ਯੈੱਸ ਪੰਜਾਬ
ਅੰਮ੍ਰਿਤਸਰ, 17 ਫ਼ਰਵਰੀ, 2025:
Shiromani Gurdwara Parbandhak Committee ਦੇ ਪ੍ਰਧਾਨ Advocate Harjinder Singh Dhami ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਐਡਵੋਕੇਟ ਧਾਮੀ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹਨਾਂ ਨੇ ਆਪਣਾ ਅਸਤੀਫ਼ਾ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਸੌਂਪ ਦਿੱਤਾ ਹੈ।
ਸ: ਧਾਮੀ ਨੇ ਕਿਹਾ ਕਿ ਉਹਨਾਂ ਨੇ ਇਹ ਅਸਤੀਫ਼ਾ ਸਿੰਘ ਸਾਹਿਬਾਨ ਦੇ ਸਤਿਕਾਰ ਵਜੋਂ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜੋ ਪੋਸਟ ਸੋਸ਼ਲ ਮੀਡੀਆ ’ਤੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਪਾਈ ਸੀ, ਉਸ ਦਾ ਸਤਿਕਾਰ ਕਰਦਿਆਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲਦਿਆਂ ਅਸਤੀਫ਼ਾ ਦਿੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲ ਕੇ ਇਹ ਬੇਨਤੀ ਕਰਨਗੇ ਕਿ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਬਣਾਈ ਗਈ 7 ਮੈਂਬਰੀ ਕਮੇਟੀ ਦੇ ਮੁਖ਼ੀ ਦੀ ਜ਼ਿੰਮੇਵਾਰੀ ਤੋਂ ਵੀ ਫ਼ਾਰਿਗ ਕੀਤਾ ਜਾਵੇ।
ਪਿਛਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਪਨਾਏ ਗਏ ਰੁਖ਼ ਦੇ ਚੱਲਦਿਆਂ ਇਹ ਚਰਚਾਾ ਰਹੀ ਹੈ ਕਿ ਐਡਵੋਕੇਟ ਧਾਮੀ ਪਾਰਟੀ ਦੇ ਕੁਝ ਆਗੂਆਂ ਦਾ ਦਬਾਅ ਮਹਿਸੂਸ ਕਰ ਰਹੇ ਸਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਨੂੰ ਉਹ ਫ਼ੈਸਲੇ ਲੈਣੇ ਪੈ ਰਹੇ ਸਨ ਜਿਨ੍ਹਾਂ ਨਾਲ ਉਹ ਸਹਿਮਤ ਨਹੀਂ ਸਨ।
ਖ਼ਬਰ ਹੈ ਕਿ ਐਡਵੋਕੇਟ ਧਾਮੀ ਵੱਲੋਂ ਸੋਮਵਾਰ ਨੂੰ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਜਾਣੀ ਹੈ।
ਚਾਰ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਐਡਵੋਕੇਟ ਧਾਮੀ ਬਾਰੇ ਇਹ ਚਰਚਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਵੱਲੋਂ ਮੌਜੂਦਾ ਸੰਕਟ ਪ੍ਰਤੀ ਅਪਣਾਈ ਜਾ ਰਹੀ ਪਹੁੰਚ ਨਾਲ ਉਹ ਸਹਿਮਤ ਨਹੀਂ ਸਨ ਅਤੇ ਇਸੇ ਕਰਕੇ ਹਰ ਮੌਕੇ ਮੀਡੀਆ ਦੇ ਸਵਾਲਾਂ ਤੋਂ ਵੀ ਬਚਾਅ ਕਰਦੇ ਨਜ਼ਰ ਆਏ ਸਨ।