ਯੈੱਸ ਪੰਜਾਬ
ਜਲੰਧਰ, 30 ਸਤੰਬਰ, 2023:
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਦੀ ਪੁਸਤਕ, ਸਵੈ ਕਥਨ: ‘ਬਸੰਤ ਰੁੱਤ ਆਏਗੀ’ ਅੱਜ ਦੇਸ਼ ਭਗਤ ਯਾਦਗਾਰ ਹਾਲ ਅੰਦਰ ਨਵਿਆਏ ਮਿਊਜ਼ੀਅਮ ’ਚ ਬਣੇ ਥੀਏਟਰ ’ਚ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਖਜ਼ਾਨਚੀ ਸੀਤਲ ਸਿੰਘ ਸੰਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪੰਜਾਬੀ ਸਾਹਿਤ ਦੀ ਝੋਲੀ ਤਲਖ਼ ਹਕੀਕਤਾਂ ਅਤੇ ਸਖ਼ਤ ਇਮਤਿਹਾਨਾਂ ਦੇ ਤੰਦੂਰ ’ਚ ਰੜ੍ਹੀ ਤਪੀ ਸੁਰਿੰਦਰ ਕੁਮਾਰੀ ਕੋਛੜ ਦੀ ਜ਼ਿੰਦਗੀ ਦੇ ਸਫ਼ਰ ਦੀ ਦਸਤਾਵੇਜ਼ ਪੁਸਤਕ ਨੂੰ ਸਲਾਮ ਕੀਤਾ।
ਉਹਨਾਂ ਕਿਹਾ ਕਿ ਇਹ ਪੁਸਤਕ ਅਜੇਹਾ ਜ਼ਿੰਦਗੀਨਾਮਾ ਸਾਬਤ ਹੋਏਗੀ ਜੋ ਪਾਠਕਾਂ ਲਈ ਜ਼ਿੰਦਗੀ ਦੇ ਹਾਣੀ ਬਣਨ ਅਤੇ ਜ਼ਿੰਦਗੀ ਲੋਕਾਂ ਨੂੰ ਸਮਰਪਤ ਕਰਨ ਦੀ ਸੂਝ-ਬੂਝ ਪ੍ਰਦਾਨ ਕਰੇਗੀ।
‘ਬਸੰਤ ਰੁੱਤ ਆਏਗੀ’ ਪੁਸਤਕ ਲੋਕ ਅਰਪਣ ਕਰਨ ਤੋਂ ਪਹਿਲਾਂ ਸੁਰਿੰਦਰ ਕੁਮਾਰੀ ਕੋਛੜ ਨੂੰ ਕਮੇਟੀ ਦੇ ਅਹੁਦੇਦਾਰਾਂ, ਨੂਰਮਹਿਲ, ਜਲੰਧਰ, ਨਵਾਂ ਸ਼ਹਿਰ, ਫਗਵਾੜਾ, ਬੰਗਾ ਆਦਿ ਥਾਵਾਂ ਤੋਂ ਆਏ ਸੁਰਿੰਦਰ ਕੁਮਾਰੀ ਕੋਛੜ ਦੇ ਪਰਿਵਾਰਕ ਮੈਂਬਰਾਂ, ਤਰਕਸ਼ੀਲ ਸੁਸਾਇਟੀ, ਜਮਹੂਰੀ ਅਧਿਕਾਰ ਸਭਾ, ਇਸਤਰੀ ਜਾਗਰਤੀ ਮੰਚ, ਪਲਸ ਮੰਚ, ਪੀਪਲਜ਼ ਵੁਆਇਸ ਦੇ ਕਾਮਿਆਂ, ਲੇਖਕਾਂ, ਪੱਤਰਕਾਰ ਭਾਈਚਾਰੇ ਦੇ ਉਚੇਚੇ ਤੌਰ ’ਤੇ ਸੁਰਿੰਦਰ ਕੁਮਾਰੀ ਕੋਛੜ ਦੇ ਜਨਮ ਦਿਹਾੜੇ ਮੌਕੇ ਉਹਨਾਂ ਦੀ ਪੁਸਤਕ ‘ਬਸੰਤ ਰੁੱਤ ਆਏਗੀ’ ’ਤੇ ਮੁਬਾਰਕਾਂ ਦਿੱਤੀਆਂ।
ਮਿਊਜ਼ੀਅਮ ਨੂੰ ਨਵਿਆ ਕੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਸੰਸਥਾਵਾਂ ਨੂੰ ਸੂਝ-ਬੂਝ, ਇਤਿਹਾਸ, ਵਿਰਾਸਤ ਅਤੇ ਸਮਕਾਲੀ ਮੁੱਦਿਆਂ ਨਾਲ ਜੋੜਨ ਲਈ ਫ਼ਿਲਮਾਂ, ਜਾਣਕਾਰੀ ਭਰਪੂਰ ਵੰਨ ਸੁਵੰਨੀਆਂ ਕਲਾ ਕ੍ਰਿਤਾਂ ਪੇਸ਼ ਕਰਨ ਲਈ ਲੋਕ ਅਰਪਣ ਕਰਨ ’ਤੇ ਜੁੜੀ ਇਕੱਤਰਾ ਨੇ ਖੁਸ਼ੀ ਦਾ ਇਜ਼ਹਾਰ ਕੀਤਾ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ