ਯੈੱਸ ਪੰਜਾਬ
ਅੰਮ੍ਰਿਤਸਰ, 29 ਮਾਰਚ, 2025
Shiromani Gurdwara Parbandhak Committee ਦੇ ਪ੍ਰਧਾਨ ਐਡਵੋਕੇਟ Harjinder Singh Dhami ਨੇ Punjab ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖ ਮਸਲਿਆਂ ਵਿੱਚ ਦਖਲਅੰਦਾਜ਼ੀ ਦਾ ਕਰੜਾ ਨੋਟਿਸ ਲੈਂਦਿਆਂ ਸਰਕਾਰ ਨੂੰ ਨਸੀਹਤ ਦਿੱਤੀ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਰਹਿ ਕੇ ਸੂਬੇ ਦੇ ਹਾਲਾਤ ਸੁਧਾਰਣ ਵੱਲ ਧਿਆਨ ਦੇਵੇ।
ਜਾਰੀ ਕੀਤੇ ਇੱਕ ਬਿਆਨ ਵਿੱਚ ਐਡਵੋਕੇਟ Dhami ਨੇ Punjab ਸਰਕਾਰ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਵਿਧਾਨ ਸਭਾ ਅੰਦਰ ਜਾਣਬੁੱਝ ਕੇ ਨੀਤੀਗਤ ਢੰਗ ਨਾਲ ਸਿੱਖ ਮਾਮਲਿਆਂ ਵਿੱਚ ਦਖਲ ਦੀ ਕਰੜੀ ਆਲੋਚਨਾ ਕੀਤੀ।
ਉਨ੍ਹਾਂ ਕਿਹਾ ਕਿ ਸਿੱਖਾਂ ਦੇ ਮਸਲੇ ਸਿੱਖ ਖੁਦ ਹੱਲ ਕਰਨਾ ਜਾਣਦੇ ਹਨ ਅਤੇ ਇਨ੍ਹਾਂ ਮਸਲਿਆਂ ਵਿੱਚ ਸਰਕਾਰਾਂ ਵੱਲੋਂ ਦਖਲਅੰਦਾਜ਼ੀ ਕੌਮੀ ਭਾਵਨਾਵਾਂ ਨੂੰ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਦਾਇਰੇ ਵਿੱਚ ਰਹਿ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਹਰ ਖੇਤਰ ਵਿੱਚ ਨਿਘਰਦੀ ਹਾਲਾਤ ਨੂੰ ਸੁਧਾਰਣ ਵੱਲ ਧਿਆਨ ਦੇਵੇ ਨਾ ਕਿ ਸਿੱਖ ਮਸਲਿਆਂ ਵਿੱਚ ਦਖਲਅੰਦਾਜ਼ੀ ਕਰਕੇ ਲੋਕਾਂ ਦਾ ਧਿਆਨ ਭਟਕਾਏ।
ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਦੇ ਲੋਕ ਵੱਖ-ਵੱਖ ਸਹੂਲਤਾਂ ਨੂੰ ਤਰਸ ਰਹੇ ਹਨ ਜਦਕਿ ਸਰਕਾਰ ਦੇ ਨੁਮਾਇੰਦੇ ਆਪਣੇ ਅਧਿਕਾਰ ਖੇਤਰ ਤੋਂ ਪਰ੍ਹਾਂ ਜਾ ਕੇ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਨੂੰ ਉਛਾਲ ਰਹੇ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਿੱਖ ਮਸਲਿਆਂ ਵਿੱਚ ਜੇਕਰ ਏਨੀ ਹੀ ਦਿਲਚਸਪੀ ਹੈ ਤਾਂ ਇਹ ਬੰਦੀ ਸਿੰਘਾਂ ਦਾ ਮਸਲਾ ਹੱਲ ਕਰਵਾਉਣ, ਜਿਸ ਵਿੱਚ ਦਿੱਲੀ ਅੰਦਰ ਇਨ੍ਹਾਂ ਦੀ ਦਸ ਸਾਲ ਸਰਕਾਰ ਹੁੰਦਿਆਂ ਇਹ ਵਿਰੋਧ ’ਚ ਹੀ ਭੁਗਤੇ ਹਨ।
ਉਨ੍ਹਾਂ ਆਖਿਆ ਕਿ ਪ੍ਰੋ. ਦੇਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਿੱਲੀ ਦੀ ਸਰਕਾਰ ਦੇ ਹੱਥ ਵਿੱਚ ਸੀ ਜਿਸ ਪ੍ਰਤੀ ਇਨ੍ਹਾਂ ਨੇ ਜਾਣਬੁੱਝ ਕੇ ਨਕਾਰਾਤਮਕ ਰਵੱਈਆ ਅਖਤਿਆਰ ਕਰੀ ਰੱਖਿਆ। ਉਨ੍ਹਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਨਸੀਹਤ ਦਿੱਤੀ ਕਿ ਉਹ ਆਪਣੇ ਅਧਿਕਾਰ ਖੇਤਰ ਤੱਕ ਸੀਮਤ ਰਹੇ ਅਤੇ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਾ ਦੇਵੇ।