ਯੈੱਸ ਪੰਜਾਬ
ਅੰਮ੍ਰਿਤਸਰ, 12 ਜੂਨ, 2025
ਇਥੇ ਸਥਿਤ ਇਤਿਹਾਸਕ Gurdwara Shaheed Ganj ਬਾਬਾ ਦੀਪ ਸਿੰਘ ਜੀ ਵਿਖੇ ਸੰਗਤਾਂ ਦੀ ਸਹੂਲਤ ਲਈ ਸ਼ੈੱਡ ਬਨਾਉਣ ਦੀ ਆਰੰਭਤਾ ਅੱਜ ਜੈਕਾਰਿਆਂ ਦੀ ਗੂੰਜ ਵਿਚ ਕੀਤੀ ਗਈ।
Shiromani Committee ਵੱਲੋਂ ਇਹ ਸ਼ੈੱਡ ਸੰਗਤਾਂ ਦੀ ਵੱਡੀ ਆਮਦ ਦੇ ਮੱਦੇਨਜ਼ਰ ਸੰਗਤ ਨੂੰ ਮੌਸਮ ਦੀਆਂ ਮੁਸ਼ਕਲਾਂ ਤੋਂ ਬਚਾਉਣ ਅਤੇ ਸਮਾਗਮਾਂ ਲਈ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਬਣਾਇਆ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਇਸ ਕਾਰਜ ਦੀ ਸੇਵਾ ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਾਲਿਆਂ ਨੂੰ ਸੌਂਪੀ ਗਈ ਹੈ, ਜਿਸ ਦੀ ਆਰੰਭਤਾ ਮੌਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ’ਤੇ ਪਹੁੰਚੇ।
ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਿੱਖ ਇਤਿਹਾਸ ਦਾ ਅਹਿਮ ਅਸਥਾਨ ਹੈ, ਜੋ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਅਣਮੁੱਲੀ ਸ਼ਹਾਦਤ ਦੀ ਯਾਦਗਾਰ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ’ਤੇ ਸੰਗਤਾਂ ਦੀ ਵੱਡੀ ਆਮਦ ਨੂੰ ਮੁੱਖ ਰੱਖਦਿਆਂ ਸੰਗਤ ਦੀ ਸਹੂਲਤ ਅਤੇ ਸੇਵਾ ਲਈ ਇਸ ਕਾਰਜ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਸ਼ੈੱਡ ਦੀ ਸਥਾਪਨਾ ਨਾਲ ਸੰਗਤਾਂ ਨੂੰ ਗੁਰਮਤਿ ਸਮਾਗਮਾਂ ਦੌਰਾਨ ਬਿਹਤਰ ਸਹੂਲਤਾਂ ਮਿਲਣਗੀਆਂ ਅਤੇ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਗਤਾਂ ਨੂੰ ਇਸ ਕਾਰਜ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਾਲਿਆਂ ਨੇ ਇਸ ਕਾਰਜ ਦੀ ਸੇਵਾ ਸੌਂਪਣ ਲਈ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਇਸ ਕਾਰਜ ਨੂੰ ਜਲਦ ਮੁਕੰਮਲ ਕੀਤਾ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਬਾਵਾ ਸਿੰਘ ਗੁਮਾਨਪੁਰਾ, ਜਥੇਦਾਰ ਕੌਰ ਸਿੰਘ, ਸ. ਜਸਮੇਰ ਸਿੰਘ ਲਾਛੜੂ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਮੈਨੇਜਰ ਸ. ਜਤਿੰਦਰਪਾਲ ਸਿੰਘ, ਮੀਤ ਮੈਨੇਜਰ ਸ. ਜਸਬੀਰ ਸਿੰਘ, ਸ. ਗੁਰਸੇਵਕ ਸਿੰਘ, ਸ. ਸੁਖਦੇਵ ਸਿੰਘ ਤੇ ਹੋਰ ਮੌਜੂਦ ਸਨ।