ਯੈੱਸ ਪੰਜਾਬ
ਖ਼ਰੜ, 30 ਸਤੰਬਰ, 2023:
ਪੰਜਾਬ ਪੁਲਿਸ ਦੇ ਦੋ ਕਰਮੀਆਂ ਵੱਲੋਂ ਸਤਾਏ ਅਤੇ ਝੰਬੇ ਇੱਕ 17 ਸਾਲਾ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਨਾ ਕੇਵਲ ਆਪਣੀ ਕਹਾਣੀ ਅਤੇ ਦਰਦ ਸੋਸ਼ਲ ਮੀਡੀਆ ’ਤੇ ਲਾਈਵ ਦੌਰਾਨ ਬਿਆਨ ਕੀਤਾ ਸਗੋਂ ਸਾਰੀ ਕਹਾਣੀ ਆਪਣੇ ‘ਸੁਸਾਈਡ ਨੋਟ’ ਵਿੱਚ ਵੀ ਲਿਖ਼ੀ ਹੈ।
ਇਸ ’ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਦੋ ਪੁਲਿਸ ਕਰਮੀਆਂ ਨੂੰ ਮੁਅੱਤਲ ਕਰਕੇ ਉਨ੍ਹਾਂ ਖਿਲਾਫ਼ ਥਾਣਾ ਖ਼ਰੜ ਸਿਟੀ ਵਿੱਚ ਮੁਕੱਦਮਾ ਦਰਜ ਕੀਤਾ ਹੈ।
ਤੇਗਬਹਾਦਰ ਸਿੰਘ ਪੁੱਤਰ ਸਰਨਜੀਤ ਸਿੰਘ ਵਾਸੀ ਛੱਜੂਮਾਜਰਾ ਕਲੋਨੀ ਨੇ ਸੁਸਾਈਡ ਨੋਟ ਅਤੇ ‘ਲਾਈਵ’ ਹੋ ਕੇ ਜੋ ਦੱਸਿਆ ਉਸਤੋਂ ਹੇਠਲੀ ਦਿਲਕੰਬਾਊ ਕਹਾਣੀ ਸਾਹਮਣੇ ਆਈ ਹੈ।
ਤੇਗਬਹਾਦਰ ਸਿੰਘ ਆਪਣੇ ਦੋਸਤ ਕਿਰਨਬੀਰ ਸਿੰਘ ਦਾ ਸਪਲੈਂਡਰ ਮੋਟਰਸਾਈਕਲ ਉਧਾਰਾ ਮੰਗ ਕੇ ਕਿਤੇ ਜਾ ਰਿਹਾ ਸੀ ਕਿ ਸਾਦੀ ਵਰਦੀ ਵਿੱਚ ਦੋ ਪੁਲਿਸ ਕਰਮੀਆਂ ਨੇ ਉਸਨੂੰ ਰਾਹ ਵਿੱਚ ਰੋਕਿਆ ਅਤੇ ਉਸਤੋਂ ਮੋਟਰਸਾਈਕਲ ਦੀ ਆਰ.ਸੀ.ਮੰਗੀ। ਕਿਹਾ ਜਾ ਰਿਹਾ ਹੈ ਕਿ ਮੋਟਰਸਾਈਕਲ ਵਿੱਚ ਪਈ ਆਰ.ਸੀ. ਮੋਟਰਸਾਈਕਲ ਨਾਲ ਮੇਲ ਨਾ ਖ਼ਾਧੀ ਤਾਂ ਪੁਲਿਸ ਵਾਲੇ ਉਸਨੂੰ ਥਾਣੇ ਲੈ ਗਏ ਅਤੇ ਉਸਨੂੰ ਕਿਹਾ ਕਿ ਤੂੰ ਇਹ ਮੋਟਰ ਸਾਈਕਲ ਚੋਰੀ ਕੀਤਾ ਹੈ। ਉਸਨੇ ਕਿਹਾ ਕਿ ਨਹੀਂ ਇਹ ਉਸਦੇ ਦੋਸਤ ਦਾ ਹੈ ਅਤੇ ਆਰ.ਸੀ. ਬਾਰੇ ਉਸਨੇ ਉਸਨੂੰ ਕੁਝ ਨਹੀਂ ਦੱਸਿਆ ਸੀ। ਉਸਨੇ ਦੋਸ਼ ਲਗਾਇਆ ਉਸਨੂੰ ਕਿਹਾ ਗਿਆ ਕਿ ਜੇ 20 ਹਜ਼ਾਰ ਰੁਪਏ ਨਾ ਦਿੱਤੇ ਤਾਂ ਉਸ ’ਤੇ ਕੇਸ ਬਣਾ ਦਿੱਤਾ ਜਾਵੇਗਾ।
ਇਨ੍ਹਾਂ ਵਿੱਚ ਖ਼ਰੜ ਥਾਣੇ ਦੇ ਏ.ਐੱਸ.ਆਈ.ਸੁਰਜੀਤ ਸਿੰਘ ਅਤੇ ਹੌਲਦਾਰ ਹੁਸਨਪ੍ਰੀਤ ਸਿੰਘ ਸ਼ਾਮਲ ਸਨ।
ਨੌਜਵਾਨ ਨੇ ਲਾਈਵ ਹੋ ਕੇ ਦੱਸਿਆ ਕਿ ਉਸ ਦੇ ਦੋਸਤ ਦੇ ਪਿਤਾ ਸ: ਨਿਹਾਲ ਸਿੰਘ ਜਿਨ੍ਹਾਂ ਦੇ ਨਾਂਅ ਮੋਟਰਸਾਈਕਲ ਸੀ, ਥਾਣੇ ਆਏ ਅਤੇ ਅਸਲੀ ਆਰ.ਸੀ. ਵਿਖ਼ਾ ਕੇ ਮੋਟਰ ਸਾਈਕਲ ਪੁਲਿਸ ਤੋਂ ਵਾਪਸ ਲੈ ਲਿਆ ਪਰ ਇਸ ਤੋਂ ਬਾਅਦ ਵੀ ਉਸਨੂੰ ਪਰੇਸ਼ਾਨ ਕਰਨਾ ਜਾਰੀ ਰੱਖ਼ਿਆ ਗਿਆ। ਲੜਕੇ ਦੇ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ 2 ਹਜ਼ਾਰ ਰੁਪਏ ਦਿੱਤੇ ਵੀ ਗਏ ਸਨ ਪਰ ਪੁਲਿਸ ਕਰਮੀ 20 ਹਜ਼ਾਰ ਰੁਪਏ ਮੰਗ ਰਹੇ ਸਨ ਅਤੇ ਪੁਲਿਸ ਵੱਲੋਂ ਤੰਗ ਪਰੇਸ਼ਾਨ ਕਰਨ ਦੇ ਚੱਲਦਿਆਂ ਆਪਣੇ ’ਤੇ ਕੇਸ ਪੈ ਜਾਣ ਦਾ ਡਰ ਨਾ ਸਹਾਰਦੇ ਹੋਏ ਨੌਜਵਾਨ ਨੇ ਆਤਮਹੱਤਿਆ ਕਰ ਲਈ।
ਨੌਜਵਾਨ ਨੇ ਉਸਨੇ ਕਿਹਾ ਕਿ ਉਹ ਮਹਿਜ਼ 5-6 ਹਜ਼ਾਰ ਰੁਪਏ ਮਹੀਨਾ ਕਮਾਉਣ ਵਾਲਾ ਹੈ ਅਤੇ ਉਹ ਇੱਕ ਹੀ ਦਿਨ ਵਿੱਚ ਉਨ੍ਹਾਂ ਨੂੰ 20 ਹਜ਼ਾਰ ਕਿੱਥੋਂ ਦੇਵੇਗਾ? ਉਸਨੇ ਜਦ ਇਹ ਕਿਹਾ ਕਿ ਉਹ ਸਧਾਰਨ ਵਿਅਕਤੀ ਹੈ ਅਤੇ ਉਸਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਤਾਂ ਉਸਨੂੰ ਕਿਹਾ ਗਿਆ ਕਿ, ‘ਕੋਈ ਗੱਲ ਨਹੀਂ ਕ੍ਰਿਮੀਨਲ ਰਿਕਾਰਡ ਤੇਰਾ ਅਸੀਂ ਬਣਾ ਦਿਆਂਗੇ।’
ਨੌਜਵਾਨ ਨੇ ਆਪਣੇ ਵੀਡੀਉ ਵਿੱਚ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਚੰਗੀ ਭਲੀ ਜੀਅ ਰਿਹਾ ਸੀ ਪਰ ਉਹ ਹੁਣ ਬਹੁਤ ਦਬਾਅ ਹੇਠ ਹੈ ਇਸ ਲਈ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ। ਉਸਨੇ ਵੀਡੀਉ ਰਾਹੀਂ ਇਹ ਵੀ ਮੰਗ ਕੀਤੀ ਹੈ ਕਿ ਦੋਹਾਂ ਪੁਲਿਸ ਕਰਮੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਅੱਗੇ ਤੋਂ ਕਿਸੇ ਨੌਜਵਾਨ ਨਾਲ ਇੰਜ ਨਾ ਕਰ ਸਕਣ।
ਇਸ ਮਾਮਲੇ ਵਿੱਚ ਕਾਰਵਾਈ ਦੇ ਨਾਂਅ ’ਤੇ ਪੁਲਿਸ ਨੇ ਦੋਹਾਂ ਪੁਲਿਸ ਕਰਮੀਆਂ ਨੂੰ ਮੁਅੱਤਲ ਕਰਦਿਆਂ ਕੇਸ ਦਰਜ ਕੀਤਾ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ