Wednesday, December 25, 2024
spot_img
spot_img
spot_img

Sukhbir Badal ਵੱਲੋਂ ਜਾਨ ਬਚਾਉਣ ਵਾਲੇ ASIs ਲਈ ਰਾਸ਼ਟਰਪਤੀ ਮੈਡਲ ਦੀ ਸਿਫਾਰਿਸ਼, Harsimrat Kaur ਵੱਲੋਂ ਹਮਲੇ ਦੀ ਜਾਂਚ ਦੀ ਮੰਗ

ਯੈੱਸ ਪੰਜਾਬ
ਚੰਡੀਗੜ੍ਹ, 23 ਦਸੰਬਰ, 2024

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ Sukhbir Singh Badal ਨੇ ਅੱਜ 4 ਦਸੰਬਰ ਨੂੰ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਉਹਨਾਂ ਦੇ ਹੋਏ ਕਾਤਲਾਨਾ ਹਮਲੇ ਵੇਲੇ ਬੇਹੱਦ ਦਲੇਰੀ ਤੇ ਸਮਰਪਣ ਦੀ ਭਾਵਨਾ ਨਾਲ ਹਮਲਾ ਨਾਕਾਮ ਕਰਨ ਵਾਲੇ ਸਹਾਇਕ ਸਬ ਇੰਸਪੈਕਟਰ (ASI) ਜਸਬੀਰ ਸਿੰਘ ਅਤੇ ASI ਹੀਰਾ ਸਿੰਘ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਤ ਕਰਨ ਦੀ ਸਿਫਾਰਸ਼ ਕੀਤੀ ਹੈ।

ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਲਿਖੇ ਪੱਤਰ, ਜਿਸਦੀਆਂ ਕਾਪੀਆਂ ਡੀ ਜੀ ਪੀ ਪੰਜਾਬ ਸਮੇਤ ਸਬੰਧਤ ਉਚ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਹਨ, ਵਿਚ ਸਰਦਾਰ ਬਾਦਲ ਨੇ ਕਿਹਾ ਕਿ ਇਹ ਸਾਡੇ ਮਹਾਨ ਗੁਰੂ ਸਾਹਿਬ ਦੀ ਬਖਸ਼ਿਸ਼ ਅਤੇ ਅਕਾਲ ਪੁਰਖ ਦਾ ਆਸ਼ੀਰਵਾਦ ਸੀ ਕਿ ਏ ਐਸ ਆਈ ਜਸਬੀਰ ਸਿੰਘ ਅਤੇ ਏ ਐਸ ਆਈ ਹੀਰਾ ਸਿੰਘ ਉਸ ਦਿਨ ਮੌਕੇ ’ਤੇ ਹਾਜ਼ਰ ਸੀ।

ਉਹਨਾਂ ਕਿਹਾ ਕਿ ਜੋ ਦਲੇਰੀ ਤੇ ਆਪਣੇ ਫਰਜ਼ ਪ੍ਰਤੀ ਸਮਰਪਣ ਦੀ ਭਾਵਨਾ ਏ ਐਸ ਆਈ ਜਸਬੀਰ ਸਿੰਘ ਅਤੇ ਏ ਐਸ ਆਈ ਹੀਰਾ ਸਿੰਘ ਨੇ ਵਿਖਾਈ ਅਤੇ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਹਰਿਮੰਦਿਰ ਸਾਹਿਬ ਦੀ ਰਾਖੀ ਵਾਸਤੇ ਆਪਣੀ ਜਾਨ ਜ਼ੋਖ਼ਮ ਵਿਚ ਪਾਈ, ਉਸਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ।

ਸਰਦਾਰ ਬਾਦਲ ਨੇ ਹੋਰ ਕਿਹਾ ਕਿ ਇਸ ਕਿਸਮ ਦੀ ਤ੍ਰਾਸਦੀ ਸ੍ਰੀ ਦਰਬਾਰ ਸਾਹਿਬ ਵਰਗੇ ਪਵਿੱਤਰ ਅਸਥਾਨ ’ਤੇ ਰੋਕਣਾ ਪੰਜਾਬ ਵਿਚ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੇ ਯਤਨਾਂ ਨੂੰ ਰੋਕਣ ਬਰਾਬਰ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਤਾਕਤਵਰ ਲੋਕ ਇਹ ਅਮਨ ਤੇ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ।

ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਤੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਇਸ ਹੈਰਾਨੀ ਭਰੀ ਘਟਨਾ ਦੀ ਉਚ ਪੱਧਰੀ ਨਿਆਂਇਕ ਜਾਂਚ ਦੀ ਮੰਗ ਕੀਤੀ।

ਉਹਨਾਂ ਨੇ ਏ ਐਸ ਆਈ ਜਸਬੀਰ ਸਿੰਘ ਅਤੇ ਏ ਐਸ ਆਈ ਹੀਰਾ ਸਿੰਘ ਦੀ ਬਹਾਦਰੀ ਤੇ ਦਲੇਰੀ ਭਰੀ ਕਾਰਵਾਈ ਲਈ ਉਹਨਾਂ ਨੂੰ ਰਾਸ਼ਟਰਪਤੀ ਮੈਡਲ ਦੇਣ ਦੀ ਸਿਫਾਰਸ਼ ਕਰਨ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਵਿਚ ਉਹਨਾਂ ਦੀ ਸਰਕਾਰ ਵੱਲੋਂ ਸਿਆਸੀ ਵਿਰੋਧੀਆਂ ਦੇ ਕਤਲ ਕਰਵਾਉਣ ਲਈ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਵੀ ਨਿਖੇਧੀ ਕੀਤੀ।

ਉਹਨਾਂ ਕਿਹਾ ਕਿ ਸਰਦਾਰ ਬਾਦਲ ’ਤੇ ਹੋਏ ਕਾਤਲਾਨਾ ਹਮਲੇ ਤੋਂ ਕੁਝ ਮਿੰਟ ਪਹਿਲਾਂ ਪੰਜਾਬ ਪੁਲਿਸ ਦੇ ਐਸ ਪੀ ਸਮੇਤ ਸੀਨੀਅਰ ਅਫਸਰ ਇਕ ਅਪਰਾਧਿਕ ਪਿਛੋਕੜ ਵਾਲੇ ਵਿਵਾਦਗ੍ਰਸਤ ਵਿਅਕਤੀ ਨਾਲ ਗੱਲਾਂ ਮਾਰਨ ਵਿਚ ਰੁੱਝੇ ਸਨ ਜਦੋਂ ਕਿ ਹਰ ਐਸ ਐਚ ਓ ਇਸ ਵਿਅਕਤੀ ਦੀ ਅਪਰਾਧਿਕ ਪਛਾਣ ਤੋਂ ਜਾਣੂ ਸੀ।

ਇਸ ਵਿਵਾਦਗ੍ਰਸਤ ਵਿਅਕਤੀ ਨਰਾਇਣ ਸਿੰਘ ਚੌੜਾ ਨਾਲ ਗੱਲਬਾਤ ਕਰਨ ਵਾਲਿਆਂ ਵਿਚ ਅਹਿਮ ਸ਼ਖਸੀਅਤਾਂ ਸ਼ਾਮਲ ਸਨ।

ਉਹਨਾਂ ਕਿਹਾ ਕਿ ਫਿਰ ਇਹਨਾਂ ਵਿਵਾਦਗ੍ਰਸਤ ਲੋਕਾਂ ਨੂੰ ਇਧਰ ਉਧਰ ਘੁੰਮਣ ਦੀ ਖੁੱਲ੍ਹ ਦਿੱਤੀ ਗਈ ਤੇ ਫਿਰ ਇਹਨਾਂ ਦੇ ’ਸ਼ਿਕਾਰ’ ਨੂੰ ਨਿਸ਼ਾਨਾ ਬਣਾਉਣ ਦੀ ਖੁੱਲ੍ਹ ਦਿੱਤੀ ਗਈ। ਉਹਨਾਂ ਕਿਹਾ ਕਿ ਜਦੋਂ ਸਰਦਾਰ ਬਾਦਲ ’ਤੇ ਕਾਤਲਾਨਾ ਹਮਲਾ ਹੋਇਆ ਤਾਂ ਉਸ ਵੇਲੇ ਕੋਈ ਵੀ ਸੁਰੱਖਿਆ ਕਰਮੀ ਸਿਵਲ ਵਰਦੀ ਵਿਚ ਉਹਨਾਂ ਦੇ ਨਾਲ ਉਸ ਵੇਲੇ ਤਾਇਨਾਤ ਨਹੀਂ ਸੀ ਜਦੋਂ ਇਹ ਮਿਥ ਕੇ ਹਮਲਾ ਕੀਤਾ ਗਿਆ ਜਿਸਦੀ ਬਦੌਲਤ ਹਮਲਾਵਰ ਆਪਣੇ ’ਨਿਸ਼ਾਨੇ’ ਦੇ ਐਨ ਨੇੜੇ ਪਹੁੰਚ ਗਿਆ।

ਸਰਦਾਰਨੀ ਬਾਦਲ ਨੇ ਹੋਰ ਕਿਹਾ ਕਿ ਇਹ ਕਾਤਲਾਨਾ ਹਮਲਾ ਕੋਈ ਨਿਵੇਕਲੀ ਘਟਨਾ ਤੇ ਕਿਸੇ ਇਕ ਵਿਅਕਤੀ ਵੱਲੋਂ ਕੀਤਾ ਗਿਆ ਹਮਲਾ ਨਹੀਂ ਸੀ। ਇਹ ਸਿੱਖ ਲੀਡਰਸ਼ਿਪ ਨੂੰ ਖ਼ਤਮ ਕਰਨ ਵਾਸਤੇ ਪਹਿਲਾਂ ਤੋਂ ਤੈਅ ਯੋਜਨਾਂ ਮੁਤਾਬਕ ਮਿਥ ਕੇ ਕੀਤਾ ਗਿਆ ਹਮਲਾ ਜੋ ਇਕ ਡੂੰਘੀ ਸਾਜ਼ਿਸ਼ ਦਾ ਨਤੀਜਾ ਸੀ। ਇਸਦਾ ਮਕਸਦ ਬਹਾਦਰ ਤੇ ਦਲੇਰ ਸਿੱਖ ਕੌਮ ਨੂੰ ਆਗੂ ਵਿਹੂਣਾ ਕਰਨਾ ਸੀ ਤੇ ਇਸ ਸਦਕਾ ਬਹੁਤ ਗੰਭੀਰ ਹਾਲਾਤ ਬਣ ਸਕਦੇ ਸਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ