਵਲ ਰਾਗੀ ਸਿੰਘਾਂ ਦੇ ਸਨਮਾਨ ’ਤੇ ਹੀ ਚੋਟ ਨਹੀਂ ਮਾਰੀ, ਰਿਕਸ਼ੇ ਵਾਲਿਆਂ ਦੇ ਮਨਾਂ ਅਤੇ ਆਤਮ-ਸਨਮਾਨ ’ਤੇ ਵੀ ਸੱਟ ਮਾਰੀ ਹੈ। ਮਸਕੀਨ ਸਾਹਿਬ ਵਰਗੀ ਧਾਰਮਿਕ, ਅਧਿਆਤਮਕ, ਕੋਮਲ, ਵਿਚਾਰਕ ਅਤੇ ਸੰਵੇਦਨਸ਼ੀਲ ਰੂਹ ਦੇ ਨਾਲ ਇੰਨੀ ਲੰਬੀ ਸੰਗਤ ਤੋਂ ਬਾਅਦ ਆਪ ਦੇ ਮੂੰਹੋਂ ਇਹ ਬੋਲ ਜਚੇ ਨਹੀਂ।

ਆਪ ਇਹ ਕਿਵੇਂ ਬੋਲ ਸਕਦੇ ਹੋ, ਮਨ ਇਸ ਗੱਲ ਨਾਲ ਉਸੇ ਦਿਨ ਤੋਂ ਘੁਲਦਾ ਆ ਰਿਹਾ ਹੈ। ਮੈਂ ਧਿਆਨ ਦਿਵਾਵਾਂ ਕਿ ਕੋਈ ਰਿਕਸ਼ੇ ਵਾਲਾ ਆਪਣੀ ਮਰਜ਼ੀ ਨਾਲ ਰਿਕਸ਼ਾ ਨਹੀਂ ਵਾਹ ਰਿਹਾ, ਕੋਈ ਠੇਲ੍ਹੇ ਵਾਲਾ ਮਰਜ਼ੀ ਨਾਲ ਠੇਲ੍ਹਾ ਨਹੀਂ ਖਿੱਚ ਰਿਹਾ ਪਰ ਫ਼ਿਰ ਵੀ ਗੁਰੂ ਦੇ ਦੱਸੇ ਅਨੁਸਾਰ ਕਿਰਤ ਕਰਕੇ ਆਪਣੇ ਪਰਿਵਾਰਾਂ ਦੇ ਪੇਟ ਪਾਲ ਰਹੇ ਹਨ। ਕਿਰਤ ਦੀ ਮਹੱਤਤਾ ਬਾਰੇ ਗੁਰੂ ਸਾਹਿਬਾਂ ਨੇ ਕੀ ਕਿਹਾ, ਗੁਰਬਾਣੀ ਕੀ ਕਹਿੰਦੀ ਹੈ, ਇਹ ਤੁਹਾਨੂੰ ਮੈਂ ਦੱਸਾਂ, ਇਹ ਮੇਰੀ ਨਾ ਤਾਂ ਸਮਰੱਥਾ ਹੈ, ਨਾ ਹੀ ਔਕਾਤ।

ਮੈਨੂੰ ਅਫ਼ਸੋਸ ਇਸ ਗੱਲ ਦਾ ਹੈ ਕਿ ਤੁਸੀਂ, ਪਤਾ ਨਹੀਂ ਕਿਉਂ, ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਰਾਗੀ ਸਿੰਘਾਂ ਦੇ ਵਿਵਾਦ ਦੇ ਮਾਮਲੇ ਨੂੰ ਕੁਝ ਹੋਰ ਹੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹੋ। ਮੋਬਾਇਲਾਂ ਦੀ ਗੱਲ ਤਾਂ ਅਜੇ ਤਾਂਈਂ ਗਿਆਨੀ ਜਗਤਾਰ ਸਿੰਘ ਨੇ ਹੀ ਨਹੀਂ ਆਖ਼ੀ, ਮੋਬਾਇਲ ਰਾਹੀਂ ਗੁਰਬਾਣੀ ਪੜ੍ਹ ਕੇ ਕੋਈ ਰਾਗੀ ਸਿੰਘ ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਕਰਦਾ ਨਹੀਂ ਪਾਇਆ ਗਿਆ।

ਤੁਸੀਂ ਇਸ ਗੱਲ ਨੂੰ ਮੋਬਾਇਲਾਂ ਤੋਂ ਗੁਰਬਾਣੀ ਪੜ੍ਹਣ ਵੱਲ ਤੋਰ ਰਹੇ ਹੋ, ਗਿਆਨੀ ਜਗਤਾਰ ਸਿੰਘ ਵਾਲੇ ਪ੍ਰਸੰਗ ਨੂੰ ਮੋਬਾਇਲ ਦੇ ਵਿਸ਼ੇ ਨਾਲ ਜੋੜ ਰਹੇ ਹੋ, ਰਲਗੱਡ ਕਰ ਰਹੇ ਹੋ। ਕਿਉਂ ਜੋੜ ਰਹੇ ਹੋ? ਤੁਹਾਡੇ ਕੋਲ ਕੋਈ ਤਰਕ ਹੋ ਸਕਦੇ ਹਨ, ਪਰ ਅਸਲ ਗੱਲ ਇਹ ਹੈ ਕਿ ਗਿਆਨੀ ਜਗਤਾਰ ਸਿੰਘ ਅਤੇ ਰਾਗੀ ਸਿੰਘਾਂ ਦਾ ਮਸਲਾ ਮੋਬਾਇਲਾਂ ਦਾ ਮਸਲਾ ਕਿਸੇ ਵੀ ਤਰ੍ਹਾਂ ਨਹੀਂ ਹੈ। ਤੁਹਾਡੇ ਰਾਗੀ ਸਿੰਘਾਂ ਬਾਰੇ ਸ਼ਬਦ ਤੁਹਾਡੇ ਨਹੀਂ ਜਾਪਦੇ। ਇਹ ਕਿਸੇ ਉਸ ਵਿਅਕਤੀ ਦੇ ਜਾਪਦੇ ਹਨ ਜਿਹਦੇ ਕੋਲ ਤਰਕ ਮੁੱਕ ਗਿਆ ਹੋਵੇ, ਸ਼ਬਦਾਂ ਦੀ ਥੋੜ ਹੋਵੇ।

ਰਾਗੀ ਸਿੰਘਾਂ ਦੀ ਲੰਬੇ ਸਮੇਂ ਤੋਂ ਸ਼ਿਕਾਇਤ ਇਹ ਰਹੀ ਕਿ ਗਿਆਨੀ ਜਗਤਾਰ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਅੰਦਰ, ਉਸ ਪਵਿੱਤਰ ਸਥਾਨ ’ਤੇ ਗੁਰੂ ਸਾਹਿਬ ਦੀ ਤਾਬਿਆ ਬੈਠੇ ਬੈਠੇ ਹੀ, ਤੇ ਉਦੋਂ ਵੀ ਜਦੋਂ ਕਿ ਕੀਰਤਨ ‘ਲਾਈਵ’ ਚੱਲ ਰਿਹਾ ਹੁੰਦਾ ਹੈ, ਰਾਗੀ ਸਿੰਘਾਂ ਨੂੰ ਵਿੱਚੋਂ ਹੀ ਟੋਕ ਕੇ ਸ਼ਬਦ ਬਦਲਣ ਨੂੰ ਕਹਿੰਦੇ ਹਨ ਅਤੇ ਜੇ ਉਹ ਚੱਲਦੇ ਸ਼ਬਦ ਨੂੰ ਵਿੱਚੋਂ ਬਦਲਣ ਤੋਂ ਇਨਕਾਰੀ ਹੋ ਜਾਂਦੇ ਹਨ ਤਾਂ ਕੀਰਤਨ ਦੀ ਸਪਾਮਤੀ ਉਪਰੰਤ ਉਨ੍ਹਾਂ ਨੂੰ ਗਿਆਨੀ ਜਗਤਾਰ ਸਿੰਘ ਬੋਲ ਕੁਬੋਲ ਬੋਲਦੇ ਹਨ, ਜਿਸ ਵਿੱਚ ਗਾਲ੍ਹਾ ਵੀ ਸ਼ਾਮਿਲ ਹੁੰਦੀਆਂ ਹਨ।

ਗਿਆਨੀ ਜਗਤਾਰ ਸਿੰਘ ਕੋਲ ਇਸ ਦਾ ਕੋਈ ਵਾਜਬ ਕਾਰਨ ਵੀ ਹੋਵੇ ਤਾਂ ਵੀ ਨਾ ਤਾਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਚੱਲਦੇ ਕੀਰਤਨ ਨੂੰ ਰੋਕ ਕੇ ਸ਼ਬਦ ਬਦਲਣ ਲਈ ਕਹਿਣਾ ਸੋਭਦਾ ਹੈ, ਨਾ ਹੀ ਬੋਲ ਕੁਬੋਲ ਅਤੇ ਗਾਲ੍ਹਾਂ.. .. ਕੀ ਕਹੀਏ।

ਸਿੰਘ ਸਾਹਿਬ, ਸਿੰਘਾਂ ਨੂੰ ਇਸ ਗੱਲ ’ਤੇ ਕਚ੍ਹੈਣ ਕਿਉਂ ਨਾ ਆਵੇ ਕਿ ਜਿਹੜਾ ਰਾਗੀ ਸਿੰਘ ਕਈ ਸਾਲਾਂ ਤੋਂ ਇਸ ਕਾਬਿਲ ਸਮਝਿਆ ਜਾਂਦਾ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਜਿਹੇ ਪਵਿੱਤਰ ਪਾਵਨ, ਸਿੱਖਾਂ ਦੇ ਸਰਬਉੱਚ ਅਸਥਾਨ ਉੱਤੇ ਕੀਰਤਨ ਕਰਨ ਦੀ ਸੋਝੀ ਅਤੇ ਮੁਹਾਰਤ ਰੱਖਦਾ ਹੈ, ਉਸਨੂੰ ਕੋਈ ਹੈੱਡ ਗ੍ਰੰਥੀ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਦਾਬੇ ਮਾਰ ਕੇ ਸ਼ਬਦ ਬਦਲਣ ਨੂੰ ਆਖ਼ੇ ਅਤੇ ਸ਼ਬਦ ਨਾ ਬਦਲੇ ਜਾਣ ’ਤੇ ਗੁਰੂ ਦੇ ਸ਼ਬਦ ਦੀ ਹਾਜ਼ਰੀ ਭਰ ਕੇ ਉੱਠੇ ਰਾਗੀ ਸਿੰਘ ਨੂੰ ਗਾਲ੍ਹਾਂ ਕੱਢੇ ਜਾਂ ਹੋਰ ਬੋਲ ਕੁਬੋਲ ਬੋਲੇ।

ਇਹ ਇੰਤਜ਼ਾਮੀਆ ਦੀ ਬੜੀ ਸਧਾਰਣ ਗੱਲ ਹੈ ਕਿ ਜੇ ਕੀਰਤਨ ਵਿੱਚ ਕਿਤੇ ਕੋਈ ਗ਼ਲਤੀ ਵੀ ਹੋ ਰਹੀ ਹੈ ਤਾਂ ਕੀਰਤਨ ਦੀ ਹਾਜ਼ਰੀ ਦੌਰਾਨ ਇਹ ਸਾਰਾ ਕੁਝ ਕਰਕੇ ਰਾਗੀ ਸਿੰਘਾਂ ਦਾ ਧਿਆਨ ਭਟਕਾਉਣ, ਉਨ੍ਹਾਂ ਦੇ ਮਨਾਂ ਨੂੰ ਕਸ਼ਟ ਪੁਚਾਉਣ ਦੀ ਜਗ੍ਹਾ ਬਤੌਰ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਰਾਗੀ ਸਭਾ ਨਾਲ ਮੀਟਿੰਗ ਕਰਕੇ ਇਸ ਮਸਲੇ ਦਾ ਕੋਈ ਸਨਮਾਨਜਨਕ ਹੱਲ ਆਪੇ ਹੀ ਕੱਢ ਲੈਂਦੇ।

ਖ਼ੈਰ, ਲਾਏ ਜਾ ਰਹੇ ਦੋਸ਼ਾਂ ਮੁਤਾਬਕ, ਹੈੱਡ ਗ੍ਰੰਥੀ ਸਾਹਿਬ ਨੇ ਆਪਣਾ ਹੀ ਢੰਗ ਤਰੀਕਾ ਅਪਨਾਇਆ ਪਰ ਗੱਲ ਵੱਸੋਂ ਬਾਹਰ ਹੁੰਦੀ ਵੇਖ਼ ਜਦ ਰਾਗੀ ਸਿੰਘਾਂ ਦਾ ਰੋਹ ਫੁੱਟਿਆ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਗਿਆਨੀ ਜਗਤਾਰ ਸਿੰਘ ਹੁਰਾਂ ਖਿਲਾਫ਼ ਇਕ ਸ਼ਿਕਾਇਤ ਪੱਤਰ ਦੇ ਆਏ। ਇਹ ਐਸਾ ਹੀ ਇਕ ਸ਼ਿਕਾਇਤ ਪੱਤਰ ਸੀ ਜਿਨ੍ਹਾਂ ਉੱਤੇ ਤੁਹਾਡੇ ਸਣੇ ਪੰਜ ਸਿੰਘ ਸਾਹਿਬਾਨ ਬੈਠ ਕੇ ਫ਼ੈਸਲਾ ਲੈਂਦੇ ਹੋਏ ਕੌਮ ਨੂੰ ਸੇਧ ਦਿੰਦੇ ਹਨ।

ਪੰਜ ਸਿੰਘ ਸਾਹਿਬਾਨ ਵਿੱਚ ਤੁਸੀਂ ਵੀ ਹੋ। ਪੰਜ ਸਿੰਘ ਸਾਹਿਬਾਨਾਂ ਵੱਲੋਂ ਰਾਗੀ ਸਿੰਘਾਂ ਦੀ ਇੱਡੀ ਗੰਭੀਰ ਸ਼ਿਕਾਇਤ ’ਤੇ ਕੋਈ ਕਾਰਵਾਈ ਕਰਨੀ ਤਾਂ ਦੂਰ, ਉਸ ਬਾਰੇ ਮੁੜ ਕੇ ਕੋਈ ਗੱਲ ਕਰਨੀ, ਕੋਈ ਬਿਆਨ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ ਗਿਆ। ਰਸਤੇ ਤਾਂ ਦੋ ਹੀ ਸਨ ਜਾਂ ਤਾਂ ਅੰਦਰੋ ਅੰਦਰੀ ਗਿਆਨੀ ਜਗਤਾਰ ਸਿੰਘ ਅਤੇ ਰਾਗੀ ਸਿੰਘਾਂ ਨੂੰ ਬਿਠਾ ਕੇ ਮਸਲੇ ਦਾ ਕੋਈ ਹੱਲ ਕਰ ਲਿਆ ਜਾਂਦਾ ਜਾਂ ਫ਼ਿਰ ਜਨਤਕ ਤੌਰ ’ਤੇ ਦੱਸਿਆ ਜਾਂਦਾ ਕਿ ਕੌਣ ਕੀ ਪੱਖ ਦੇ ਰਿਹਾ ਹੈ ਅਤੇ ਪੰਜ ਸਿੰਘ ਸਾਹਿਬਾਨ ਨੇ ਇਸ ਮਸਲੇ ’ਤੇ ਕੀ ਫ਼ੈਸਲਾ ਲਿਆ ਹੈ।

ਹੋਇਆ ਕੁਝ ਵੀ ਨਹੀਂ। ਹੋਇਆ ਇਹ ਕਿ ਹੁਣ ਰਾਗੀ ਸਿੰਘਾਂ ਦੇ ਮਸਲੇ ਨੂੰ ਮੋਬਾਇਲਾਂ ਦਾ ਮਸਲਾ ਬਣਾ ਕੇ ਉਨ੍ਹਾਂ ਨੂੰ ਰਿਕਸ਼ੇ ਚਲਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਕਿਹਾ ਜਾ ਰਿਹੈ ਕਿ ਜੇ ਤੁਹਾਡੇ ਤੋਂ ਕੀਰਤਨ ਨਹੀਂ ਹੁੰਦਾ ਤਾਂ ਰਿਕਸ਼ੇ ਚਲਾ ਲਉ। ਇਨ੍ਹਾਂ ਗੱਲਾਂ ਵਿੱਚ ਕੋਈ ਤਰਕ ਨਹੀਂ, ਕੋਈ ਦਲੀਲ ਨਹੀਂ, ਕੋਈ ਸੰਵੇਦਨਸ਼ੀਲਤਾ ਨਹੀਂ, ਕੋਈ ਭਾਸ਼ਾ ਦਾ ਲਿਹਾਜ਼ ਨਹੀਂ, ਕੋਈ ਸ਼ਬਦਾਂ ਦੀ ਚੋਣ ਨਹੀਂ ਅਤੇ ਇਹ ਗੱਲ ਸਿੰਘ ਸਾਹਿਬ ਦੇ ਰੁਤਬੇ ਦੇ ਮੇਚ ਦੀ ਨਹੀਂ।

ਖ਼ੈਰ, ਤੁਸੀਂ ਗਿਆਨੀ ਹੋ, ਚੰਗੇ ਕਥਾਵਾਚਕ ਹੋ ਅਤੇ ‘ਕੌਮ ਦੇ ਥਾਪੇ’ ਜੱਥੇਦਾਰ ਹੋ ਪਰ ਤੁਹਾਡੀ ਇਸ ਗੱਲ ਨੇ ਮਸਕੀਨ ਸਾਹਿਬ ਦੀ ਵਿਦਵਤਾ, ਉਹਨਾਂ ਦੀ ਸੰਵੇਦਨਸ਼ੀਲਤਾ, ਉਨ੍ਹਾਂ ਦੇ ਗਿਆਨ, ਉਨ੍ਹਾਂ ਦੇ ਵਿਚਾਰ, ਉਨ੍ਹਾਂ ਦੇ ਭਾਸ਼ਾ ਪ੍ਰਤੀ ਲਿਹਾਜ਼ ਅਤੇ ਸ਼ਬਦਾਂ ਦੀ ਚੋਣ ਦੇ ਪ੍ਰਸ਼ੰਸਕ ਮੇਰੇ ਜਿਹੇ ਕਈ ਸਿੱਖਾਂ ਦੇ ਮਨਾਂ ’ਤੇ ਡੂੰਘੀ ਸੱਟ ਮਾਰੀ ਹੈ। ਆਪ ਦੀ ਮਸਕੀਨ ਸਾਹਿਬ ਨਾਲ ਸੰਗਤ ਬੜੀ ਲੰਬੀ ਅਤੇ ਡੂੰਘੀ ਰਹੀ ਹੈ, ਪਰ ਲੱਗਦੈ ਕਿ ਰੰਗ ਗੂੜ੍ਹਾ ਹੋ ਕੇ ਨਹੀਂ ਚੜ੍ਹਿਆ।

ਤੁਸੀਂ ਰਾਗੀ ਸਿੰਘਾਂ ਨੂੰ ਰਿਕਸ਼ੇ ਚਲਾਉਣ ਬਾਰੇ ਬੋਲਣ ਤੋਂ ਪਹਿਲਾਂ ਸ਼ਾਇਦ ਇਸ ਮਾਮਲੇ ਦਾ ਪੂਰਾ ‘ਟਰੈਕ’ ਨਹੀਂ ਰੱਖ ਸਕੇ, ਚੰਗੀ ਤਰ੍ਹਾਂ ਇਸ ਮਸਲੇ ਨੂੰ ‘ਫ਼ਾਲੋਅ’ ਨਹੀਂ ਕਰ ਸਕੇ। ਰਾਗੀ ਸਿੰਘਾਂ ਦਾ ਦੋਸ਼ ਹੈ ਕਿ ਗਿਆਨੀ ਜਗਤਾਰ ਸਿੰਘ ਖਿਲਾਫ਼ ਆਵਾਜ਼ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਲਿਜਾਣ ਤੋਂ ਬਾਅਦ ਉਨ੍ਹਾਂ ਦੀਆਂ ਡਿਊਟੀਆਂ ਹੀ ਨਹੀਂ ਕੱਟੀਆਂ ਜਾ ਰਹੀਆਂ ਸਗੋਂ, ਗਿਆਨੀ ਜਗਤਾਰ ਸਿੰਘ ਦੇ ਪਰਿਵਾਰਕ ਮੈਂਬਰ ਵੱਲੋਂ ਰਾਗੀ ਸਿੰਘਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਹਰਿ ਕੀ ਪੌੜੀ ਕੋਲ ਧਮਕਾਇਆ ਗਿਆ ਹੈ।

ਸ਼ਾਇਦ ਤੁਸੀਂ ਰਾਗੀ ਸਿੰਘਾਂ ਦੇ ਇਸ ਦੋਸ਼ ਵੱਲ ਵੀ ਖ਼ਿਆਲ ਨਹੀਂ ਕੀਤਾ ਕਿ ਉਨ੍ਹਾਂ ਨੂੰ ਗਿਆਨੀ ਜਗਤਾਰ ਸਿੰਘ ਇਹ ਵੀ ਕਹਿੰਦੇ ਹਨ ਕਿ ‘ਤੈਨੂੰ ਕਿਸ ਕੰਜਰ ਨੇ ਕੀਰਤਨ ਕਰਨਾ ਸਿਖ਼ਾਇਆ ਹੈ।’ ਤੇ ਸ਼ਾਇਦ ਤੁਹਾਡੇ ਧਿਆਨ ਵਿੱਚ ਇਹ ਵੀ ਨਹੀਂ ਆਇਆ ਕਿ ਇਹ ਸ਼ਿਕਾਇਤ ਕੇਵਲ ਕਿਸੇ ਇੱਕਾ ਦੁੱਕਾ ਰਾਗੀ ਦੀ ਨਹੀਂ ਹੈ, 50-55 ਤੋਂ ਵੱਧ ਰਾਗੀ ਸਿੰਘਾਂ ਦੇ ਜੱਥਿਆਂ ਦੀ ਪ੍ਰਤੀਨਿਧ ਸੰਸਥਾ ਗਿਆਨੀ ਜਗਤਾਰ ਸਿੰਘ ’ਤੇ ਦੋਸ਼ ਲਗਾ ਰਹੀ ਹੈ।

HS Bawa 1ਮੇਰੇ ’ਤੇ ਇਹ ਸਵਾਲ ਹੋ ਸਕਦੈ ਕਿ ਮੈਂ ਇਹ ਸਭ ਕੁਝ ਤੁਹਾਨੂੰ ਖੁਲ੍ਹੇ ਤੌਰ ’ਤੇ, ਜਨਤਕ ਤੌਰ ’ਤੇ ਕਿਉਂ ਕਹਿ ਰਿਹਾ ਹਾਂ, ਉਂਜ ਵੀ ਤਾਂ ਗੱਲ ਹੋ ਸਕਦੀ ਸੀ। ਜੀ ਹਾਂ, ਉਂਜ ਵੀ ਗੱਲ ਹੋ ਸਕਦੀ ਸੀ, ਪਰ ਉਂਜ ਹੀ ਗੱਲ ਤਾਂ ਤੁਸੀਂ ਵੀ ਰਾਗੀ ਸਿੰਘਾਂ ਨਾਲ ਕਰ ਸਕਦੇ ਸੀ, ਜਨਤਕ ਤੌਰ ’ਤੇ ਉਨ੍ਹਾਂ ਨੂੰ ਰਿਕਸ਼ੇ ਚਲਾ ਲੈਣ ਦਾ ਤਾਅਨਾ ਦੇਣਾ ਕਿੱਥੇ ਤਕ ਵਾਜਿਬ ਸੀ।

ਮੈਂ ਤੁਹਾਡੀ ਉਸ ਤੋਂ ਬਾਅਦ ਇਕ ਹੋਰ ਵੀਡੀਓ ਵੀ ਗਹੁ ਨਾਲ ਵਾਚੀ ਹੈ, ਜਿਸ ਵਿੱਚ ਤੁਸੀਂ ਤਖ਼ਤ ਸਾਹਿਬ ’ਤੇ ਇਕ ਦੀਵਾਨ ਵਿੱਚ ਇਸੇ ਮੁੱਦੇ ਨੂੰ ਅੱਗੇ ਤੋਰਦੇ ਹੋਏ ਇਹ ਕਹਿੰਦੇ ਸੁਣੇ ਜਾ ਸਕਦੇ ਹੋ ਕਿ ਤੁਸੀਂ ਤਾਂ ਰਾਗੀ ਸਿੰਘਾਂ ਲਈ ਪ੍ਰਾਣ ਵੀ ਦੇ ਸਕਦੇ ਹੋ। ਸਿੰਘ ਸਾਹਿਬ ਪ੍ਰਾਣ ਨਾ ਰਾਗੀਆਂ ਨੇ ਮੰਗੇ ਨੇ, ਨਾ ਉਹਨਾਂ ਨੂੰ ਚਾਹੀਦੇ ਹੋਣਗੇ। ਹਾਂ, ਰਾਗੀ ਹੈੱਡ ਗ੍ਰੰਥੀ ਸਾਹਿਬ ਤੋਂ ਬੇਇੱਜ਼ਤੀ ਪ੍ਰਵਾਨ ਨਾ ਕਰਦੇ ਹੋਏ ਸਨਮਾਨ ਜ਼ਰੂਰ ਭਾਲਦੇ ਨੇ।

ਰਾਗੀਆਂ ਨੇ ਪ੍ਰਚਲਿਤ ਵਿਵਸਥਾ ਮੁਤਾਬਿਕ ਪੰਜ ਸਿੰਘ ਸਾਹਿਬਾਨ ਤੋਂ ਇਨਸਾਫ਼ ਮੰਗਿਆ ਸੀ। ਪ੍ਰਾਣ ਲੈਣ ਦੇਣ ਵਾਲਾ ਹੋਰ ਹੈ, ਰਾਗੀ ਸਿੰਘ ਤਾਂ ਇਨਸਾਫ਼ ਹੀ ਮੰਗ ਰਹੇ ਨੇ। ਪ੍ਰਾਣ ਦੇਣੇ ਤਾਂ ਦੂਰ ਇਨ੍ਹਾਂ ਦੀ ਤਾਂ ਗੱਲ ਹੀ ਨਹੀਂ ਗੌਲੀ ਜਾ ਰਹੀ। ਤਖ਼ਤਾਂ ਵਿੱਚ ਭਰੋਸਾ ਨਾ ਡੋਲਣ ਦੇਣਾ ਵੀ ਤਖ਼ਤਾਂ ਦੇ ਜਥੇਦਾਰਾਂ ਦੀ ਹੀ ਜ਼ਿੰਮੇਵਾਰੀ ਹੈ।

ਤੁਸਾਂ ਆਪਣੇ ਤਾਜ਼ਾ ਵੀਡੀਓ ਵਿੱਚ ਇਹ ਵੀ ਕਿਹਾ ਹੈ ਕਿ ਜਿੱਥੇ ਗ਼ਲਤ ਹੋਵਾਂਗੇ ‘ਐਡਮਿੱਟ’ ਕਰਾਂਗੇ। ਤਾਂ ਫ਼ਿਰ ਇਹ ਕਦ ਮੰਨਾਂਗੇ ਕਿ ਗਿਆਨੀ ਜਗਤਾਰ ਸਿੰਘ ਖਿਲਾਫ਼ ਸ਼ਿਕਾਇਤ ਕਰਨ ਵਾਲਿਆਂ ਦੀ ਗੱਲ ਅਜੇ ਤਾਈਂ ਨਹੀਂ ਸੁਣੀ ਗਈ ਜਦਕਿ ਪਹਿਲੀ ਵਾਰ ਸ਼ਿਕਾਇਤ ਦੇਣ ਤੋਂ ਬਾਅਦ ਉਹ ਮੀਡੀਆ ਅੱਗੇ ਆਪਣੀ ‘ਪੀੜ ਦੀ ਵਜ੍ਹਾ’ ਵੀ ਰੱਖਣ ਨੂੰ ਤਿਆਰ ਨਹੀਂ ਸਨ ਤਾਂ ਜੋ ਗਿਆਨੀ ਜਗਤਾਰ ਸਿੰਘ ਦਾ ਮਾਣ ਸਨਮਾਣ ਬਣਿਆ ਰਹਿ ਸਕੇ।

ਆਪ ਦੇ ਸਾਰੇ ਵੀਡੀਓ ਵੇਖ਼ਣ ਤੋਂ ਬਾਅਦ ਇੰਜ ਜਾਪਦਾ ਹੈ ਕਿ ਗੱਲ ‘ਇਸ਼ੂ’ ਨੂੰ ‘ਡਾਈਵਰਟ’ ਕਰਕੇ ਕਿਤੇ ਹੋਰ ਲਿਜਾਣ ਵੱਲ ਹੋ ਰਹੀ ਹੈ, ਮਸਲੇ ਦਾ ਸਨਮਾਨਜਨਕ ਹੱਲ ਕੱਢਣ ਦੀ ਨਹੀਂ। ਜਿੰਨੇ ਕੁ ਅਸੀਂ ਸਿੱਖ ਹਾਂ, ਤੇ ਜਿੱਦਾਂ ਦੇ ਵੀ ਹਾਂ, ਅਸੀਂ ਇਹ ਸਮਝਦੇ ਹਾਂ ਕਿ ਗ੍ਰੰਥੀ, ਕਚਾਵਾਚਕ ਅਤੇ ਰਾਗੀ ਸਿੰਘ ਗੁਰੂ ਘਰ ਦੇ ਬਰਾਬਰ ਦੇ ਪ੍ਰਚਾਰਕ ਹਨ। ਸਭ ਦੀ ਆਪੋ ਆਪਣੀ ਭੂਮਿਕਾ ਹੈ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ।

ਇਹ ਸਾਰੇ ਇਕ ਦੂਜੇ ਦੇ ਪੂਰਕ ਹਨ ਅਤੇ ਇਨ੍ਹਾਂ ਦੇ ਆਪਸੀ ਸੰਬੰਧ ਸਦਭਾਵਨਾ ਵਾਲੇ ਚਾਹੀਦੇ ਹਨ। ਇਕ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਪਣੀ ਭੂਮਿਕਾ ਨਿਭਾਅ ਕੇ ਉੱਠਦਾ ਹੈ ਤਾਂ ਦੂਜੇ ਨੇ ਬਹਿਣਾ ਹੁੰਦਾ ਹੈ, ਫ਼ਿਰ ਤੀਜੇ ਦੀ ਵਾਰੀ ਹੁੰਦੀ ਹੈ। ਆਪ ਦੀ ਨੀਅਤ ’ਤੇ ਸ਼ੱਕ ਨਹੀਂ ਪਰ ਆਪ ਨੂੰ ਦੱਸਣਾ ਵੀ ਜ਼ਰੂਰ ਚਾਹੁੰਦਾ ਹਾਂ ਕਿ ਆਪ ਦੇ ਪਿਛਲੇ ਦਿਨਾਂ ਦੇ ਬੋਲ ਵਿਹਾਰ ਨੂੰ ਵੇਖ਼ ਕੇ ਪ੍ਰਭਾਵ ਇਹ ਜਾ ਰਿਹਾ ਹੈ ਕਿ ਜਿਵੇਂ ਆਪ ਦਾ ਜ਼ੋਰ ਰਾਗੀ ਸਿੰਘਾਂ ਨੂੰ ਛੋਟੇ ਵਿਖ਼ਾਉਣ ਵਿੱਚ ਲੱਗ ਰਿਹਾ ਹੈ।

Giani Harpreet Singhਸਿੰਘ ਸਾਹਿਬ, ਮੈਨੂੰ ਅਫ਼ਸੋਸ ਇਹ ਵੀ ਰਹੇਗਾ ਕਿ ਸਿੰਘ ਸਾਹਿਬਾਨਾਂ ਸਮੇਤ ਪੰਥ ਦੀ ਕੋਈ ਐਸੀ ਸ਼ਖਸੀਅਤ ਇਸ ਮਾਮਲੇ ਵਿੱਚ ਨਹੀਂ ਨਿੱਤਰੀ ਜਿਸਨੇ ਇਹ ਸਮਝਿਆ ਹੋਵੇ ਕਿ ਹੈੱਡ ਗ੍ਰੰਥੀ ਅਤੇ ਰਾਗੀ ਸਿੰਘਾਂ ਦਾ ਵਿਵਾਦ ਕੌਮ ਲਈ ਚੰਗਾ ਨਹੀਂ, ਇਸਨੂੰ ਨਿਬੇੜਿਆ ਜਾਣਾ ਚਾਹੀਦਾ ਹੈ। ਜਿਨ੍ਹਾਂ ਕੋਲ ਮਰਿਆਦਾ ਮੁਤਾਬਿਕ ਵਿਵਾਦ ਗਿਆ, ਉਹ ਵੀ ਇਸਨੂੰ ਭਖ਼ਦਾ ਵੇਖ਼ ਰਹੇ ਹਨ। ਇਸ ਮਾਮਲੇ ਵਿੱਚ ਕੋਈ ਗੁਰੂ ਦਾ ਸਿੱਖ ਵਿਚੋਲਗੀ ਕਰਕੇ ਗੱਲ ਨੂੰ ਨਿਬੇੜਨ ਦੀ ਰੌਂਅ ਵਿੱਚ ਨਜ਼ਰ ਨਹੀਂ ਆ ਰਿਹਾ, ਧਿਰ ਬਣਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਧਿਰਾਂ ਹੀ ਧਿਰਾਂ ਨਜ਼ਰ ਆ ਰਹੀਆਂ ਹਨ।

ਆਪਣੇ ਨਵੇਂ ਦੀਵਾਨ ਵਾਲੇ ਤਾਜ਼ਾ ਵੀਡੀਓ ਵਿੱਚ ਤੁਸੀਂ ਕਈ ਕੁਝ ਐਸਾ ਫ਼ਰੋਲ ਗਏ ਹੋ ਜਿਹਦੇ ਬਾਰੇ ਇਕ ਕਹਾਵਤ ਹੈ, ‘ਈਸਬਗੋਲ, ਕੁਝ ਨਾ ਫ਼ੋਲ’। ਆਪ ਨੇ ਕਿਹਾ ਹੈ ਕਿ ਰਾਗੀਆਂ, ਕਥਾਵਾਚਕਾਂ ਨੇ ਪੰਥਕ ਪ੍ਰਚਾਰ ਨੂੰ ਮੰਡੀ ਬਣਾ ਦਿੱਤਾ ਹੈ, ਇੰਨੇ ਪੈਸੇ ਦਿਉਗੇ ਤਾਂ ਆਵਾਂਗੇ। ਆਪ ਨੇ ਬਿਲਕੁਲ ਸਹੀ ਫ਼ੁਰਮਾਇਆ ਹੈ ਕਿ ਕੀਰਤਨ, ਕਥਾ ਮੰਡੀ ਬਨਾਉਣ ਦਾ ਖ਼ੇਤਰ ਨਹੀਂ। ਆਪ ਨੇ ਇਹ ਵੀ ਕਿਹਾ ਹੈ ਕਿ ਹੁਣ ਤਾਂ ਗੱਲਬਾਤ ਹੀ ਲੱਖਾਂ ਤੋਂ ਸ਼ੁਰੂ ਹੁੰਦੀ ਹੈ, ਪੁੱਛਿਆ ਜਾਂਦੈ ਬਈ ਜਿਹੜੇ ਸ਼ਹਿਰ ਆਉਣੈ ਉੱਥੇ ਏਅਰਪੋਰਟ ਵੀ ਹੈ ਜਾਂ ਨਹੀਂ, ਜੇ ਨਾ ਹੋਵੇ ਤਾਂ ਕਿਹਾ ਜਾਂਦੈ ਬਈ ਜਦ ਬਣ ਜਾਵੇਗਾ, ਉਦੋਂ ਫ਼ੋਨ ਕਰਿਉ।

ਇਹ ਸਾਰਾ ਕੁਝ ਤੁਸੀਂ ਰਾਗੀ ਸਿੰਘਾਂ ਬਾਰੇ ਰਿਕਸ਼ੇ ਵਾਲੇ ਬਿਆਨ ਸੰਬੰਧੀ ਆਪਣੀ ਸਥਿਤੀ ਸਪਸ਼ਟ ਕਰਨ ਵੇਲੇ ਹੀ ਬੋਲ ਰਹੇ ਹੋ, ਭਾਵ ਇਸ਼ਾਰਾ ਰਾਗੀਆਂ ਵੱਲ ਹੈ। ਸਿੰਘ ਸਾਹਿਬ, ਇਹ ਤਾਂ ਕਹਾਣੀਆਂ ਜਿੰਨੀਆਂ ਢਕੀਆਂ ਰਹਿਣ, ਉਨਾ ਹੀ ਚੰਗਾ। ਵਾਹਿਗੁਰੂ ਸਭ ਦੇ ਪਰਦੇ ਕੱਜ ਕੇ ਹੀ ਰੱਖੇ। ਉਂਜ ਜੇ ਕਦੇ ਮਿਲੇ ਤਾਂ ਤੁਹਾਨੂੰ ਦੱਸ ਸਕਦੇ ਹਾਂ ਕਿ ਕਿਹੜੀਆਂ ਕਿਹੜੀਆਂ ਉੱਚ ਪੰਥਕ ਸ਼ਖਸ਼ੀਅਤਾਂ ਦੂਜੇ ਸ਼ਹਿਰਾਂ ਅਤੇ ਸੂਬਿਆਂ ਵਿੱਚ ਕਿੰਨੇ ਕਿੰਨੇ ਭਾਰੇ ਲਿਫ਼ਾਫ਼ੇ ਦੀਆਂ ਸ਼ਰਤਾਂ ਰੱਖ ਕੇ ਉਨ੍ਹਾਂ ਲੋਕਾਂ ਦੇ ਸਮਾਗਮਾਂ ’ਤੇ ਅਰਦਾਸਾਂ, ਅਸ਼ੀਰਵਾਦ ਅਤੇ ਸ਼ਰਧਾਂਜਲੀਆਂ ਲਈ ਜਾਂਦੇ ਰਹੇ ਹਨ ਜਿਨ੍ਹਾਂ ਨੂੰ ਉਹ ਜਾਣਦੇ ਪਛਾਣਦੇ ਵੀ ਨਹੀਂ।

ਜਾਪਦੈ ਬਈ ਹੈੱਡ ਗ੍ਰੰਥੀ ਸਾਹਿਬ ਚੰਗੇ ਸਮਰੱਥ ਨੇ। ਉਹਨਾਂ ’ਤੇ ਦੋਸ਼ ਲੱਗਦੇ ਨੇ, ਉਹ ਬੋਲਦੇ ਨਹੀਂ। ਦੋਸ਼ ਇਹ ਵੀ ਹੈ ਕਿ ਇਸਦੇ ਬਾਅਦ ਵੀ ਉਨ੍ਹਾਂ ਦਾ ਪਰਿਵਾਰਕ ਮੈਂਬਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਰਾਗੀਆਂ ਨੂੰ ਧਮਕਾਉਂਦਾ ਹੈ। ਉਹਨਾਂ ’ਤੇ ਦੋਸ਼ਾਂ ਦੀ ਫ਼ਹਿਰਿਸਤ ਅਕਾਲ ਤਖ਼ਤ ਸਾਹਿਬ ’ਤੇ ਪੁੱਜਦੀ ਹੈ, ਕੋਈ ਕਾਰਵਾਈ ਨਹੀਂ ਹੁੰਦੀ ਅਤੇ ਹੁਣ ਸ਼ਿਕਾਇਤਕਰਤਾ ਰਾਗੀਆਂ ਦਾ ਮੁੱਦਾ ‘ਡਾਈਵਰਟ’ ਕਰਕੇ ਖ਼ਤਮ ਕਰ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਆਪਣੇ ਤਾਜ਼ਾ ਵੀਡੀਓ ਵਿੱਚ ਤੁਸੀਂ ਇਹ ਵੀ ਕਿਹਾ ਹੈ ਕਿ ਲੋਕ ਪਹਿਲਾਂ ਤਾਂ ਸਿੰਘ ਸਾਹਿਬਾਂ ਕੋਲੋਂ ਉੱਠ ਕੇ ਆਉਂਦੇ ਹਨ ਪਰ ਬਾਅਦ ਵਿੱਚ ਇਨ੍ਹਾਂ ਦੇ ਮੂੰਹ ਫਟ ਜਾਂਦੇ ਹਨ। ਸਵਾਲ ਤਾਂ ਇਹ ਹੈ ਕਿ ਜੇ ਗਾਲ੍ਹਾਂ ਸੁਣਨ ਵਾਲਿਆਂ ਦੇ ਮੂੰਹ ਫ਼ਟੇ ਹੋਏ ਜਾਪਦੇ ਹਨ ਤਾਂ ਇੰਨੀ ਉੱਚੀ ਪਦਵੀ ’ਤੇ ਬਹਿ ਕੇ ਗਾਲ੍ਹਾਂ ਕੱਢਣ ਵਾਲਿਆਂ ਦੇ ਮੂੰਹਾਂ ਨੂੰ ਕੀ ਸੀਤੇ ਹੋਏ ਕਹੀਏ।

ਕਿਹਾ ਜਾ ਰਿਹੈ ਕਿ ਹੈੱਡ ਗ਼੍ਰੰਥੀ ਸਾਹਿਬ ਦਾ ਸਤਿਕਾਰ ਹੋਣਾ ਚਾਹੀਦੈ। ਕੀ ਰਾਗੀਆਂ ਦਾ ਨਹੀਂ ਹੋਣਾ ਚਾਹੀਦਾ? ਸਤਿਕਾਰ ਇਕ ਤਾਂ ਲੈਣ ਅਤੇ ਦੇਣ ਵਾਲੀ ਸ਼ੈਅ ਹੈ। ਸਤਿਕਾਰ ਦਿਉ ਅਤੇ ਸਤਿਕਾਰ ਲਉ। ਜਾਂ ਫ਼ਿਰ ਇਕ ਹੋਰ ਤਰੀਕਾ ਹੈ, ਸਤਿਕਾਰ ਕਮਾਓ। ਸਤਿਕਾਰ ਖ਼ੋਹਣ ਦੀ ਤੇ ਧਮਕਾ ਕੇ ਲੈਣ ਦੀ ਚੀਜ਼ ਤਾਂ ਨਹੀਂ ਹੈ। ਰੌਲਾ ਤਾਂ ਇਹ ਹੈ ਕਿ ਰਾਗੀਆਂ ਦਾ ਸਤਿਕਾਰ ਨਹੀਂ ਹੋ ਰਿਹਾ। ਇਹ ਕਿਹੜੇ ਗ੍ਰੰਥ ਵਿੱਚ ਲਿਖ਼ਿਆ ਹੈ ਕਿ ਹੈੱਡ ਗ੍ਰੰਥੀ ਸਾਹਿਬ ਰਾਗੀਆਂ ਨੂੰ ਅਵਾ ਤਵਾ ਬੋਲਣਗੇ, ਉਹਨਾਂ ਦਾ ਸਤਿਕਾਰ ਨਹੀਂ ਰੱਖਣਗੇ ਪਰ ਰਾਗੀ ਉਨ੍ਹਾਂ ਦਾ ਸਤਿਕਾਰ ਕਰਨਗੇ। ਬਾਹਰ ਪ੍ਰਭਾਵ ਇਹ ਜਾ ਰਿਹਾ ਹੈ ਕਿ ਹੈੱਡ ਗ੍ਰੰਥੀ ਸਾਹਿਬ ਨੂੰ ਆਪਣਾ ਵਤੀਰਾ ਸੁਧਾਰਣ ਦੀ ਸਲਾਹ ਤਕ ਦੇਣ ਦੀ ਬਜਾਏ ਰਾਗੀਆਂ ਨੂੰ ਇਵੇਂ ਛੁਟਿਆਇਆ ਜਾ ਰਿਹਾ ਹੈ ਜਿਵੇਂ ਪੰਥ ਨੂੰ ਉਨ੍ਹਾਂ ਦੀ ਲੋੜ ਹੀ ਨਾ ਹੋਵੇ।

ਸੁਣੀਆਂ ਨੇ ਆਪ ਜੀ ਦੀਆਂ ਇਸ ਬਾਰੇ ਸਾਰੀਆਂ ਵੀਡੀਉਜ਼। ਹੋ ਸਕਦੈ, ਬਈ ਗੱਲ ਚੰਗੀ ਨਾ ਲੱਗੇ ਪਰ ਗੱਲ ਇਹ ਹੈ ਕਿ ਤੁਸੀਂ ਰਾਗੀਆਂ ਦੇ ਖਿਲਾਫ਼ ਮੁਹਿੰਮ ਦਾ ਇਕ ਹਿੱਸਾ ਜਾਪ ਰਹੇ ਹੋ, ਮੈਂ ਕਿਹਾ ਜਾਪ ਰਹੇ ਹੋ, ਇਹ ਨਹੀਂ ਆਖ਼ਿਆ ਕਿ ਤੁਸੀਂ ਹਿੱਸਾ ਹੋ।

ਕਾਸ਼ ਅੱਜ ਮਸਕੀਨ ਸਾਹਿਬ ਹੁੰਦੇ। ਮੇਰੀ ਸਮਝ ਮੁਤਾਬਿਕ ਪਹਿਲਾਂ ਤਾਂ ਤੁਹਾਨੂੰ ਜਥੇਦਾਰੀ ਤੋਂ ਪਰ੍ਹਾਂ ਰਹਿਣ ਨੂੰ ਸਮਝਾਉਂਦੇ ਅਤੇ ਜੇ ਬਣ ਜਾਂਦੇ ਤਾਂ ਵੀ ਧਿਰ ਬਣਨ ਤੋਂ ਸੰਕੋਚ ਕਰਨ ਨੂੰ ਕਹਿੰਦੇ ਪਰ ਇੰਜ ਲੱਗਦਾ ਹੈ ਕਿ ਤੁਹਾਡੀ ਸਾਰੀ ‘ਐਕਸਰਸਾਈਜ਼’ ਹੀ ਹੈੱਡ ਗ੍ਰੰਥੀ ਸਾਹਿਬ ਨੂੰ ਇਸ ਵਿਵਾਦ ਵਿੱਚੋਂ ਕੱਢ ਲੈਣ ਵਾਲੀ ਹੈ।

ਇਸ ਮੁੱਦੇ ’ਤੇ ਜਿਵੇਂ ਆਪ ਹੁਣ ਤਕ ਬੋਲੇ ਹੋ, ਜਿਵੇਂ ‘ਸਟੈਂਡ’ ਲੈ ਰਹੇ ਹੋ, ਉਹਦੇ ਨਾਲ, ਮੇਰਾ ਮੰਨਣਾ ਹੈ ਕਿ ਮਸਕੀਨ ਸਾਹਿਬ ਦੀ ਰੂਹ ਨੂੰ ਵੀ ਜ਼ਰੂਰ ਕਸ਼ਟ ਹੋਇਆ ਹੋਵੇਗਾ। ਉਨ੍ਹਾਂ ਦਾ ਨਾਂਅ ਆਪਣੇ ਨਾਂਅ ਨਾਲ ਜੋੜ ਕੇ ਤੁਹਾਡੀ ਜ਼ਿੰਮੇਵਾਰੀ ਬਹੁਤ ਵਧ ਗਈ ਸੀ, ਪਰ ਤੱਕੜੀ ਵਿੱਚ ਪਾਸਕੂ ਨਜ਼ਰ ਆ ਰਿਹਾ ਹੈ। ਕਿਤੇ ਇਕੱਲੇ ਬੈਠ ਕੇ ਸੋਚਣਾ ਗੌਹਰ-ਏ-ਮਸਕੀਨ ਤਖੱਲਸ ਨਾਲ ਕਿੰਨਾ ਇਨਸਾਫ਼ ਕਰ ਸਕੇ ਹੋ।

ਪ੍ਰਚਾਰਕਾਂ ਵਿੱਚ ਇਹ ਜਿਹੜੀ ਨਵੀਂ ਕੰਧ ਉਸਰਣ ਲੱਗੀ ਹੈ, ਮਸਕੀਨ ਸਾਹਿਬ ਹੁੰਦੇ ਤਾਂ ਸ਼ਾਇਦ ਤੁਹਾਨੂੰ ਉਸ ਵਿੱਚ ਇਕ ਇੱਟ ਵੀ ਨਾ ਲਾਉਣ ਦਿੰਦੇ। ਤੁਸੀਂ ਤਾਂ ਨਿੱਤ ਦਿਨ ਰਦੇ ਲਾ ਲਾ ਕੰਧ ਨੂੰ ਉੱਚੀ ਕਰੀ ਜਾਂਦੇ ਹੋ। ਸਿੱਖੀ ਵਿੱਚ ਵਖਰੇਵਿਆਂ ਦੀ ਅੱਗੇ ਕਿਹੜੀ ਘਾਟ ਹੈ, ਜਿਹੜਾ ਅਸੀਂ ਨਵੇਂ ਮੁੱਦੇ ਲੱਭ ਕੇ ਭੜਕਾਉਣ ਤੁਰੇ ਹਾਂ।

ਆਖ਼ਰੀ ਗੱਲ ਇਹ ਹੈ ਕਿ ਲੋਕ ਸਵੇਰ ਸਾਰ ਦਸਤਾਰਾਂ ਤੇ ਦਾੜ੍ਹੀਆਂ ਸਜਾ ਕੇ ਤਖ਼ਤ ਸਾਹਿਬ ’ਤੇ ਗੁਰੂ ਦੀ ਮਤ ਲੈਣ ਆਉਂਦੇ ਹਨ। ਤੁਹਾਡੇ ਦੀਵਾਨਾਂ ਵੱਲ ਨੂੰ ਝੋਲੀਆਂ ਅੱਡ ਮੂੰਹ ਕਰਦੇ ਹਨ, ਤਰਸਦੇ ਹਨ ਕਿ ਤੁਹਾਡੀ ਕਥਾ ਦੌਰਾਨ ਗੁਰਬਾਣੀ ਦਾ ਕੋਈ ਐਸਾ ਮਣਕਾ, ਕੋਈ ਐਸੀ ਤੁਕ, ਕੋਈ ਐਸਾ ਵਿਚਾਰ ਉਨ੍ਹਾਂ ਦੀ ਝੋਲੀ ਪੈ ਜਾਵੇ ਜਿਹੜਾ ਉਹਨਾਂ ਨੂੰ ਗੁਰੂ ਨਾਲ ਜੋੜ ਦੇਵੇ, ਗੁਰੂ ਦੇ ਰਾਹ ਪਾ ਦੇਵੇ, ਭਟਕਣ ਖ਼ਤਮ ਹੋ ਜਾਵੇ, ਜੀਵਨ ਸਫ਼ਲਾ ਹੋ ਜਾਵੇ। ਇਹ ਦੀਵਾਨਾਂ ਵਿੱਚ ਰਾਗੀਆਂ ਤੇ ਹੈੱਡ ਗ੍ਰੰਥੀ ਦੇ ਵਿਵਾਦ ’ਤੇੇ ਚਰਚਾ ਦੀ ਮੰਗ ਤੁਹਾਡੇ ਤੋਂ ਕਿਹੜੀ ਸੰਗਤ ਕਰਦੀ ਹੈ ਜਿਹੜਾ ਤੁਸੀਂ ਇਸਨੂੰ ਰੋਜ਼ ਦੇ ਦੀਵਾਨਾਂ ਦਾ ਵਿਸ਼ਾ ਬਣਾ ਰਹੇ ਹੋ।

ਸਿੰਘ ਸਾਹਿਬ, ਬੇਨਤੀ ਹੈ ਦੀਵਾਨ ਨੂੰ ਦੀਵਾਨ ਰਹਿਣ ਦਿਉ। ਸੰਗਤ ਤਾਂ ਚਾਹੁੰਦੀ ਹੈ ਹੈੱਡ ਗ੍ਰੰਥੀ ਸਾਹਿਬ ਮੁਖ਼ਾਰਬਿੰਦ ਤੋਂ ਇੰਨੇ ਚੰਗੇ ਤਰੀਕੇ ਨਾਲ ਸ਼ੁੱਧਪਾਠ ਕਰਨ, ਇਲਾਹੀ ਮੁੱਖਵਾਕ ਲੈਣ ਕਿ ਗੁਰਬਾਣੀ ਸੰਗਤਾਂ ਦੇ ਅੰਦਰ ਉੱਤਰ ਜਾਵੇ। ਸਿੱਖ ਤਾਂ ਚਾਹੁੰਦਾ ਹੈ ਕਿ ਕਥਾਵਾਚਕ ਇੰਜ ਕਥਾ ਕਰੇ ਕਿ ਉਹ ਘਰ ਕੁਝ ਕਮਾ ਕੇ ਮੁੜੇ।

ਸ਼ਰਧਾਲੂ ਤਾਂ ਚਾਹੁੰਦਾ ਹੈ ਕਿ ਰਾਗੀ ਸਿੰਘ ਗੁਰਬਾਣੀ ਦੀ ਉਹ ਛਹਿਬਰ ਲਾਉਣ ਜਿਸ ਵਿੱਚ ਸ਼ਰਸਾਰ ਹੋ ਕੇ ਘੱਟੋ ਘੱਟ ਕੀਰਤਨ ਦੇ ਸਮੇਂ ਲਈ ਤਾਂ ਸੋਝੀ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਸਕੇ। ਤਖ਼ਤਾਂ ’ਤੇ ਕੀਤੇ ਜਾਂਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਧਿਰ ਨਾ ਬਣਾਈਏ। ਆਮ ਸਿੱਖ ਸੰਗਤ ਕਿਸੇ ਸਿੰਘ ਸਾਹਿਬ, ਕਿਸੇ ਹੈੱਡ ਗ੍ਰੰਥੀ, ਕਿਸੇ ਕਥਾਵਾਚਕ, ਕਿਸੇ ਰਾਗੀ ਜੱਥੇ ਕੋਲ ਨਹੀਂ ਆਉਂਦੀ, ਗੁਰੂ ਦੇ ਚਰਨ ਪਰਸਣ ਆਉਂਦੀ ਹੈ। ਧਾਰਮਿਕ ਦੀਵਾਨ ਗੁਰੂ ਆਸ਼ੇ ਨਾਲ ਜੋੜਨ ਵਾਲੇ ਹੋਣੇ ਚਾਹੀਦੇ ਹਨ, ਵੰਡੀਆਂ ਪਾਉਣ ਜਾਂ ਪਈਆਂ ਹੋਈਆਂ ਵੰਡੀਆਂ ਨੂੰ ਹੋਰ ਹਵਾ ਦੇਣ ਲਈ ਨਹੀਂ ਵਰਤੇ ਜਾਣੇ ਚਾਹੀਦੇ।

ਬੇਨਤੀ ਹੈ ਕਿ ਆਪ ਜਥੇਦਾਰ ਰਣਜੀਤ ਸਿੰਘ ਹੋ, ਆਪ ਦਾ ਸਤਿਕਾਰ ਹੈ, ਰਹੇਗਾ। ਆਹ ਗੌਹਰ-ਏ-ਮਸਕੀਨ ਨੂੰ ਲਾਂਭੇ ਕਰੀਏ, ਨਾ ਹੀ ਵਰਤੀਏ ਤਾਂ ਜੋ ਮਸਕੀਨ ਸਾਹਿਬ ਦੀ ਆਤਮਾ ਅਤੇ ਉਨ੍ਹਾਂ ਦੇ ਭਾਵਾਂ, ਉਨ੍ਹਾਂ ਦੇ ਵਿਚਾਰਾਂ ਅਤੇ ਉਨ੍ਹਾਂ ਦੀ ਵਿਦਵਤਾ ਦੇ ਪ੍ਰਸ਼ੰਸਕਾਂ ਦੇ ਮਨੋਭਾਵਾਂ ਨੂੰ ਵੀ ਕੋਈ ਕਸ਼ਟ ਨਾ ਹੋਵੇ। ਫ਼ੈਸਲਾ ਤੁਹਾਡੇ ਹੱਥ ਹੈ, ਸਿੰਘ ਸਾਹਿਬ ਗਿਆਨੀ ਜਥੇਦਾਰ ਰਣਜੀਤ ਸਿੰਘ ਜੀ॥

ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
ਐੱਚ.ਐੱਸ.ਬਾਵਾ
ਸੰਪਾਦਕ, ਯੈੱਸ ਪੰਜਾਬ
5 ਸਤੰਬਰ, 2020

Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ