ਯੈੱਸ ਪੰਜਾਬ
ਮੋਗਾ, 23 ਨਵੰਬਰ, 2024
ਰਾਜ ਸਭਾ ਮੈਂਬਰ Sant Balbir Singh Seechewal ਨੇ ਅੱਜ ਮੋਗਾ ਵਿਖੇ ਅੱਖਾਂ ਦੇ ਸਵੇਰਾ ਹਸਪਤਾਲ ਅੰਦਰ ‘Corneal Transplant Center’ ਦਾ ਉਦਘਾਟਨ ਕੀਤਾ। ਇਸ ਮੌਕੇ ਅੱਖਾਂ ਦੇ ਰੋਗਾਂ ਦੇ ਮਾਹਰ ਡਾ.ਰਾਜੀਵ ਗੁਪਤਾ,ਵਿਧਾਇਕਾ ਡਾ.ਅਮਨਦੀਪ ਕੌਰ ਅਰੋੜਾ,ਚੇਅਰਮੈਨ ਖਣਮੁੱਖ ਭਾਰਤੀ ਪੱਤੋ,ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਧਰਮਕੋਟ ,ਨੈਸਲੇ ਮੈਨੇਜਰ ਕਮਲ ਮਾਥੁਰ,ਰਾਕੇਸ਼ ਸ਼ਰਮਾ ਚੰਡੀਗੜ੍ਹ,ਯਕੀਨ ਸ਼ਰਮਾ ਨੈਸਲੇ ,ਸੁਨੀਲ ਜਿੰਦਲ,ਅਨਿਲ ਬਾਂਸਲ,ਇੰਦੂ ਪੁਰੀ,ਪੰਕਜ ਗੁਪਤਾ ,ਇੰਜ.ਵਿਪਨ ਗੁਪਤਾ,ਨਵਦੀਪ ਗੁਪਤਾ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਿਰ ਸਨ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਪਦਮ ਸ਼੍ਰੀ ਨੇ ਜੋਤੀ ਪ੍ਰਚੰਡ ਕਰਕੇ ਅੱਖਾਂ ਦੀ ਪੁਤਲੀ ਬਦਲਣ ਦੇ ਕੇਂਦਰ ਦਾ ਉਦਘਾਟਨ ਕੀਤਾ।ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਸੰਬੋਧਨ ਵਿਚ ਡਾ.ਰਾਜੀਵ ਗੁਪਤਾ ਨੂੰ ਮੁਬਾਰਕਾਂ ਦਿੰਦਿਆਂ ਆਖਿਆ ਕਿ ਲੋਕ ਸੇਵਾ ਦੇ ਇਸ ਕਾਰਜ ਲਈ ਉਹ ਹਮੇਸ਼ਾ ਸਹਿਯੋਗ ਦਿੰਦੇ ਰਹਿਣਗੇ।
ਉਹਨਾਂ ਆਖਿਆ ਕਿ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਪਰ ਲੋਕਾਂ ਨੂੰ ਸਮਰਪਿਤ ਹੋ ਕੇ ਸੇਵਾਵਾਂ ਨਿਭਾਉਣ ਵਾਲੀਆਂ ਡਾ.ਰਾਜੀਵ ਗੁਪਤਾ ਵਰਗੀਆਂ ਸ਼ਖਸੀਅਤਾਂ ਦੀ ਬੇਹੱਦ ਲੋੜ ਹੈ। ਉਹਨਾਂ ਡਾ.ਰਾਜੀਵ ਗੁਪਤਾ ਦੀ ਮੰਗ ਤੇ ਪ੍ਰਤੀਕਰਮ ਦਿੰਦਿਆਂ ਆਖਿਆ ਕਿ ਉਹ ਯਤਨ ਕਰਨਗੇ ਕਿ ਮਾਲਵੇ ਵਿਚ ਇਕ ਆਈ ਬੈਂਕ ਛੇਤੀ ਖੁਲ੍ਹ ਜਾਵੇ ਤਾਂ ਕਿ ਪੁਤਲੀਆਂ ਬਦਲਣ ਦੇ ਅਪਰੇਸ਼ਨ ਲਈ ਦੂਰ ਦੁਰਾਡੇ ਦੇ ਹੋਰਨਾਂ ਰਾਜਾਂ ਦੇ ਆਈ ਬੈਂਕਾਂ ਤੋਂ ਦਾਨੀ ਮਿਰਤਕ ਸਰੀਰਾਂ ਦੀਆਂ ਅੱਖਾਂ ਨਾ ਮੰਗਵਾਉਣੀਆਂ ਪੈਣ।ਸੀਚੇਵਾਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਅੱਖਾਂ ਦਾਨ ਕਰਨ ਦੇ ਪ੍ਰਣ ਪੱਤਰ ਭਰਨ ਤਾਂ ਕਿ ਲੋੜਵੰਦਾਂ ਨੂੰ ਅੱਖਾਂ ਮਿਲ ਸਕਣ।
ਇਸ ਮੌਕੇ ਸਵੇਰਾ ਹਸਪਤਾਲ ਦੇ ਡਾਇਰੈਕਟਰ ਸਤਿਆ ਗੁਪਤਾ ਅਤੇ ‘ਅਰਾਤਰਿਕਾ ਆਈ ਕੇਅਰ ਐਂਡ ਰਿਸਰਚ ਫਾਊਂਡੇਸ਼ਨ’ ਦੇ ਡਾਇਰੈਕਟਰ ਨੀਰਿਜਾ ਗੁਪਤਾ ਨੇ ਦੱਸਿਆ ਕਿ ‘ਕੌਰਨੀਆ ਟਰਾਂਸਪਲਾਂਟ’ ਦੇ ਔਪਰੇਸ਼ਨ,ਸਵੇਰਾ ਹਸਪਤਾਲ ਵਿਖੇ ਬਿਲਕੁਲ ਮੁਫ਼ਤ ਕੀਤੇ ਜਾਇਆ ਕਰਨਗੇ।
ਇਸ ਮੌਕੇ ਡਾ.ਆਕਾਂਕਸ਼ਾ ਐੱਮ. ਐੱਸ. ਔਪਥੈਲੋਮੌਲੋਜੀ ਅਤੇ ਡਾ.ਰੋਹਿਤ ਸਿਮ੍ਹਾ ਐੱਮ ਐੱਸ ਵਿਟਰੋਰੈਟਿਨਲ ਸਰਜਨ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਹਸਪਤਾਲ ਵਿਚ ਅਤਿ ਆਧੁਨਿਕ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ। ਡਾ.ਰਾਜੀਵ ਨੇ ਆਖਿਆ ਕਿ ਅੱਖਾਂ ਦੇ ਬੈਂਕ ਤੋਂ ਅੱਖ ਪ੍ਰਾਪਤ ਕਰਕੇ ਅੱਖਾਂ ਤੋਂ ਮਨਾਖੇ ਜਾਂ ਹਾਦਸਿਆਂ ਤੋਂ ਪੀੜਤ ਹੰਗਾਮੀ ਹਾਲਤ ਵਾਲੇ ਮਰੀਜ਼ਾਂ ਦੀ ਅੱਖ ਦੀ ਪੁਤਲੀ ਬਦਲਣ ਦਾ ਔਪਰੇਸ਼ਨ ਪਹਿਲ ਦੇ ਆਧਾਰ ਤੇ ਕੀਤਾ ਜਾਇਆ ਕਰੇਗਾ।
ਇਸ ਮੌਕੇ ਵਿਧਾਇਕਾ ਡਾ.ਅਮਨਦੀਪ ਕੌਰ ਅਰੋੜਾ ਨੇ ਆਖਿਆ ਕਿ ਡਾ.ਰਾਜੀਵ ਗੁਪਤਾ ਨੇ ਆਪਣੀ ਸਰਕਾਰੀ ਸੇਵਾ ਦੌਰਾਨ ਪਿੰਡ ਜਲਾਲਾਬਾਦ ਪੂਰਬੀ ਦੇ ਸਰਕਾਰੀ ਹਸਪਤਾਲ ਵਿਖੇ 272 ਮਰੀਜ਼ਾਂ ਦੀਆਂ ਅੱਖਾਂ ਦੀ ਪੁਤਲੀਆਂ ਬਦਲਣ ਦੇ ਸਫਲ ਔਪਰੇਸ਼ਨ ਕੀਤੇ ਨੇ ਤੇ ਹੁਣ ਮੋਗਾ ਇਲਾਕੇ ਦੇ ਮੁਨਾਖੇ ਵਿਅਕਤੀਆਂ ਨੂੰ ਅੱਖਾਂ ਦੀ ਰੌਸ਼ਨੀ ਮਿਲਣ ਦੀ ਆਸ ਬੱਝੀ ਹੈ।
ਸਮਾਗਮ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਸਪਤਾਲ ਵਿਚ ਅੰਜੀਰ ਦਾ ਪੌਦਾ ਵੀ ਲਗਾਇਆ।