ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 13 ਜੂਨ, 2025
ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਨੂੰ ਲੈ ਕੇ ਡਾਊਨ ਟਾਊਨ Los Angeles ਵਿਚ ਵਿਰੋਧ ਪ੍ਰਦਰਸ਼ਨ ਨਿਰੰਤਰ ਜਾਰੀ ਹਨ। ਲਾਸ ਏਂਜਲਸ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਪਿਛਲੇ 5 ਦਿਨਾਂ ਦੌਰਾਨ 385 ਤੋਂ ਵਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਨਾਂ ਵਿਚ 200 ਉਹ ਲੋਕ ਵੀ ਸ਼ਾਮਿਲ ਹਨ ਜਿਨਾਂ ਨੂੰ ਮੰਗਲਵਾਰ ਨੂੰ ਕਰਫ਼ਿਊ ਲੱਗਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਇਨਾਂ ਵਿਚ ਕਿੰਨੇ ਗੈਰ ਕਾਨੂੰਨੀ ਪ੍ਰਵਾਸੀ ਹਨ ਹਾਲਾਂ ਕਿ ਅਪੁਸ਼ਟ ਖਬਰਾਂ ਅਨੁਸਾਰ ਇਨਾਂ ਵਿਚ ਜਿਆਦਾਤਰ ਪ੍ਰਵਾਸੀ ਹੀ ਹਨ। ਯੂ ਐਸ ਅਟਾਰਨੀ ਬਿੱਲ ਐਸੇਲੀ ਨੇ ਕਿਹਾ ਹੈ ਕਿ 9 ਵਿਅਕਤੀਆਂ ਨੂੰ ਹਿੰਸਾ ਫੈਲਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਜਿਨਾਂ ਵਿਰੁੱਧ ਪ੍ਰਦਰਸ਼ਨਾਂ ਨਾਲ ਸਬੰਧਿਤ ਸੰਘੀ ਦੋਸ਼ ਆਇਦ ਕੀਤੇ ਗਏ ਹਨ। ਪੈਰਾਮਾਊਂਟ ਵਾਸੀ ਐਮਿਲਿਆਨੋ ਗਾਰਡਨੋ ਗਲਵੇਜ਼ (23) ਤੇ ਲਾਂਗ ਬੀਚ ਵਾਸੀ ਵਰੈਕੀ ਕੁਓਗੂ (27) ਨੂੰ ਤਬਾਹੀ ਮਚਾਉਣ ਵਾਲੇ ਹੱਥਿਆਰ ਰੱਖਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।
ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਲਈ ਮਾਰੇ ਜਾ ਰਹੇ ਛਾਪਿਆਂ ਦੇ ਵਿਰੋਧ ਵਿਚ ਨਿਊਯਾਰਕ, ਡੈਨਵਰ, ਫਿਲਾਡੈਲਫੀਆ ਤੇ ਸੈਨ ਫਰਾਂਸਿਸਕੋ ਵਿਚ ਵੀ ਪ੍ਰਦਰਸ਼ਨ ਹੋਣ ਦੀਆਂ ਖਬਰਾਂ ਹਨ ਜਿਥੇ ਦਰਜ਼ਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਹੋਮਲੈਂਡ ਸਕਿਉਰਿਟੀ ਵਿਭਾਗ ਨੇ ਪੈਂਟਾਗਨ ਨੂੰ ਕਿਹਾ ਹੈ ਕਿ ਬੈਨਿੰਗ, ਜਾਰਜੀਆ ਤੇ ਵਾਓਮਿੰਗ ਤੋਂ ਹੱਥਿਆਰ ਲਾਸ ਏਂਜਲਸ ਲਿਆਉਣ ਵਿੱਚ ਮੱਦਦ ਕੀਤੀ ਜਾਵੇ।
ਹਾਲਾਂ ਕਿ ਇਹ ਸਪੱਸ਼ਟ ਨਹੀਂ ਹੈ ਕਿ ਹੋਮਲੈਂਡ ਸਕਿਉਰਿਟੀ ਅਧਿਕਾਰੀ ਕਿਸ ਕਿਸਮ ਦੇ ਹੱਥਿਆਰਾਂ ਦੀ ਮੰਗ ਕਰ ਰਹੇ ਹਨ ਤੇ ਇਹ ਹੱਥਿਆਰ ਕਿਨਾਂ ਵਿਰੁੱਧ ਵਰਤੇ ਜਾਣਗੇ। ਹੋਮਲੈਂਡ ਸਕਿਉਰਿਟੀ ਵਿਭਾਗ ਦੀ ਇਸ ਮੰਗ ਉਪਰ ਪੈਂਟਾਗਨ ਵਿਚਾਰ ਕਰ ਰਿਹਾ ਹੈ।
ਮੇਅਰ ਸਮੇਤ ਹੋਰ ਆਗੂਆਂ ਵੱਲੋਂ ਵਿਰੋਧ- ਲਾਸ ਏਂਜਲਸ ਦੀ ਮੇਅਰ ਕਾਰੇਨ ਬਾਸ ਤੇ ਦੱਖਣੀ ਕੈਲੀਫੋਰਨੀਆ ਦੇ 30 ਹੋਰ ਆਗੂਆਂ ਨੇ ਟਰੰਪ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਵਾਸੀਆਂ ਵਿਰੁੱਧ ਕਾਰਵਾਈ ਤੁਰੰਤ ਰੋਕੀ ਜਾਵੇ। ਮੇਅਰ ਨੇ ਕਿਹਾ ਹੈ ਕਿ ਅਸੀਂ ਸਾਰੇ ਉਨਾਂ ਸ਼ਹਿਰਾਂ ਦੀ ਨੁਮਾਇੰਦਗੀ ਕਰਦੇ ਹਾਂ ਜਿਥੇ ਪ੍ਰਵਾਸੀਆਂ ਦੀ ਅਹਿਮ ਭੂਮਿਕਾ ਹੈ।
ਉਨਾਂ ਕਿਹਾ ਕਿ ਜਿਸ ਤਰਾਂ ਅੱਜ ਲੋਕ ਡਰ ਦੇ ਸਾਏ ਹੇਠ ਜੀ ਰਹੇ ਹਨ, ਇਸ ਨੂੰ ਸਵਿਕਾਰ ਨਹੀਂ ਕੀਤਾ ਜਾ ਸਕਦਾ। ਮੇਅਰ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਰਾਸ਼ਟਰ ਵਿਆਪੀ ਤਜ਼ਰਬਾ ਕਰ ਰਿਹਾ ਹੈ ਕਿ ਕਿਸ ਤਰਾਂ ਸੰਘੀ ਸਰਕਾਰ ਗਵਰਨਰ ਤੇ ਸਥਾਨਕ ਨਿਆਂਪਾਲਿਕਾ ਕੋਲੋਂ ਸੱਤਾ ਤੇ ਅਧਿਕਾਰ ਖੋਹ ਸਕਦੀ ਹੈ। ਬਾਸ ਨੇ ਦੋਸ਼ ਲਾਇਆ ਹੈ ਕਿ ਟਰੰਪ ਪ੍ਰਸ਼ਾਸਨ ਜਾਣਬੁੱਝ ਕੇ ਡਰ ਦਾ ਮਾਹੌਲ ਪੈਦਾ ਕਰ ਰਿਹਾ ਹੈ।
ਉਨਾਂ ਕਿਹਾ ਹੈ ਕਿ ਜਦੋਂ ਘਰਾਂ ਤੇ ਕੰਮ ਵਾਲੀਆਂ ਥਾਵਾਂ ‘ਤੇ ਛਾਪੇ ਮਾਰੇ ਜਾ ਰਹੇ ਹਨ, ਮਾਪਿਆਂ ਤੇ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤਾਂ ਇਹ ਲੋਕਾਂ ਨੂੰ ਸੁਰੱਖਿਅਤ ਕਰਨ ਦੀ ਕਾਰਵਾਈ ਨਹੀਂ ਹੈ ਬਲ ਕਿ ਡਰ ਤੇ ਅਫਰਾ ਤਫਰੀ ਫੈਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ।