ਯੈੱਸ ਪੰਜਾਬ
ਚੰਡੀਗੜ੍ਹ, 24 ਜਨਵਰੀ, 2025
Punjab Vigilance Bureau ਨੇ ਨਗਰ ਨਿਗਮ ਜ਼ੋਨ-ਬੀ, Ludhiana ਦੇ ਲੰਬੜਦਾਰ Sanjay Kumar ਵਾਸੀ ਸਰਪੰਚ ਕਲੋਨੀ, ਕੁਲੀਏਵਾਲ, ਲੁਧਿਆਣਾ ਨੂੰ ਇੱਕ ਸਫ਼ਾਈ ਸੇਵਕ ਤੋਂ ਪ੍ਰਤੀ ਮਹੀਨਾ 6,000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅੱਜ ਇੱਥੇ Vigilance Bureau ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਨਗਰ ਨਿਗਮ, ਲੁਧਿਆਣਾ ਦੇ ਸਫ਼ਾਈ ਸੇਵਕ ਸੰਦੀਪ ਵਾਸੀ ਐਲ.ਆਈ.ਜੀ. ਕਲੋਨੀ, ਜਮਾਲਪੁਰ, ਲੁਧਿਆਣਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕਰਵਾਈ ਗਈ ਸ਼ਿਕਾਇਤ ਉਪਰੰਤ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਕਤ ਸੰਜੇ ਕੁਮਾਰ ਉਸ ਦੀਆਂ ਹਾਜ਼ਰੀਆਂ ਲਗਾਉਣ ਅਤੇ ਹਾਜ਼ਰੀਆਂ ਦਾ ਰਿਕਾਰਡ ਰੱਖਣ ਲਈ ਮਹੀਨਾਵਾਰ ਰਿਸ਼ਵਤ ਦੇਣ ਦੀ ਮੰਗ ਕਰਦਾ ਸੀ। ਉਹਨਾਂ ਅੱਗੇ ਦੱਸਿਆ ਕਿ ਇਸ ਮੰਤਵ ਲਈ ਇਹ ਮੁਲਜ਼ਮ ਪਿਛਲੇ ਦੋ ਸਾਲਾਂ ਦੌਰਾਨ ਉਸ ਕੋਲੋਂ ਹੁਣ ਤੱਕ 1,40,000 ਰੁਪਏ ਵਸੂਲ ਚੁੱਕਾ ਹੈ। ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਰਿਸ਼ਵਤ ਦੀ ਮੰਗ ਸਬੰਧੀ ਰਿਕਾਰਡ ਕੀਤੀ ਗੱਲਬਾਤ ਵੀ ਬਿਊਰੋ ਕੋਲ ਪੇਸ਼ ਕੀਤੀ।
ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤ ਦੀ ਪੂਰੀ ਜਾਂਚ ਉਪਰੰਤ ਲਾਏ ਗਏ ਦੋਸ਼ ਸਹੀ ਪਾਏ ਗਏ, ਜਿਹੜੇ ਜ਼ੁਬਾਨੀ ਅਤੇ ਦਸਤਾਵੇਜ਼ੀ ਦੋਵਾਂ ਸਬੂਤਾਂ ਦੁਆਰਾ ਸਮਰਥਿਤ ਸਨ। ਇਸ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ ਉਕਤ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।