ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 10 ਦਸੰਬਰ, 2024
ਰਾਸ਼ਟਰਪਤੀ ਚੁਣੇ ਗਏ Donald Trump ਨੇ ਰੂਸ ਤੇ Ukrain ਵਿਚਾਲੇ ਤੁਰੰਤ ਜੰਗਬੰਦੀ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਖਿੱਤੇ ਵਿਚ ਪਾਗਲਪਣ ਖਤਮ ਹੋਣਾ ਚਾਹੀਦਾ ਹੈ। ਟਰੰਪ ਨੇ ਇਹ ਸੁਨੇਹਾ ਯੁਕਰੇਨ ਦੇ ਰਾਸ਼ਟਰਪਤੀ Volodymyr Zelenskyy ਨਾਲ ਪੈਰਿਸ ਵਿਚ ਹੋਈ ਮੀਟਿੰਗ ਤੋਂ ਬਾਅਦ ਟਰੁੱਥ ਸੋਸ਼ਲ ਉਪਰ ਸਾਂਝਾ ਕੀਤਾ ਹੈ।
ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਐਲਾਨ ਕੀਤਾ ਸੀ ਕਿ ਚੋਣ ਜਿੱਤਣ ਉਪਰੰਤ ਉਹ ਰੂਸ ਤੇ ਯੁਕਰੇਨ ਵਿਚਾਲੇ ਜੰਗ ਖਤਮ ਕਰ ਦੇਣਗੇ ਹਾਲਾਂ ਕਿ ਅਜਿਹਾ ਕਰਨ ਲਈ ਉਨਾਂ ਨੇ ਕਿਸੇ ਢੰਗ ਤਰੀਕੇ ਦਾ ਕੋਈ ਜਿਕਰ ਨਹੀਂ ਕੀਤਾ ਸੀ।
ਟਰੰਪ ਨੇ ਆਪਣੇ ਤਾਜ਼ਾ ਸੁਨੇਹੇ ਵਿਚ ਲਿਖਿਆ ਹੈ ਕਿ ‘ਜੇਲੈਂਸਕੀ ਤੇ ਰੂਸ ਇਕ ਸਮਝੌਤੇ ਤਹਿਤ ਪਾਗਲਪਣ ਬੰਦ ਕਰ ਦੇਣ ਤੇ ਤੁਰੰਤ ਜੰਗਬੰਦੀ ਲਾਗੂ ਕਰਕੇ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ।” ਟਰੰਪ ਨੇ ਹੋਰ ਕਿਹਾ ਹੈ ਕਿ ”ਮੈ ਵਲਾਦੀਮੀਰ ਪੂਤਿਨ ਨੂੰ ਚੰਗੀ ਤਰਾਂ ਜਾਣਦਾ ਹਾਂ। ਉਸ ਲਈ ਇਹ ਸਮਾਂ ਹੁਣ ਕਾਰਵਾਈ ਕਰਨ ਦਾ ਹੈ।
ਚੀਨ ਇਸ ਵਿਚ ਮੱਦਦ ਕਰ ਸਕਦਾ ਹੈ। ਵਿਸ਼ਵ ਇਸ ਸਮੇ ਦੀ ਉਡੀਕ ਕਰ ਰਿਹਾ ਹੈ।”ਇਸ ਪੋਸਟ ਵਿਚ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਪਿਛਲੇ ਮਹੀਨੇ ਫੋਨ ਉਪਰ ਹੋਈ ਗੱਲਬਾਤ ਦਾ ਹਵਾਲਾ ਵੀ ਦਿੱਤਾ ਹੈ।
ਹਾਲਾਂ ਕਿ ਉਸ ਸਮੇ ਰੂਸ ਨੇ ਅਜਿਹੀ ਕਿਸੇ ਗੱਲਬਾਤ ਤੋਂ ਇਨਕਾਰ ਕੀਤਾ ਸੀ। ਇਸੇ ਪੋਸਟ ਵਿਚ ਟਰੰਪ ਨੇ ਕਿਹਾ ਹੈ ਕਿ ਸੀਰੀਆ ਵਿਚ ਬਾਗੀ ਰਾਸ਼ਟਰਪਤੀ ਬਸ਼ਰ ਅਸਦ ਦਾ ਤਖਤਾ ਉਲਟਾਉਣ ਵਿਚ ਇਸ ਲਈ ਸਫਲ ਹੋਏ ਹਨ ਕਿਉਂਕਿ ਰੂਸ ਨੇ ਯੁਕਰੇਨ ਨਾਲ ਜੰਗ ਜਿੱਤਣ ਵੱਲ ਧਿਆਨ ਦੇਣ ਵਾਸਤੇ ਅਸਦ ਨੂੰ ਬਚਾਉਣ ਲਈ ਦਿਲਚਸਪੀ ਲੈਣੀ ਬੰਦ ਕਰ ਦਿੱਤੀ ਸੀ।
ਟਰੰਪ ਨੇ ਪਿਛਲੇ ਮਹੀਨੇ ਦੇ ਅੰਤ ਵਿਚ ਜੰਗ ਖਤਮ ਕਰਨ ਲਈ ਇਕ ਵਿਸ਼ੇਸ਼ ਦੂਤ ਦੀ ਨਾਮਜ਼ਦਗੀ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਫਰਾਂਸ ਲਈ ਰਵਾਨਾ ਹੋਣ ਸਮੇ ‘ਮੀਟ ਦਾ ਪ੍ਰੈਸ’ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਸੀ ਕਿ ਜੇਕਰ ਉਹ ਕਰ ਸਕਿਆ ਤਾਂ ਜੰਗ ਖਤਮ ਕਰ ਦੇਵੇਗਾ।
ਉਨਾਂ ਇਹ ਵੀ ਕਿਹਾ ਕਿ ਜੇਕਰ ਬਾਕੀ ਦੇਸ਼ ਆਪਣਾ ਹਿੱਸਾ ਪਾਉਣ ਲਈ ਅੱਗੇ ਆਉਣਗੇ ਤਾਂ ਅਮਰੀਕਾ ਨਾਟੋ ਦਾ ਮੈਂਬਰ ਬਣਿਆ ਰਹੇਗਾ। ਉਨਾਂ ਕਿਹਾ ਬਾਕੀ ਦੇਸ਼ਾਂ ਨੂੰ ਆਪਣੀ ਰਹਿੰਦੀ ਅਦਾਇਗੀ ਕਰਨੀ ਪਵੇਗੀ। ਇਸ ਸਮੇ ਨਾਟੋ ਦੇ ਕੁਲ 32 ਮੈਂਬਰਾਂ ਵਿਚੋਂ 23 ਆਪਣੇ ਕੁਲ ਘਰੇਲੂ ਉਤਪਾਦਨ ਦਾ ਘੱਟੋ ਘੱਟ 2% ਗਠਜੋੜ ਦੇ ਰਖਿਆ ਖਰਚ ਵਿਚ ਯੋਗਦਾਨ ਪਾ ਰਹੇ ਹਨ।