ਯੈੱਸ ਪੰਜਾਬ
ਜਲੰਧਰ, 3 ਨਵੰਬਰ, 2024
ਟਰੇਡ ਯੂਨੀਅਨ ਆਗੂ ਅਤੇ ਸੀਪੀਆਈ ( ਐਮ ) ਦੇ ਸੂਬਾ ਕਮੇਟੀ ਮੈਂਬਰ ਰਹੇ ਕਾਮਰੇਡ ਐਚ.ਐਸ. ਮਿਨਹਾਸ ਦਾ ਸ਼ਰਧਾਂਜਲੀ ਸਮਾਗਮ ਕਾਮਰੇਡ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਵਾਇਆ ਗਿਆ। ਕਾਮਰੇਡ ਮਿਨਹਾਸ ਟੀਐਸਯੂ ਪੰਜਾਬ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਦੇ ਲੰਬਾ ਸਮਾਂ ਵੱਡੇ ਆਗੂ ਰਹੇ । ਉਹਨਾਂ ਆਪਣਾ ਸਾਰਾ ਜੀਵਨ ਲੋਕ ਲਹਿਰਾਂ ਦੇ ਲੇਖੇ ਲਾਇਆ। ਮਿਤੀ 20 ਫਰਵਰੀ 2023 ਨੂੰ ਉਹਨਾਂ ਦੀ ਮੌਤ ਕੈਨੇਡਾ ਵਿਖੇ ਆਪਣੇ ਪਰਿਵਾਰ ਵਿੱਚ ਹੋ ਗਈ ਸੀ।
ਕੈਨੇਡਾ ਤੋਂ ਉਹਨਾਂ ਦੇ ਪਰਿਵਾਰਿਕ ਮੈਂਬਰ ਉਹਨਾਂ ਦੇ ਸੁਪਤਨੀ ਬੀਬੀ ਅਮਰਜੀਤ ਕੌਰ ਅਤੇ ਉਨਾਂ ਦੇ ਸਪੁੱਤਰ ਐਡਵੋਕੇਟ ਰੁਪਿੰਦਰਪ੍ਰੀਤ ਸਿੰਘ ਮਿਨਹਾਸ ਸ਼ਰਧਾਂਜਲੀ ਸਮਾਗਮ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮਿਨਹਾਸ ਪਰਿਵਾਰ ਵੱਲੋਂ ਲੋਕ ਲਹਿਰ , ਸੀਪੀਆਈ ( ਐਮ ) ਅਤੇ ਦੇਸ਼ ਭਗਤ ਯਾਦਗਾਰ ਹਾਲ ਮੇਲੇ ਲਈ ਸਹਾਇਤਾ ਫੰਡ ਵੀ ਭੇਂਟ ਕੀਤਾ ਗਿਆ।
ਹਾਜ਼ਰ ਆਗੂ ਸਾਥੀਆਂ ਵੱਲੋਂ ਫੰਡ ਪ੍ਰਾਪਤ ਕਰਕੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ । ਕਾਮਰੇਡ ਰੁਪਿੰਦਰਪ੍ਰੀਤ ਸਿੰਘ ਵੱਲੋਂ ਵੀ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਮੌਕੇ ਟਰੇਡ ਯੂਨੀਅਨ ਆਗੂ , ਰਾਜਸੀ ਪਾਰਟੀਆਂ ਦੇ ਆਗੂ ,, ਮਿਨਹਾਸ ਪਰਿਵਾਰ ਦੇ ਸੁਨੇਹੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸੀਪੀਆਈ ( ਐਮ ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਮਰੇਡ ਮਿਨਹਾਸ ਟਰੇਡ ਯੂਨੀਅਨ ਆਗੂ ਵਜੋਂ ਮਜ਼ਦੂਰਾਂ ਮੁਲਾਜ਼ਮਾਂ ਨੂੰ ਜਥੇਬੰਦ ਕਰਦੇ ਹੋਏ ਮਾਰਕਸਵਾਦੀ ਵਿਚਾਰਧਾਰਾ ਤੋਂ ਅਗਵਾਈ ਲੈਂਦੇ ਸਨ । ਉਹ ਮਹਾਨ ਦੇਸ਼ ਭਗਤ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਬਹੁਤ ਨਜਦੀਕੀ ਆਗੂਆਂ ਵਿੱਚੋਂ ਇੱਕ ਸਨ। ਕਾਮਰੇਡ ਸੇਖੋਂ ਨੇ ਕਿਹਾ ਕਿ ਸਾਲ 1991-92 ਦੌਰਾਨ ਸੰਸਾਰ ਅੰਦਰ ਸਾਮਰਾਜੀਆਂ ਵੱਲੋਂ ਨਵੀਆਂ ਆਰਥਿਕ ਨੀਤੀਆਂ ਲਾਗੂ ਕੀਤੀਆਂ ਗਈਆਂ।
ਇਹਨਾਂ ਸੰਸਾਰੀਕਰਨ , ਉਧਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਕਾਮਰੇਡ ਮਿਨਹਾਸ ਨੇ ਟ੍ਰੇਡ ਯੂਨੀਅਨ ਅੰਦਰ ਜ਼ੋਰਦਾਰ ਮੁਹਿੰਮ ਚਲਾਈ । ਸਭ ਤੋਂ ਪਹਿਲਾਂ ਖੱਬੇ ਪੱਖੀ ਲਹਿਰਾਂ ਨਾਲ ਮਿਲ ਕੇ ਬਿਜਲੀ ਮੁਲਾਜ਼ਮਾਂ ਨੇ ਇਹਨਾਂ ਵਿਰੁੱਧ ਸੰਘਰਸ਼ ਸ਼ੁਰੂ ਕਰਕੇ ਲੋਕਾਂ ਨੂੰ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਦੇ ਕਿਰਤੀ ਵਰਗ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਕਾਮਰੇਡ ਮਿਨਹਾਸ ਦੇ ਸੰਘਰਸ਼ਾਂ ਦੇ ਸਾਥੀ ਕਾਮਰੇਡ ਦੇਵਰਾਜ ਵਰਮਾ ਨੇ ਕਿਹਾ ਕਿ ਉਹ ਭਾਵੇਂ ਵਿਦੇਸ਼ ਚਲੇ ਗਏ ਸਨ ਪਰ ਜਦ ਭਾਰਤ ਆਉਂਦੇ ਤਾਂ ਫਿਰ ਯੂਨੀਅਨ ਲਈ ਡੱਟ ਕੇ ਕੰਮ ਕਰਦੇ ਸਨ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਸਾਥੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਸਭ ਦੇਸ਼ ਭਗਤ ਸ਼ਕਤੀਆਂ ਨੂੰ ਮਿਤੀ 7-8-9 ਨਵੰਬਰ ਨੂੰ ਮੇਲੇ ਵਿੱਚ ਸਹਿਯੋਗ ਅਤੇ ਸ਼ਿਰਕਤ ਕਰਨ ਦਾ ਸੱਦਾ ਦਿੱਤਾ। ਮਿਨਹਾਸ ਜੀ ਦੇ ਸਾਥੀ ਜਗਤਾਰ ਸਿੰਘ ਬਾਠ ਨੇ ਕਿਹਾ ਕਿ ਉਹ ਆਮ ਮੁਲਾਜਮਾਂ ਨਾਲੋਂ ਵੱਧ ਸਮਾਂ ਡਿਊਟੀ ਕਰਦੇ ਸਨ। ਉਹ ਕਦੇ ਅੱਕਦੇ ਅਤੇ ਥੱਕਦੇ ਨਹੀਂ ਸਨ। ਸ਼ਰਧਾਂਜਲੀ ਸਮਾਗਮ ਲਈ ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਸੁਖਪ੍ਰੀਤ ਸਿੰਘ ਜੋਹਲ ਵੱਲੋਂ ਨਿਭਾਈ ਗਈ।
ਇਸ ਮੌਕੇ ਤੇ ਸੀਟੂ ਆਗੂ ਕਾਮਰੇਡ ਜਤਿੰਦਰ ਪਾਲ ਸਿੰਘ , ਇੰਜੀਨੀਅਰ ਕਾਮਰੇਡ ਸ਼ੀਤਲ ਸਿੰਘ ਸੰਘਾ , ਕਾਮਰੇਡ ਮਾਸਟਰ ਪੁਰਸ਼ੋਤਮ ਬਿਲਗਾ , ਕਾਮਰੇਡ ਵਰਿੰਦਰ ਪਾਲ ਸਿੰਘ ਕਾਲਾ , ਕਾਮਰੇਡ ਨਰਿੰਦਰ ਸਿੰਘ ਜੌਹਲ , ਕਾਮਰੇਡ ਪ੍ਰਕਾਸ਼ ਕਲੇਰ , ਕਾਮਰੇਡ ਰਤਨ ਸਿੰਘ ਮਜਾਰੀ , ਕਾਮਰੇਡ ਹਰਭਜਨ ਸਿੰਘ , ਕਾਮਰੇਡ ਵੀ.ਵੀ. ਐਂਥਨੀ , ਕਾਮਰੇਡ ਗੋਪਾਲ ਦੱਤ ਜੋਸ਼ੀ , ਮੁਹੰਮਦ ਸ਼ਹਿਨਾਜ਼ , ਕਾਮਰੇਡ ਸ਼ਾਮ ਲਾਲ , ਕਾਮਰੇਡ ਮੁਹਿੰਦਰ ਰਾਮ , ਕਾਮਰੇਡ ਸੁਰਜੀਤ ਨਕੋਦਰ ਅਤੇ ਹੋਰ ਬਿਜਲੀ ਆਗੂ ਅਤੇ ਮੁਲਾਜ਼ਮ ਸਾਥੀ ਹਾਜ਼ਰ ਸਨ।