ਦਲਜੀਤ ਕੌਰ
ਲੌਂਗੋਵਾਲ, 12 ਫਰਵਰੀ, 2025
ਨਗਰ ਨਿਵਾਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪਿਛਲੇ ਪੰਜ ਦਿਨਾਂ ਤੋਂ ਸਥਾਨਕ ਸੰਤ Sant Harchand Singh Longowal College ਦੇ ਗੇਟ ਤੇ ਲਾਇਆ ਗਿਆ ਪੱਕਾ ਮੋਰਚਾ ਤੇ ਭੁੱਖ ਹੜਤਾਲ ਅੱਜ ਜੇਤੂ ਨਾਅਰਿਆਂ ਦੇ ਨਾਲ ਸਮਾਪਤ ਕੀਤੀ ਗਈ। ਡਾਇਰੈਕਟਰ ਸਲਾਈਟ ਨਾਲ ਹੋਈ ਮੀਟਿੰਗ ਵਿੱਚ ਮੰਗਾਂ ਤੇ ਬਣੀ ਸਹਿਮਤੀ ਤੋਂ ਪਿੱਛੋਂ ਜੂਸ ਪਿਲਾ ਕੇ ਭੁੱਖ ਹੜਤਾਲ ਸਮਾਪਤ ਕਰਨ ਤੋਂ ਬਾਅਦ ਮੋਰਚਾ ਸਮਾਪਤ ਕੀਤਾ ਗਿਆ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ Kirti Kisan Union ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ,ਬੀਕੇਯੂ ਡਕੌਦਾ ਦੇ ਆਗੂ ਭੋਲਾ ਸਿੰਘ ਗੰਗੇਕਾ,ਬੀਕੇਯੂ ਏਕਤਾ ਆਜ਼ਾਦ ਦੇ ਆਗੂ ਕਰਨੈਲ ਸਿੰਘ ਜੱਸੇਕਾ ਅਤੇ ਬੀਕੇਯੂ ਏਕਤਾ ਉਗੁਰਾਹਾਂ ਦੇ ਆਗੂ ਬੂਟਾ ਸਿੰਘ ਨੇ ਦੱਸਿਆ ਕਿ ਕਾਲਜ ਲਈ ਜਮੀਨਾਂ ਦੇਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪਹਿਲ ਦੇ ਆਧਾਰ ਤੇ ਰੁਜ਼ਗਾਰ ਨਾ ਦੇਣ, ਲੌਂਗੋਵਾਲ ਅਤੇ ਇਲਾਕੇ ਦੇ ਪਿੰਡਾਂ ਦੀ ਬਜਾਏ ਬਾਹਰੋਂ ਬੰਦੇ ਲਿਆ ਕੇ ਕਾਲਜ ਵਿੱਚ ਭਰਤੀ ਕਰਨ, ਇਲਾਕੇ ਦੇ ਸਕੂਲਾਂ ਵਿੱਚ ਜਾ ਕੇ ਮੈਨੇਜਮੈਂਟ ਵੱਲੋਂ ਬੱਚਿਆਂ ਨੂੰ ਦਾਖਲੇ ਲੈਣ ਲਈ ਪ੍ਰੇਰਿਤ ਨਾ ਕਰਨ ਅਤੇ ਅੰਦਰ ਕੰਮ ਕਰਦੇ ਕੱਚੇ ਕਾਮਿਆਂ ਦੀਆਂ ਤਨਖਾਹਾਂ ਸਹੀ ਸਮੇਂ ਤੇ ਨਾ ਪਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਮੋਰਚਾ ਸ਼ੁਰੂ ਕੀਤਾ ਗਿਆ ਸੀ।
ਅੱਜ ਵੀ ਦੁਪਹਿਰ 12 ਵਜੇ ਤ ਵਜੇ ਤੱਕ ਮੁੱਖ ਗੇਟ ਅੱਗੇ ਸੜਕ ਰੋਕ ਕੇ ਰਸਤਾ ਬੰਦ ਕੀਤਾ ਗਿਆ ਤਾਂ ਲੋਕਾਂ ਦੇ ਦਬਾਅ ਸਦਕਾ 3 ਵਜੇ ਡਾਇਰੈਕਟਰ ਸਲਾਈਟ ਅਤੇ ਮੈਨੇਜਮੈਂਟ ਕਮੇਟੀ ਨਾਲ ਹੋਈ ਮੀਟਿੰਗ ਵਿੱਚ ਉਪਰੋਕਤ ਮੰਗਾਂ ਤੇ ਸਹਿਮਤੀ ਬਣੀ। ਜਿਸ ਤੋਂ ਬਾਅਦ ਮੈਨੇਜਮੈਂਟ ਦੀ ਤਰਫੋਂ ਈਓ ਨੇ ਆ ਕੇ ਧਰਨੇ ਵਿੱਚ ਲੋਕਾਂ ਨੂੰ ਵਿਸ਼ਵਾਸ ਦਵਾਇਆ ਕੇ ਕਾਲਜ ਲਈ ਜਮੀਨਾਂ ਦੇਣ ਵਾਲੇ ਪਰਿਵਾਰਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਤੇ ਰੁਜ਼ਗਾਰ ਦਿੱਤਾ ਜਾਵੇਗਾ, ਉਹਨਾਂ ਵਿੱਚੋਂ ਕੋਈ ਯੋਗ ਵਿਅਕਤੀ ਨਾ ਮਿਲਣ ਤੇ ਪਿੰਡ ਅਤੇ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਦੇ ਬੇਰੁਜ਼ਗਾਰ ਬੱਚਿਆਂ ਨੂੰ ਪਹਿਲ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਕੈਰੀਅਰ ਗਾਈਡੈਂਸ ਤੇ ਕੌਂਸਲਿੰਗ ਸੈਲ ਵੱਲੋਂ ਇਲਾਕੇ ਦੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਕਾਲਜ ਵਿੱਚ ਦਾਖਲੇ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਦਾਖਲਾ ਟੈਸਟ ਦੀ ਤਿਆਰੀ ਫਰੀ ਕਰਵਾਈ ਜਾਵੇਗੀ।
ਇਸੇ ਤਰ੍ਹਾਂ ਅੰਦਰ ਕੰਮ ਕਰਦੇ ਕੱਚੇ ਕਾਮਿਆਂ ਦੀ ਤਨਖਾਹ 15 ਫਰਵਰੀ ਤੋਂ ਪਹਿਲਾਂ ਪਾ ਦਿੱਤੀ ਜਾਵੇਗੀ ਅਤੇ ਅੱਗੇ ਤੋਂ ਸਲਾਈਟ ਦੀ ਮੈਨੇਜਮੈਂਟ ਵੱਲੋਂ ਸਥਾਨਕ ਲੋਕਾਂ ਨਾਲ ਰਾਬਤਾ ਬਣਾ ਕੇ ਰੱਖਿਆ ਜਾਵੇਗਾ। ਇਹਨਾਂ ਮੰਗਾਂ ਤੇ ਸਹਿਮਤੀ ਬਣਨ ਉਪਰੰਤ ਜੇਤੂ ਨਾਅਰਿਆਂ ਨਾਲ ਭੁੱਖ ਹੜਤਾਲ ਤੇ ਬੈਠੇ ਭੂਰਾ ਸਿੰਘ,ਸੋਹਣ ਸਿੰਘ, ਗੁਰਨੈਬ ਸਿੰਘ ਅਤੇ ਨਾਜਰ ਸਿੰਘ ਨੂੰ ਜੂਸ ਪਿਲਾ ਕੇ ਭੁੱਖ ਹੜਤਾਲ ਖਤਮ ਕਰਵਾਈ ਗਈ ਅਤੇ ਮੋਰਚੇ ਦੀ ਸਮਾਪਤੀ ਕੀਤੀ ਗਈ।
ਅੱਜ ਦੇ ਮੋਰਚੇ ਵਿੱਚ ਡੈਮੋਕਰੇਟਿਕ ਟੀਚਰਜ ਫਰੰਟ ਪੰਜਾਬ ਦੇ ਸੂਬਾ ਸਕੱਤਰ ਮਾਸਟਰ ਬਲਵੀਰ ਚੰਦ ਲੌਂਗੋਵਾਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕਰਮਜੀਤ ਸਿੰਘ ਸਤੀਪੁਰਾ, ਰਾਜਾ ਸਿੰਘ ਜੈਦ, ਭੋਲਾ ਸਿੰਘ ਪਨਾਚ, ਡਕੌਂਦਾ ਦੇ ਆਗੂ ਪਰਗਟ ਸਿੰਘ, ਦਰਬਾਰਾ ਸਿੰਘ, ਸਾਬਕਾ ਸਰਪੰਚ ਨਿਸ਼ਾਨ ਸਿੰਘ, ਭਾਈ ਕੀ ਸਮਾਧ ਪਿੰਡੀ ਦੇ ਸਰਪੰਚ ਭੀਮ ਦਾਸ, ਕੈਂਬੋਂਵਾਲ ਪਿੰਡੀ ਦੇ ਸਰਪੰਚ ਦਰਸ਼ਨ ਸਿੰਘ, ਗੁਰਚਰਨ ਸਿੰਘ ਬਰਾਕਾ ਬਹਾਦਰ ਸਿੰਘ ਕੈਂਬੋਵਾਲ, ਜਥੇਦਾਰ ਸੁਖਦੇਵ ਸਿੰਘ ਨੇ ਵੀ ਸੰਬੋਧਨ ਕਰਦਿਆਂ ਲੋਕਾਂ ਨਾਲ ਇੱਕਜੁੱਟਤਾ ਪ੍ਰਗਟ ਕੀਤੀ।