ਯੈੱਸ ਪੰਜਾਬ
ਚੰਡੀਗੜ੍ਹ, 10 ਮਾਰਚ, 2025
Punjab State Women Commission ਦੇ ਦਖ਼ਲ ਤੋਂ ਬਾਅਦ Punjab Police ਨੇ ਪ੍ਰਸਿੱਧ ਗਾਇਕਾ ਅਤੇ ਅਦਾਕਾਰਾ Sunanda Sharma ਵੱਲੋਂ ਦਾਇਰ ਕੀਤੇ ਕੇਸ ‘ਤੇ ਕਾਰਵਾਈ ਕਰਦਿਆਂ ਸੰਗੀਤ ਨਿਰਮਾਤਾ Pushpinder Dhaliwal, ਜਿਸਨੂੰ ਪਿੰਕੀ ਧਾਲੀਵਾਲ ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। Sunanda Sharma ਦੀ ਪ੍ਰਕਾਸ਼ਿਤ ਖਬਰ ਉਪਰੰਤ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਖੁਦ ਨੋਟਿਸ ਲਿਆ ਅਤੇ ਪੰਜਾਬ ਪੁਲਿਸ ਹੈੱਡਕੁਆਰਟਰ ਨੂੰ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ।
Punjab State Women Commission Act, 2001 ਦੀ ਧਾਰਾ 12 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਮਿਸ਼ਨ ਵੱਲੋਂ ਐਸ.ਪੀ. ਰੈਂਕ ਦੇ ਅਧਿਕਾਰੀ ਨੂੰ ਸੁਨੰਦਾ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ ਕਰਨ ਅਤੇ ਇਸ ‘ਤੇ ਢੁਕਵੀਂ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਨਿਰਦੇਸ਼ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਧਾਲੀਵਾਲ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸੁਨੰਦਾ ਸ਼ਰਮਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਧਾਲੀਵਾਲ ਨੇ ਉਸਦੇ ਗੀਤਾਂ ਤੋਂ ਹੋਣ ਵਾਲੀ 250 ਰੁਪਏ ਕਰੋੜ ਦੀ ਆਮਦਨ ‘ਤੇ ਰੋਕ ਲਗਾ ਕੇ ਉਸਦਾ ਵਿੱਤੀ ਸ਼ੋਸ਼ਣ ਕੀਤਾ ਸੀ। ਉਹਨਾਂ ਵੱਲੋਂ ਆਮਦਨ ‘ਤੇ ਗਲਤ ਰੋਕ ਲਗਾਉਣ, ਅਪਰਾਧਿਕ ਧਮਕੀ ਅਤੇ ਜਾਅਲਸਾਜ਼ੀ ਦਾ ਦੋਸ਼ ਲਗਾਇਆ ਗਿਆ ਸੀ। ਇਸ ਸ਼ਿਕਾਇਤ ‘ਤੇ ਮਹਿਲਾ ਕਮਿਸ਼ਨ ਨੇ ਸਖ਼ਤ ਕਾਰਵਾਈ ਕੀਤੀ ਅਤੇ ਪੁਲਿਸ ਨੇ ਧਾਲੀਵਾਲ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
ਚੇਅਰਪਰਸਨ ਗਿੱਲ ਨੇ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਔਰਤਾਂ ਲਈ ਨਿਆਂ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਔਰਤਾਂ ਦੇ ਅਧਿਕਾਰਾਂ ਤੇ ਸਨਮਾਨ ਦੀ ਰਾਖੀ ਲਈ ਸਾਰੀਆਂ ਜ਼ਰੂਰੀ ਕਾਨੂੰਨੀ ਕਾਰਵਾਈਆਂ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਨੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੀਆਂ ਸਾਰੀਆਂ ਔਰਤਾਂ ਨੂੰ ਬਿਨਾਂ ਕਿਸੇ ਡਰ ਦੇ ਕਮਿਸ਼ਨ ਤੋਂ ਸਹਾਇਤਾ ਲੈਣ ਦੀ ਅਪੀਲ ਕੀਤੀ।