ਯੈੱਸ ਪੰਜਾਬ
ਚੰਡੀਗੜ੍ਹ, 15 ਜੁਲਾਈ, 2024:
ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਅੱਜ ਚੰਡੀਗੜ੍ਹ ਵਿਖ਼ੇ ਮੀਟਿੰਗ ਕਰਨ ਉਪਰੰਤ ਇੱਕ ਅਹਿਮ ਐਲਾਨ ਕੀਤਾ ਹੈ। ਬਾਗੀਆਂ ਵੱਲੋਂ ਚਲਾਈ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਕਨਵੀਨਰ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੂੂੰ ਬਣਾਇਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਬਾਗੀ ਧੜੇ ਦੀ ਪ੍ਰਮੁੱਖ ਆਗੂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਪ੍ਰਚੰਡ ਕਰਦਿਆਂ ਇਸ ਦਾ ਸੰਦੇਸ਼ ਘਰ ਘਰ ਪੁਚਾਇਆ ਜਾਵੇਗਾ।
ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਲਹਿਰ ਵੱਲੋਂ ਛੇਤੀ ਹੀ ਇੱਕ ਪ੍ਰਧਾਨਗੀ ਕਮੇਟੀ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਬੜੀ ਹੀ ਗੰਭੀਰਤਾ ਨਾਲ ਕਈ ਅਹਿਮ ਫ਼ੈਸਲੇ ਲਏ ਗਏ ਅਤੇ ਇੱਕ ਫ਼ੈਸਲਾ ਇਹ ਵੀ ਹੈ ਕਿ ਫ਼ੈਸਲੇ ਲੈਣ ਦਾ ਅਧਿਕਾਰ ਕਿਸੇ ਵਿਅਕਤੀ ਵਿਸ਼ੇਸ਼ ’ਤੇ ਨਹੀਂ ਛੱਡਿਆ ਜਾਵੇਗਾ ਸਗੋਂ ਸਾਰੇ ਫ਼ੈਸਲੇ ਆਪਸੀ ਸਹਿਮਤੀ ਨਾਲ ਮਿਲ ਕੇ ਲਏ ਜਾਣਗੇ। ਇਨ੍ਹਾਂ ਫ਼ੈਸਲਿਆਂ ਵਿੱਚ ਸਾਰੇ ਸੀਨੀਅਰ ਲੀਡਰਾਂ ਅਤੇ ਨੌਜਵਾਨ ਆਗੂਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਆਗੂਆਂ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੇ ਫ਼ੈਸਲੇ ’ਤੇ ਟਿੱਪਣੀ ਕਰਦਿਆਂ ਸ: ਵਡਾਲਾ ਨੇ ਕਿਹਾ ਕਿ ਇਹ ਗ਼ਲਤ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਪੰਥ ਕਿਸੇ ਇੱਕ ਦਾ ਨਹੀਂ ਸਗੋਂ ਸਭ ਦਾ ਸਾਂਝਾ ਹੈ ਅਤੇ ਲਹਿਰ ਨਾਲ ਸੰਬੰਧ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਖੜ੍ਹਾ ਕਰਨਾ ਚਾਹੁੰਦੇ ਹਨ।
ਉਨ੍ਹਾਂ ਆਖ਼ਿਆ ਕਿ ਪਾਰਟੀ ਦੇ ਬੁਲੰਦੀਆਂ ਤਕ ਪਹੁੰਚਣ ਵਿੱਚ ਸਾਡੇ ਬਜ਼ੁਰਗਾਂ ਦਾ ਸੰਘਰਸ਼ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਥ ਦੀਆਂ ਮਹਾਨ ਸ਼ਖਸ਼ੀਅਤਾਂ ਨੂੰ ਯਾਦ ਰੱਖਣ ਲਈ ਸਮਾਗਮ ਕੀਤੇ ਜਾਣਗੇ।