Thursday, July 4, 2024
spot_img
spot_img
spot_img

ਬਾਗੀ ਆਗੂਆਂ ਨੇ ਅਕਾਲ ਤਖ਼ਤ ਪੁੱਜ ਕੇ ਅਕਾਲੀ ਰਾਜ ਵੇਲੇ ਬੇਅਦਬੀ ਸਣੇ ਹੋਰ ਘਟਨਾਵਾਂ ਲਈ ਦੋਸ਼ ਕਬੂਲਿਆ, ਮੁਆਫ਼ੀ ਮੰਗੀ

ਯੈੱਸ ਪੰਜਾਬ
ਅੰਮ੍ਰਿਤਸਰ, 1 ਜੁਲਾਈ, 2024

ਸ਼੍ਰੋਮਣੀ ਅਕਾਜਲੀ ਦਲ ਦੇ ਬਾਗੀ ਧੜੇ ਨੇ ਸੋਮਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਸੌਂਪ ਕੇ ਪੰਜਾਬ ਵਿੱਚ ਪਾਰਟੀ ਦੇ 10 ਸਾਲਾਂ ਦੇ ਰਾਜ ਦੌਰਾਨ ਵਾਪਰੀਆਂ ਘਟਨਾਵਾਂ ਲਈ ਮੁਆਫ਼ੀ ਮੰਗੀ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਕੀਤੇ ਗਏ ਕੁਝ ਬੱਜਰ ਗੁਨਾਹਾਂ ਦਾ ਉਹ ਵਿਰੋਧ ਤਾਂ ਕਰਦੇ ਰਹੇ ਪਰ ਇਨ੍ਹਾਂ ਨੂੰ ਰੋਕ ਨਾ ਸਕੇ ਜਿਸ ਲਈ ਉਹ ਆਪਣੇ ਆਪ ਨੂੰ ਦੋਸ਼ੀ ਸਮਝਦੇ ਹਨ ਅਤੇ ਅਕਾਲ ਤਖ਼ਤ ਇਸ ਲਈ ਉਨ੍ਹਾਂ ਨੂੰ ਜੋ ਵੀ ਸਜ਼ਾ ਲਾਵੇਗਾ ਉਹ ਉਸਨੂੰ ਮਨਜ਼ੂਰ ਕਰਨਗੇ।

ਬਾਗੀ ਅਕਾਲੀ ਆਗੂਆਂ ਨੇ ਜਿਨ੍ਹਾਂ ਘਟਨਾਵਾਂ ਦਾ ਇਸ ਮਾਮਲੇ ਵਿੱਚ ਜ਼ਿਕਰ ਕੀਤਾ ਹੈ ਉਨ੍ਹਾਂ ਵਿੱਚ 2007 ਸੰਨ ਵਿੱਚ ਸਿਰਸਾ ਡੇਰੇ ਦੇ ਮੁਖ਼ੀ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ, 2015 ਵਿੱਚ ਡੇਰਾ ਮੁਖ਼ੀ ਦੇ ਹੁਕਮਾਂ ’ਤੇ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਡੇਰਾ ਮੁਖ਼ੀ ਦੇ ਇਸ਼ਾਰੇ ’ਤੇ ਕੀਤੀਆਂ ਹੋਰ ਸਿੱਖ ਵਿਰੋਧੀ ਘਟਨਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਡੀ.ਜੀ.ਪੀ. ਲਗਾਏ ਜਾਣ ਦੇ ਫ਼ੈਸਲੇ ਨੂੰ ਵੀ ਗ਼ਲਤ ਦੱਸਿਆ ਗਿਆ।

ਬਾਗੀ ਆਗੂਆਂ ਵਿੱਚ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਹੋਰ ਆਗੂ ਸ਼ਾਮਲ ਸਨ ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇੱਕ ਪੱਤਰ ਸੌਂਪਦਿਆਂ ਅਪੀਲ ਕੀਤੀ ਕਿ ਉਹ ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹਨ।

ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿਖ਼ੇ ਪੱਤਰ ਵਿੱਚ, ਬਾਗੀ ਆਗੂਆਂ ਨੇ ਪਾਰਟੀ ਲੀਡਰਸ਼ਿਪ ਦੁਆਰਾ ਕੀਤੀਆਂ ‘ਗ਼ਲਤੀਆਂ’ ਲਈ ‘ਦੋਸ਼ ਕਬੂਲਿਆ’ ਅਤੇ ਕਿਹਾ ਕਿ ਇਨ੍ਹਾਂ ਫ਼ੈਸਲਿਆਂਨੇ ਸਿੱਖ ਪੰਥ ਨੂੰ ਠੇਸ ਪੁਚਾਈ ਹੈ।

ਪੱਤਰ ਵਿੱਚ ਦਾਅਵਾ ਕੀਤਾ ਗਿਆ ਕਿ ਹੁਣ ਅਕਾਲੀ ਦਲ ਦੇ ਮੁਖ਼ੀ ਸੁਖ਼ਬੀਰ ਬਾਦਲ ਨੇ ਕਥਿਤ ਤੌਰ ’ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਦਿਆਂ ਬੇਅਦਬੀਆਂ ਦੇ ਮਾਮਲੇ ਵਿੱਚ ਡੇਰਾ ਸਿਰਸਾ ਮੁਖ਼ੀ ਨੂੰ ਮੁਆਫ਼ ਕਰ ਦਿੱਤਾ।

ਇਹ ਵੀ ਲਿਖ਼ਿਆ ਗਿਆ ਹੈ ਕਿ ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਤਤਕਾਲੀ ਜਥੇਦਾਰ ਨੂੰ ਬੁਲਾ ਕੇ ਉਨ੍ਹਾਂ ਦਾ ਸਪਸ਼ਟੀਕਰਨ ਮੰਗ ਸਕਦੇ ਹਨ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੂੰ ਸਿੱਖਾਂ ਦੇ ਰੋਹ ਦੇ ਮੱਦੇਨਜ਼ਰ ਇਹ ਫ਼ੈਸਲਾ ਵਾਪਸ ਲੈਣਾ ਪਿਆ। ਯਾਦ ਰਹੇ ਕਿ ਅਕਾਲ ਤਖ਼ਤ ਨੇ 2015 ਵਿੱਚ ਲਿਖ਼ਤੀ ਮੁਆਫ਼ੀਨਾਮੇ ਵਿੱਚ ਡੇਰਾ ਸਿਰਸਾ ਮੁਖ਼ੀ ਨੂੰ ਬੇਅਦਬੀਆਂ ਦੇ ਮਾਮਲੇ ਵਿੱਚ ਮੁਆਫ਼ ਕਰ ਦਿੱਤਾ ਸੀ।

ਵਰਨਣਯੋਗ ਹੈ ਕਿ ਸੁਖ਼ਬੀਰ ਸਿੰਘ ਬਾਦਲ ਨੇ 15 ਦਸੰਬਰ, 2023 ਨੂੰ ਪਾਰਟੀ ਦੇ 103ਵੇਂ ਸਥਾਪਨਾ ਦਿਵਸ ’ਤੇ ਬੋਲਦਿਆਂ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਫ਼ੜਨ ਵਿੱਚ ਅਸਫ਼ਲ ਰਹਿਣ ’ਤੇ ਅਫ਼ਸੋਸ ਪ੍ਰਗਟ ਕੀਤਾ ਸੀ।

- Advertisment -

ਅਹਿਮ ਖ਼ਬਰਾਂ