ਯੈੱਸ ਪੰਜਾਬ
ਚੰਡੀਗੜ੍ਹ, 23 ਜੂਨ, 2025
Punjab Vigilance Bureau ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਆਪਣੀ ਮੁਹਿੰਮ ਦੌਰਾਨ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀਡੀਪੀਓ) ਦਫ਼ਤਰ, ਗੁਰਦਾਸਪੁਰ ਵਿਖੇ ਤਾਇਨਾਤ ਬਲਾਕ ਸੰਮਤੀ ਪਟਵਾਰੀ ਨਿਸ਼ਾਨ ਸਿੰਘ ਨੂੰ 20000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਰਾਜ Vigilance Bureau ਦੇ ਬੁਲਾਰੇ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਗੁਰਦਾਸਪੁਰ ਦੇ ਪਿੰਡ ਬੱਬਰੀ ਨੰਗਲ ਦੀ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।
ਸ਼ਿਕਾਇਤਕਰਤਾ ਨੇ Vigilance Bureau ਕੋਲ ਪਹੁੰਚ ਕਰਕੇ ਦੱਸਿਆ ਹੈ ਕਿ ਉਹ ਗ੍ਰਾਮ ਪੰਚਾਇਤ ਬੱਬਰੀ ਨੰਗਲ ਦੀ ਮੌਜੂਦਾ ਪੰਚਾਇਤ ਮੈਂਬਰ ਹੈ ਅਤੇ ਉਸਦਾ ਪਤੀ ਪਿਛਲੇ 50 ਸਾਲਾਂ ਤੋਂ ਪਿੰਡ ਦੀ ਸ਼ਾਮਲਾਤ ਦੀ ਕੁੱਲ 25 ਏਕੜ ਜ਼ਮੀਨ ਵਿੱਚੋਂ ਲਗਭਗ 22 ਕਨਾਲ ਅਤੇ 11 ਮਰਲੇ ਜ਼ਮੀਨ ’ਤੇ ਖੇਤੀ ਕਰ ਰਿਹਾ ਹੈ ਅਤੇ ਉਕਤ ਜ਼ਮੀਨ ਦੀ ਜ਼ਮੀਨੀ ਮਾਲਕੀ (ਗਿਰਦਾਵਰੀ) ਵੀ ਉਸਦੇ ਨਾਮ ’ਤੇ ਹੀ ਦਰਜ ਹੈ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਇੱਕ ਸ਼ਿਕਾਇਤ ਦੇ ਆਧਾਰ ’ਤੇ, ਬੀਡੀਪੀਓ ਦਫ਼ਤਰ ਨੇ ਉਸਨੂੰ ਇਸ ਸਬੰਧ ਵਿੱਚ ਸਪੱਸ਼ਟੀਕਰਨ ਦੇਣ ਲਈ ਕਿਹਾ ਸੀ। ਉਸਨੇ ਆਪਣੇ ਪਿੰਡ ਦੇ ਮੌਜੂਦਾ ਸਰਪੰਚ ਨੂੰ ਇਸ ਮਸਲੇ ਨੂੰ ਹੱਲ ਕਰਨ ਲਈ ਬੇਨਤੀ ਕੀਤੀ ਸੀ ਪਰ ਉਕਤ ਨਿਸ਼ਾਨ ਸਿੰਘ ਸੰਮਤੀ ਪਟਵਾਰੀ ਨੇ ਆਪਣੇ ਵਿਭਾਗ ਰਾਹੀਂ ਇਸ ਮਸਲੇ ਨੂੰ ਹੱਲ ਕਰਨ ਲਈ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਨਿਸ਼ਾਨ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਪੁਲਿਸ ਥਾਣਾ ਅੰਮ੍ਰਿਤਸਰ ਰੇਂਜ ਵਿੱਚ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਜਾਂਚ ਜਾਰੀ ਹੈ।