ਯੈੱਸ ਪੰਜਾਬ
ਨਵੀਂ ਦਿੱਲੀ, 9 ਮਾਰਚ, 2025
Delhi Sikh Gurdwara Management Committee ਨੇ ਪੰਥ ਵਿਚ ਚਲ ਰਹੇ ਗੰਭੀਰ ਸੰਕਟ ਵਿਚ ਸਰਨਾ ਭਰਾਵਾਂ ਵੱਲੋਂ ਹਮੇਸ਼ਾ ਵਾਂਗੂ ਇਸ ਵਾਰ ਵੀ ਸ੍ਰੀ Akal Takht Sahib ਨਾਲ ਮੱਥਾ ਲਗਾ ਕੇ ਪੰਥ ਦਾ ਨੁਕਸਾਨ ਕਰਨ ਦੀ ਨਿਖੇਧੀ ਕੀਤੀ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਕਾਰਜਕਾਰੀ ਪ੍ਰਧਾਨ ਹਰਵਿੰਦਰ ਸਿੰਘ ਕੇ.ਪੀ., ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਅਤੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਪੰਥ ਨੂੰ ਇਸ ਗੰਭੀਰ ਸੰਕਟ ਦਰਪੇਸ਼ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਤੇ ਹੁਣ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਹਨ।
ਉਹਨਾਂ ਕਿਹਾ ਕਿ ਇਸ ਫੈਸਲੇ ਦਾ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਸਮੇਤ ਸਮੁੱਚੇ ਪੰਥ ਦਰਦੀ ਵਿਰੋਧ ਕਰ ਰਹੇ ਹਨ ਤੇ ਸ਼੍ਰੋਮਣੀ ਕਮੇਟੀ ਦੀ ਇਸ ਫੈਸਲੇ ਦੀ ਨਿਖੇਧੀ ਕਰ ਰਹੇ ਹਨ।
ਉਹਨਾਂ ਕਿਹਾ ਕਿ ਦੂਜੇ ਪਾਸੇ ਦਿੱਲੀ ਤੋਂ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਤੇ ਉਹਨਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਹਮੇਸ਼ਾ ਵਾਂਗੂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾ ਰਹੇ ਹਨ ਤੇ ਜਥੇਦਾਰ ਸਾਹਿਬਾਨ ਨੂੰ ਹਟਾਉਣ ਦੇ ਫੈਸਲੇ ਨੂੰ ਸਹੀ ਠਹਿਰਾ ਰਹੇ ਹਨ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰਨਾ ਭਰਾ ਅਜਿਹੀ ਭੂਮਿਕਾ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਵੀ ਸਰਨਾ ਭਰਾਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾ ਕੇ ਦੋ-ਦੋ ਸੰਗਰਾਂਦਾਂ ਤੇ ਦੋ-ਦੋ ਗੁਰਪੁਰਬ ਮਨਾ ਕੇ ਕੌਮ ਵਿਚ ਦੁਬਿਧਾ ਪੈਦਾ ਕੀਤੀ ਹੈ।
ਉਹਨਾਂ ਕਿਹਾ ਕਿ ਇਸ ਵਾਰ ਵੀ ਸਰਨਾ ਭਰਾ ਬਾਦਲ ਦਲ ਦੇ ਉਹਨਾਂ ਫੈਸਲਿਆਂ ਦੀ ਹਮਾਇਤ ਕਰ ਰਹੇ ਹਨ ਜਿਹਨਾਂ ਨੇ ਸਮੁੱਚੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਹਨ। ਉਹਨਾਂ ਕਿਹਾ ਕਿ ਸਾਰੀ ਕੌਮ ਹੀ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਸਿੰਘ ਸਾਹਿਬਾਨ ਖਿਲਾਫ ਹੋਈ ਕਾਰਵਾਈ ਤੋਂ ਬਹੁਤ ਦੁਖੀ ਤੇ ਮਾਯੂਸ ਹੈ ਪਰ ਸਰਨਾ ਭਰਾ ਖੁਸ਼ ਹਨ।
ਉਹਨਾਂ ਇਹ ਵੀ ਕਿਹਾ ਕਿ ਸਰਨਾ ਭਰਾਵਾਂ ਨੇ ਹਰਿਆਣਾ ਵਿਚ ਕਾਂਗਰਸ ਦੀ ਅਗਵਾਈ ਵਾਲੀ ਹੁੱਡਾ ਸਰਕਾਰ ਹੁੰਦਿਆਂ ਵੱਖਰੀ ਹਰਿਆਣਾ ਕਮੇਟੀ ਬਣਵਾਈ ਤੇ ਸ਼੍ਰੋਮਣੀ ਕਮੇਟੀ ਦੋਫਾੜ ਕੀਤੀ। ਉਹਨਾਂ ਇਹ ਵੀ ਕਿਹਾ ਕਿ ਸਰਨਾ ਭਰਾਵਾਂ ਨੇ 1984 ਦੇ ਸਿੱਖ ਕਤਲੇਆਮ ਦੇ ਕਾਤਲਾਂ ਦੀ ਹਮੇਸ਼ਾ ਪੁਸ਼ਤਪਨਾਹੀ ਕੀਤੀ ਤੇ ਉਹਨਾਂ ਨੂੰ ਸਮੇਂ-ਸਮੇਂ ’ਤੇ ਜਨਤਕ ਤੌਰ ’ਤੇ ਸਨਮਾਨਤ ਵੀ ਕੀਤਾ। ਉਹਨਾਂ ਕਿਹਾ ਕਿ ਸਰਨਾ ਭਰਾ ਹਮੇਸ਼ਾ ਹੀ ਪੰਥ ਨੂੰ ਢਾਹ ਲਗਾਉਂਦੇ ਆਏ ਹਨ।
ਇਸ ਕੌਮੇ ਜਸਪ੍ਰੀਤ ਸਿੰਘ ਕਰਮਸਰ ਨੇ ਇਹ ਵੀ ਖੁੱਲ੍ਹਾਸਾ ਕੀਤਾ ਕਿ ਪਿਛਲੇ ਦਿਨਾਂ ਵਿਚ ਦਿੱਲੀ ਵਿਚ ਪੰਥ ਵਿਚੋਂ ਛੇਕੇ ਦਰਸ਼ਨ ਸਿੰਘ ਰਾਗੀ ਦੇ ਕੀਰਤਨ ਤੇ ਉਹਨਾਂ ਦੇ ਜੱਥੇ ਵਿਚ ਸ਼ਾਮਲ ਦਵਿੰਦਰ ਸਿੰਘ ਵੱਲੋਂ ਅਰਦਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਲਈ ਵੀ ਜ਼ਿੰਮੇਵਾਰ ਸਨ ਕਿਉਂਕਿ ਉਹ ਹੀ ਉਹਨਾਂ ਨੂੰ ਦਿੱਲੀ ਦੇ ਪ੍ਰੋਗਰਾਮ ਵਾਸਤੇ ਲੈ ਕੇ ਆਏ ਸਨ।
ਇਹਨਾਂ ਆਗੂਆਂ ਨੇ ਸਮੁੱਚੀ ਸਿੱਖ ਕੌਮ ਖਾਸ ਤੌਰ ’ਤੇ ਦਿੱਲੀ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਸਰਨਾ ਭਰਾਵਾਂ ਨੂੰ ਮੂੰਹ ਨਾ ਲਗਾਇਆ ਜਾਵੇ ਤੇ ਇਹਨਾਂ ਦੀਆਂ ਕੌਮ ਖਿਲਾਫ ਗਤੀਵਿਧੀਆਂ ਦਾ ਡੱਟ ਕੇ ਵਿਰੋਧ ਕੀਤਾ ਜਾਵੇ।