Friday, May 31, 2024

ਵਾਹਿਗੁਰੂ

spot_img
spot_img

ਗਰਮਾ-ਗਰਮ ਰੋਟੀਆਂ, ਕਿਤਨਾ ਹਸੀਨ ਖ਼ਵਾਬ ਹੈ – ‘ਪੋਸਟ ਸਾਹਿਤਕ ਹੋਵੇ, ਰਾਜਨੀਤਿਕ ਪੋਸਟਾਂ ਤੋਂ ਗੁਰੇਜ਼ ਕੀਤਾ ਜਾਵੇ’ – ਐੱਸ.ਪੀ. ਸਿੰਘ ਦੀ ਕਲਮ ਤੋਂ

- Advertisement -

The Roti Chase – The Hungry Tide’s Literary-cum-Political Question About Moon and Sixpence – by SP Singh

ਅੱਜਕਲ ਮੌਸਮ ਖੁਸ਼ਨੁਮਾ ਹੈ। ਉਹ ਦਿਨ ਲੱਦ ਗਏ ਜਦੋਂ ਖ਼ਬਰਾਂ ਛੱਪਦੀਆਂ ਸਨ ਕਿ ਐਨੇ ਲੋਕ ਠੰਡ ਨਾਲ ਮਰ ਗਏ, ਅਤੇ ਹਾਲੇ ਉਹ ਦਿਨ ਦੂਰ ਹਨ ਜਦੋਂ ਉਹ ਸੁਰਖ਼ੀਆਂ ਛਪਣੀਆਂ ਹਨ ਕਿ ਕਿੰਨ੍ਹੇ ਲੋਕ ਲੂ ਲੱਗਣ ਨਾਲ ਜਹਾਨੋਂ ਟੁਰ ਗਏ। ਐਸੇ ਹੁਸੀਨ ਮੌਸਮ ਵਿੱਚ ਉਹਨਾਂ ਦੀ ਗੱਲ ਕਰ ਲਈਏ ਜਿਹੜੇ ਲੂ ਨਾਲ ਮਰਨ ਨੂੰ ਤਰਸਦੇ ਹਨ, ਗਰਮੀਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਨੂੰ ਤਿਆਰ ਹਨ ਅਤੇ ਉਦੋਂ ਤੱਕ ਜੀਉਂਦੇ ਰਹਿਣ ਲਈ ਔਹਰ ਪੌਹਰ ਕਰ ਰਹੇ ਹਨ, ਫਿਰ ਵੀ ਗਰਮੀਆਂ ਤੋਂ ਪਹਿਲਾਂ ਪਹਿਲਾਂ ਹੀ ਮਰ ਰਹੇ ਹਨ। ਕੁੱਝ ਹੋਣਗੇ ਜਿਹੜੇ ਅਗਲੀਆਂ ਸਰਦੀਆਂ ਤੱਕ ਜੀਉਂਦੇ ਰਹਿਣ ਦੀ ਖ਼ਵਾਇਸ਼ ਪਾਲ ਰਹੇ ਹੋਣਗੇ ਪਰ ਉਹਨਾਂ ਨੂੰ ਹਾਲੇ ਆਟੇ ਦਾਲ ਦਾ ਭਾਅ ਕੀ ਪਤਾ?

ਪਾਕਿਸਤਾਨ ਦੇ ਖ਼ੈਬਰ ਪਖ਼ਤੁਨਖ਼ਵਾ ਵਿੱਚ ਸੱਤ ਬੱਚਿਆਂ ਦਾ ਬਾਪ, ਹੀਰਾ ਸਿੰਘ ਕੋਹਲੀ, ਸਾਥੀ ਹਮਵਤਨਾਂ ਦੇ ਪੈਰਾਂ ਥੱਲੇ ਆ ਕੇ ਕੁਚਲਿਆ ਗਿਆ ਜਦੋਂ ਉਹ ਸਸਤੇ ਸਰਕਾਰੀ ਆਟੇ ਦੀ ਥੈਲੀ ਹਾਸਲ ਕਰਨ ਲਈ ਬਾਕੀ ਦੀ ਭੀੜ ਦੇ ਨਾਲ ਨਾਲ ਮੁਸ਼ੱਕਤ ਕਰ ਰਿਹਾ ਸੀ। ਦਫ਼ਨ ਹੋਣ ਵਾਲਿਆਂ ਦੇ ਮੁਲਕ ਵਿੱਚ ਦਾਹ-ਸਸਕਾਰ ਵਾਲਾ ਟਾਂਵਾਂ ਟਾਂਵਾਂ ਹੀ ਰਹਿੰਦਾ ਹੈ, ਪਰ ਭੁੱਖ ਤਾਂ ਓਨੀ ਹੀ ਬੇਸਬਰੀ ਨਾਲ ਲਾਸ਼ ਦਾ ਇੰਤਜ਼ਾਰ ਕਰਦੀ ਹੈ।

ਜਿਸ “ਟੋਬਾ ਟੇਕ ਸਿੰਘ” ਨਾਲ ਮੰਟੋ ਨੇ ਸਾਰੇ ਬਰ-ਏ-ਸਗ਼ੀਰ ਨੂੰ ਹਮੇਸ਼ਾਂ ਲਈ ਇੰਝ ਮਿਲਵਾ ਦਿੱਤਾ ਕਿ ਸਾਡੀਆਂ ਨਸਲਾਂ ਨੇ ਉਸ ਕਹਾਣੀ ਨੂੰ ਛਾਤੀ ਨਾਲ ਘੁੱਟ ਭੁੱਬਾਂ ਮਾਰੀਆਂ, ਓਥੇ ਕੁੱਝ ਘੰਟੇ ਪਹਿਲਾਂ 74 ਸਾਲ ਦਾ ਸਰਦਾਰ ਮੁਹੰਮਦ ਸਸਤੇ ਆਟੇ ਲਈ ਸਹਿਕਦਾ ਦਮ ਤੋੜ ਗਿਆ। “ਹਾਏ ਮਰ ਗਿਆ ਓਏ!” ਉਹਦੀ ਜੇਬ੍ਹ ਵਿੱਚੋਂ ਉਹਦਾ ਸਰਕਾਰੀ ਪਛਾਣ ਪੱਤਰ ਅਤੇ ਡਾਕਟਰ ਦੀਆਂ ਲਿੱਖੀਆਂ ਦਵਾਈਆਂ ਵਾਲੀਆਂ ਦੋ ਪਰਚੀਆਂ ਮਿਲੀਆਂ ਹਨ। ਦਵਾਈਆਂ ਉਹਦੀ ਹੈਸੀਅਤ ਤੋਂ ਮਹਿੰਗੀਆਂ ਸਨ, ਇਸ ਲਈ ਉਸ ਕਦੀ ਖਰੀਦੀਆਂ ਨਹੀਂ ਸਨ।

ਪਾਕਿਸਤਾਨੀ ਪੰਜਾਬ ਵਿੱਚ ਭੁੱਖ ਨਾਲ ਮਰਦੇ ਲੋਕ ਤੁਹਾਡੀ ਮਾਂ-ਬੋਲੀ ਪੰਜਾਬੀ ਵਿੱਚ ਚੀਕਾਂ ਮਾਰ ਮਾਰ ਦਮ ਤੋੜ ਰਹੇ ਹਨ। ਭੀੜਾਂ ਦੇ ਪੈਰਾਂ ਥੱਲੇ ਕੁਚਲੇ ਜਾਣ ਦੀਆਂ ਖ਼ਬਰਾਂ ਜਗ੍ਹਾਂ ਜਗ੍ਹਾਂ ਤੋਂ ਆ ਰਹੀਆਂ ਹਨ। ਮਰਨ ਵਾਲਿਆਂ ਵਿੱਚ ਔਰਤਾਂ ਵੀ ਸ਼ਾਮਲ ਹਨ।

ਜਿਨ੍ਹਾਂ ਦੀ Jack London ਦੀ ਮਸ਼ਹੂਰ-ਏ-ਜ਼ਮਾਨਾ ਕਹਾਣੀ, A Piece of Steak ਪੜ੍ਹ ਕੇ ਜ਼ਾਰ ਜ਼ਾਰ ਰੋਣ ਦੀ ਯਾਦ ਮੱਧਮ ਪੈਂਦੀ ਜਾ ਰਹੀ ਹੋਵੇ, ਉਹ ਸਰਦਾਰ ਮੁਹੰਮਦ ਦੀ ਮੌਤ ਉੱਤੇ ਦੁਬਾਰਾ ਅੱਥਰੂ ਕੇਰ ਸਕਦੇ ਹਨ।

ਹਜ਼ਾਰਾਂ ਲੋਕ ਉਸ ਹਮਸਾਏ ਮੁਲਕ ਵਿੱਚ ਹਰ ਰੋਜ਼ ਘੰਟਿਆਂ ਬੱਧੀ ਸਸਤਾ ਆਟਾ ਲੈਣ ਲਈ ਰਾਸ਼ਨ ਦੀਆਂ ਦੁਕਾਨਾਂ ਮੂਹਰੇ ਕਤਾਰਾਂ ਬੱਧ ਖੜ੍ਹੇ ਰਹਿੰਦੇ ਹਨ। ਮੁਸ਼ਕਿਲ ਇਹ ਹੈ ਕਿ ਰਾਸ਼ਨ ਦੀ ਦੁਕਾਨ ਚਲਦੀ ਫਿਰਦੀ ਹੈ, ਕਤਾਰ ਬੰਨ੍ਹ ਕੇ ਉਹਨੂੰ ਲੱਭਣਾ ਸੌਖਾ ਨਹੀਂ ਹੁੰਦਾ।

ਸਰਕਾਰ ਨੇ ਸਸਤਾ ਆਟਾ ਰਾਸ਼ਨ ਵੰਡਣ ਲਈ ਟਰੈਕਟਰ ਟਰਾਲੀਆਂ ਦਾ ਸਹਾਰਾ ਲਿਆ ਹੈ। ਕਦੋਂ ਅਚਾਣਕ ਇਹ ਸਰਕਾਰੀ ਇਮਦਾਦ ਨਾਲ ਲੱਦੀ ਟਰਾਲੀ ਕਿਹੜੀ ਗਲੀ ਵਿੱਚੋਂ ਕਿਹੜਾ ਮੌੜ ਮੁੜ ਕਿਹੜੀ ਨੁੱਕਰੇ ਖੜ੍ਹੀ ਹੋ ਜਾਵੇ, ਕਿਸੇ ਨੂੰ ਨਹੀਂ ਪਤਾ ਲੱਗਦਾ। ਟਰਾਲੀ ਵਾਲਿਆਂ ਦੀ ਸੁਣੋ – ਉਹ ਕਹਿੰਦੇ ਹਨ ਭੀੜ ਟੁੱਟ ਕੇ ਪੈ ਜਾਂਦੀ ਹੈ, ਇਸ ਲਈ ਉਹ ਟਰਾਲੀ ਉੱਥੇ ਖੜ੍ਹੀ ਕਰਦੇ ਹਨ ਜਿੱਥੇ ਲੋਕ ਨਾ ਹੋਣ। ਜ਼ਿਆਦਾ ਲੋਕ ਆ ਜਾਣ ਤਾਂ ਟਰਾਲੀ ਭਜਾ ਕੇ ਲੈ ਜਾਂਦੇ ਹਨ।

ਘਰੇ ਵਿਲ੍ਹਕਦੇ ਬਾਲ ਵੇਖ, ਭੁੱਖੇ ਮਾਂ ਬਾਪ ਦੇ ਝੋਰਿਆਂ ਨੂੰ ਤੱਕ ਕੇ, ਬੰਦਾ ਘੰਟਿਆਂ-ਬੱਧੀ ਕਤਾਰ ਵਿੱਚ ਖੜ੍ਹਾ ਹੁੰਦਾ ਹੈ, ਫਿਰ ਅਚਾਣਕ ਖ਼ਬਰ ਆਉਂਦੀ ਹੈ ਕਿ ਟਰਾਲੀ ਨਾਲ ਵਾਲੀ ਗਲੀ ਦੀ ਨੁੱਕਰੇ ਖੜ੍ਹ ਗਈ ਹੈ। ਹੁਣ ਕਤਾਰ ਟੁੱਟ ਜਾਂਦੀ ਹੈ, ਭੁੱਖਿਆਂ ਦੀ ਭੀੜ ਬਣ ਜਾਂਦੀ ਹੈ, ਵਾਹੋਦਾਹੀ ਦੌੜਦਿਆਂ ਜਾਂਦਿਆਂ ਦੇ ਪੈਰਾਂ ਥੱਲੇ ਕੋਈ ਬਾਹਲਾ ਲਿੱਸਾ ਭੁੱਖਾ ਕੁਚਲਿਆ ਮਸਲਿਆ ਜਾਂਦਾ ਹੈ, ਮੇਰੀ ਤੁਹਾਡੀ ਮਾਂ ਬੋਲੀ ਵਿੱਚ ਚੀਕਾਂ ਮਾਰਦਾ ਹੈ – “ਹਾਏ ਮਰ ਗਿਆ ਓਏ!” ਓਧਰਲੇ ਪੰਜਾਬ ਵਿੱਚ ਬਹਿਸ ਚਲਦੀ ਹੈ ਕਿ ਭੁੱਖ ਨਾਲ ਮਰਿਆ ਕਿ ਪੈਰਾਂ ਥੱਲੇ ਆ ਕੇ ਹਾਦਸੇ ਵਿੱਚ ਜਾਂ-ਬਾਹਕ ਹੋ ਗਿਆ? ਐਧਰਲੇ ਪੰਜਾਬ ਵਿੱਚ ਚੀਕਾਂ ਹੀ ਨਹੀਂ ਪਹੁੰਚਦੀਆਂ।

ਪੰਜ ਦਰਿਆਵਾਂ ਦੀ ਸੱਭਿਅਤਾ ਦੇ ਲੋਕ ਆਟਾ ਲੁੱਟ ਰਹੇ ਹਨ ਕਿਉਂਜੋ ਹਕੂਮਤਾਂ ਨੇ ਉਹਨਾਂ ਨੂੰ ਲੁੱਟ ਲਿਆ ਹੋਇਆ ਹੈ। ਇਹ ਸੱਭੋ ਕਾਰਜ ਪੰਜਾਬੀ ਜ਼ੁਬਾਨ ਵਿੱਚ ਹੀ ਪ੍ਰਵਾਨ ਚੜ੍ਹ ਰਹੇ ਹਨ।

ਜਿਵੇਂ ਚੰਡੀਗੜ੍ਹ ਵਾਲਿਆਂ ਨੂੰ ਚਾਅ ਚੜ੍ਹੇ ਤਾਂ ਉਹ ਨਿਊ ਚੰਡੀਗੜ੍ਹ ਉਸਾਰਦੇ ਫਿਰਦੇ ਨੇ, ਉਵੇਂ ਹੀ ਕਰਾਚੀ ਵਾਲਿਆਂ ਨੂੰ ਤਰੱਕੀ ਦਾ ਰਾਹ ਇਹੋ ਲੱਭਾ ਕਿ ਇੱਕ ਨਿਊ ਕਰਾਚੀ ਬਣਾ ਵੰਞੀਏ। ਇਸ ਨਿਊ ਕਰਾਚੀ ਦੇ ਖੱਬੇ ਹੱਥ ਸੁਰਜਾਨੀ ਕਸਬਾ ਪੈਂਦਾ ਹੈ ਜਿਸ ਵਿੱਚ ਐਸਾ ਮੁਹੱਲਾ ਹੈ ਕਿ ਰੱਬ ਹੁੰਦਾ ਤਾਂ ਕਦੀ ਨਾ ਭੁੱਲਦਾ – ਖ਼ੁਦਾ ਕੀ ਬਸਤੀ। ਮੈਨੂੰ ਇਹ ਨਹੀਂ ਪਤਾ ਕਿ ਇਹ ਵਾਲਾ ਮੁਹੱਲਾ ਸ਼ੌਕ਼ਤ ਸਿਦੀਕੀ ਹੋਰਾਂ ਦੇ 1957 ਵਾਲੇ ਨਾਵਲ ‘ਖ਼ੁਦਾ ਕੀ ਬਸਤੀ’ ਤੋਂ ਪਹਿਲੋਂ ਬਣਿਆ ਸੀ ਕਿ ਬਾਅਦ ਵਿੱਚ, ਪਰ ਇਹ ਪੱਕਾ ਪਤਾ ਹੈ ਕਿ ਖ਼ੁਦਾ ਜੇ ਕਦੀ ਓਥੇ ਰਿਹਾ ਵੀ ਹੋਸੀ ਤਾਂ ਹੁਣ ਤੱਕ ਹਿਜਰਤ ਕਰ ਕੇ ਜਾ ਚੁੱਕਾ ਹੋਵੇਗਾ।

ਨਹੀਂ ਤਾਂ ਇਸ ਹਫ਼ਤੇ ਉਹ ਦੋਵੇਂ ਮਾਂ ਬਾਪ ਆਪਣੀ ਅਤੇ ਆਪਣੀਆਂ ਛੋਟੀਆਂ ਛੋਟੀਆਂ ਦੋਹਾਂ ਬੇਟੀਆਂ ਦੀ ਭੁੱਖ ਮਿਟਾਉਣ ਵਿੱਚ ਅਸਫ਼ਲ ਰਹਿਣ ਬਾਅਦ ਉਹਨਾਂ ਨੂੰ ਜ਼ਹਿਰ ਦੇ ਕੇ ਅਤੇ ਫਿਰ ਆਪ ਜ਼ਹਿਰ ਪੀ ਕੇ ਕਿਉਂ ਜਹਾਨੋਂ ਕੂਚ ਕਰਨ ਦਾ ਤਰੱਦਦ ਕਰਦੇ? ਸਸਤੇ ਆਟੇ ਦੀ ਟਰਾਲੀ ਪਿੱਛੇ ਭੱਜਦੇ ਕਿਸੇ ਦੇ ਪੈਰਾਂ ਥੱਲੇ ਮਿੱਧ ਕੇ ਮਰ ਜਾਂਦੇ ਤਾਂ ਇਸ ਇਲਜ਼ਾਮ ਤੋਂ ਤਾਂ ਬਚਦੇ ਕਿ ਆਪਣੀ ਦੋ ਸਾਲਾਂ ਦੀ ਬਾਲੜੀ ਨੂੰ ਕੌੜਾ ਜ਼ਹਿਰ ਦੇਣ ਦਾ ਹੌਸਲਾ ਕਿਵੇਂ ਕੀਤਾ ਹੋਸੀ? ਪਰ ਜੇ ਆਟੇ ਦੀ ਥਾਂ ਜ਼ਹਿਰ ਦਾ ਸੇਵਨ ਨਾ ਕਰਦੇ, ਭੁੱਖੇ ਹੀ ਜੀਉਂਦੇ ਰਹਿੰਦੇ ਤਾਂ ਕੀ ਅਸਾਂ ਉਹਨਾਂ ਦੀ ਇਸ ਇਲਤਿਜਾ ਉੱਤੇ ਕੰਨ ਧਰਨਾ ਸੀ ਕਿ ਜ਼ਮਾਨੇ ਨੇ ਉਹਨਾਂ ਦੇ ਹਿੱਸੇ ਦਾ ਸਾਰਾ ਆਟਾ ਖਾ ਲਿਆ ਸੀ ਅਤੇ ਉਹਨਾਂ ਦੇ ਘਰ ਵਨੀਂ ਕੋਈ ਨਹੀਂ ਬਹੁੜ ਰਿਹਾ ਸੀ?

ਖ਼ੁਦਾ ਕੀ ਬਸਤੀ ਵਾਲਾ ਸੁਰਜਾਨੀ ਕਸਬਾ ਸਿੰਧ ਵਿੱਚ ਹੈ ਪਰ ਰਹਿੰਦੇ ਓਥੇ ਮੁਹਾਜਿਰ ਹਨ। ਮੁਹਾਜਿਰ। ਰਿਫਿਊਜੀ। ਉਵੇਂ ਦੇ ਹੀ ਰਿਫਿਊਜੀ ਜਿਵੇਂ ਦਾ ਮੇਰਾ ਬਾਪ ਸੀ ਪਿੱਛਲੀ ਸਦੀ ਦੇ ਸੰਤਾਲੀ ਵਿੱਚ ਜਦੋਂ ਉਹ ਸੱਤਾਂ ਸਾਲਾਂ ਦਾ ਆਪਣੇ ਬਾਪ ਦੀ ਉਂਗਲ ਫੜ੍ਹ ਹੁਜਰਾ ਸ਼ਾਹ ਮੁਕੀਮ ਤੋਂ ਧੱਕੇ ਖਾਂਦਾ ਫ਼ਿਰੋਜ਼ਪੁਰ ਦੇ ਸੁਲੇਮਾਨ ਕੀ-ਹੈੱਡ ਤੋਂ ਬਾਰਡਰ ਪਾਰ ਕਰਦਾ, ਆਪਣੇ ਮੁਲਕ ਨੂੰ ਛੱਡ ਨਵਾਂ ਜਿਓਗ੍ਰਾਫ਼ੀਆ ਘੜਦਾ, ਆਪਣੇ ਮੁਲਕ ਨੂੰ “ਦੂਜਾ ਮੁਲਕ” ਅਤੇ ਏਧਰਲੇ ਨੂੰ “ਆਪਣਾ ਮੁਲਕ” ਕਹਿਣਾ ਸਿੱਖਦਾ, ਲੁਧਿਆਣੇ ਦੇ ਬੱਸ ਅੱਡੇ ਸਾਹਮਣੇ ਰਿਫਿਊਜੀ ਕੈਂਪ ਵਿੱਚ ਆਣ ਡਿੱਗਾ ਸੀ ਜਿੱਥੇ ਫੌਜੀ ਪੁੱਛਦੇ ਸਨ – “ਕਿੰਨ੍ਹੇ ਜੀਅ?” ਤੇ ਫਿਰ ਓਨੇ ਬੁੱਕ ਭਰ ਕੇ ਆਟਾ ਉਹਦੀ ਝੋਲ਼ੀ ਪਾ ਦੇਂਦੇ ਸਨ।

ਵੇ ਹਾਏ ਵੇ ਮੈਂ ਮਾਰ ਦੁਹੱਥੜ ਪਿੱਟਾਂ, ਵੇ “ਖ਼ੁਦਾ ਕੀ ਬਸਤੀ” ਦੇ ਜ਼ਹਿਰ-ਖਾਣਿਆਂ ਨਾਲ ਤਾਂ ਮੇਰੀ ਸਰਕਾਰੀ ਆਟਾ ਖਾਣ ਦੀ ਖ਼ਾਨਦਾਨੀ ਸਾਂਝ ਸੀ!!! ਵੇ ਖ਼ੁਦਾ ਦੇ ਮਾਰਿਓ, ਵੇ ਗੁਨਾਹਾਗਾਰੋ, ਤੁਸੀਂ ਓਧਰ ਆਟੇ ਦੀ ਟਰਾਲੀ ਕਿਓਂ ਨਾ ਭੇਜੀ ਵੇ? ਵੇ ਪੰਜਾਬੀ ਵਿੱਚ “ਹਾਏ ਮਰ ਗਿਆ ਓਏ!” ਕਹਿੰਦਾ ਮਰਿਆ ਉਹ ਪਰਿਵਾਰ ਕਿ ਸਰਾਇਕੀ ਵਿੱਚ ਪਿੱਟਿਆ ਸੀ ਦੋ ਗੁੱਡੀਆਂ ਦਾ ਬਾਪ? ਕਿ ਸਿੰਧੀ ਵਿੱਚ ਢਿੱਡ ਫੜ੍ਹ ਰੋ ਰੋ ਮਰਿਆ? ਮੈਨੂੰ ਦੱਸੋ ਵੇ, ਮੈਂ ਕੁੱਝ ਸਾਹਿਤਕ ਲਿੱਖਣ ਦਾ ਤਰੱਦਦ ਕਰਾਂ, ਅਗਲਿਆਂ ਨੇ ਰਾਜਨੀਤਕ ਪੋਸਟ ਪਾਉਣ ਤੋਂ ਮਨ੍ਹਾਂਹੀਂ ਕੀਤੀ ਹੋਈ ਹੈ।

ਸੱਚੀ ਗੱਲ ਇਹ ਹੈ ਕਿ ਪੰਜਾਬ-ਪੰਜਾਬ ਦੇ ਆਪਸੀ ਰਿਸ਼ਤਿਆਂ ਅਤੇ ਸਾਂਝੇ ਸਕਾਫ਼ਤੀ ਭਾਈਚਾਰੇ ਬਾਰੇ ਕੂਕਣ ਵਾਲੇ ਅਸੀਂ ਹੁਣ ਕਿਸੇ ਕੰਡਿਆਲੀ ਤਾਰ ਉੱਤੇ ਫੁੱਲ ਲੱਗਣ ਦੀ ਗੱਲ ਨਹੀਂ ਕਰ ਰਹੇ। ਅਸੀਂ ਤਾਂ ਆਟੇ ਦੀ ਬੁੱਕ ਭਰ ਸਾਂਝ ਵੀ ਨਹੀਂ ਪਾਉਣੀ ਚਾਹ ਰਹੇ। ਹੁਣ ਸਾਡੇ ਤਸੱਵੁਰ ਦਾ ਦਾਇਰਾ ਵਡੇਰਾ ਹੋ ਗਿਆ ਹੈ। ਅਸੀਂ ਹੁਣ ਰੋਟੀ ਬਾਰੇ ਗੀਤ ਨਹੀਂ ਲਿੱਖਦੇ। ਸਾਡਾ ਸ਼ਾਇਰ ਹੁਣ ਚਟਨੀ ਜਾਂ ਆਚਾਰ ਬਾਰੇ ਗ਼ਜ਼ਲਗੋਈ ਕਰੇ ਕਿ ਕੁੱਲ ਕਾਇਨਾਤ ਤੋਂ ਵਡੇਰੀ ਕੋਈ ਗੱਲ ਕਰੇ?

ਕੋਈ ਵਿਰਲਾ ਪੀਯੂਸ਼ ਮਿਸ਼ਰਾ “ਏਕ ਬਗਲ ਮੇਂ ਚਾਂਦ ਹੋਗਾ, ਏਕ ਬਗਲ ਮੇਂ ਰੋਟੀਆਂ” ਲਿਖਦਾ ਹੈ। ਮਜਰੂਹ ਸੁਲਤਾਨਪੁਰੀ ਦਾ ਜ਼ਮਾਨਾ ਹੋਰ ਸੀ ਜਦੋਂ “ਕਾਲੀ ਟੋਪੀ ਲਾਲ ਰੁਮਾਲ” ਵਾਲਾ “ਦੀਵਾਨਾ ਆਦਮੀ ਕੋ ਬਨਾਤੀ ਹੈਂ ਰੋਟੀਆਂ / ਖ਼ੁਦ ਨਾਚਤੀ ਹੈਂ, ਸਭ ਕੋ ਨਚਾਤੀ ਹੈਂ ਰੋਟੀਆਂ” ਸਾਡੇ ਸਮਿਆਂ ਦੀ ਸਚਾਈ ਨੂੰ ਸ਼ਬਦ ਦੇਂਦਾ ਸੀ। ਹੁਣ ਇਹ ਮਸਲਾ ਜ਼ੋਮੈਟੋ ਜਾਂ ਸਵਿੱਗੀ ਨੇ ਹੱਲ ਕਰ ਦਿੱਤਾ ਹੈ, ਹੁਣ ਸਾਡਾ ਚਿੰਤਨੀ ਸੰਸਾਰ “ਇਨਸਾਨ ਕੋ ਚਾਂਦ ਮੇਂ ਨਜ਼ਰ ਆਤੀ ਹੈਂ ਰੋਟੀਆਂ” ਤੋਂ ਬਹੁਤ ਅਗਾਹਾਂ ਪਹੁੰਚ ਚੁੱਕਾ ਹੈ, ਹੁਣ ਤਾਂ ਸਾਨੂੰ ਚੰਦਰਮਾ ਵਿੱਚ ਪਲਾਟ ਦਿੱਸਦੇ ਹਨ।

ਪਾਕਿਸਤਾਨ ਵਾਲੇ ਚਾਹੁਣ ਤਾਂ ਸਾਥੋਂ ਮੰਨਾ ਡੇਅ ਦਾ ਸ਼ੰਕਰ-ਜੈਕਿਸ਼ਨ ਦੀ ਧੁਨ ਉੱਤੇ ਗਾਇਆ “ਆਲੂ ਟਮਾਟਰ ਕਾ ਸਾਗ, ਇਮਲੀ ਕੀ ਚਟਨੀ ਬਣੇ/ਰੋਟੀ ਕਰਾਰੀ ਸਿਕੇ, ਉਸ ਪੇ ਘੀ ਅਸਲੀ ਲਗੇ” ਵਾਲਾ ਗਾਣਾ ਉਧਾਰ ਲੈ ਸਕਦੇ ਹਨ, ਸਾਨੂੰ ਹੁਣ ਇਹਦੀ ਕੋਈ ਲੋੜ ਨਹੀਂ ਰਹੀ। ਜਿਹੜੇ ਸਾਡੇ ਲੋਕ ਅੱਜ ਵੀ ਭੁੱਖ ਖੁਣੋਂ ਵਿਲ੍ਹਕਦੇ ਹਨ, ਮਨਰੇਗਾ ਦੀਆਂ ਮਜ਼ਦੂਰੀਆਂ ਦਿਹਾੜੀਆਂ ਲਈ ਤਰਸਦੇ ਹਨ, ਜਿਨ੍ਹਾਂ ਦੇ ਬੱਚੇ ਸਕੂਲਾਂ ਵਿੱਚ ਮਿੱਡ-ਡੇਅ ਮੀਲ ਦੀ ਗੁਣਵੱਤਾ ਦੇ ਮਾਹਿਰ ਬਣ ਚੁੱਕੇ ਹਨ, ਉਹਨਾਂ ਲਈ ਸਾਡਾ ਲੇਖਕ, ਕਹਾਣੀਕਾਰ, ਗ਼ਜ਼ਲਗੋਅ, ਅਫ਼ਸਾਨਾ-ਨਿਗਾਰ ਹੁਣ ਵਕ਼ਤ ਨਹੀਂ ਕੱਢਦਾ।

ਉਹ ਹੁਣ ਵਹਟਸੱਪ ਉੱਤੇ ਅਦਬੀ ਗਰੁੱਪ ਚਲਾਉਂਦਾ ਹੈ ਜਿੱਥੇ ਰਾਜਨੀਤਿਕ ਗੱਲ ਕਰਨ ਦੀ ਮਨਾਹੀ ਹੈ ਤਾਂਕਿ ਕਿਸੇ ਦੀ ਦਿਲ-ਆਜ਼ਾਰੀ ਨਾ ਹੋ ਜਾਵੇ। ‘ਕਿਰਪਾ ਕਰ ਕੇ ਸਿਰਫ਼ ਸਾਹਿਤਕ ਪੋਸਟ ਪਾਓ’ ਵਰਗੀ ਹਿਦਾਇਤ ਨਾਲ ਯੁਕਤ ਇਹ ਖ਼ਲਾਈ ਮਖ਼ਲੂਕ ਕਬੀਲੇ ਇਹ ਗੱਲ ਨਹੀਂ ਕਰਨਾ ਚਾਹੁੰਦੇ ਕਿ ਕਿਹੜੀਆਂ ਸਰਕਾਰੀ ਨੀਤੀਆਂ ਅਤੇ ਵਿਰੋਧੀ ਧਿਰ ਦੀਆਂ ਕਮਜ਼ੋਰੀਆਂ ਕਾਰਨ ਲੋਕ ਲਾਸ਼ਾਂ ਵਿੱਚ ਤਬਦੀਲ ਹੋ ਰਹੇ ਹਨ ਪਰ ਹਾਂ, ਜੇ ਤੁਸੀਂ ਕਿਸੇ ਲਾਸ਼ ਉੱਤੇ ਸੁੰਦਰ ਤਸ਼ਬੀਹਾਂ ਦੇ ਕੇ ਕੋਈ ਮਰਸੀਆ ਲਿੱਖ ਸਕੋ ਤਾਂ ਤੁਹਾਡਾ ਯੋਗਦਾਨ ਸਾਹਿਤਕ ਮੰਨਿਆ ਜਾਵੇਗਾ। ਮਜਬੂਰੀ ਸਮਝ ਆਉਂਦੀ ਹੈ — ਲਾਸ਼ ਕੌਣ ਢੋਵੇ, ਕਵਿਤਾ ਤਾਂ ਮਰੋੜ ਕੇ ਬੰਦਾ ਕਮੀਜ਼ ਦੀ ਜੇਬ੍ਹ ਵਿੱਚ ਪਾ ਸਕਦਾ ਹੈ। ਲਾਸ਼ ਰਾਜਨੀਤਕ ਹੁੰਦੀ ਹੈ। ਕਵਿਤਾ ਸਾਹਿਤਕ ਹੁੰਦੀ ਹੈ। ਪਾਰਖੂ ਬਰੀਕਬੀਨ ਅਦਬੀ ਭਾਈਚਾਰਾ ਸਭ ਸਮਝਦਾ ਹੈ। ਲਾਸ਼ ਨੂੰ ਕੌਣ ਪੁੱਛਦਾ ਹੈ, ਗਰਾਂਟ ਕਵਿਤਾ ਨੂੰ ਮਿਲਦੀ ਹੈ।

ਜੇ ਕਿਤੇ ਸਰਦਾਰ ਮੁੰਹਮਦ ਜਾਂ ਹੀਰਾ ਸਿੰਘ ਕੋਹਲੀ ਦੀ ਲਾਸ਼ ਦੇ ਸਿਰਹਾਣੇ ਬੈਠਿਆਂ ਸਾਡੇ ਸੜਦੇ ਗਲ੍ਹਦੇ ਮੁਆਸ਼ਰੇ ਦੀ ਬਦਬੂ ਤੁਹਾਨੂੰ ਤੰਗ ਕਰੇ ਤਾਂ ਲਾਸ਼ ਦਫ਼ਨ ਕਰਨ ਸਮੇਂ ਜਾਂ ਸਸਕਾਰ ਮੌਕੇ ‘ਗਰਮਾ-ਗਰਮ ਰੋਟੀਆਂ, ਕਿਤਨਾ ਹਸੀਨ ਖ਼ਵਾਬ ਹੈ’ ਗੁਣਗੁਣਾ ਸਕਦੇ ਹੋ। ਇਸ ਨਾਲ ਮਾਮਲਾ ਰਾਜਨੀਤਿਕ ਨਹੀਂ ਰਹੇਗਾ, ਸਾਹਿਤਕ ਬਣ ਜਾਵੇਗਾ। ਫਿਰ ਵੀ ਇਹਨੂੰ ਬਹੁਤ topical ਰੱਖਣਾ ਹੋਵੇ, contemporary ਬਣਾਉਣਾ ਹੋਵੇ ਤਾਂ ਅੱਜ ਦੇ ਅਖ਼ਬਾਰਾਂ ਵਿੱਚ ਜਾਂ ਟੀਵੀ ਚੈਨਲਾਂ ਉੱਤੇ ਇਹ ਖ਼ਬਰ ਪੜ੍ਹ ਵੇਖ ਸਕਦੇ ਹੋ ਕਿ ਕੱਲ ਪਾਕਿਸਤਾਨ ਵਿੱਚ ਰੋਟੀ ਦਾ ਰੇਟ 15 ਰੁਪਏ ਫ਼ੀ ਰੋਟੀ ਤੋਂ ਵਧਾ ਕੇ 25 ਰੁਪਏ ਫ਼ੀ ਰੋਟੀ ਕਰ ਦਿੱਤਾ ਗਿਆ ਹੈ। ਇਹਤੋਂ ਬਾਅਦ ਹੁਣ ਕਿੰਨ੍ਹੇ ਪੈਰਾਂ ਥੱਲ੍ਹੇ ਆ ਕੇ ਮਰਨਗੇ ਅਤੇ ਕਿੰਨ੍ਹੇ ਰੋਟੀ ਦੇ ਵਧੇ ਭਾਅ ਪੜ੍ਹ ਘਰੇ ਹੀ ਗ਼ਸ਼ ਖਾ ਕੇ ਮਰ ਜਾਣਗੇ, ਇਹ ਅੰਦਾਜ਼ੇ ਨਾ ਲਾਉਣ ਲੱਗ ਜਾਣਾ। ਮੈਨੂੰ ਪਤਾ ਹੈ ਤੁਸੀਂ ਲੋਹੜੇ ਦੇ ਮੁਹੰਦਸ ਹੋ – ਏਨੇ ਪਲ ਰੋਟੀ-ਚਟਨੀ-ਨਮਕ-ਤੇਲ-ਆਚਾਰ ਲਈ ਤਰਸਦਿਆਂ ਉੱਤੇ ਲਾਓਗੇ ਤਾਂ ਵੱਡੇ ਵੱਡੇ ਸਾਹਿਤਕ ਮਸਲਿਆਂ ਉੱਤੇ ਕਦੋਂ ਗੌਰ ਫਰਮਾਓਗੇ?

ਵੈਸੇ ਲੋਕ ਨਾ ਕਦੀ ਠੰਡ ਲੱਗਣ ਨਾਲ ਮਰਦੇ ਹਨ, ਨਾ ਲੂ ਲੱਗਣ ਨਾਲ। ਅਖ਼ਬਾਰਾਂ ਦੇ ਮੁਹੰਦਸ ਮੁਦੀਰ ਇਹ ਝੂਠ ਬੇਸ਼ਰਮੀ ਨਾਲ ਛਾਪਦੇ ਹਨ। ਲੋਕ ਇਸ ਲਈ ਮਰਦੇ ਹਨ ਕਿਉਂ ਜੋ ਉਨ੍ਹਾਂ ਦੇ ਸਿਰ ‘ਤੇ ਛੱਤ ਨਹੀਂ, ਪੇਟ ਵਿੱਚ ਪੌਸ਼ਟਿਕ ਆਹਾਰ ਨਹੀਂ, ਉੱਪਰ ਲੈਣ ਲਈ ਰਜਾਈ ਨਹੀਂ। ਕਮਰਾ ਗਰਮ ਜਾਂ ਠੰਡਾ ਕਰਨ ਲਈ ਹੀਟਰ ਜਾਂ ਪੱਖਾ ਨਹੀਂ। ਇਹ ਸਭ ਪੁੱਛਣ ਵਾਲੀ ਸਰਕਾਰ ਨਹੀਂ, ਪੱਤਰਕਾਰ ਨਹੀਂ। ਲੋਕ ਇਸ ਲਈ ਮਰਦੇ ਹਨ ਕਿਉਂਜੋ ਅਸੀਂ ਆਤਮ-ਗਿਲਾਨੀ ਤੋਂ ਰਹਿਤ ਹੋ ਗਏ ਹਾਂ। ਸਾਡੇ ਮਸਲੇ ਵੱਡੇ ਹੋ ਗਏ ਹਨ। ਅਸੀਂ ਖੇਤ ਮਜ਼ਦੂਰਾਂ, ਦਿਹਾੜੀਦਾਰ ਔਰਤ ਕਾਮਿਆਂ, ਭੁੱਖੇ ਵਿਲ੍ਹਕਦੇ ਬਾਲਾਂ, ਘਟੀਆ ਮਿੱਡ-ਡੇਅ ਮੀਲ ਪਦਾਰਥਾਂ ਬਾਰੇ ਗੀਤਾਂ, ਕਵਿਤਾਵਾਂ, ਕਹਾਣੀਆਂ ਤੋਂ ਰਹਿਤ ਸੰਸਾਰ ਵਿੱਚ ਵਿਚਰਦੇ ਹਾਂ।

ਹਮਸਾਏ ਮੁਲਕ ਨਾਲ ਸਾਡੀਆਂ ਸਾਂਝਾਂ ਵਿੱਚ ਹੁਣ ਸਰਦੇ ਪੁੱਜਦੇ ਵਰਗ ਦੀ ਪੱਥਰ-ਦਿਲੀ ਵਾਲੀ ਸਾਂਝ ਵੀ ਸ਼ਾਮਲ ਹੋ ਗਈ ਹੈ। ਅਸੀਂ ਬਾਰਡਰ ਪਾਰ ਕਰ ਚੁੱਕੇ ਹਾਂ। ਟੋਬਾ ਟੇਕ ਸਿੰਘ ਬਹੁਤ ਪਿੱਛੇ ਰਹਿ ਗਿਆ ਹੈ। ਓਥੇ ਸਰਦਾਰ ਮੁਹੰਮਦ ਅਤੇ ਹੀਰਾ ਸਿੰਘ ਕੋਹਲੀ ਦੀਆਂ ਲਾਸ਼ਾਂ ਸਿਰਹਾਣੇ ਸਆਦਤ ਹਸਨ ਮੰਟੋ ਨਾਮ ਦਾ ਇੱਕ ਸ਼ਰ-ਪਸੰਦ ਆਦਮੀ ਇਕੱਲਾ ਬੈਠਾ ਸਾਡੇ ਸਮਿਆਂ ਦੀ ਕਥਾ ਲਿੱਖ ਰਿਹਾ ਹੈ। ਰਚਨਾ ਪੂਰੀ ਹੁੰਦਿਆਂ ਹੀ ਕਿਸੇ ਵੱਡੇ ਸਾਹਿਤਕ ਇਨਾਮ ਲਈ ਮੰਜ਼ਰ-ਏ-ਆਮ ਉੱਤੇ ਲਿਆਂਦੀ ਜਾਵੇਗੀ। ਲਾਸ਼ਾਂ ਦਾ ਮਾਮਲਾ ਛੱਡੋ, ਇਹ ਰਾਜਨੀਤਿਕ ਹੋ ਜਾਂਦਾ ਹੈ। ਗੱਲ ਕੋਈ ਸਾਹਿਤਕ ਕਰੋ, ਲਹਿੰਦੇ-ਚੜ੍ਹਦੇ ਪੰਜਾਬ-ਪੰਜਾਬ ਵਿੱਚਲੀ ਮਾਂ-ਬੋਲੀ ਦੀ ਸਾਂਝ ਦੀ ਬਾਤ ਪਾਓ, ਕੋਈ ਵਰਲਡ ਪੰਜਾਬੀ ਸੈਂਟਰ ਬਣਵਾਓ ਤਾਂ ਜੋ ਵੀਜ਼ੇ ਲਵਾ ਕੇ ਪਾਕਿਸਤਾਨ ਦੀ ਇੱਕ ਫ਼ੇਰੀ ਦਾ ਇੰਤਜ਼ਾਮ ਕਰੀਏ। ਲਾਸ਼ਾਂ ਦਾ ਅਸੀਂ ਹੁਣ ਕੀ ਮਰਸੀਆ ਪੜ੍ਹੀਏ? ਕੰਮ ਉਹ ਕਰਾਓ ਜਿਦ੍ਹੀ ਕੋਈ ਗਰਾਂਟ ਜਾਰੀ ਹੋਵੇ। ਕਫ਼ਨ ਨਮਾਜ਼ ਦਾ ਪ੍ਰਬੰਧ ਤਾਂ ਜਿੰਮੇ ਹਾਰੀ ਸਾਰੀ ਹੋਵੇ।***

PS – ਤੁਹਾਡੀ ਦਿਲ-ਆਜ਼ਾਰੀ ਬਹੁਤੀ ਨਾ ਹੋਈ ਹੋਵੇ ਤਾਂ ਅੱਜ ਰੋਟੀ ਉੱਤੇ ਰੱਖ ਕੇ ਨਜ਼ੀਰ ਅਕਬਰਾਬਾਦੀ ਦੀ “ਰੋਟੀਆਂ” ਦੇ ਇਹ ਟੁਕੜੇ ਨੋਸ਼ ਫ਼ਰਮਾਓ।

फिर पूछा उस ने कहिए ये है दिल का तूर क्या
इस के मुशाहिदे में है खुलता ज़ुहूर क्या
वो बोला सुन के तेरा गया है शुऊ’र क्या
कश्फ़-उल-क़ुलूब और ये कश्फ़-उल-क़ुबूर क्या
जितने हैं कश्फ़ सब ये दिखाती हैं रोटियाँ
रोटी जब आई पेट में सौ क़ंद घुल गए
गुलज़ार फूले आँखों में और ऐश तुल गए
दो तर निवाले पेट में जब आ के ढुल गए
चौदह तबक़ के जितने थे सब भेद खुल गए
ये कश्फ़ ये कमाल दिखाती हैं रोटियाँ

अब आगे जिस के माल-पूए भर के थाल हैं
पूरे भगत उन्हें कहो साहब के लाल हैं
और जिन के आगे रोग़नी और शीर-माल हैं
आरिफ़ वही हैं और वही साहब-कमाल हैं
पक्की-पकाई अब जिन्हें आती हैं रोटियाँ

अशराफ़ों ने जो अपनी ये ज़ातें छुपाई हैं
सच पूछिए तो अपनी ये शानें बढ़ाई हैं
कहिए उन्हों की रोटियाँ किस किस ने खाई हैं
अशराफ़ सब में कहिए तो अब नान-बाई हैं
जिन की दुकाँ से हर कहीं जाती हैं रोटियाँ
दुनिया में अब बदी न कहीं और निकोई है
या दुश्मनी ओ दोस्ती या तुंद-ख़ूई है
कोई किसी का और किसी का न कोई है
सब कोई है उसी का कि जिस हाथ डोई है
नौकर नफ़र ग़ुलाम बनाती हैं रोटियाँ
रोटी का अब अज़ल से हमारा तो है ख़मीर
रूखी ही रोटी हक़ में हमारे है शहद-ओ-शीर
या पतली होवे मोटी ख़मीरी हो या फ़तीर
गेहूँ जवार बाजरे की जैसी हो ‘नज़ीर’
हम को तो सब तरह की ख़ुश आती हैं रोटियाँ

(ਹੁਣ ਇਹ ਤਾਂ ਸਾਹਿਤਕ ਹੈ, ਰਾਜਨੀਤਕ ਨਹੀਂ ਰਹੀ ਨਾ?)

ਐੱਸ ਪੀ ਸਿੰਘ | Tiny Little Tales | March 22, 2023

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਐਡਵੋਕੇਟ ਧਾਮੀ ਨੇ ਲੁਧਿਆਣਾ ਜਿਲ੍ਹੇ ਦੇ ਪਿੰਡ ਢਿੱਲਵਾਂ ’ਚ ਹੋਈ ਬੇਅਦਬੀ ਦੀ ਕੀਤੀ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 30 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਲ੍ਹਾ ਲੁਧਿਆਣਾ ਦੇ ਕਸਬਾ ਸਮਰਾਲਾ ਨਜ਼ਦੀਕ ਪਿੰਡ ਢਿੱਲਵਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ...

ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਹਰਿਆਣਾ ਦੇ ਪਿੰਡ ਲਾਡਵਾਂ ਦੀ ਸੰਗਤ ਵੱਲੋਂ 100 ਕੁਇੰਟਲ ਕਣਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 30 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਹਰਿਆਣਾ ਦੇ ਪਿੰਡ ਲਾਡਵਾਂ ਦੀ ਸੰਗਤ ਵੱਲੋਂ 100 ਕੁਇੰਟਲ ਕਣਕ ਭੇਟ...

ਮਨੋਰੰਜਨ

ਪੰਜਾਬੀ ਅਦਾਕਾਰਾ ਹਸਨਪ੍ਰੀਤ ਕੌਰ ਨੇ ‘ਬ੍ਰਦਰਜ਼ ਡੇਅ’ ਮਨਾਉਂਦੇ ਹੋਏ ਭਰਾਵਾਂ ਲਈ ਸਾਂਝਾ ਕੀਤੇ ਕੁਝ ਖ਼ਾਸ ਪਲ

ਯੈੱਸ ਪੰਜਾਬ 24 ਮਈ, 2024 ਹਸਨਪ੍ਰੀਤ ਕੌਰ ਜੋ ਜ਼ੀ ਪੰਜਾਬੀ ਦੇ ਸ਼ੋਅ "ਦਿਲਾਂ ਦੇ ਰਿਸ਼ਤੇ" ਵਿੱਚ "ਕੀਰਤ" ਦੀ ਭੂਮਿਕਾ ਨਿਭਾ ਰਹੀ ਹੈ, ਨੇ ਬ੍ਰਦਰਜ਼ ਡੇਅ ਤੇ ਆਪਣੇ ਭਰਾਵਾਂ ਨਾਲ ਦਿਲੀ ਪਲਾਂ ਨੂੰ ਸਾਂਝਾ ਕਰਦੇ ਹਨ। "ਦਿਲਾਂ ਦੇ...

ਇੱਕ ਪਰਫੈਕਟ ਕੋਲੇਬੋਰੇਸ਼ਨ- ਮਿਕੀ ਅਰੋੜਾ ਤੇ ਹਰੀਕੇ ਨੇ ਆਪਣਾ ਨਵਾਂ ਗੀਤ “ਐਚਆਰ ਗਾਡੀ” ਕੀਤਾ ਰਿਲੀਜ਼

ਯੈੱਸ ਪੰਜਾਬ 23 ਮਈ, 2024 ਹਰਿਆਣੇ ਦੇ ਰੈਪ ਸੀਨ ਦੀ ਧੜਕਣ ਵਾਲੀ ਲੈਅ ਇੱਕ ਵਾਰ ਫਿਰ ਗੂੰਜਦੀ ਹੈ ਜਦੋਂ ਮਿਕੀ ਅਰੋੜਾ, ਗੀਤਕਾਰੀ ਦੀ ਕਲਾ ਦੇ ਉਸਤਾਦ, ਨੇ ਆਪਣੇ ਨਵੀਨਤਮ ਸੋਨਿਕ ਮਾਸਟਰਪੀਸ, "ਐਚਆਰ ਗਾਡੀ" ਨੂੰ ਗੁਪਤ ਭੂਮੀਗਤ...

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...
spot_img

ਸੋਸ਼ਲ ਮੀਡੀਆ

223,081FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...