ਦਲਜੀਤ ਕੌਰ
ਚੰਡੀਗੜ੍ਹ, 7 ਦਸੰਬਰ 2024
Shambhu Border ਤੋਂ ਦਿੱਲੀ ਵੱਲ ਸ਼ਾਂਤਮਈ 101 ਕਿਸਾਨਾਂ ਦੇ ਜਥੇ ਨਾਲ ਕੂਚ ਕਰਨ ਵਾਲੇ ਕਿਸਾਨਾਂ ਉੱਪਰ ਹਰਿਆਣਾ ਪੁਲਿਸ ਵੱਲੋਂ ਕੀਤੇ ਜਬਰ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ ਸਖਤ ਨਿਖੇਧੀ ਕੀਤੀ ਹੈ।
ਇਸ ਸਬੰਧੀ ਜਥੇਬੰਦੀ ਦੇ ਸੂਬਾ ਪ੍ਰਧਾਨ Manjit Singh Dhaner ਨੇ ਕਿਹਾ ਹੈ ਕਿ ਖਬਰਾਂ ਅਨੁਸਾਰ ਦੋ ਕਿਸਾਨ ਸਖਤ ਜ਼ਖਮੀ ਹੋਏ ਹਨ ਅਤੇ ਕਿਸਾਨਾਂ ਦੀਆਂ ਅੱਖਾਂ ਵਿੱਚ ਮਿਰਚਾਂ ਦਾ ਸਪਰੇਅ ਮਾਰਿਆ ਜਾ ਰਿਹਾ ਹੈ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ।
ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਕਈ ਮੰਤਰੀ ਅਤੇ ਆਗੂ ਕਹਿ ਚੁੱਕੇ ਹਨ ਕਿ ਕਿਸਾਨ ਟਰੈਕਟਰ ਲੈ ਕੇ ਨਾ ਆਉਣ ਤਾਂ ਦਿੱਲੀ ਜਾ ਸਕਦੇ ਹਨ।
ਉਪ-ਰਾਸ਼ਟਰਪਤੀ ਵੀ ਕਹਿ ਰਹੇ ਹਨ ਕਿ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ ਪਰ ਉਹਨਾਂ ਨੂੰ ਪੈਦਲ ਵੀ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨ ਦਿੱਲੀ ਜਾਣ ਲਈ ਇਜਾਜ਼ਤ ਲੈਣ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਸੁਆਲ ਕੀਤਾ ਕਿ ਸਾਡੇ ਦੇਸ਼ ਵਿੱਚ ਆਪਣੀ ਰਾਜਧਾਨੀ ਵਿੱਚ ਜਾਣ ਲਈ ਕਿਸਾਨਾਂ ਨੂੰ ਮਨਜ਼ੂਰੀ ਲੈਣੀ ਕਦੋਂ ਤੋਂ ਜਰੂਰੀ ਹੋ ਗਈ ਹੈ? ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਲੋਕ ਦਿੱਲੀ ਜਾਂਦੇ ਹਨ ਅਤੇ ਵਾਪਸ ਆਉਂਦੇ ਹਨ।
ਕੀ ਉਹ ਕੋਈ ਮਨਜ਼ੂਰੀ ਲੈਂਦੇ ਹਨ? ਜਥੇਬੰਦੀ ਨੇ ਕਿਹਾ ਕਿ ਇਸ ਤੋਂ ਭਾਰਤੀ ਜਨਤਾ ਪਾਰਟੀ ਦਾ ਫਾਸ਼ੀਵਾਦੀ ਅਤੇ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।
ਜਥੇਬੰਦੀ ਦੀ ਸੂਬਾ ਕਮੇਟੀ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਸਤੇ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ, ਉਹਨਾਂ ਤੇ ਜਬਰ ਕਰਨਾ ਬੰਦ ਕੀਤਾ ਜਾਵੇ ਅਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਸਮੇਤ ਬਾਕੀ ਮੰਗਾਂ ਮੰਨੀਆਂ ਜਾਣ।