ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 20 ਮਾਰਚ, 2025
Sunita Williams ਤੇ Butch Wilmore 9 ਮਹੀਨੇ ਤੋਂ ਵੀ ਵਧ ਸਮਾਂ ਪੁਲਾੜ ਵਿਚ ਰਹਿਣ ਉਪਰੰਤ ਵਾਪਿਸ ਧਰਤੀ ‘ਤੇ ਪਰਤ ਆਏ ਹਨ। ਉਨਾਂ ਨੇ ਕੁਲ 286 ਦਿਨ ਪੁਲਾੜ ਵਿਚ ਬਿਤਾਏ। ਸਪੇਸਕਰਾਫਟ ਸਪੇਸ ਐਕਸ ਡਰੈਗਨ ਪੁਲਾੜ ਯਾਤਰੀਆਂ ਨੂੰ ਲੈ ਕੇ ਫਲੋਰਿਡਾ ਤੱਟ ਨੇੜੇ ਸਮੁੰਦਰ ਵਿਚ ਸਫਲਤਾ ਪੂਰਵਕ ਸਥਾਨਕ ਸਮੇ ਅਨੁਸਾਰ ਸ਼ਾਮ 5 ਵਜ ਕੇ 57 ਮਿੰਟ ‘ਤੇ ਉਤਰ ਆਇਆ। ਇਸ ਦੇ ਨਾਲ ਹੀ ਉਨਾਂ ਦਾ ਵਿਗਿਆਨਕ ਮਿਸ਼ਨ ਮੁਕੰਮਲ ਹੋ ਗਿਆ।
ਦੋਨਾਂ ਪੁਲਾੜ ਯਾਤਰੀਆਂ ਦੀ ਸਿਹਤ ਹਾਲਾਂ ਕਿ ਠੀਕ ਠਾਕ ਹੈ ਪਰੰਤੂ ਉਨਾਂ ਨੂੰ ਅਜੇ ਘਰ ਨਹੀਂ ਜਾਣ ਦਿੱਤਾ ਜਾਵੇਗਾ ਤੇ ਉਹ 45 ਦਿਨ ਹਿਊਸਟਨ ਵਿਚ ਪੁਨਰ ਸੁਰਜੀਤੀ ਪ੍ਰਗਰਾਮ ਤਹਿਤ ਬਿਤਾਉਣਗੇ ਜਿਥੇ ਉਨਾਂ ਦੀ ਮੁਕੰਮਲ ਸਿਹਤ ਜਾਂਚ ਕੀਤੀ ਜਾਵੇਗੀ ਤੇ ਸਿਹਤ ਸਬੰਧੀ ਸੰਭਾਵੀ ਸਮੱਸਿਆਵਾਂ ਨਾਲ ਨਜਿੱਠਿਆ ਜਾਵੇਗਾ।
ਪੁਲਾੜ ਮਿਸ਼ਨ ਵਿਚ ਅਚਾਨਕ ਵਾਧਾ ਕਰ ਦੇਣ ਕਾਰਨ ਦੋਨੋਂ ਪੁਲਾੜ ਯਾਤਰੀਆਂ ਨੂੰ ਲੰਬਾ ਸਮਾਂ ਪੁਲਾੜ ਵਿਚ ਬਿਤਾਉਣਾ ਪਿਆ ਹੈ। ਇਸ ਤੋਂ ਪਹਿਲਾਂ ਦੋਨਾਂ ਪੁਲਾੜ ਯਾਤਰੀਆਂ ਤੇ ਸਪੇਸਕਰਾਫਟ ਦੇ ਬਾਕੀ ਅਮਲੇ ਨੇ ਆਪਸ ਵਿਚ ਗਲੇ ਮਿਲ ਕੇ ਕੌਮਾਂਤਰੀ ਪੁਲਾੜ ਸਟੇਸ਼ਨ ਨੂੰ ਅਲਵਿਦਾ ਕਿਹਾ। ਨਾਸਾ ਨੇ ਸਪੇਸ ਐਕਸ ਡਰੈਗਨ ਦੀਆਂ ਧਰਤੀ ਉਪਰ ਵਾਪਿਸੀ ਦਾ ਵੇਰਵਾ ਸਾਂਝਾ ਕੀਤਾ ਹੈ ਤੇ ਨਾਲ ਹੀ ਪੁਲਾੜ ਯਾਤਰੀਆਂ ਨੂੰ ਘਰ ਵਾਪਿਸੀ ਲਈ ਜੀ ਆਇਆਂ ਕਿਹਾ ਹੈ।
ਬਾਕੀ ਅਮਲੇ ਦੇ ਮੈਂਬਰਾਂ ਵਿਚ ਨਿਕ ਹੇਗ ਤੇ ਅਲੈਕਸੈਂਡਰ ਗੋਰਬੂਨੋਵ ਸ਼ਾਮਿਲ ਹਨ। ਪੁਲਾੜ ਵਾਹਣ ਵੱਲੋਂ ਸਮੁੰਦਰ ਵਿਚ ਉਤਰਨ ਤੋਂ ਤਕਰੀਬਨ ਇਕ ਘੰਟੇ ਬਾਅਦ ਅਮਲਾ-9 ਦਾ ਕਮਾਂਡਰ ਨਿਕ ਹੇਗ ਸਭ ਤੋਂ ਪਹਿਲਾਂ ਪੁਲਾੜ ਕੈਪਸੂਲ ਵਿਚੋਂ ਬਾਹਰ ਆਇਆ। ਉਸ ਮਗਰ ਗੋਰਬੂਨੋਵ ਉਤਰਿਆ ਉਪਰੰਤ ਸੁਨੀਤਾ ਵਿਲੀਅਮਜ ਤੇ ਬੁੱਚ ਵਿਲਮੋਰ ਉੱਤਰੇ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਲਾੜ ਯਾਤਰੀਆਂ ਦੀ ਵਾਪਿਸੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਉਨਾਂ ਨੇ ਸੱਤਾ ਸੰਭਾਲਣ ਉਪਰੰਤ ਐਲਨ ਮਸਕ ਨੂੰ ਕਿਹਾ ਸੀ ਕਿ ਸਾਨੂੰ ਵਿਲੀਅਮਜ ਤੇ ਵਿਲਮੋਰ ਨੂੰ ਪੁਲਾੜ ਵਿਚੋਂ ਵਾਪਿਸ ਲਿਆਉਣਾ ਪਵੇਗਾ ਜਿਨਾਂ ਨੂੰ ਜੋ ਬਾਈਡਨ ਵਿਚਾਲੇ ਛੱਡ ਗਏ ਹਨ। ਵਾਈਟ ਹਾਊਸ ਨੇ ਐਕਸ ਉਪਰ ਲਿਖਿਆ ਹੈ ”ਜੋ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਕੀਤਾ ਹੈ। ਐਲਨ ਮਸਕ, ਸਪੇਸ ਐਕਸ ਤੇ ਨਾਸਾ ਦਾ ਧੰਨਵਾਦ।”