ਯੈੱਸ ਪੰਜਾਬ
ਅੰਮ੍ਰਿਤਸਰ, ਦਸੰਬਰ 4, 2024:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ Harjinder Singh Dhami ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ Sukhbir Singh Badal ’ਤੇ ਹੋਏ ਹਮਲੇ ਦੀ ਕਰੜੀ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਧਾਰਮਿਕ ਸੇਵਾ ਨਿਭਾਉਂਦਿਆਂ ਸ. ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ’ਤੇ ਲੈਣਾ ਬੇਹੱਦ ਦੁਖਦਾਈ ਅਤੇ ਗ਼ੈਰ-ਇਖਲਾਕੀ ਕਰਵਾਈ ਹੈ। ਹਿੰਸਕ ਪ੍ਰਵਿਰਤੀ ਨਾਲ ਕੀਤਾ ਗਿਆ ਹਮਲਾ ਸ੍ਰੀ ਦਰਬਾਰ ਸਾਹਿਬ ਦੀ ਧਾਰਮਿਕ ਆਭਾ ’ਤੇ ਵੀ ਹਮਲਾ ਕਿਹਾ ਜਾ ਸਕਦਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਹ ਪ੍ਰੰਪਰਾ ਰਹੀ ਹੈ ਕਿ ਉਹ ਕਿਸੇ ਵੀ ਪੰਥਕ ਅਵੱਗਿਆ ਦਾ ਨੋਟਿਸ ਲੈ ਕੇ ਧਾਰਮਿਕ ਸਜ਼ਾ ਦਾ ਆਦੇਸ਼ ਕਰਦਾ ਹੈ, ਜਿਸ ਨੂੰ ਨਿਮਾਣੇ ਸਿੱਖ ਵਾਂਗ ਮੰਨਣਾ ਹਰ ਇਕ ਸਿੱਖ ਦਾ ਫ਼ਰਜ਼ ਹੈ।
ਅਜਿਹੀ ਹੀ ਪਾਲਣਾ ਆਪਣੀ ਧਾਰਮਿਕ ਤਨਖ਼ਾਹ ਪੂਰੀ ਕਰਨ ਦੌਰਾਨ ਸ. ਸੁਖਬੀਰ ਸਿੰਘ ਬਾਦਲ ਸਮਰਪਤ ਹੋ ਕੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸ. ਬਾਦਲ ’ਤੇ ਹਮਲਾ ਕਰਨਾ ਜਿਥੇ ਪੰਥ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਅਤੇ ਗ਼ੈਰ-ਮਨੁੱਖੀ ਹਰਕਤ ਹੈ, ਉਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਸਿੱਧੇ ਤੌਰ ’ਤੇ ਤੌਹੀਨ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ. ਬਾਦਲ ’ਤੇ ਹੋਇਆ ਇਹ ਹਮਲਾ ਪੰਜਾਬ ਸਰਕਾਰ ਅਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਅਤੇ ਪੰਜਾਬ ਦੇ ਅਮਨ ਕਾਨੂੰਨ ਦੇ ਹਾਲਾਤਾਂ ’ਤੇ ਵੀ ਵੱਡੇ ਸਵਾਲ ਪੈਦਾ ਕਰਦਾ ਹੈ।
ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ੁੰਮੇਵਾਰੀ ਨਿਭਾਉਂਦਿਆਂ ਧਾਰਮਿਕ ਸੇਵਾ ਦੌਰਾਨ ਹਰ ਅਕਾਲੀ ਆਗੂ ਦੀ ਸੁਰੱਖਿਆ ਯਕੀਨੀ ਬਣਾਏ।