Saturday, July 6, 2024
spot_img
spot_img
spot_img
spot_img

ਬਾਬੂ ਭਗਵਾਨ ਦਾਸ ਅਰੋੜਾ ਦੀ 24ਵੀਂ ਬਰਸੀ ਮੌਕੇ ਨਿੱਘੀਆਂ ਸ਼ਰਧਾਂਜਲੀਆਂ ਭੇਟ

ਦਲਜੀਤ ਕੌਰ
ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, 3 ਜੁਲਾਈ, 2024

ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਪਿਤਾ ਅਤੇ ਸਾਬਕਾ ਮੰਤਰੀ ਪੰਜਾਬ ਸਵ. ਬਾਬੂ ਭਗਵਾਨ ਦਾਸ ਅਰੋੜਾ ਦੀ 24ਵੀਂ ਬਰਸੀ ਦੇ ਮੌਕੇ ’ਤੇ ਸੁਨਾਮ ਵਿਖੇ ਆਯੋਜਿਤ ਸ਼ਰਧਾਂਜਲੀ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਮਾਨਸਾ ਵਿਜੈ ਸਿੰਗਲਾ, ਵਿਧਾਇਕ ਮਲੇਰਕੋਟਲਾ ਜਮੀਲ ਉਰ ਰਹਿਮਾਨ, ਵਿਧਾਇਕ ਭੁੱਚੋਂ ਮੰਡੀ ਜਗਸੀਰ ਸਿੰਘ, ਵਿਧਾਇਕ ਨਾਭਾ ਦੇਵ ਸਿੰਘ ਮਾਨ, ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ, ਐਮਐਲਏ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ,

ਐਮਐਲਏ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ, ਸਾਬਕਾ ਐਮਐਲਏ ਰੋਪੜ ਅਮਰਜੀਤ ਸਿੰਘ ਸਮੇਤ ਹੋਰ ਸ਼ਖਸ਼ੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਪਾਏ ਵਡਮੁੱਲੇ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਬਾਬੂ ਭਗਵਾਨ ਦਾਸ ਅਰੋੜਾ ਦੀ ਨਿੱਘੀ ਯਾਦ ਨੂੰ ਸਮਰਪਿਤ ਮੁਫ਼ਤ ਡੈਂਟਲ ਅਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਬੂ ਭਗਵਾਨ ਦਾਸ ਅਰੋੜਾ ਹੋਰਨਾਂ ਲਈ ਚਾਨਣ ਮੁਨਾਰਾ ਸਨ। ਉਹਨਾਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਸਰਗਰਮ ਰਹਿਣ ਵਾਲੀਆਂ ਨੇਕ ਰੂਹਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਂਦਾ ਹੈ ਅਤੇ ਉਹਨਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਇਹ ਸ਼ਰਧਾਂਜਲੀ ਸਮਾਗਮ, ਜ਼ਿੰਦਗੀ ਵਿੱਚ ਉਹਨਾਂ ਵੱਲੋਂ ਕੀਤੀਆਂ ਨੇਕ ਕਮਾਈਆਂ ਦਾ ਸਪਸ਼ਟ ਸਬੂਤ ਹੈ।

ਗੁਰੂ ਨਾਨਕ ਦੇਵ ਡੈਂਟਲ ਕਾਲਜ ਸੁਨਾਮ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਾਨਸਾ ਵਿਜੈ ਸਿੰਗਲਾ ਨੇ ਕਿਹਾ ਕਿ ਬਾਬੂ ਭਗਵਾਨ ਦਾਸ ਅਰੋੜਾ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਉਨ੍ਹਾਂ ਦੇ ਸਪੁੱਤਰ ਅਮਨ ਅਰੋੜਾ ਵੀ ਆਪਣੇ ਪਿਤਾ ਵਾਂਗ ਹੀ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਲੋਕ ਸੇਵਾ ਨੂੰ ਸਮਰਪਿਤ ਹਨ।

ਉਨ੍ਹਾਂ ਕਿਹਾ ਕਿ ਬਾਬੂ ਭਗਵਾਨ ਦਾਸ ਨੇ ਇਲਾਕੇ ਦੀ ਸੇਵਾ ਦਾ ਸੰਕਲਪ ਮਨ ਵਿੱਚ ਲੈ ਕੇ ਇਹ ਡੈਂਟਲ ਕਾਲਜ ਇਥੇ ਸਥਾਪਤ ਕੀਤਾ ਸੀ ਤਾਂ ਜੋ ਇਥੋਂ ਦੇ ਲੋਕਾਂ ਨੂੰ ਅਤਿ ਆਧੁਨਿਕ ਇਲਾਜ ਸੁਵਿਧਾਵਾਂ ਮਿਲ ਸਕਣ।

ਇਸ ਮੌਕੇ ਵਿਧਾਇਕ ਮਲੇਰਕੋਟਲਾ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਇਨਸਾਨੀਅਤ ਦੇ ਭਲੇ ਲਈ ਕੰਮ ਕਰਨ ਵਾਲੇ ਹਮੇਸ਼ਾਂ ਯਾਦ ਰੱਖੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਰੋੜਾ ਪਰਿਵਾਰ ਨੇ ਨੇਕ ਦਿਲੀ ਨਾਲ ਹਮੇਸ਼ਾਂ ਹੀ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕੀਤੀ ਹੈ ਅਤੇ ਬਾਬੂ ਭਗਵਾਨ ਦਾਸ ਅਰੋੜਾ ਦੇ ਪਦਚਿੰਨ੍ਹਾਂ ’ਤੇ ਚੱਲ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਪੂਰੀ ਤਨਦੇਹੀ ਨਾਲ ਲੋਕ ਸੇਵਾ ਚ ਜੁਟੇ ਹੋਏ ਹਨ।

ਵਿਧਾਇਕ ਭੁੱਚੋਂ ਮੰਡੀ ਜਗਸੀਰ ਸਿੰਘ ਨੇ ਕਿਹਾ ਕਿ ਬਾਬੂ ਭਗਵਾਨ ਦਾਸ ਅਰੋੜਾ ਨੇਕ ਦਿਲ ਇਨਸਾਨ ਸਨ ਅਤੇ ਉਹਨਾਂ ਵੱਲੋਂ ਇਲਾਕੇ ਦੀ ਨੁਹਾਰ ਸੰਵਾਰਨ ਦਾ ਜੋ ਬੀੜਾ ਚੁੱਕਿਆ ਗਿਆ ਸੀ ਉਸ ਨੂੰ ਅਮਨ ਅਰੋੜਾ ਬਾਖੂਬੀ ਪੂਰਾ ਕਰਨ ਵਿੱਚ ਜੁਟੇ ਹੋਏ ਹਨ।

ਵਿਧਾਇਕ ਨਾਭਾ ਦੇਵ ਸਿੰਘ ਮਾਨ ਨੇ ਵੀ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਮਾਂ ਵਰਗਾ ਲਾਡ ਕੋਈ ਨਹੀਂ ਲਡਾਉਂਦਾ ਅਤੇ ਪਿਤਾ ਦਾ ਹੱਥ ਸਿਰ ’ਤੇ ਹੋਵੇ ਤਾਂ ਕਿਸੇ ਗੱਲ ਦੀ ਪਰਵਾਹ ਨਹੀਂ ਹੁੰਦੀ।

ਉਨ੍ਹਾਂ ਕਿਹਾ ਕਿ ਮਾਪਿਆਂ ਦੀਆਂ ਦੁਆਵਾਂ ਸਦਕਾ ਹੀ ਇਨਸਾਨ ਬੁਲੰਦੀਆਂ ਨੂੰ ਛੂੰਹਦਾ ਹੈ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਆਪਣੇ ਪਿਤਾ ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਹਰ ਸਾਲ ਕਰਵਾਇਆ ਜਾਂਦਾ ਸਮਾਗਮ ਉਨ੍ਹਾਂ ਦੀ ਆਪਣੇ ਪਿਤਾ ਪ੍ਰਤੀ ਨਿੱਘੀ ਸੋਚ ਦਾ ਪ੍ਰਗਟਾਓ ਕਰਦਾ ਹੈ।

ਅਖੀਰ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿਹਾ ਕਿ ਉਹਨਾਂ ਦੇ ਪਿਤਾ ਜੀ ਦੇ ਸਦੀਵੀ ਵਿਛੋੜੇ ਤੋਂ 24 ਸਾਲ ਬਾਅਦ ਵੀ ਉਹਨਾਂ ਦੇ ਪਿਤਾ ਦੁਆਰਾ ਕੀਤੇ ਲੋਕ ਪੱਖੀ ਕਾਰਜਾਂ ਨੂੰ ਮਾਣ ਸਤਿਕਾਰ ਮਿਲਦਾ ਪਿਆ ਹੈ ਜੋ ਕਿ ਪਰਮਾਤਮਾ ਦੀ ਵੱਡੀ ਮਿਹਰ ਦੇ ਸਦਕਾ ਹੀ ਸੰਭਵ ਹੋ ਸਕਿਆ ਹੈ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਹ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਵਿਧਾਨ ਸਭਾ ਹਲਕਾ ਸੁਨਾਮ ਨੂੰ ਮਾਡਲ ਹਲਕੇ ਵਜੋਂ ਸੂਬੇ ਦਾ ਮੋਹਰੀ ਹਲਕਾ ਬਣਾਉਣ ਦੀ ਦਿਸ਼ਾ ਵਿੱਚ ਨਿਰੰਤਰ ਕਾਰਜਸ਼ੀਲ ਹਨ। ਸ਼ਰਧਾਂਜਲੀ ਸਮਾਰੋਹ ਦੌਰਾਨ ਉਨ੍ਹਾਂ ਨੇ ਆਪਣੇ ਮਾਤਾ ਜੀ ਪਰਮੇਸ਼ਵਰੀ ਦੇਵੀ ਅਤੇ ਭੈਣ ਰਾਧਿਕਾ ਅਰੋੜਾ ਸਮੇਤ ਸਮੁੱਚੇ ਪਰਿਵਾਰ ਦੀ ਤਰਫ਼ੋਂ ਸਮੂਹ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਗੀ ਜੱਥੇ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ, ਉਪ ਮੰਡਲ ਮੈਜਿਸਟਰੇਟ ਸੁਨਾਮ ਪਰਮੋਦ ਸਿੰਗਲਾ, ਉਪ ਮੰਡਲ ਮੈਜਿਸਟਰੇਟ ਸੰਗਰੂਰ ਚਰਨਜੋਤ ਸਿੰਘ ਵਾਲੀਆ ਸਮੇਤ ਵੱਡੀ ਗਿਣਤੀ ਵਿੱਚ ਮਾਰਕੀਟ ਕਮੇਟੀਆਂ ਦੇ ਚੇਅਰਮੈਨ, ਨਗਰ ਕੌਂਸਲ ਪ੍ਰਧਾਨ ਸਮੇਤ ਹੋਰ ਅਹੁਦੇਦਾਰ ਤੇ ਕੌਂਸਲਰ ਸਮੇਤ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।

- Advertisment -spot_img

ਅਹਿਮ ਖ਼ਬਰਾਂ