Thursday, September 12, 2024
spot_img
spot_img
spot_img

ਰਵਨੀਤ ਸਿੰਘ ਬਿੱਟੂ ਰਾਜਸਥਾਨ ਤੋਂ ਉਮੀਦਵਾਰ ਬਣ ਕੇ ਪੁੱਜਣਗੇ ਰਾਜ ਸਭਾ, ਭਾਜਪਾ ਨੇ ਕੀਤਾ ਐਲਾਨ

ਯੈੱਸ ਪੰਜਾਬ
ਜੈਪੁਰ, 20 ਅਗਸਤ, 2024

ਭਾਰਤੀ ਜਨਤਾ ਪਾਰਟੀ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਜਸਥਾਨ ਤੋਂ ਰਾਜ ਸਭਾ ਲਈ ਪਾਰਟੀ ਉਮੀਦਵਾਰ ਐਲਾਨਿਆ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਰੇਲ ਅਤੇ ਫ਼ੂਡ ਪ੍ਰੋਸੈਸਿੰਗ ਰਾਜ ਮੰਤਰੀ ਹਨ।

ਰਾਜਸਥਾਨ ਵਿੱਚ ਰਾਜ ਸਭਾ ਦੀਆਂ ਕੁੱਲ 10 ਸੀਟਾਂ ਹਨ। ਇਨ੍ਹਾਂ ਵਿੱਚੋਂ 5 ਕਾਂਗਰਸ ਅਤੇ 4 ਭਾਜਪਾ ਕੋਲ ਹਨ। ਇੱਕ ਸੀਟ ਖਾਲੀ ਹੈ ਅਤੇ ਇਸ ਸੀਟ ਲਈ ਚੋਣ ਹੋਣੀ ਹੈ। ਇਸੇ ਸੀਟ ਲਈ ਹੁਣ ਰਵਨੀਤ ਬਿੱਟੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜੋ ਬੁੱਧਵਾਰ ਨੂੰ ਜੈਪੁਰ ਵਿਖ਼ੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।

ਤਿੰਨ ਵਾਰ ਕਾਂਗਰਸ ਟਿਕਟ ’ਤੇ ਲੋਕ ਸਭਾ ਚੋਣ ਲੜ ਕੇ ਪੰਜਾਬ ਤੋਂ ਐੱਮ.ਪੀ. ਰਹੇ ਰਵਨੀਤ ਸਿੰਘ ਬਿੱਟੂ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਹ ਪਹਿਲਾਂ 2009 ਵਿੱਚ ਆਨੰਦਪੁਰ ਸਾਹਿਬ ਤੋਂ ਜਿੱਤ ਕੇ ਲੋਕ ਸਭਾ ਪੁੱਜੇ ਸਨ ਅਤੇ ਫ਼ਿਰ ਲਗਾਤਾਰ ਦੋ ਵਾਰ, 2014 ਅਤੇ 2019 ਵਿੱਚ, ਲੁਧਿਆਣਾ ਤੋਂ ਕਾਂਗਰਸ ਟਿਕਟ ’ਤੇ ਚੁਣੇ ਗਏ।

2024 ਵਿੱਚ ਭਾਜਪਾ ਵਿੱਚ ਸ਼ਮੂਲੀਅਤ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਸੀ। ਕਾਂਗਰਸ ਪਾਰਟੀ ਨੇ ਉਨ੍ਹਾਂ ਦੇ ਮੁਕਾਬਲੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਿਆ ਸੀ ਅਤੇ ਇਸ ਗਹਿਗੱਚ ਮੁਕਾਬਲੇ ਵਿੱਚ ਰਾਜਾ ਵੜਿੰਗ ਰਵਨੀਤ ਬਿੱਟੂ ਨੂੰ ਹਰਾ ਕੇ ਜੇਤੂ ਰਹੇ ਸਨ।

ਰਾਜਸਥਾਨ ਵਿਧਾਨ ਸਭਾ ਵਿੱਚ ਭਾਜਪਾ ਦੀ ਤਾਕਤ ਨੂੰ ਵੇਖ਼ਦਿਆਂ ਰਵਨੀਤ ਸਿੰਘ ਬਿੱਟੂ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਭਾਜਪਾ ਕੋਲ 114 ਅਤੇ ਕਾਂਗਰਸ ਕੋਲ 66 ਵਿਧਾਇਕ ਹਨ।

ਭਾਜਪਾ ਸੂਤਰਾਂ ਦਾ ਕਹਿਣਾਾ ਹੈ ਕਿ ਰਵਨੀਤ ਬਿੱਟੂ ਦੀ ਰਾਜਸਥਾਨ ਤੋਂ ਨਾਮਜ਼ਦਗੀ ਪਾਰਟੀ ’ਤੇ ਸਾਕਾਰਾਤਮਕ ਪ੍ਰਭਾਵ ਛੱਡੇਗੀ ਕਿਉਂਕਿ ਰਾਜਸਥਾਨ ਅਤੇ ਪੰਜਾਬ ਦੀ ਸਰਹੱਦ ਸਾਂਝੀ ਹੈ। ਸਮਝਿਆ ਜਾਂਦਾ ਹੈ ਕਿ ਰਾਜਸਥਾਨ ਦੀਆਂ ਸ੍ਰੀ ਗੰਗਾਨਗਰ ਵਰਗੀਆਂ ਸਰਹੱਦੀ ਸੀਟਾਂ, ਜਿੱਥੇ ਪਹਿਲਾਂ ਪਾਰਟੀ ਦਾ ਪ੍ਰਦਰਸ਼ਨ ਕੁਝ ਚੰਗਾ ਨਹੀਂ ਰਿਹਾ, ’ਤੇ ਭਾਜਪਾ ਨੂੰ ਫ਼ਾਇਦਾ ਹੋ ਸਕਦਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ