ਯੈੱਸ ਪੰਜਾਬ
ਪਟਿਆਲਾ, 25 ਮਾਰਚ, 2025
RSS ਦੇ ਵਿੰਗ ਰਾਸ਼ਟਰੀ ਸਿੱਖ ਸੰਗਤ ਦੇ ਸਾਬਕਾ ਪ੍ਰਮੁੱਖ Rulda Singh ਦੇ ਕਤਲ ਮਾਮਲੇ ਵਿੱਚ Patiala ਦੀ ਇੱਕ ਅਦਾਲਤ ਵੱਲੋਂ ਅੱਜ Jagtar Singh Tara ਅਤੇ Raman Deep Singh Goldy ਨੂੰ ਬਰੀ ਕਰ ਦਿੱਤਾ ਗਿਆ।
Patiala ਦੇ ਸੈਸ਼ਨਜ਼ ਜੱਜ ਦੀ ਅਦਾਲਤ ਵੱਲੋਂ ਅੱਜ ਇਹ ਫ਼ੈਸਲਾ ਸੁਣਾਇਆ ਗਿਆ। ਅਦਾਲਤ ਨੇ ਸਬੂਤਾਂ ਦੀ ਅਣਹੋਂਦ ਵਿੱਚ ਦੋਹਾਂ ਨੂੰ ਬਰੀ ਕੀਤਾ ਹੈ। ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਤਾਰਾ ਨੂੰ ਅੱਜ ਪੁਲਿਸ ਇੱਥੇ ਅਦਾਲਤ ਵਿੱਚ ਪੇਸ਼ੀ ਲਈ ਲੈ ਕੇ ਆਈ ਸੀ ਪਰ ਉਸ ਉੱਤੇ ਹੋਰ ਵੀ ਕੇਸ ਦਰਜ ਹੋਣ ਦੇ ਚੱਲਦਿਆਂ ਉਸਨੂੰ ਪੁਲਿਸ ਮੁੜ ਬੁੜੈਲ ਜੇਲ੍ਹ ਵਾਪਸ ਲੈ ਗਈ।
ਯਾਦ ਰਹੇ ਕਿ 28 ਜੁਲਾਈ 2009 ਨੂੰ ਰੁਲਦਾ ਸਿੰਘ ਆਪਣੀ ਕਾਰ ਰਾਹੀਂ ਸਰਹਿੰਦ ਰੋਡ ਸਥਿਤ ਆਪਣੇ ਘਰ ਪੁੱਜੇ ਤਾਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂਦੇ ਘਰ ਦੇ ਸਾਹਮਣੇ ਹੀ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਸਨ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਦੋ ਹਫ਼ਤੇ ਹਸਪਤਾਲ ਵਿੱਚ ਇਲਾਜ ਅਧੀਨ ਰਹਿਣ ਉਪਰੰਤ ਉਨ੍ਹਾਂ ਦੀ ਮੌਤ ਹੋ ਗਈ ਸੀ।
ਪੁਲਿਸ ਨੇ ਉਸ ਵੇਲੇ ਚਾਰ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ 2015 ਵਿੱਚ ਇਨ੍ਹਾਂ ਸਾਰਿਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ।
ਇਸੇ ਮਾਮਲੇ ਵਿੱਚ ਬਾਅਦ ਵਿੱਚ ਪੁਲਿਸ ਨੇ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਨੂੰ ਨਾਮਜ਼ਦ ਕੀਤਾ ਸੀ ਜਿਸ ਬਾਰੇ ਫ਼ੈਸਲਾ ਅੱਜ ਸੁਣਾਇਆ ਗਿਆ।