Tuesday, December 5, 2023

ਵਾਹਿਗੁਰੂ

spot_img

ਕਿਹੜੀਆਂ ਹਨ ਪੰਜਾਬ ਦੀਆਂ ‘ਹੌਟ ਸੀਟਾਂ’? – ਐੱਚ.ਐੱਸ. ਬਾਵਾ

- Advertisement -

9 ਮਾਰਚ, 2022:
ਪੰਜਾਬ ਸਮੇਤ 5 ਸੂਬਿਆਂ ਦੇ ਚੋਣ ਨਤੀਜੇ ਵੀਰਵਾਰ ਨੂੰ ਆ ਜਾਣੇ ਹਨ। ਪੰਜਾਬ ਦੀਆਂ 117 ਸੀਟਾਂ ਲਈ ਹੋਏ ਬਹੁਕੋਨੀ ਮੁਕਾਬਲਿਆਂ ਲਈ 1304 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਹੈ।

ਉਂਜ ਤਾਂ ਹਰ ਸੀਟ ਦੀ ਆਪਣੀ ਅਹਿਮੀਅਤ ਹੈ, ਕਿਉਂਕਿ ਇਕ-ਇਕ ਸੀਟ ਦਾ ਆਪਣਾ ਮੁੱਲ ਹੁੰਦਾ ਹੈ ਅਤੇ ਇਕ ਇਕ ਸੀਟ ਦੀ ਗਿਣਤੀ ਕਰਕੇ ਹੀ ਕੋਈ ਪਾਰਟੀ 59 ਦਾ ਅੰਕੜਾ ਪਾਰ ਕਰਕੇ ਸਰਕਾਰ ਬਣਾਉਣ ਜੋਗੀ ਹੁੰਦੀ ਹੈ। ਪਰ ਇਸ ਵਾਰ ਦੀ ਚੋਣ ਜੰਗ ਬੜੀ ਦਿਲਚਸਪ ਹੋ ਨਿੱਬੜੀ ਹੈ ਅਤੇ ਨਤੀਜੇ ਉਸ ਤੋਂ ਵੀ ਵੱਧ ਦਿਲਚਸਪ ਅਤੇ ਹੈਰਾਨ ਕਰ ਦੇਣ ਵਾਲੇ ਹੋ ਸਕਦੇ ਹਨ ਕਿਉਂਕਿ ਦਾਅ ’ਤੇ ਬਹੁਤ ਕੁਝ ਹੈ। ਪੁਰਾਣੀਆਂ ਤੇ ਨਵੀਂਆਂ ਪਾਰਟੀਆਂ ਦੀ, ਮੌਜੂਦਾ ਅਤੇ ਤਾਕਤਾਂ ਮਾਣਦੀਆਂ ਰਹੀਆਂ ਹਸਤੀਆਂ ਦੀਆਂ ਇੱਜ਼ਤਾਂ ਦਾਅ ’ਤੇ ਹਨ। ਲੀਡਰ ਜਨਤਾ ਨੂੰ 5 ਸਾਲ ਘੁਮਾਉਂਦੇ ਹਨ ਪਰ ਮਹੀਨਾ-ਡੂਢ ਜਨਤਾ ਨੂੰ ਵੀ ਮਿਲਦਾ ਹੈ, ਲੀਡਰਾਂ ਨੂੰ ਘੁਮਾਉਣ ਦਾ।

ਪੰਜਾਬ ਦੀ ਕਿਸਮਤ ਦਾ ਫ਼ੈਸਲਾ 10 ਮਾਰਚ ਨੂੰ ਆ ਜਾਣਾ ਹੈ। ਪਤਾ ਲੱਗ ਜਾਣਾ ਹੈ ਕਿ ਕੋਈ ਪਹਿਲੀਆਂ ਹੀ ਧਿਰਾਂ ਨਵੇਂ ਸਿਹਰੇ ਬੰਨ੍ਹ ਸਿੰਘਾਸਨਾਂ ’ਤੇ ਬਿਰਾਜਮਾਨ ਹੁੰਦੀਆਂ ਹਨ ਜਾਂ ਫ਼ਿਰ ‘ਬਦਲਾਅ ਬਦਲਾਅ’ ਕਰਕੇ ਅਤੇ ‘ਚੰਗੀ ਸਰਕਾਰ’ ਦੇਣ ਵਾਲੇ ਸੱਤਾ ਸਾਂਭਦੇ ਹਨ।

ਉਂਝ ਹੌਟ ਸੀਟਾਂ ਗਿਣਨ ਵਾਲਾ ‘ਕਾਨਸੈਪਟ’ ਤਾਂ 5-10 ਸੀਟਾਂ ਦਾ ਹੀ ਹੁੰਦਾ ਹੈ ਪਰ ਇਸ ਵਾਰ ਮੇਰੀ ਇਹ ਸੂਚੀ ਰਤਾ ਲੰਬੀ ਹੋ ਗਈ ਹੈ, 26 ਸੀਟਾਂ ਤਕ ਜਾ ਪੁੱਜੀ ਹੈ। ਇਹਨਾਂ 26 ਸੀਟਾਂ ’ਤੇ ਖ਼ਾਸ ਨਜ਼ਰ ਰਹਿਣ ਦੇ ਕੁਝ ਖ਼ਾਸ ਕਾਰਨ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਕਈ ਅਹਿਮ ਮੰਤਰੀਆਂ ਅਤੇ ਸਾਬਕਾ ਮੰਤਰੀਆਂ ਦੀਆਂ ਸੀਟਾਂ ਇਨ੍ਹਾਂ 26 ਸੀਟਾਂ ਵਿੱਚ ਸ਼ਾਮਲ ਨਹੀਂ ਹਨ ਹਾਲਾਂਕਿ ਉਹ ਵੀ ਆਪਣੇ ਆਪ ਵਿੱਚ ‘ਹੌਟ ਸੀਟਾਂ’ ਹੀ ਹਨ।

ਅੰਮ੍ਰਿਤਸਰ ਪੂਰਬੀ

ਪੰਜਾਬ ਦੀ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਹੈ ਅੰਮ੍ਰਿਤਸਰ ਪੂਰਬੀ ਹਲਕੇ ਦੀ ਸੀਟ। ਪਹਿਲਾਂ ਭਾਜਪਾ ਕੋਟੇ ਵਿੱਚੋਂ ਡਾ: ਨਵਜੋਤ ਕੌਰ ਸਿੱਧੂ ਅਤੇ ਫ਼ਿਰ ਕਾਂਗਰਸ ਵੱਲੋਂ ਸ: ਨਵਜੋਤ ਸਿੰਘ ਸਿੱਧੂ ਇਸ ਹਲਕੇ ਤੋਂ ਜੇਤੂ ਰਹੇ। ਸਿੱਧੂ ਪਰਿਵਾਰ ਨੇ 10 ਸਾਲ ਇਸ ਹਲਕੇ ਦੀ ਪ੍ਰਤੀਨਿਧਤਾ ਕੀਤੀ ਹੈ ਅਤੇ ਇਸ ਵੇਲੇ ਸ: ਸਿੱਧੂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਹਨ ਪਰ ਸੀਨੀਅਰ ਅਕਾਲੀ ਆਗੂ ਸ: ਬਿਕਰਮ ਸਿੰਘ ਮਜੀਠੀਆ ਨਾਲ ‘ਵਿਚਾਰ ਤਕਰਾਰ’ ਇੱਥੇ ਤਕ ਕੜਵਾਹਟ ਭਰਿਆ ਰੂਪ ਲੈ ਗਈ ਕਿ ਗੱਲ ਅੰਨੇ ਬੰਨੇ ਕਰਨ ਦਾ ਮੂਡ ਬਣਾ ਕੇ ਸ: ਮਜੀਠੀਆ ਆਪਣਾ ਹਲਕਾ ਮਜੀਠਾ ਆਪਣੀ ਪਤਨੀ ਸ੍ਰੀਮਤੀ ਗਨੀਵ ਕੌਰ ਨੂੰ ਸੌਂਪ ਕੇ ਅੰਮ੍ਰਿਤਸਰ ਪੂਰਬੀ ਵਿੱਚ ਆ ਡਟੇ। ਇਸ ਮਾਹੌਲ ਵਿੱਚ ਸ: ਮਜੀਠੀਆ ਵਿਰੁੱਧ ਦਰਜ ਕੇਸ, ਉਨ੍ਹਾਂ ਦੇ ਰੂਪੋਸ਼ ਹੋਣ, ਜ਼ਮਾਨਤਾਂ ਰੱਦ ਹੋਣ ਦੀਆਂ ਘਟਨਾਵਾਂ ਬਲਦੀ ’ਤੇ ਤੇਲ ਦਾ ਕੰਮ ਕਰ ਗਈਆਂ ਅਤੇ ਚੋਣ ਲੜਨ ਉਪਰੰਤ ਸੁਪਰੀਮ ਕੋਰਟ ਦੇ ਆਦੇਸ਼ ’ਤੇ ‘ਸਰੰਡਰ’ ਕਰ ਚੁੱਕੇ ਸ: ਮਜੀਠੀਆ ਅਜੇ ਜੇਲ੍ਹ ਵਿੱਚ ਹਨ ਅਤੇ ਚੋਣ ਨਤੀਜਿਆਂ ’ਤੇ ਵੀ ਉੱਥੋਂ ਹੀ ਨਜ਼ਰ ਰੱਖਣਗੇ। ਇਹ ਹਲਕਾ ਦੋ ‘ਸਾਨ੍ਹਾਂ ਦੇ ਭੇੜ’ ਤਕ ਹੀ ਸੀਮਤ ਨਹੀਂ ਰਿਹਾ। ‘ਆਮ ਆਦਮੀ ਪਾਰਟੀ’ ਦੀ ਉਮੀਦਵਾਰ ਡਾ: ਜੀਵਨ ਜਿਓਤ ਕੌਰ ਵੀ ਟੱਕਰ ਦੇ ਰਹੀ ਹੈ ਜਦਕਿ ਭਾਜਪਾ ਨੇ ਵੀ ਇਸ ਹਲਕੇ ਨੂੰ ਪੂਰੀ ਅਹਿਮੀਅਤ ਦਿੰਦਿਆਂ ਇੱਥੋਂ ਸ: ਜਗਮੋਹਨ ਸਿੰਘ ਰਾਜੂ ਆਈ.ਏ.ਐਸ. ਨੂੰ ਨੌਕਰੀ ਤੋਂ ਅਸਤੀਫ਼ਾ ਦਿਵਾ ਕੇ ਉਮੀਦਵਾਰ ਬਣਾਇਆ। ਇਸ ਸੀਟ ਦਾ ਨਤੀਜਾ ਸ: ਸਿੱਧੂ ਅਤੇ ਸ: ਮਜੀਠੀਆ ਦੇ ਸਿਆਸੀ ਭਵਿੱਖ ਲਈ ਬਹੁਤ ਮਾਅਣੇ ਰੱਖਦਾ ਹੈ।

ਧੂਰੀ

‘ਆਮ ਆਦਮੀ ਪਾਰਟੀ’ ਦੇ ਸੰਗਰੂਰ ਤੋਂ ਦੋ ਵਾਰ ਦੇ ਸੰਸਦ ਮੈਂਬਰ, ਦੇਸ਼ ਵਿੱਚ ਪਾਰਟੀ ਦੇ ਇਕੋ ਇਕ ਲੋਕ ਸਭਾ ਮੈਂਬਰ ਅਤੇ ਪੰਜਾਬ ਇਕਾਈ ਦੇ ਪ੍ਰਧਾਨ ਸ:ਭਗਵੰਤ ਸਿੰਘ ਮਾਨ ਇਸ ਹਲਕੇ ਤੋਂ ਚੋਣ ਲੜ ਰਹੇ ਹਨ। ਉਹ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਵੀ ਹਨ ਇਸ ਲਈ ਉਨ੍ਹਾਂ ਦਾ ਇੱਥੋਂ ਜਿੱਤਣਾ ਜ਼ਰੂਰੀ ਹੈ ਅਤੇ ਪਾਰਟੀ ਉਨ੍ਹਾਂ ਦੀ ਜਿੱਤ ਦੀ ਆਸ ਲਾਈ ਬੈਠੀ ਹੈ ਪਰ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਜਿੰਨੀ ਸੌਖ਼ੀ ‘ਆਮ ਆਦਮੀ ਪਾਰਟੀ’ ਨੇ ਧੂਰੀ ਸੀਟ ਸਮਝੀ ਸੀ, ਉਨੀ ਸੌਖੀ ਇਹ ਜਾਪੀ ਨਹੀਂ ਕਿਉਂਕਿ ਇੱਥੋਂ ਦੇ ਕਾਂਗਰਸ ਦੇ ਵਿਧਾਇਕ ਸ੍ਰੀ ਦਲਵੀਰ ਗੋਲਡੀ ਦਾ ਨਾਂਅ ਵੀ ਢੁਕਵੇਂ ਉਮੀਦਵਾਰ ਦੇ ਤੌਰ ’ਤੇ ਬੋਲਦਾ ਰਿਹਾ। ਇਸ ਸੀਟ ਦੀ ਅਹਿਮੀਅਤ ਇੱਥੋਂ ਹੀ ਸਮਝੀ ਜਾ ਸਕਦੀ ਹੈ ਕਿ ਇੱਥੇ ਭਗਵੰਤ ਮਾਨ ਲਈ ਸ੍ਰੀਮਤੀ ਸੁਨੀਤਾ ਕੇਜਰੀਵਾਲ ਆਪਣੇ ਦਿਉਰ ਅਤੇ ਸ੍ਰੀ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਕੇਜਰੀਵਾਲ ਕ੍ਰਮਵਾਰ ਆਪਣੇ ‘ਦਿਉਰ’ ਅਤੇ ‘ਚਾਚੇ’ ਲਈ ਚੋਣ ਪ੍ਰਚਾਰ ਕਰਨ ਪੁੱਜੇ ਜਦਕਿ ਦਲਵੀਰ ਗੋਲਡੀ ਦੇ ਹੱਕ ਵਿੱਚ ਰੈਲੀ ਲਈ ਪ੍ਰਿਅੰਕਾ ਗਾਂਧੀ ਪੁੱਜੇ ਸਨ। ‘ਐਗਜ਼ਿਟ ਪੋਲਾਂ’ ਦੇ ਹਿਸਾਬ ਨਾਲ ਸਰਕਾਰ ਬਣਾ ਰਹੀ ‘ਆਪ’ ਲਈ ਇਹ ਬਹੁਤ ਜ਼ਰੂਰੀ ਹੈ ਕਿ ਐਲਾਨਿਆ ਗਿਆ ਮੁੱਖ ਮੰਤਰੀ ਦਾ ਚਿਹਰਾ ਆਪਣੀ ਚੋਣ ਜਿੱਤ ਜਾਵੇ।

ਚਮਕੌਰ ਸਾਹਿਬ

ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਆਪਣੇ ਪੱਕੇ ਹਲਕੇ ਚਮਕੌਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ। ਸ: ਚੰਨੀ ਇੱਥੋਂ ਹੀ ਜਿੱਤਦੇ ਆਏ ਹਨ ਪਰ ਇਸ ਵਾਰ ਜਿੱਥੇ ਮੁੱਖ ਮੰਤਰੀ ਹੋਣ ਦਾ ਕੁਝ ਲਾਭ ਹੋ ਸਕਦਾ ਹੈ, ਉੱਥੇ ਹੀ ‘ਐਂਟੀ ਇੰਕਮਬੈਂਸੀ’ ਅਤੇ ਸਾਰੀਆਂ ਪਾਰਟੀਆਂ ਵੱਲੋਂ ਇਸ ਸੀਟ ’ਤੇ ਜ਼ੋਰ ਲਾਉਣ ਨਾਲ ਡਗਰ ਕੁਝ ਔਖ਼ੀ ਹੀ ਜਾਪੀ ਹੋਵੇਗੀ ਕਿ ਇਕ ਹੋਰ ਸੀਟ ਭਦੌੜ ਦਾ ਵੀ ਰੁਖ਼ ਕੀਤਾ। ਵੇਖ਼ਿਆ ਜਾਵੇ ਤਾਂ ਮੁੱਖ ਮੰਤਰੀ ਲਈ ਭਦੌੜ ਤੋਂ ਜ਼ਰੂਰੀ ਚਮਕੌਰ ਸਾਹਿਬ ਦੀ ਜਿੱਤ ਹੋਣੀ ਚਾਹੀਦੀ ਹੈ ਜਿਸ ਹਲਕੇ ਤੋਂ ਉਹ ਲਗਾਤਾਰ ਜਿੱਤਦੇ ਆਏ ਹਨ ਅਤੇ ਜਿੱਥੋਂ ਜਿੱਤ ਕੇ ਉਹ ਮੰਤਰੀ ਅਤੇ ਮੁੱਖ ਮੰਤਰੀ ਬਣੇ। ‘ਆਮ ਆਦਮੀ ਪਾਰਟੀ’ ਦੇ ਉਮੀਦਵਾਰ ਅਤੇ ਸ: ਚੰਨੀ ਦੇ ਹਮਨਾਮ ਡਾ: ਚਰਨਜੀਤ ਸਿੰਘ ਉਨ੍ਹਾਂ ਲਈ ਤਕੜੀ ਟੱਕਰ ਹਨ ਜਦਕਿ ਅਕਾਲੀ-ਬਸਪਾ ਗਠਜੋੜ ਦੇ ਸ: ਹਰਮੋਹਨ ਸਿੰਘ ਸੰਧੂ ਵੀ ਮੁਕਾਬਲੇ ਵਿੱਚ ਹਨ।

ਭਦੌੜ

ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੇ ਚਮਕੌਰ ਸਾਹਿਬ ਦੇ ਨਾਲ ਨਾਲ ਭਦੌੜ ਤੋਂ ਵੀ ਕਾਂਗਰਸ ਦੇ ਉਮੀਦਵਾਰ ਬਣ ਜਾਣ ਨਾਲ ਭਦੌੜ ਵੀ ‘ਹੌਟ ਸੀਟ’ ਹੋ ਗਈ ਹੈ। ਸ: ਚੰਨੀ ਦਾਅਵਾ ਕਰ ਰਹੇ ਹਨ ਕਿ ਦੋਵੇਂ ਸੀਟਾਂ ਜਿੱਤਣ ’ਤੇ ਉਹ ਭਦੌੜ ਦੇ ਨਾਲ ਹੀ ਰਹਿਣਗੇ ਭਾਵ ਚਮਕੌਰ ਸਾਹਿਬ ਸੀਟ ਤਿਆਗ ਦੇਣਗੇ। ਇੱਥੇ ‘ਆਪ’ ਦੇ ਸ: ਲਾਭ ਸਿੰਘ ਉਗੋਕੇ ਅਤੇ ਅਕਾਲੀ-ਬਸਪਾ ਗਠਜੋੜ ਦੇ ਸ: ਸਤਨਾਮ ਸਿੰਘ ਰਾਹੀ ਮੁਕਾਬਲੇ ਵਿੱਚ ਹਨ।

ਲੰਬੀ

94 ਸਾਲ ਦੀ ਉਮਰ ਵਿੱਚ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਇੱਥੋਂ 6ਵੀਂ ਵਾਰ ਜੇਤੂ ਹੋਣ ਦੀ ਚਾਹ ਵਿੱਚ ਚੋਣ ਲੜ ਰਹੇ ਹਨ। ਸ:ਬਾਦਲ ਦੀ ਆਪਣੇ ਇਲਾਕੇ ’ਤੇ ਪਕੜ ਇੰਨੀ ਪੱਕੀ ਹੈ ਕਿ ਉਨ੍ਹਾਂ ਨੂੰ ਟੱਕਰ ਦੇਣ ਲਈ ਪਟਿਆਲਾ ਤੋਂ ਇਲਾਵਾ ਲੰਬੀ ਤੋਂ ਦੂਜੀ ਸੀਟ ’ਤੇ ਲੜਨ ਲਈ ਆਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹਾਰ ਦਾ ਮੂੰਹ ਵੇਖ਼ਣਾ ਪਿਆ ਸੀ ਅਤੇ ਰਾਜ ਵਿੱਚ ਕਾਂਗਰਸ ਦੀ ਲਹਿਰ ਦੇ ਬਾਵਜੂਦ ਸ: ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੂੰ 22,770 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਸੀ। ਇਸ ਵਾਰ ਸ: ਬਾਦਲ ਦਾ ਮੁਕਾਬਲਾ ‘ਆਮ ਆਦਮੀ ਪਾਰਟੀ’ ਦੇ ਸ: ਗੁਰਮੀਤ ਸਿੰਘ ਖੁੱਡੀਆਂ ਅਤੇ ਕਾਂਗਰਸ ਦੇ ਨੌਜਵਾਨ ਆਗੂ ਸ: ਜਗਪਾਲ ਸਿੰਘ ਅਬੁਲਖੁਰਾਣਾ ਮੈਦਾਨ ਵਿੱਚ ਹਨ। ਕਿਹਾ ਜਾ ਰਿਹਾ ਹੈ ਕਿ ਸ: ਖੁੱਡੀਆਂ ਨੇ ਸ: ਬਾਦਲ ਦੀ ਤੱਕੜੀ ਨੂੂੰ ਤਕੜੀ ਟੱਕਰ ਦਿੱਤੀ ਹੈ ਪਰ ਇਹ ਸੀਟ ਇਸੇ ਲਈ ਦਿਲਚਸਪ ਹੈ ਕਿ ਕੀ ਸ: ਬਾਦਲ ਇੱਥੋਂ ਜਿੱਤਦੇ ਹਨ ਜਾਂ ਕੋਈ ਹੋਰ ਅਤੇ ਜਾਂ ਫ਼ਿਰ ਜਿੱਤ-ਹਾਰ ਦੀ ਫ਼ਰਕ ਕਿੰਨਾ ਰਹਿੰਦਾ ਹੈ।

ਪਟਿਆਲਾ

ਪਟਿਆਲਾ ਵੀ ਇਸ ਵੇਲੇ ਪੰਜਾਬ ਦੀ ‘ਗਰਮਾ ਗਰਮ’ ਸੀਟ ਹੈ। ਕੈਪਟਨ ਅਮਰਿੰਦਰ ਸਿੰਘ ਉਹੀ ਹਨ ਪਰ ਹੁਣ ਕਾਂਗਰਸ ਦੇ ਨਹੀਂ, ਆਪਣੀ ਬਣਾਈ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨਵੀ ਹਨ ਅਤੇ ਉਮੀਦਵਾਰ ਵੀ। ਭਾਜਪਾ ਅਤੇ ਸ: ਸੁਖ਼ਦੇਵ ਸਿੰਘ ਢੀਂਡਸਾ ਦੇ ਸੰਯੁਕਤ ਅਕਾਲੀ ਦਲ ਨਾਲ ਗਠਜੋੜ ਹੈ। ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਅਜੀਤ ਪਾਲ ਸਿੰਘ ਕੋਹਲੀ ‘ਆਪ’ ਵੱਲੋਂ ਅਤੇ ਸ੍ਰੀ ਹਰਪਾਲ ਜੁਨੇਜਾ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਹਨ। ਯਾਦ ਰਹੇ ਕਿ ਕਾਂਗਰਸ ਦੇ ਉਮੀਦਵਾਰ ਵਜੋਂ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ‘ਆਪ’ ਦੇ ਡਾ:ਬਲਬੀਰ ਸਿੰਘ ਨੂੰ 52 ਹਜ਼ਾਰ ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਸੀ। ਚੋਣ ਪ੍ਰਚਾਰ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਕੇਂਦਰੀ ਰੱਖ਼ਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਰੈਲੀ ਅਤੇ ਰੋਡ ਸ਼ੋਅ ਕਰਕੇ ਗਏ ਹਨ। ਇਸ ਵਾਰ ਪਹਿਲਾ ਸੁਆਲ ਕੈਪਟਨ ਦੀ ਜਿੱਤ ਦਾ ਹੈ ਅਤੇ ਦੂਜਾ ਹੈ ਉਨ੍ਹਾਂ ਦੀ ਜਿੱਤ ਦੇ ਫ਼ਰਕ ਦਾ।

ਜਲਾਲਾਬਾਦ

ਇਹ ਸੀਟ ਇਸ ਲਈ ਹੌਟ ਨਹੀਂ ਹੈ ਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਬਰ ਸ: ਸੁਖ਼ਬੀਰ ਸਿੰਘ ਬਾਦਲ ਨੂੰ ਕੋਈ ਵੱਡਾ ਮੁਕਾਬਲਾ ਹੈ, ਕੇਵਲ ਇਸੇ ਲਈ ਹੌਟ ਹੈ ਕਿ ਅਕਾਲੀ-ਬਸਪਾ ਗਠਜੋੜ ਦਾ ਮੁੱਖ ਮੰਤਰੀ ਦਾ ਚਿਹਰਾ ਇੱਥੋਂ ਚੋਣ ਲੜ ਰਿਹਾ ਹੈ ਅਤੇ ਇੱਥੇ ਇਸ ਵਾਰ ਉਨ੍ਹਾਂ ਦੀ ਜਿੱਤ ਦਾ ਫ਼ਰਕ ਕੀ ਰਹਿੰਦਾ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਪਿਛਲੀ ਵਾਰ ਵਾਂਗ ਸ: ਰਵਨੀਤ ਸਿੰਘ ਬਿੱਟੂ ਅਤੇ ਸ: ਭਗਵੰਤ ਸਿੰਘ ਮਾਨ ਜਿਹੇ ਚਿਹਰੇ ਸ: ਸੁਖ਼ਬੀਰ ਸਿੰਘ ਬਾਦਲ ਦੇ ਮੁਕਾਬਲੇ ਵਿੱਚ ਉਤਾਰਣ ਦੀ ਲੋੜ ਨਹੀਂ ਸਮਝੀ। ਸ: ਸੁਖ਼ਬੀਰ ਸਿੰਘ ਬਾਦਲ ਦੇ ਲੋਕ ਸਭਾ ਵਿੱਚ ਜਾਣ ’ਤੇ ਇਸ ਹਲਕੇ ਦੀ ਹੋਈ ਜ਼ਿਮਨੀ ਚੋਣ ਵਿੱਚ ਜਿੱਤੇ ਕਾਂਗਰਸ ਆਗੂ ਰਮਿੰਦਰ ਆਂਵਲਾ ਦੀ ਜਗ੍ਹਾ ਪਾਰਟੀ ਨੇ ਇਸ ਵਾਰ ਕਾਂਗਰਸ ਨੇ ਬਸਪਾ ਦੇ ਸਾਬਕਾ ਸੰਸਦ ਮੈਂਬਰ ਸ: ਮੋਹਨ ਸਿੰਘ ਫ਼ਲੀਆਂਵਾਲਾ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਦਕਿ ‘ਆਪ’ ਵੱਲੋਂ ਜਗਦੀਪ ਸਿੰਘ ਗੋਲਡੀ ਕੰਬੋਜ ਮੈਦਾਨ ਵਿੱਚ ਹਨ। ਇਸ ਹਲਕੇ ਤੋਂ 2017 ਵਿੱਚ ਸ:ਸੁਖ਼ਬੀਰ ਸਿੰਘ ਬਾਦਲ ਨੇ ‘ਆਪ’ ਦੇ ਭਗਵੰਤ ਸਿੰਘ ਮਾਨ ਨੂੰ 18500 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਇਸ ਵਾਰ ਦਾ ਫ਼ਰਕ ਬੜਾ ਕੁਝ ਬਿਆਨ ਕਰ ਸਕਦਾ ਹੈ।

ਕਾਦੀਆਂ

ਕਾਦੀਆਂ ਹਲਕੇ ਤੋਂ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਬਰ ਸ: ਪ੍ਰਤਾਪ ਸਿੰਘ ਬਾਜਵਾ ਚੋਣ ਲੜ ਰਹੇ ਹਨ। ਪਿਛਲੀ ਵਾਰ ਇੱਥੋਂ ਕਾਂਗਰਸ ਵੱਲੋਂ ਸ: ਬਾਜਵਾ ਦੇ ਛੋਟੇ ਭਰਾ ਸ: ਫ਼ਤਹਿਜੰਗ ਸਿੰਘ ਬਾਜਵਾ ਜੇਤੂ ਰਹੇ ਸਨ। ਅਪ੍ਰੈਲ ਵਿੱਚ ਮੁੱਕਣ ਵਾਲੀ ਆਪਣੀ ਰਾਜ ਸਭਾ ਮੈਬਰੀ ਅਤੇ ਪੰਜਾਬ ਵਿੱਚ ਸਿਆਸਤ ਖ਼ੇਡਣ ਦਾ ਮਨ ਬਣਾ ਕੇ ਇਸ ਵਾਰ ਸ: ਪ੍ਰਤਾਪ ਸਿੰਘ ਬਾਜਵਾ ਨੇ ਟਿਕਟ ਵਾਲੀ ਕਹਾਣੀ ਪਹਿਲਾਂ ਹੀ ਕਾਂਗਰਸ ਹਾਈਕਮਾਨ ਨਾਲ ਮੁਕਾ ਲਈ ਸੀ ਅਤੇ ਇਹ ਗੱਲ ਸਾਹਮਣੇ ਆਉਣ ’ਤੇ ਨਾਰਾਜ਼ ਹੋਏ ਸ: ਫ਼ਤਹਿਜੰਗ ਸਿੰਘ ਬਾਜਵਾ ਨੇ ਭਾਜਪਾ ਦਾ ਝੰਡਾ ਚੁੱਕ ਹੀ ਨਹੀਂ ਲਿਆ, ਸਗੋਂ ਦਹਾਕਿਆਂ ਤੋਂ ਆਪਣੇ ਘਰ ’ਤੇ ਲਹਿਰਾਉਂਦੇ ਕਾਂਗਰਸ ਦੇ ਝੰਡੇ ਦੇ ਬਰਾਬਰ ਗੱਡ ਵੀ ਦਿੱਤਾ। ਕੇਂਦਰੀ ਬਲਾਂਵਾਲੀ ਸੁਰੱਖ਼ਿਆ ਵੀ ਮਿਲ ਗਈ ਤੇ ਬਟਾਲਾ ਤੋਂ ਭਾਜਪਾ ਦੀ ਟਿਕਟ ਵੀ। ਖ਼ੈਰ ਕਾਦੀਆਂ ਤੋਂ ਸ: ਬਾਜਵਾ ਦੇ ਮੁਕਾਬਲੇ ‘ਆਮ ਆਦਮੀ ਪਾਰਟੀ’ ਨੇ ਮਰਹੂਮ ਅਕਾਲੀ ਆਗੂ ਸ: ਸੇਵਾ ਸਿੰਘ ਸੇਖ਼ਵਾਂ ਦੇ ਬੇਟੇ ਸ: ਜਗਰੂਪ ਸਿੰਘ ਸੇਖ਼ਵਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਦਕਿ ਅਕਾਲੀ-ਬਸਪਾ ਉਮੀਦਵਾਰ ਵਜੋਂ ਸ: ਗੁਰਇਕਬਾਲ ਸਿੰਘ ਮਾਹਲ ਮੈਦਾਨ ਵਿੱਚ ਹਨ। ਇਸ ਸੀਟ ਦਾ ਨਤੀਜਾ ਇਸ ਲਈ ਮਹੱਤਵਪੂਰਨ ਹੈ ਕਿ ਇਹ ਸੀਟ ਜਿੱਤ ਕੇ ਸ: ਬਾਜਵਾ ਨਾ ਕੇਵਲ ਪੰਜਾਬ ਕਾਂਗਰਸ ਵਿੱਚ ਆਪਣੀ ਸਰਦਾਰੀ ਮੁੜ ਕਾਇਮ ਕਰ ਸਕਦੇ ਹਨ ਸਗੋਂ ਪਾਰਟੀ ਦੇ ਸਰਕਾਰ ਬਣਾਉਣ ਦੀ ਸੂਰਤ ਵਿੱਚ ਪਹਿਲਾਂ ਹੀ ਚਰਚਿਤ ਨਾਂਵਾਂ ਵਿੱਚ ਮੁੱਖ ਮੰਤਰੀ ਅਹੁਦੇ ਲਈ ਇਕ ਹੋਰ ਨਾਂਅ ਜੁੜ ਜਾਵੇਗਾ।

ਲਹਿਰਾ

ਇਸ ਸੀਟ ਤੋਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਰਜਿੰਦਰ ਕੌਰ ਭੱਠਲ ਇਕ ਵਾਰ ਫ਼ਿਰ ਕਿਸਮਤ ਅਜ਼ਮਾ ਰਹੇ ਹਨ। 2017 ਵਿੱਚ ਉਹ ਅਕਾਲੀ ਦਲ ਦੇ ਸ: ਪਰਮਿੰਦਰ ਸਿੰਘ ਢੀਂਡਸਾ ਤੋਂ 26815 ਵੋਟਾਂ ਦੇ ਵੱਡੇ ਫ਼ਰਕ ਨਾਲ ਹਾਰੇ ਸਨ। ਭਾਜਪਾ, ਕੈਪਟਨ ਅਤੇ ਢੀਂਡਸਾ ਗਠਜੋੜ ਤਹਿਤ ਇਹ ਸੀਟ ਅਕਾਲੀ ਦਲ ਸੰਯੁਕਤ ਦੇ ਹਿੱਸੇ ਆਈ ਹੈ ਅਤੇ ਅਕਾਲੀ ਦਲ ਸੰਯੁਕਤ ਲਈ ਇਹ ਸਭ ਤੋਂ ਅਹਿਮ ਸੀਟ ਹੈ। ਇਸ ਸੀਟ ਦੇ ਨਤੀਜੇ ਨਾਲ ਅਕਾਲੀ ਦਲ ਸੰਯੁਕਤ ਦਾ ਭਵਿੱਖ ਤੈਅ ਹੋਣਾ ਹੈ। ਇਸ ਸੀਟ ਤੋਂ ਸ: ਸੁਖ਼ਦੇਵ ਸਿੰਘ ਢੀਂਡਸਾ ਦੇ ਬੇਟੇ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਮੈਦਾਨ ਵਿੱਚ ਹਨ। ਸ: ਢੀਂਡਸਾ ਅਕਾਲੀ ਦਲ ਦੇ ਰਾਜ ਵਿੱਚ ਵਿੱਤ ਮੰਤਰੀ ਸਨ ਅਤੇ 2017 ਵਿੱਚ ਵੀ ਅਕਾਲੀ ਦਲ ਦੀ ਟਿਕਟ ’ਤੇ ਜਿੱਤੇ ਸਨ ਪਰ ਇਸ ਵਾਰ ਰਾਹ ਵੱਖਰਾ ਹੋ ਗਿਆ ਅਤੇ ਹੁਣ ਆਪਣੀ ਪਾਰਟੀ ਦੀ ਟਿਕਟ ’ਤੇ ਆਪਣੀ ਪਾਰਟੀ ਦੇ ਚੰਦ ਇਕ ਸਮਰੱਥ ਉਮੀਦਵਾਰਾਂ ਵਿੱਚੋਂ ਇਕ ਹਨ। ਅਕਾਲੀ ਦਲ ਵੱਲੋਂ ਇੱਥੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ: ਗੋਬਿੰਦ ਸਿੰਘ ਲੌਂਗੋਵਾਲ ਅਤੇ ‘ਆਮ ਆਦਮੀ ਪਾਰਟੀ’ ਵੱਲੋਂ ਸ੍ਰੀ ਬਰਿੰਦਰ ਕੁਮਾਰ ਗੋਇਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇੱਥੇ ਸਥਿਤੀ ਦਿਲਚਸਪ ਹੈ ਸ੍ਰੀਮਤੀ ਭੱਠਲ, ਪਰਮਿੰਦਰ ਢੀਂਡਸਾ ਜਾਂ ਫ਼ਿਰ ਕੋਈ ਹੋਰ?

ਸਮਰਾਲਾ

ਸਮਰਾਲਾ ਹਲਕਾ ਇਸ ਵੇਰਾਂ ਇਕ ਵੱਖਰੇ ਕਾਰਨ ਕਰਕੇ ਚਰਚਾ ਵਿੱਚ ਹੈ ਅਤੇ ਇੱਥੇ ਵੀ ਨਜ਼ਰਾਂ ਟਿਕੀਆਂ ਰਹਿਣਗੀਆਂ। ਦਿੱਲੀ ਬਾਰਡਰ ’ਤੇ ਕਿਸਾਨੀ ਸੰਘਰਸ਼ ਜਿੱਤ ਕੇ ਮੁੜੀਆਂ 22 ਕਿਸਾਨ ਜੱਥੇਬੰਦੀਆਂ ਦੇ ਬਣਾਏ ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਚਿਹਰੇ ਸ: ਬਲਬੀਰ ਸਿੰਘ ਰਾਜੇਵਾਲ ਪਹਿਲੀ ਵਾਰ ਚੋਣ ਪਿੜ ਵਿੱਚ ਉਤਰੇ ਹਨ। ਕਿਸਾਨੀ ਸੰਘਰਸ਼ ਦੀ ਜਿੱਤ ਤੋਂ ਉਲਾਰ ਹੋਈਆਂ ਕਿਸਾਨ ਜਥੇਬੰਦੀਆਂ ਦੇ ਇਸ ਮੋਰਚੇ ਦੀ ਚੋਣ ਮੁਹਿੰਮ ਕਿਹੋ ਜਿਹੀ ਰਹੀ ਹੈ, ਉਸ ਬਾਰੇ ਤਾਂ ਕਿਸੇ ਵਿਸ਼ੇਸ਼ ਟਿੱਪਣੀ ਦੀ ਲੋੜ ਨਹੀਂ ਹੈ ਪਰ ਇਹ ਜ਼ਰੂਰ ਹੈ ਕਿ ਹਰ ਕੋਈ ਵੇਖ਼ਣਾ ਚਾਹੇਗਾ ਕਿ ਕਿਸਾਨ ਜੱਥੇਬੰਦੀਆਂ ਦੇ ਮੁੱਖ ਮੰਤਰੀ ਦੇ ਚਿਹਰੇ ਸ: ਰਾਜੇਵਾਲ ਦੀ ਪਹਿਲੀ ਚੋਣ ਪਾਰੀ ਕਿੰਜ ਦੀ ਰਹਿੰਦੀ ਹੈ। ਮੋਰਚੇ ਵੱਲੋਂ ਸ: ਗੁਰਨਾਮ ਸਿੰਘ ਚੜੂਨੀ ਦੀ ਪਾਰਟੀ ਦੇ ਨਾਲ ਰਲ ਕੇ ਖੜ੍ਹੇ ਕੀਤੇ 117 ਉਮੀਦਵਾਰਾਂ ਵਿੱਚੋਂ ਸਭ ਤੋਂ ਪ੍ਰਭਾਵਸ਼ਾਲੀ ਅਤੇ ਚਰਚਿਤ ਚਿਹਰਾ ਸ: ਰਾਜੇਵਾਲ ਹੀ ਹਨ। ਇਸ ਹਲਕੇ ਤੋਂ ‘ਆਪ’ ਦੇ ਸ: ਜਗਤਾਰ ਸਿੰਘ, ਅਕਾਲੀ ਦਲ ਦੇ ਸ: ਜਸਪਾਲ ਸਿੰਘ ਢਿੱਲੋਂ ਅਤੇ ਕਾਂਗਰਸ ਦੇ ਰਾਜਾ ਗਿੱਲ ਮੈਦਾਨ ਵਿੱਚ ਹਨ।

ਬਠਿੰਡਾ ਸ਼ਹਿਰੀ

ਉਂਜ ਕਈ ਮੰਤਰੀਆਂ ਦੀਆਂ ਸੀਟਾਂ ‘ਹੌਟ’ ਹੋਣ ਦੇ ਬਾਵਜੂਦ ਇਸ ਸੂਚੀ ਵਿੱਚ ਸ਼ਾਮਲ ਨਹੀਂ ਕੀਤੀਆਂ ਗਈਆਂ ਪਰ ਇਹ ਸੀਟ ਸ਼ਾਮਲ ਕਰਨੀ ਇਸ ਲਈ ਜ਼ਰੂਰੀ ਹੈ ਕਿ ਇਸ ਸੀਟ ’ਤੇ ਚੋਣ ਪ੍ਰਚਾਰ ਦੌਰਾਨ ਹੀ ਕੁਝ ਖ਼ਾਸ ਉਥਲ ਪੁਥਲ ਵੇਖ਼ਣ ਦੀਆਂ ਕਨਸੋਆਂ ਮਿਲਦੀਆਂ ਰਹੀਆਂ। ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਦੀ ਪ੍ਰਤੀਨਿਧਤਾ ਵਾਲੀ ਇਸ ਸੀਟ ਬਾਰੇ ਇਹ ਵੀ ਚਰਚਾ ਰਹੀ ਕਿ ਸ: ਮਨਪ੍ਰੀਤ ਸਿੰਘ ਬਾਦਲ ਦਾ ਇਸ ਸੀਟ ਬਾਰੇ ਕੋਈ ਅੰਦਰੂਨੀ ਸਮਝੌਤਾ ਬਾਦਲ ਪਰਿਵਾਰ ਨਾਲ ਹੋਇਆ। ਇਹ ਰਿਪੋਰਟਾਂ ਆਈਆਂ ਕਿ ਮਨਪ੍ਰੀਤ ਬਾਦਲ ਦੀ ਸਥਿਤੀ ਇੱਥੋਂ ਮਜ਼ਬੂਤ ਕਰਨ ਲਈ ਅਤੇ ਲੰਬੀ ਤੋਂ ਸ: ਪ੍ਰਕਾਸ਼ ਸਿੰਘ ਬਾਦਲ ਦੀ ਸਥਿਤੀ ਮਜ਼ਬੂਤ ਕਰਨ ਲਈ ਵਿੱਛੜੇ-ਨਿੱਖੜੇ ਬਾਦਲ ਪਰਿਵਾਰ ਦੀ ਕੋਈ ਗੱਲਬਾਤ ਹੋਈ ਹੈ। ਇਸ ਦਾ ਕਾਰਨ ਦੁਸ਼ਮਨ ਦਾ ਦੁਸ਼ਮਨ ਦੋਸਤ ਹੋਣਾ ਵੀ ਦੱਸਿਆ ਜਾ ਰਿਹਾ ਹੈ। ਵਿੱਤ ਮੰਤਰੀ ਵੱਜੋਂ ਸ: ਮਨਪ੍ਰੀਤ ਸਿੰਘ ਬਾਦਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਜਿਵੇਂ ਮੁਲਾਜ਼ਮਾਂ ਨੇ ਅੰਤਲੇ ਦਿਨਾਂ ਵਿੱਚ ਬਠਿੰਡਾ ਦੀ ਗੇੜੀ ਕੱਢੀ ਉਹ ਵੀ ਚਰਚਾ ਵਿੱਚ ਰਹੀ ਹੈ। ਇਸ ਹਲਕੇ ਤੋਂ ਸ: ਮਨਪ੍ਰੀਤ ਸਿੰਘ ਬਾਦਲ ਦੇ ਖ਼ਾਸ ਰਹੇ ਸ: ਜਗਰੂਪ ਸਿੰਘ ਗਿੱਲ ਹੁਣ ‘ਆਪ’ ਵੱਲੋਂ ਅਤੇ ਅਕਾਲੀ-ਬਸਪਾ ਗਠਜੋੜ ਵੱਲੋਂ ਸ੍ਰੀ ਸਰੂਪ ਚੰਦ ਸਿੰਗਲਾ ਉਮੀਦਵਾਰ ਹਨ।

ਗਿੱਦੜਬਾਹਾ

ਮੰਤਰੀ ਹੋਣ ਦੇ ਬਾਵਜੂਦ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਲਕੇ ਗਿੱਦੜਬਾਹਾ ਦਾ ਜ਼ਿਕਰ ਕਰਨਾ ਬਣਦਾ ਹੈ। ਉਨ੍ਹਾਂ ਦੇ ਟਰਾਂਸਪੋਰਟ ਮੰਤਰੀ ਬਣਨ ’ਤੇ ਉਨ੍ਹਾਂ ਦੇ ਨਵੇਂ ਉੱਭਰੇ ‘ਕਾਨਫੀਡੈਂਸ’ ਕਰਕੇ ਜਿਸ ਤਰ੍ਹਾਂ ਦਾ ਘਟਨਾਕ੍ਰਮ ਵਾਪਰਿਆ ਅਤੇ ਉਨ੍ਹਾਂ ਨੂੰ ਜਿਸ ਤਰ੍ਹਾਂ ਬਾਦਲ ਪਰਿਵਾਰ ਅਤੇ ਟਰਾਂਸਪੋਰਟ ਲਾਬੀ ਦਾ ਸਾਹਮਣਾ ਕਰਨਾ ਪਿਆ ਉਸ ਕਰਕੇ ਇਹ ਸੀਟ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੋ ਗਈ ਹੈ। ਅੰਮ੍ਰਿਤਸਰ ਪੂਰਬੀ ਵਿੱਚ ਜੋ ਹਾਲ ਮਜੀਠੀਆ ਬਨਾਮ ਸਿੱਧੂ ਬਣਿਆ ਹੈ, ਲਗਪਗ ਉਹੀ ਹਾਲ ਅਕਾਲੀ ਦਲ ਬਾਦਲ ਅਤੇ ਟਰਾਂਸਪੋਰਟ ਲਾਬੀ ਬਨਾਮ ਰਾਜਾ ਵੜਿੰਗ ਬਣਿਆ ਪਿਆ ਹੈ। ਰਾਜਾ ਵੜਿੰਗ ਖ਼ੁਦ ਇਹ ਦੋਸ਼ ਲਾ ਹਟੇ ਹਨ ਕਿ ਉਨ੍ਹਾਂ ਨੂੰ ਹਰਾਉਣ ਲਈ ਨਾ ਕੇਵਲ ਸ: ਸੁਖ਼ਬੀਰ ਸਿੰਘ ਬਾਦਲ ਕਈ ਵਾਰ ਗਿੱਦੜਬਾਹਾ ਦੀਆਂ ਗੇੜੀਆਂ ਕੱਢ ਗਏ ਸਗੋਂ ਮਨਪ੍ਰੀਤ ਬਾਦਲ ਨਾਲ ਬਾਦਲ ਪਰਿਵਾਰ ਦਾ ਅੰਦਰੂਨੀ ਸਮਝੌਤਾ ਵੀ ਦਰਅਸਲ ਆਪਣੀਆਂ ਸੀਟਾਂ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੂੰ ਹਰਾਉਣ ਦਾ ਹੈ। ਇੱਥੋਂ ਅਕਾਲੀ ਦਲ ਦੇ ਸ:ਹਰਦੀਪ ਸਿੰਘ ਡਿੰਪੀ ਅਤੇ ‘ਆਪ’ ਦੇ ਸ੍ਰੀ ਪ੍ਰੀਤਪਾਲ ਸ਼ਰਮਾ ਸ੍ਰੀ ਰਾਜਾ ਵੜਿੰਗ ਨੂੰ ਟੱਕਰ ਦੇ ਰਹੇ ਹਨ।

ਸੰਗਰੂਰ

ਸੰਗਰੂਰ ਇਕ ਹੋਰ ਹਲਕਾ ਹੈ ਜਿੱਥੋਂ ਇਕ ਮੌਜੂਦਾ ਮੰਤਰੀ, ਕਾਂਗਰਸ ਨੇਤਾ ਸ੍ਰੀ ਵਿਜੇ ਇੰਦਰ ਸਿੰਗਲਾ ਚੋਣ ਮੈਦਾਨ ਵਿੱਚ ਹਨ ਪਰ ਇਹ ਹਲਕਾ ਇਸ ਸੂਚੀ ਵਿੱਚ ਇਸ ਲਈ ਹੈ ਕਿ ਇੱਥੇ ਭਾਜਪਾ ਨੇ ਸ੍ਰੀ ਅਰਵਿੰਦ ਖੰਨਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਅਕਾਲੀ ਦਲ ਦੇ ਸ: ਸੁਖ਼ਬੀਰ ਸਿੰਘ ਬਾਦਲ ਦੇ ਨਜ਼ਦੀਕੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤੇਦਾਰ ਸ੍ਰੀ ਖੰਨਾ ਇਕ ਧਨਾਢ ਵਪਾਰੀ ਅਤੇ ਸਮਾਜ ਸੇਵੀ ਹਨ। ਅਕਾਲੀ ਦਲ ਤੋਂ ਸਿਆਸਤ ਸ਼ੁਰੂ ਕਰਨ ਵਾਲੇ ਸ੍ਰੀ ਖੰਨਾ ਨੇ ਵਿਧਾਨ ਸਭਾ ਵਿੱਚ ਕਾਂਗਰਸ ਟਿਕਟ ’ਤੇ ਇਕ ਵਾਰ ਸੰਗਰੂਰ ਅਤੇ ਇਕ ਵਾਰ ਧੂਰੀ ਤੋਂ ਜਿੱਤ ਪ੍ਰਾਪਤ ਕੀਤੀ ਅਤੇ 2004 ਵਿੱਚ ਉਨ੍ਹਾਂ ਨੇ ਸੰਗਰੂਰ ਲੋਕ ਸਭਾ ਚੋਣ ਵੀ ਲੜੀ ਪਰ ਉਹ ਅਕਾਲੀ ਦਲ ਦੇ ਸ: ਸੁਖ਼ਦੇਵ ਸਿੰਘ ਢੀਂਡਸਾ ਤੋਂ ਬਹੁਤ ਘੱਟ ਵੋਟਾਂ ਦੇ ਫ਼ਰਕ ਨਾਲ ਹਾਰ ਗਏ। 2014 ਵਿੱਚ ਉਨ੍ਹਾਂ ਨੇ ਕਾਂਗਰਸ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਅਤੇ 2015 ਵਿੱਚ ਕਾਂਗਰਸ ਪਾਰਟੀ ਤੋਂ। ਇਸ ਲਈ ਉਨ੍ਹਾਂ ਨੇ ਨਿੱਜੀ ਅਤੇ ਵਪਾਰਕ ਕਾਰਨ ਦੱਸੇ ਸਨ। ਹੁਣ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਤੋਂ ਵੱਖ ਹੋਣ ਤੋਂ ਬਾਅਦ ਉਹ ਪੰਜਾਬ ਲੋਕ ਕਾਂਗਰਸ ਵਿੱਚ ਨਾ ਜਾ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਸੰਗਰੂਰ ਤੋਂ ਉਨ੍ਹਾਂ ਨੂੰ ਟਿਕਟ ਮਿਲੀ ਹੈ। ਉਂਜ ‘ਆਪ’ ਦੇ ਪ੍ਰਭਾਵ ਵਾਲੇ ਇਸ ਜ਼ਿਲ੍ਹੇ ਵਿੱਚ ‘ਆਪ’ ਦੀ ਨਰਿੰਦਰ ਕੌਰ ਭਰਾਜ ਅਤੇ ਅਕਾਲੀ-ਬਸਪਾ ਉਮੀਦਵਾਰ ਵਿੰਨਰਜੀਤ ਸਿੰਘ ਗੋਲਡੀ ਵੀ ਮੈਦਾਨ ਵਿੱਚ ਹਨ ਅਤੇ ਮੁਕਾਬਲਾ ਬਹੁਕੋਨਾ ਹੈ।

ਅਬੋਹਰ

ਅਬੋਹਰ ਦੀ ਚਰਚਾ ਤਾਂ ਬਣਦੀ ਹੀ ਹੈ। ਇੱਥੇ ਕਾਂਗਰਸ ਪਾਰਟੀ ਵੱਲੋਂ ਚੋਣ ਤਾਂ ਭਾਵੇਂ ਸ੍ਰੀ ਸੁਨੀਲ ਜਾਖ਼ੜ ਦੇ ਭਤੀਜੇ ਸ੍ਰੀ ਸੰਦੀਪ ਜਾਖ਼ੜ ਲੜ ਰਹੇ ਹਨ ਪਰ ਜਿੱਤ-ਹਾਰ ਸ੍ਰੀ ਸੁਨੀਲ ਜਾਖ਼ੜ ਨਾਲ ਜੋੜ ਕੇ ਹੀ ਵੇਖ਼ੀ ਜਾਵੇਗੀ। ਇਹ ਹਲਕਾ ਵੀ ਸ੍ਰੀ ਜਾਖ਼ੜ ਦਾ ਹੈ, ਇੱਥੋਂ ਆਪ ਚੋਣ ਨਾ ਲੜ ਕੇ ਭਾਣਜੇ ਨੂੰ ਟਿਕਟ ਦੁਆਉਣ ਦਾ ਫ਼ੈਸਲਾ ਵੀ ਉਨ੍ਹਾਂ ਦਾ ਹੈ ਅਤੇ ਜਿੱਤ ਹਾਰ ਵੀ ਉਨ੍ਹਾਂ ਦੇ ਖ਼ਾਤੇ ਹੀ ਜਾਵੇਗੀ। ਉਂਜ 2017 ਵਿੱਚ ਸ੍ਰੀ ਸੁਨੀਲ ਜਾਖ਼ੜ ਇਸ ਹਲਕੇ ਤੋਂ ਖੁਦ ਚੋਣ ਲੜਦੇ ਹੋਏ ਭਾਜਪਾ ਦੇ ਸ੍ਰੀ ਅਰੁਨ ਨਾਰੰਗ ਤੋਂ ਕੇਵਲ 3279 ਵੋਟਾਂ ਦੇ ਫ਼ਰਕ ਨਾਲ ਹਾਰੇ ਸਨ। ਸ੍ਰੀ ਅਰੁਨ ਨਾਰੰਗ ਉਹੀ ਭਾਜਪਾ ਵਿਧਾਇਕ ਹਨ ਜਿਨ੍ਹਾਂ ਨਾਲ ਕਿਸਾਨ ਸੰਘਰਸ਼ ਦੌਰਾਨ ਵਾਪਰੀ ਇਕ ਅਣਸੁਖ਼ਾਵੀਂ ਘਟਨਾ ਦੀ ਕਾਫ਼ੀ ਅਲੋਚਨਾ ਹੋਈ ਸੀ। ਸ਼ਾਇਦ ਇਹੀ ਕਾਰਨ ਰਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਖ਼ੁਦ ਸ੍ਰੀ ਨਾਰੰਗ ਅਤੇ ਹੋਰਨਾਂ ਉਮੀਦਵਾਰਾਂ ਦੇ ਹੱਕ ਵਿੱਚ ਅਬੋਹਰ ਵਿਖ਼ੇ ਇਕ ਰੈਲੀ ਨੂੰ ਸੰਬੋਧਨ ਕੀਤਾ ਸੀ। ਇੱਥੇ ‘ਆਪ’ ਵੱਲੋਂ ਸ੍ਰੀ ਦੀਪ ਕੰਬੋਜ ਅਤੇ ਅਕਾਲੀ-ਬਸਪਾ ਗਠਜੋੜ ਵੱਲੋਂ ਸ੍ਰੀ ਮਹਿੰਦਰ ਪਾਲ ਰਿਣਵਾਂ ਉਮੀਦਵਾਰ ਹਨ।

ਮੋਗਾ

ਨਜ਼ਰਾਂ ਮੋਗਾ ਵੱਲ ਵੀ ਰਹਿਣਗੀਆਂ। ਕਾਂਗਰਸ ਵਿੱਚ ਨਵੀਂ ਸ਼ਾਮਲ ਹੋਈ ਮਾਲਵਿਕਾ ਸੂਦ ਇੱਥੋਂ ਪਾਰਟੀ ਦੀ ਉਮੀਦਵਾਰ ਹੈ ਪਰ ਜਿੱਤ ਹਾਰ ਤਾਂ ਉਨ੍ਹਾਂ ਦੇ ਭਰਾ, ਬਾਲੀਵੁੱਡ ਸਿਤਾਰੇ ਅਤੇ ਸਮਾਜ ਸੇਵੀ ਸੋਨੂੰ ਸੂਦ ਦੇ ਖ਼ਾਤੇ ਜਾਵੇਗੀ। ਸੂਦ ਪਰਿਵਾਰ ਦਾ ਨਾਂਅ ਹੈ ਅਤੇ ਜੜ੍ਹਾਂ ਤੋਂ ਟੁੱਟਿਆ ਨਹੀਂ ਪਰ ਮਾਲਵਿਕਾ ਸੂਦ ਦੀ ਕਾਂਗਰਸ ਵਿੱਚ ਸ਼ਮੂਲੀਅਤ ਅਤੇ ਟਿਕਟ ਦਿੱਤੇ ਜਾਣ ’ਤੇ ਕਾਂਗਰਸ ਦੇ ਮੌਜੂਦਾ ਵਿਧਾਇਕ ਹਰਜੋਤ ਕਮਲ ਜ਼ਰੂਰ ਪਾਰਟੀ ਨਾਲੋਂ ਟੁੱਟ ਗਏ ਅਤੇ ਭਾਜਪਾ ਦੇ ਕਮਲ ਨਾਲ ਜੁੜ ਗਏ। ਹੁਣ ਹਰਜੋਤ ਕਮਲ ਭਾਜਪਾ ਦੇ ਉਮੀਦਵਾਰ ਹਨ। ਮਾਲਵਿਕਾ ਸੂਦ ਅਤੇ ਹਰਜੋਤ ਕਮਲ ਵਿਚਾਲੇ ਹੀ ਮੁਕਾਬਲਾ ਨਹੀਂ ਹੈ। ਟੱਕਰ ਵਿੱਚ ਅਕਾਲੀ ਦਲ ਦੇ ਸੀਨੀਅਰ ਨੇਤਾ ਜਥੇਦਾਰ ਤੋਤਾ ਸਿੰਘ ਦੇ ਬੇਟੇ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ‘ਆਮ ਆਦਮੀ ਪਾਰਟੀ’ ਦੀ ਡਾਕਟਰ ਅਮਨਦੀਪ ਕੌਰ ਅਰੋੜਾ ਹੈ। ‘ਆਪ’ ਦਾ ਐਗਜ਼ਿਟ ਪੋਲ ਵਾਲਾ ਝਾੜੂ ਮਾਲਵਿਕਾ ਸੂਦ ਦੀ ਰਾਹ ਰੋਕ ਸਕਦਾ ਹੈ ਜਾਂ ਨਹੀਂ, ਵੇਖ਼ਣਾ ਦਿਲਚਸਪ ਹੋਵੇਗਾ।

ਮਾਨਸਾ

ਮਾਨਸਾ ਸੀਟ ਕਾਂਗਰਸ ਪਾਰਟੀ ਵੱਲੋਂ ਇਸ ਹਲਕੇ ਤੋਂ ਨਾਮਵਰ ਅਤੇ ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਨੂੰ ਮੈਦਾਨ ਵਿੱਚ ਉਤਾਰਣ ਕਰਕੇ ਚਰਚਾ ਦਾ ਵਿਸ਼ਾ ਹੈ। ਇਸ ਹਲਕੇ ਦੇ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ਸ: ਨਾਜ਼ਰ ਸਿੰਘ ਮਨਸ਼ਾਹੀਆ ਇਸੇ ਆਸ ਵਿੱਚ ਕਾਂਗਰਸ ਵਿੱਚ ਜਾ ਰਲੇ ਸਨ ਕਿ ਹੁਣ ਕਾਂਗਰਸ ਵੱਲੋਂ ਟਿਕਟ ਮਿਲ ਜਾਵੇਗੀ ਪਰ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨੇ ‘ਸਿੱਧੂ ਮੂਸੇਵਾਲਾ ਸਾਹਬ ਸਾਡੀ ਪਾਰਟੀ ਵਿੱਚ ਆ ਰਹੇ ਹਨ’ ਕਹਿ ਕੇ ਐਸੀ ‘ਗਰੈਂਡ’ ਐਂਟਰੀ ਕਰਵਾਈ ਕਿ ਸ: ਮਨਸ਼ਾਹੀਆ ਨੂੰ ਟਿਕਟ ਮਿਲਣ ਦਾ ਕੋਈ ਰਾਹ ਨਾ ਬਚਿਆ। ਉਂਜ ਸਿੱਧੂ ਮੂਸੇਵਾਲਾ ਨੂੂੰ ਟਕਸਾਲੀ ਕਾਂਗਰਸੀ ਪਰਿਵਾਰਾਂ ਅਤੇ ਹਲਕੇ ਦੇ ਆਗੂਆਂ ਦਾ ਰੋਹ ਅਤੇ ਵਿਰੋਧ ਵੀ ਝੱਲਣਾ ਪਿਆ ਹੈ। ਇੱਥੋਂ ‘ਆਮ ਆਦਮੀ ਪਾਰਟੀ’ ਵੱਲੋਂ ਡਾ: ਵਿਜੇ ਸਿੰਗਲਾ ਅਤੇ ਅਕਾਲੀ-ਬਸਪਾ ਗਠਜੋੜ ਵੱਲੋਂ ਪ੍ਰੇਮ ਕੁਮਾਰ ਅਰੋੜਾ ਮੁਕਾਬਲੇ ਵਿੱਚ ਹਨ।

ਅੰਮ੍ਰਿਤਸਰ ਉੱਤਰੀ

ਅੰਮ੍ਰਿਤਸਰ ਉੱਤਰੀ ਦੀ ਸੀਟ ਦੋ ਵਿਅਕਤੀਆਂ ਕਾਰਨ ਅਹਿਮ ਹੋ ਗਈ ਹੈ। ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਕੇ ਭਾਜਪਾ ਛੱਡਣ ਵਾਲੇ ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ ਇਸ ਹਲਕੇ ਤੋਂ ਹੁਣ ਅਕਾਲੀ ਦਲ ਦੇ ਉਮੀਦਵਾਰ ਹਨ। ਦੂਜੇ ਬੇਅਦਬੀ ਮਾਮਲਿਆਂ ਕਾਰਨ ਚਰਚਾ ਵਿੱਚ ਆਏ ਪੰਜਾਬ ਪੁਲਿਸ ਦੇ ਸਾਬਕਾ ਆਈ.ਜੀ. ਸ੍ਰੀ ਕੁੰਵਰ ਵਿਜੇ ਪ੍ਰਤਾਪ, ਨੌਕਰੀ ਤੋਂ ਅਸਤੀਫ਼ਾ ਦੇਣ ਬਾਅਦ ‘ਆਪ’ ਉਮੀਦਵਾਰ ਦੇ ਤੌਰ ’ਤੇ ਚੋਣ ਮੈਦਾਨ ਵਿੱਚ ਹਨ। ਕਾਂਗਰਸ ਦੇ ਉਮੀਦਵਾਰ ਸ੍ਰੀ ਸੁਨੀਲ ਦੱਤੀ ਇਸ ਵੇਲੇ ਇਸ ਹਲਕੇ ਦੇ ਵਿਧਾਇਕ ਹਨ ਜਿਨ੍ਹਾਂ ਨੇ 2017 ਵਿੱਚ ਭਾਜਪਾ ਦੇ ਸ੍ਰੀ ਅਨਿਲ ਜੋਸ਼ੀ ਨੂੰ 14236 ਵੋਟਾਂ ’ਤੇ ਹਰਾਇਆ ਸੀ। ਭਾਜਪਾ ਦੇ ਸੁਖਵਿੰਦਰ ਸਿੰਘ ਪਿੰਟੂ ਵੀ ਮੈਦਾਨ ਵਿੱਚ ਹਨ। ਦਰਅਸਲ ਇੱਥੇ ਦੀ ਤਿੰਨ ਕੋਨੀ ਟੱਕਰ ਵਿੱਚ ਕੌਣ ਬਾਜ਼ੀ ਮਾਰਦਾ ਹੈ, ਇਹ ਵੇਖ਼ਣ ਵਾਲੀ ਗੱਲ ਹੋਵੇਗੀ ਪਰ ਅਹਿਮ ਤਾਂ ਇਹੀ ਰਹੇਗਾ ਕਿ ਅਨਿਲ ਜੋਸ਼ੀ ਅਤੇ ਕੁੰਵਰ ਵਿਜੇ ਪ੍ਰਤਾਪ ਦਾ ਚੋਣ ਨਤੀਜਾ ਕੀ ਰਹਿੰਦਾ ਹੈ। ਕੀ ਭਾਜਪਾ ਦੀ ਵੋਟ ਅਨਿਲ ਜੋਸ਼ੀ ਨੂੰ ਮਿਲੇਗੀ ਜਾਂ ਫ਼ਿਰ ਭਾਜਪਾ ਨੇ ਜੋਸ਼ੀ ਨੂੰ ਹਰਾਉਣ ਲਈ ਜ਼ੋਰ ਲਾਇਆ ਹੋਵੇਗਾ? ਬੇਅਦਬੀਆਂ ਮਾਮਲੇ ’ਤੇ ਆਪਣੀ ਭੂਮਿਕਾ ਕਰਕੇ ਸਿੱਖਾਂ ਵਿੱਚ ਆਪਣੀ ਥਾਂ ਬਣਾਉਣ ਅਤੇ ਫ਼ਿਰ ਰਾਜਨੀਤੀ ਵਿੱਚ ਆਉਣ ਦਾ ਫ਼ੈਸਲਾ ਲੈਣ ਵਾਲੇ ਸ੍ਰੀ ਕੁੰਵਰ ਵਿਜੇ ਪ੍ਰਤਾਪ ਬਾਰੇ ਲੋਕ ਕੀ ਸੋਚਦੇ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਵੀਰਵਾਰ ਦੁਪਹਿਰ ਹੁੰਦਿਆਂ ਤਕ ਆ ਜਾਣੇ ਹਨ।

ਫ਼ਗਵਾੜਾ

ਫ਼ਗਵਾੜਾ ਹਲਕੇ ਦੇ ਚੋਣ ਨਤੀਜੇ ਕਈ ਪੱਖੋਂ ਅਹਿਮ ਰਹਿਣੇ ਹਨ। ਇੱਥੋਂ ਸਾਬਕਾ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ਭਾਜਪਾ ਵੱਲੋਂ ਮੈਦਾਨ ਵਿੱਚ ਹਨ ਜਦਕਿ ਮਰਹੂਮ ਸਾਬਕਾ ਕੇਂਦਰੀ ਮੰਤਰੀ ਸ: ਬੂਟਾ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਸ: ਜੋਗਿੰਦਰ ਸਿੰਘ ਮਾਨ ਕਾਂਗਰਸ ਛੱਡ ਕੇ ‘ਆਮ ਆਦਮੀ ਪਾਰਟੀ’ ਵੱਲੋਂ ਡਟੇ ਹੋਏ ਹਨ। ਇਸ ਇਲਾਕੇ ਦੀ ਹੋਰ ਅਹਿਮ ਗੱਲ ਇਹ ਹੈ ਕਿ ਬਸਪਾ ਪੰਜਾਬ ਦੇ ਪ੍ਰਧਾਨ ਸ: ਜਸਵੀਰ ਸਿੰਘ ਗੜ੍ਹੀ ਵੀ ਇੱਥੋਂ ਚੋਣ ਮੈਦਾਨ ਵਿੱਚ ਹਨ ਅਤੇ ਅਕਾਲੀ-ਬਸਪਾ ਸਮਝੌਤੇ ਕਾਰਨ ਉਹਨਾਂ ਨੂੰ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਦਾਅਵੇ ਅਤੇ ਦਾਅਵੇਦਾਰੀਆਂ ਸਾਰਿਆਂ ਦੀਆਂ ਹੀ ਠੋਕਵੀਆਂ ਹਨ। ਜ਼ਿਕਰਯੋਗ ਹੈ ਕਿ ਇਸ ਹਲਕੇ ਦੀ ਪਹਿਲਾਂ ਨੁਮਾਇੰਦਗੀ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਕਰਦੇ ਰਹੇ ਹਨ ਪਰ 2019 ਲੋਕ ਸਭਾ ਚੋਣ ਹੁਸ਼ਿਆਰਪੁਰ ਤੋਂ ਜਿੱਤਣ ਮਗਰੋਂ ਉਹਨਾਂ ਨੇ ਇਹ ਸੀਟ ਛੱਡੀ ਸੀ ਜੋ ਜ਼ਿਮਨੀ ਚੋਣ ਦੌਰਾਨ ਕਾਂਗਰਸ ਦੇ ਸ: ਬਲਵਿੰਦਰ ਸਿੰਘ ਧਾਲੀਵਾਲ ਨੇ ਜਿੱਤੀ ਸੀ। ਇੱਥੇ ਲੋਕ ਇਨਸਾਫ਼ ਪਾਰਟੀ ਦੇ ਸ੍ਰੀ ਜਰਨੈਲ ਨੰਗਲ ਵੀ ਮੈਦਾਨ ਵਿੱਚ ਹਨ ਅਤੇ ਵੇਖ਼ਣ ਵਾਲੀ ਗੱਲ ਹੋਵੇਗੀ ਕਿ ਇਸ ਸਚਮੁੱਚ ਦੇ ਬਹੁਕੋਨੇ ਮੁਕਾਬਲੇ ਵਿੱਚ ਕੌਣ ਬਾਜ਼ੀ ਮਾਰਦਾ ਹੈ।

ਆਤਮ ਨਗਰ, ਲੁਧਿਆਣਾ

ਲੁਧਿਆਣਾ ਦੀ ਆਤਮ ਨਗਰ ਸੀਟ ਦਾ ਨਤੀਜਾ ਵੀ ਵਾਚਣਯੋਗ ਹੋਵੇਗਾ। ਇੱਥੋਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਮੌਜੂਦਾ ਵਿਧਾਇਕ ਸ: ਸਿਮਰਜੀਤ ਸਿੰਘ ਬੈਂਸ ਇਕ ਵਾਰ ਫ਼ਿਰ ਮੈਦਾਨ ਵਿੱਚ ਹਨ। ਉਂਜ ਤਾਂ ਉਹ ਅਕਸਰ ਹੀ ਸੁਰਖ਼ੀਆਂ ਵਿੱਚ ਹੀ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਦੇ ਨਾਂਅ ਨਾਲ ਚੋਣਾਂ ਤੋਂ ਪਹਿਲਾਂ ਕੁਝ ਅਣਸੁਖ਼ਾਵੇਂ ਵਿਵਾਦ ਜੁੜੇ ਜਿਨ੍ਹਾਂ ਦਾ ਅਸਰ ਇਨ੍ਹਾਂ ਚੋਣਾਂ ’ਤੇ ਕੀ ਪੈਂਦਾ ਹੈ, ਇਹ ਵੇਖ਼ਣ ਵਾਲੀ ਗੱਲ ਹੋਵੇਗੀ। ਉਨ੍ਹਾਂ ਦੇ ਮੁਕਾਬਲੇ ਅਕਾਲੀ-ਬਸਪਾ ਗਠਜੋੜ ਦੇ ਐਡਵੋਕੇਟ ਹਰੀਸ਼ ਰਾਏ ਢਾਂਡਾ ਅਤੇ ਕਾਂਗਰਸ ਦੇ ਕੰਵਲਜੀਤ ਸਿੰਘ ਕਰਵਲ, ਭਾਜਪਾ ਦੇ ਸ੍ਰੀ ਪ੍ਰੇਮ ਮਿੱਤਲ ਅਤੇ ‘ਆਪ’ ਦੇ ਕੁਲਵੰਤ ਸਿੰਘ ਸਿੱਧੂ ਵੀ ਮੈਦਾਨ ਵਿੱਚ ਹਨ। ਅਕਾਲੀ ਦਲ ਅਤੇ ਕਾਂਗਰਸ ਵਰਗੀਆਂ ਪਾਰਟੀਆਂ ਨੂੰ ਚੁਣੌਤੀ ਦੇ ਕੇ ਆਪਣੀਆਂ ਦੋਵੇਂ ਸੀਟਾਂ ਜਿੱਤਦੇ ਆ ਰਹੇ ਬੈਂਸ ਭਰਾ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਇਸ ਵਾਰ ਆਤਮ ਨਗਰ ਦੀ ਸੀਟ ਬਚਾ ਪਾਉਂਦੇ ਹਨ ਜਾਂ ਨਹੀਂ, ਇਹ ਸਭ ਲਈ ਵੱਡਾ ਸਵਾਲ ਹੈ।

ਬੱਸੀ ਪਠਾਣਾਂ

ਬੱਸੀ ਪਠਾਣਾਂ ਇਕ ਐਸੀ ਸੀਟ ਹੈ ਜਿਹੜੀ ਆਪਣੇ ਆਪ ਵਿੱਚ ਅੱਲੋਕਾਰ ਸਥਿਤੀਆਂ ਅਤੇ ਗਿਣਤੀਆਂ ਮਿਣਤੀਆਂ ਲਈ ਬੈਠੀ ਹੈ। ਇੱਥੋਂ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਹੀ ‘ਬਾਗੀ’ ਹੋ ਕੇ ਕਾਂਗਰਸ ਉਮੀਦਵਾਰ ਦੇ ਖਿਲਾਫ਼ ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਇਹ ਗੱਲ ਹੁਣ ਜਨਤਕ ਹੋ ਚੁੱਕੀ ਹੈ ਕਿ ਮੁੱਖ ਮੰਤਰੀ ਦੇ ਭਰਾ ਡਾ: ਮਨੋਹਰ ਸਿੰਘ ਜੋ ਸਰਕਾਰੀ ਨੌਕਰੀ ਵਿੱਚ ਸਨ ਦਾ ਕਿਸੇ ਗੱਲੋਂ ਬੱਸੀ ਪਠਾਣਾਂ ਦੇ ਕਾਂਗਰਸ ਵਿਧਾਇਕ ਸ: ਗੁਰਪ੍ਰੀਤ ਸਿੰਘ ਜੀ.ਪੀ. ਨਾਲ ਵਿਵਾਦ ਹੋ ਗਿਆ ਸੀ ਅਤੇ ਦੋਹਾਂ ਵਿੱਚ ਇਸ ਹੱਦ ਤਕ ਠਣ ਗਈ ਕਿ ਡਾ: ਮਨੋਹਰ ਸਿੰਘ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਚੋਣ ਮੈਦਾਨ ਵਿੱਚ ਡਟ ਗਏ। ਉਹ ਕਾਂਗਰਸ ਟਿਕਟ ਮੰਗ ਰਹੇ ਸਨ ਜੋ ਕਿ ਕਾਂਗਰਸ ਦੇ ਕਥਿਤ ‘ਇਕ ਪਰਿਵਾਰ ਇਕ ਟਿਕਟ’ ਫ਼ਾਰਮੂਲੇ ਕਰਕੇ ਨਹੀਂ ਮਿਲੀ। ਵੋਟਾਂ ਤੋਂ ਬਾਅਦ ਹੁਣ ਸ: ਜੀ.ਪੀ. ਸਿੱਧੇ ਤੌਰ ’ਤੇ ਇਸ ਲਈ ਮੁੱਖ ਮੰਤਰੀ ਸ: ਚੰਨੀ ’ਤੇ ਹੀ ਦੋਸ਼ ਲਾ ਰਹੇ ਹਨ ਕਿ ਉਨ੍ਹਾਂ ਨੇ ਆਪਣੇ ਭਰਾ ਨੂੰ ਚੋਣ ਮੈਦਾਨ ਵਿੱਚੋਂ ਲਾਂਭੇ ਕਰਨ ਲਈ ਕੋਈ ਯਤਨ ਨਹੀਂ ਕੀਤੇ। ਹੁਣ ਮੌਜੂਦਾ ਵਿਧਾਇਕ ਜੀ.ਪੀ.ਜਿੱਤਦੇ ਹਨ ਜਾਂ ਮੁੱਖ ਮੰਤਰੀ ਦੇ ਭਰਾ ਜਾਂ ਫ਼ਿਰ ਮੁੱਖ ਮੰਤਰੀ ਦੇ ਭਰਾ ਕਾਂਗਰਸ ਉਮੀਦਵਾਰ ਦੀ ਹਾਰ ਦਾ ਕਾਰਨ ਬਣਦੇ ਹਨ ਅਤੇ ਬਾਜ਼ੀ ਕੋਈ ਹੋਰ ਮਾਰ ਜਾਂਦਾ ਹੈ, ਇਹ ਪਤਾ ਲੱਗਣ ਨੂੂੰ ਹੁਣ ਬਹੁਤੀ ਦੇਰ ਨਹੀਂ ਹੈ। ਉਂਜ ਇੱਥੋਂ ‘ਆਮ ਆਦਮੀ ਪਾਰਟੀ’ ਦੇ ਰੁਪਿੰਦਰ ਸਿੰਘ ਹੈਪੀ, ਅਕਾਲੀ-ਬਸਪਾ ਗਠਜੋੜ ਦੇ ਸ੍ਰੀ ਸ਼ਿਵ ਕੁਮਾਰ ਕਲਿਆਣ ਅਤੇ ਭਾਜਪਾ ਗਠਜੋੜ ਦੇ ਡਾ: ਦੀਪਕ ਜਿਉਤੀ ਮੈਦਾਨ ਵਿੱਚ ਹਨ। ਪਹਿਲਾਂ ਹੀ ਜੀ.ਪੀ. ਨੂੰ ਟਿਕਟ ਦੁਆਉਣ ਦਾ ਦਮ ਭਰਨ ਵਾਲੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਸ: ਜੀ.ਪੀ. ਦੇ ਹੱਕ ਵਿੱਚ ਰੈਲੀ ਵੀ ਕਰ ਗਏ ਸਨ ਅਤੇ ਇਹ ਸੀਟ ‘ਹਾਈ ਸਟੇਕਸ’ ਸੀਟ ਬਣੀ ਹੋਈ ਹੈ।

ਸੁਲਤਾਨਪੁਰ ਲੋਧੀ

ਇਹ ਨਹੀਂ ਪਤਾ ਕਿ ਸੁਲਤਾਨਪੁਰ ਲੋਧੀ ਇਸ ਵਾਰ ਬੱਸੀ ਪਠਾਣਾਂ ਦੀ ਰਾਹ ਪਿਆ ਹੈ ਜਾਂ ਫ਼ਿਰ ਬੱਸੀ ਪਠਾਣਾਂ ਸੁਲਤਾਨਪੁਰ ਲੋਧੀ ਦੀ ਰਾਹ ਪਿਆ ਹੈ, ਪਰ ਸਥਿਤੀ ਦੋਵੇਂ ਪਾਸੇ ਇਕੋ ਜਿਹੀ ਹੀ ਹੈ। ਉਂਜ ਤਾਂ ਜ਼ਿਕਰ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਕਪੂਰਥਲਾ ਸੀਟ ਦਾ ਵੀ ਕਰਨਾ ਬਣਦਾ ਸੀ ਪਰ ਹੁਣ ਅਸੀਂ ਉਨ੍ਹਾਂ ਵਾਲੀ ਸੀਟ ਛੱਡ ਕੇ ਜ਼ਿਕਰ ਕਰ ਰਹੇ ਹਾਂ ਕੰਧੋਂ ਪਾਰ ਲੱਗਦੇ ਹਲਕੇ ਸੁਲਤਾਨਪੁਰ ਲੋਧੀ ਦੀ ਜਿੱਥੇ ਉਨ੍ਹਾਂ ਦਾ ਬੇਟਾ ਰਾਣਾ ਇੰਦਰ ਪ੍ਰਤਾਪ ਸਿੰਘ ‘ਬਾਗੀ’ ਹੋ ਕੇ ਕਾਂਗਰਸ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਮੁਕਾਬਲੇ ਜਾ ਡਟਿਆ ਹੈ। ਜਿੱਤ ਦੇ ਦਾਅਵੇ ਇਕੱਲਾ ਰਾਣਾ ਇੰਦਰ ਪ੍ਰਤਾਪ ਸਿੰਘ ਹੀ ਨਹੀਂ ਕਰਦਾ, ਰਾਣਾ ਗੁਰਜੀਤ ਸਿੰਘ ਵੀ ਹਿੱਕ ਦੇ ਜ਼ੋਰ ’ਤੇ ਕਰ ਰਹੇ ਹਨ। ਉੱਧਰ ਇੱਥੇ ਵੀ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਸ: ਨਵਤੇਜ ਸਿੰਘ ਚੀਮਾ ਦੇ ਹੱਕ ਵਿੱਚ ਰੈਲੀ ਕਰਦਿਆਂ ਕਈ ਕੁਝ ਆਖ਼ ਗਏ ਸਨ ਅਤੇ ਇੱਥੇ ਵੀ ਉਮੀਦਵਾਰਾਂ ਦੇ ਹੀ ਨਹੀਂ ਸਗੋਂ ਚੋਟੀ ਦੇ ਆਗੂਆਂ ਦੇ ਵੀ ‘ਸਿੰਗ ਫ਼ਸੇ ਹੋਏ ਹਨ’। ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਇੱਥੋਂ ਦੇ ਅਕਾਲੀ-ਬਸਪਾ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਵੀ ਪਹਿਲਾਂ ਕਾਂਗਰਸ ਵਿੱਚ ਅਤੇ ਰਾਣਾ ਗੁਰਜੀਤ ਸਿੰਘ ਦੇ ਖ਼ਾਸ ਉਲ ਖ਼ਾਸ ਰਹੇ ਹਨ। ਇੱਥੇ ‘ਆਪ’ ਵੱਲੋਂ ਕੌਮਾਂਤਰੀ ਬਾਸਕਟਬਾਲ ਖਿਡਾਰੀ ਸੱਜਣ ਸਿੰਘ ਚੀਮਾ ਅਤੇ ਭਾਜਪਾ ਗਠਜੋੜ ਵੱਲੋਂ ਜੁਗਰਾਜਪਾਲ ਸਿੰਘ ਸ਼ਾਹੀ ਮੈਦਾਨ ਵਿੱਚ ਹਨ।

ਭੁਲੱਥ

ਭੁਲੱਥ ਹਲਕੇ ਦੇ 2 ਉਮੀਦਵਾਰ ਅਤੇ ਉਹਨਾਂ ਦੋਹਾਂ ਦੇ ਕੁੜੱਤਣ ਭਰੇ ਰਿਸ਼ਤੇ ਇਸ ਹਲਕੇ ਨੂੰ ਚਰਚਾ ਦਾ ਵਿਸ਼ਾ ਬਣਾਉਂਦੇ ਹਨ। ਇੱਥੇ ਦੀ ਨੁਮਾਇੰਦਗੀ ਕਰਕੇ ਕੈਬਨਿਟ ਮੰਤਰੀ ਦਾ ਰੁਤਬਾ ਪ੍ਰਾਪਤ ਕਰ ਚੁੱਕੀ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਇਕ ਵਾਰ ਫ਼ਿਰ ਮੈਦਾਨ ਵਿੱਚ ਹਨ ਜਦਕਿ ਉਨ੍ਹਾਂ ਦਾ ਸਾਹਮਣਾ ਇਕ ਵਾਰ ਫ਼ਿਰ ਸ: ਸੁਖ਼ਪਾਲ ਸਿੰਘ ਖ਼ਹਿਰਾ ਨਾਲ ਹੋ ਰਿਹਾ ਹੈ। 2017 ਵਿੱਚ ਸ: ਖ਼ਹਿਰਾ ਇਸ ਸੀਟ ਤੋਂ ‘ਆਮ ਆਦਮੀ ਪਾਰਟੀ’ ਦੀ ਟਿਕਟ ’ਤੇ ਜੇਤੂ ਰਹੇ ਸਨ ਪਰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਬਣਨ ਉਪਰੰਤ ਚੱਲੇ ਘਟਨਾਕ੍ਰਮ ਤੋਂ ਬਾਅਦ ‘ਆਪ’ ਛੱਡ ਚੁੱਕੇ ਸ: ਖ਼ਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਵਾਪਸੀ ਕੀਤੀ ਸੀ। ਕੈਪਟਨ ਤਾਂ ਕਾਂਗਰਸ ਛੱਡ ਗਏ ਪਰ ਸ:ਖ਼ਹਿਰਾ ਦੇ ਖਿਲਾਫ਼ ਈ.ਡੀ. ਕਾਰਵਾਈ ਦੇ ਬਾਵਜੂਦ ਅਤੇ ਉਨ੍ਹਾਂ ਦੇ ਜੇਲ੍ਹ ਵਿੱਚ ਹੁੰਦਿਆਂ ਹੀ ਕਾਂਗਰਸ ਪਾਰਟੀ ਨੇ ਉਨ੍ਹਾਂ ’ਤੇ ਦੁਬਾਰਾ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਟਿਕਟ ਦਿੱਤੀ। ਜੇਲ੍ਹ ਵਿੱਚੋਂ ਰਿਹਾਈ ਮਗਰੋਂ ਸ: ਖ਼ਹਿਰਾ ਨੇ ਇਹ ਚੋਣ ਲੜੀ ਹੈ ਅਤੇ ਇਹ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਵੱਲੋਂ ਯੂ.ਏ.ਪੀ.ਏ. ਮਾਮਲੇ ਵਿੱਚ ਅਤੇ ਕਿਸਾਨੀ ਸੰਘਰਸ਼ ਵਿੱਚ ਨਿਭਾਏ ਰੋਲ ਕਾਰਨ ਉਨ੍ਹਾਂ ਨੂੰ ਕੁਝ ਲਾਭ ਮਿਲ ਸਕਦਾ ਹੈ। ਇਹ ਕਹਿਣਾ ਸੌਖ਼ਾ ਨਹੀਂ ਹੈ ਕਿ ਈ.ਡੀ. ਵੱਲੋਂ ਗ੍ਰਿਫ਼ਤਾਰੀ ਉਨ੍ਹਾਂ ਲਈ ‘ਨੈਗੇਟਿਵ’ ਵੋਟਾਂ ਦਾ ਕਾਰਨ ਬਣੇਗੀ ਜਾਂ ਫ਼ਿਰ ਇਹ ਕੋਈ ਹਮਦਰਦੀ ਲਹਿਰ ਖੜ੍ਹੀ ਕਰ ਗਈ ਹੋਵੇਗੀ। ਇਸ ਹਲਕੇ ਤੋਂ ਕਾਂਗਰਸ ਆਗੂ ਰਾਣਾ ਰਣਜੀਤ ਸਿੰਘ ਇਸ ਵਾਰ ‘ਆਮ ਆਦਮੀ ਪਾਰਟੀ’ ਦੇ ਉਮੀਦਵਾਰ ਹਨ ਜਦਕਿ ਭਾਜਪਾ ਨੇ ਅਮਨਦੀਪ ਸਿੰਘ ਨੂੰ ਉਮੀਦਵਾਰ ਬਣਾਇਆ ਹੈ।

ਮੌੜ

ਮੌੜ ਹਲਕਾ ਵੀ ਪ੍ਰਮੁੱਖ ਤੌਰ ’ਤੇ 2 ਉਮੀਦਵਾਰਾਂ ਕਰਕੇ ਗਹੁ ਨਾਲ ਵਾਚਿਆ ਜਾਵੇਗਾ। ਸਾਬਕਾ ਕਾਂਗਰਸ ਆਗੂ ਅਤੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸ: ਜਗਮੀਤ ਸਿੰਘ ਬਰਾੜ ਜੋ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਰਹੇ ਹਨ ਅਤੇ ਦੂਜੇ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਅਤੇ ਕਿਸਾਨ ਸੰਘਰਸ਼ ਵਿੱਚ ਸਰਗਰਮ ਰਹੇ ਲੱਖਾ ਸਿਧਾਣਾ ਕਰਕੇ। ਲੱਖਾ ਸਿਧਾਣਾ ਇੱਥੋਂ ਰਾਜੇਵਾਲ ਦੀ ਅਗਵਾਈ ਵਾਲੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਹਨ। ਇਸ ਹਲਕੇ ਵਿੱਚੋਂ ਸ: ਜਗਮੀਤ ਸਿੰਘ ਬਰਾੜ ਦੀ ਜਿੱਤ ਜਾਂ ਹਾਰ ਉਨ੍ਹਾਂ ਦੇ ਸਿਆਸੀ ਭਵਿੱਖ ਲਈ ਬਹੁਤ ਵੱਡੇ ਮਾਅਨੇ ਰੱਖੇਗੀ ਜਦਕਿ ਇਹ ਗੱਲ ਵੀ ਵੇਖ਼ਣ ਵਾਲੀ ਹੋਵੇਗੀ ਕਿ ਕਿਸੇ ਗੈਂਗਸਟਰ ਤੋਂ ਰਾਜਸੀ ਆਗੂ ਬਣੇ ਵਿਅਕਤੀ ਨੂੂੰ ਲੋਕ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਣ ਦਾ ਮੌਕਾ ਦਿੰਦੇ ਹਨ ਜਾਂ ਨਹੀਂ। ਉਂਜ ਜੇ ਇਹ ਹੋਇਆ ਤਾਂ ਪੰਜਾਬ ਦੀ ਰਾਜਨੀਤੀ ਵਿੱਚ ਇਹ ਸ਼ਾਇਦ ਪਹਿਲਾ ਮੌਕਾ ਹੋਵੇਗਾ। ਇੱਥੇ ਕਾਂਗਰਸ ਵੱਲੋਂ ਡਾ: ਮਨੋਜ ਬਾਲਾ ਬਾਂਸਲ ਅਤੇ ‘ਆਮ ਆਦਮੀ ਪਾਰਟੀ’ ਵੱਲੋਂ ਸੁਖ਼ਵੀਰ ਮੈਸਰਖ਼ਾਨਾ ਮੈਦਾਨ ਵਿੱਚ ਹਨ।

ਫ਼ਿਰੋਜ਼ਪੁਰ ਤੇ ਬਟਾਲਾ

ਫਿਰੋਜ਼ਪੁਰ ਤੇ ਬਟਾਲਾ ਸੀਟਾਂ ਤਾਂ ਵੱਖ ਵੱਖ ਹਨ ਪਰ ਇਨ੍ਹਾਂ ਨੂੂੰ ਇਸ ਸੂਚੀ ਵਿੱਚ ਸ਼ਾਮਲ ਕਰਨ ਦਾ ਕਾਰਨ ਇੱਕੋ ਹੈ। ਉਹ ਹੈ ਕਿ ਕਾਂਗਰਸ ਛੱਡ ਕੇ ਆਏ 2 ਮੌਜੂਦਾ ਵਿਧਾਇਕ, ਜਿਨ੍ਹਾਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਅਤੇ ਭਾਜਪਾ ਨੇ ਉਨ੍ਹਾਂ ਨੂੰ ਟਿਕਟਾਂ ਨਾਲ ਨਿਵਾਜਿਆ, ਉਨ੍ਹਾਂ ਦੇ ਨਾਲ ਹਲਕੇ ਦੀ ਜਨਤਾ ਜਾਂ ਵੋਟਰ ਕਿਵੇਂ ਪੇਸ਼ ਆਉਂਦਾ ਹੈ, ਉਨ੍ਹਾਂ ਨੂੰ ਪ੍ਰਵਾਨ ਕਰਦਾ ਹੈ ਜਾਂ ਨਹੀਂ। ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸ ਉਲ ਖ਼ਾਸ ਰਹੇ ਗੁਰੂ ਹਰਸਹਾਏ ਦੇ ਵਿਧਾਇਕ ਅਤੇ ਕਾਂਗਰਸ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਜਿਨ੍ਹਾਂ ਨੂੰ ਕੈਪਟਨ ਨੂੰ ਹਟਾਏ ਜਾਣ ਮਗਰੋਂ ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ, ਕਾਂਗਰਸ ਛੱਡ ਕੇ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਵਿੱਚ ਨਹੀਂ ਸਗੋਂ ਭਾਜਪਾ ਵਿੱਚ ਚਲੇ ਗਏ ਸਨ। ਇਸੇ ਤਰ੍ਹਾਂ ਕਾਦੀਆਂ ਦੇ ਕਾਂਗਰਸ ਵਿਧਾਇਕ ਸ: ਫ਼ਤਹਿਜੰਗ ਸਿੰਘ ਬਾਜਵਾ, ਜੋ ਆਪਣੇ ਵੱਡੇ ਭਰਾ ਸ: ਪ੍ਰਤਾਪ ਸਿੰਘ ਬਾਜਵਜ ਨੂੰ ਟਿਕਟ ਮਿਲਣ ਦੀ ਸੰਭਾਵਨਾ ਦੇ ਚੱਲਦਿਆਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ, ਨੂੰ ਬਟਾਲਾ ਤੋਂ ਟਿਕਟ ਦਿੱਤੀ ਗਈ ਹੈ। ਫਿਰੋਜ਼ਪੁਰ ਤੋਂ ਕਾਂਗਰਸ ਵੱਲੋਂ ਮੌਜੂਦਾ ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਹਨ। ਇੱਥੇ ਅਕਾਲੀ-ਬਸਪਾ ਗਠਜੋੜ ਵੱਲੋਂ ਰੋਹਿਤ ਵੋਹਰਾ ਅਤੇ ‘ਆਪ’ ਵੱਲੋਂ ਰਣਬੀਰ ਸਿੰਘ ਭੁੱਲਰ ਮੈਦਾਨ ਵਿੱਚ ਹਨ। ਇਸੇ ਤਰ੍ਹਾਂ ਬਟਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਅਸ਼ਵਨੀ ਸੇਖ਼ੜੀ ਹਨ। ਇੱਥੋਂ ਅਕਾਲੀ-ਬਸਪਾ ਗਠਜੋੜ ਵੱਲੋਂ ਸ: ਸੁੱਚਾ ਸਿੰਘ ਛੋਟੇਪੁਰ ਅਤੇ ‘ਆਮ’ ਵੱਲੋਂ ਸ਼ੈਰੀ ਕਲਸੀ ਮੁਕਾਬਲੇ ਵਿੱਚ ਹਨ।

ਅਮਰਗੜ੍ਹ

ਅਮਰਗੜ੍ਹ ਸੀਟ ਨੂੰ ਇਸ ਸੂਚੀ ਵਿੱਚ ਰੱਖਣ ਦਾ ਇਕੋ ਇਕ ਕਾਰਨ ਇਹ ਹੈ ਇੱਥੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਹਨ ਅਤੇ ਦੇਖ਼ਣ ਵਾਲੀ ਗੱਲ ਇਹ ਹੋਵੇਗੀ ਕਿ ਖ਼ਾਲਿਸਤਾਨ ਦੀ ਗੱਲ ਕਰਨ ਵਾਲੇ ਆਗੂ ਅਤੇ ਉਨ੍ਹਾਂ ਦੀ ਪਾਰਟੀ ਨੂੰ ਪੰਜਾਬ ਦੇ ਉਨ੍ਹਾਂ ਦੀ ਪਸੰਦ ਦੇ ਹਲਕੇ ਦੇ ਲੋਕ ਕਿਸ ਤਰ੍ਹਾਂ ਦਾ ਹੁੰਗਾਰਾ ਦਿੰਦੇ ਹਨ। ਉਂਜ ਇੱਥੋਂ ਸ: ਨਵਜੋਤ ਸਿੰਘ ਸਿੱਧੂ ਦੇ ਰਿਸ਼ਤੇਦਾਰ ਸਮਿਤ ਸਿੰਘ ਕਾਂਗਰਸ ਟਿਕਟ ’ਤੇ, ‘ਆਪ’ ਵੱਲੋਂ ਸ: ਜਸਵੰਤ ਸਿੰਘ ਗੱਜਣਮਾਜਰਾ ਅਤੇ ਅਕਾਲੀ-ਬਸਪਾ ਵੱਲੋਂ ਸਰਦਾਰ ਅਲੀ ਮੈਦਾਨ ਵਿੱਚ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿਚ ਪੁਲੀਸ ਦਾਖਲੇ ਵਿਰੁੱਧ ਦੂਜੇ ਦਿਨ ਵੀ ਜੋਸ਼ ਨਾਲ ਜਾਰੀ ਰਿਹਾ ਧਰਨਾ

ਯੈੱਸ ਪੰਜਾਬ ਸੁਲਤਾਨਪੁਰ ਲੋਧੀ/ਅੰਮ੍ਰਿਤਸਰ, 4 ਦਸੰਬਰ, 2023: ਬੀਤੇ ਦਿਨੀਂ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿਚ ਪੁਲੀਸ ਦਾਖਲੇ ਨਾਲ ਹੋਈ ਬੇਅਦਬੀ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ...

SGPC ਨੇ ਸੰਗਤ ਵੱਲੋਂ ਠੁਕਰਾਏ ਲੋਕਾਂ ਨੂੰ ਬੰਦੀ ਸਿੰਘਾਂ ਲਈ ਬਣਾਈ ਕਮੇਟੀ ’ਚ ਸ਼ਾਮਲ ਕੀਤਾ: ਕਾਲਕਾ, ਕਾਹਲੋਂ

ਯੈੱਸ ਪੰਜਾਬ ਨਵੀਂ ਦਿੱਲੀ, 4 ਦਸੰਬਰ, 2023: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸ਼੍ਰੋ੍ਮਣੀ ਗੁਰਦੁਆਰਾ...

ਮਨੋਰੰਜਨ

ਸੰਗੀਤਕਾਰ ਭੁਪਿੰਦਰ ਬੱਬਲ ਅਤੇ ਮਨਨ ਭਾਰਦਵਾਜ ਨੇ ਮੋਹਾਲੀ ਵਿਖੇ ਬਾਲੀਵੁੱਡ ਫਿਲਮ ‘ਐਨੀਮਲ’ ਦੀ ਮੇਜ਼ਬਾਨੀ ਕੀਤੀ

ਯੈੱਸ ਪੰਜਾਬ ਚੰਡੀਗੜ੍ਹ, 2 ਦਸੰਬਰ 2023: ਪ੍ਰਸਿੱਧ ਗਾਇਕ ਭੁਪਿੰਦਰ ਬੱਬਲ, ਜਿਨ੍ਹਾਂ ਨੇ ਸਭ ਤੋਂ ਦਮਦਾਰ ਤੇ ਰੌਂਗਟੇ ਖੜ੍ਹੇ ਕਰਨ ਵਾਲਾ ਗੀਤ “ਅਰਜਨ ਵੈਲੀ” ਗਾਇਆ ਅਤੇ ਪ੍ਰਸਿੱਧ ਸੰਗੀਤ ਨਿਰਮਾਤਾ ਮਨਨ ਭਾਰਦਵਾਜ ਨੇ ਪ੍ਰਸਿੱਧ ਕਲਾਕਾਰ ਰਣਬੀਰ ਕਪੂਰ, ਬੌਬੀ...

ਪਿਆਰ ਦੀ ਅਨੋਖੀ ਕਹਾਣੀ ਗੁਰਨਾਮ ਭੁੱਲਰ ਤੇ ਰੂਪੀ ਗਿੱਲ ਦੀ ਫ਼ਿਲਮ ‘ਪਰਿੰਦਾ ਪਾਰ ਗਿਆ’

ਜਿੰਦ ਜਵੰਦਾ ਜੀ ਐਸ ਗੋਗਾ ਪ੍ਰੋਡਕਸ਼ਨਜ਼ ਅਤੇ ਆਰ ਆਰ ਜੀ ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ ਬਣੀ ਗਾਇਕ ਤੇ ਨਾਇਕ ਗੁਰਨਾਮ ਭੁੱਲਰ ਤੇ ਅਦਾਕਾਰਾ ਰੂਪੀ ਗਿੱਲ ਦੀ ਜੋੜੀ ਵਾਲੀ ਫ਼ਿਲਮ ‘ਪਰਿੰਦਾ ਪਾਰ ਗਿਆ’ 24 ਨਵੰਬਰ 2023...

ਬੀਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕਈ ਨਾਮੀ ਗਾਇਕਾਂ ਦੀ ਆਵਾਜ਼ ਵਿੱਚ ਸਾਂਝਾ ਕੀਤਾ ਨਵਾਂ ਗ਼ੀਤ ‘ਪੁਰਬ ਮੁਬਾਰਿਕ’

ਯੈੱਸ ਪੰਜਾਬ ਔਕਲੈਂਡ, 24 ਨਵੰਬਰ, 2023 (ਹਰਜਿੰਦਰ ਸਿੰਘ ਬਸਿਆਲਾ) ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ 27 ਨਵੰਬਰ ਨੂੰ ਦੇਸ਼-ਵਿਦੇਸ਼ ’ਚ ਮਨਾਇਆ ਜਾ ਰਿਹਾ ਹੈ। ਹਰ ਸਾਲ ਜਿੱਥੇ ਗੁਰਬਾਣੀ ਦੀਆਂ ਨਵੀਂਆਂ ਐਲਬਮਾਂ ਆਉਂਦੀਆਂ ਹਨ...
spot_img
spot_img

ਸੋਸ਼ਲ ਮੀਡੀਆ

223,733FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...
error: Content is protected !!