ਯੈੱਸ ਪੰਜਾਬ
ਚੰਡੀਗੜ੍ਹ, 22 ਜਨਵਰੀ, 2025
Punjab Vigilance Bureau ਨੇ ਸੂਬੇ ਵਿੱਚ ਚਲਾਈ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਤਹਿਤ Hoshiarpur ਜ਼ਿਲ੍ਹੇ ਦੇ ਪੁਲਿਸ ਥਾਣਾ ਗੜ੍ਹਸ਼ੰਕਰ ਦੇ ਐਸ.ਐਚ.ਓ. ਬਲਜਿੰਦਰ ਸਿੰਘ ਮੱਲ੍ਹੀ ਦਾ ਗੰਨਮੈਨ ਸਿਪਾਹੀ ਕਿੰਦਰ ਸਿੰਘ 30000 ਰੁਪਏ ਰਿਸ਼ਵਤ ਲੈੰਦਿਆਂ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਐਸ.ਐਚ.ਓ. ਵੱਲੋਂ ਇਹ ਰਿਸ਼ਵਤ ਲੈ ਰਿਹਾ ਸੀ ਹੈ। ਇਸ ਛਾਪੇ ਦੌਰਾਨ ਐਸ.ਐਚ.ਓ. ਗ੍ਰਿਫ਼ਤਾਰੀ ਤੋਂ ਬਚ ਕੇ ਮੌਕੇ ਤੋਂ ਫਰਾਰ ਹੋ ਗਿਆ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਰਾਜ Vigilance Bureau ਦੇ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਨੰਗਲ ਸਬ-ਡਵੀਜ਼ਨ ਦੀ ਵਸਨੀਕ ਹਰਦੀਪ ਕੌਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ’ਤੇ ਉਕਤ ਦੋਵੇਂ ਪੁਲਿਸ ਮੁਲਾਜ਼ਮਾਂ ਵਿਰੁੱਧ ਇਹ ਕੇਸ ਦਰਜ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ Vigilance Bureau ਕੋਲ ਪਹੁੰਚ ਕਰਕੇ ਸ਼ਿਕਾਇਤ ਕੀਤੀ ਕਿ ਉਕਤ ਮੁਲਜ਼ਮ ਨੇ ਐਸ.ਐਚ.ਓ. ਇੰਸਪੈਕਟਰ ਬਲਜਿੰਦਰ ਸਿੰਘ ਮੱਲ੍ਹੀ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਥਾਣੇਦਾਰ ਮੱਲੀ ਉਸ (ਹਰਦੀਪ ਕੌਰ) ਦੇ ਭਰਾ ਨੂੰ ਨਸ਼ੀਲੇ ਪਦਾਰਥਾਂ ਦੇ ਕੇਸ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ ਅਤੇ ਇਸ ਤੋਂ ਬਚਾਉਣ ਲਈ ਉਸਨੇ ਇੱਕ ਲੱਖ ਰੁਪਏ ਦੀ ਮੰਗ ਕੀਤੀ ਸੀ। ਉਸ ਦੇ ਭਰਾ ਨੂੰ ਥਾਣਾ ਗੜਸ਼ੰਕਰ ਦੀ ਪੁਲਿਸ ਨੇ ਇੱਕ ਝਗੜੇ ਦੇ ਸਬੰਧ ਵਿੱਚ ਹੋਰਨਾਂ ਵਿਅਕਤੀਆਂ ਨਾਲ ਗ੍ਰਿਫ਼ਤਾਰ ਕੀਤਾ ਸੀ। ਉਸਨੇ ਦੱਸਿਆ ਕਿ ਜ਼ੋਰ ਪਾਉਣ ਤੇ ਇਸ ਮਾਮਲੇ ਵਿੱਚ ਸੌਦਾ 50000 ਰੁਪਏ ਵਿੱਚ ਤੈਅ ਹੋ ਗਿਆ ਸੀ।
ਬੁਲਾਰੇ ਨੇ ਕਿਹਾ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਹੁਸ਼ਿਆਰਪੁਰ ਯੂਨਿਟ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਉਕਤ ਥਾਣੇਦਾਰ ਦੀ ਤਰਫੋਂ ਸ਼ਿਕਾਇਤਕਰਤਾ ਤੋਂ 30000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਕਾਰਵਾਈ ਦੌਰਾਨ ਐਸ.ਐਚ.ਓ. ਬਲਜਿੰਦਰ ਸਿੰਘ ਮੱਲ੍ਹੀ ਗ੍ਰਿਫ਼ਤਾਰੀ ਤੋਂ ਬਚ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧ ਵਿੱਚ ਦੋਹਾਂ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।