Punjabi actress Sonia Mann says, will never ever go to stage of 32 Farmers’ Unions
ਯੈੱਸ ਪੰਜਾਬ
ਚੰਡੀਗੜ੍ਹ, 29 ਜਨਵਰੀ, 2023:
ਸਾਲ ਭਰ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਕਿਸਾਨੀ ਅੰਦੋਲਨ ਦਾ ਹਿੱਸਾ ਰਹੀ ਅਤੇ ਖੁਲ੍ਹ ਕੇ ਸਰਕਾਰ ਦੇ ਵਿਰੁੱਧ ਬੋਲਦੀ ਰਹੀ ਪੰਜਾਬੀ ਅਦਾਕਾਰਾ ਅਤੇ ਮਾਡਲ ਸੋਨੀਆ ਮਾਨ ਹੁਣ ਕਿਸਾਨ ਜੱਥੇਬੰਦੀਆਂ ਨਾਲ ਨਾਰਾਜ਼ ਹੈ।
ਸੋਨੀਆ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਦਾ ਸਮਰਥਨ ਤਾਂ ਜਾਰੀ ਰੱਖੇਗੀ ਪਰ 32 ਕਿਸਾਨ ਜੱਥੇਬੰਦੀਆਂ ਦੀ ਸਟੇਜ ’ਤੇ ਕਦੇ ਨਹੀਂ ਜਾਵੇਗੀ।
ਆਪਣੀ ਨਾਰਾਜ਼ਗੀ ਦਾ ਕਾਰਨ ਦੱਸਦਿਆਂ ਸੋਨੀਆ ਮਾਨ ਨੇ ਸਪਸ਼ਟ ਕੀਤਾ ਕਿ 26 ਜਨਵਰੀ ਨੂੰ ਜੀਂਦ ਵਿਖ਼ੇ ਹੋਈ ਕਿਸਾਨ ਮਹਾਂਪੰਚਾਇਤ ਵਿੱਚ ਸਟੇਜ ਤੋਂ ਉਸਨੂੰ ਬੋਲਣ ਦਾ ਸੱਦਾ ਦਿੱਤਾ ਗਿਆ ਤਾਂ ਪੰਜਾਬ ਦੀਆਂ ਜੱਥੇਬੰਦੀਆਂ ਨੇ ਇਸ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਸੋਨੀਆ ਮਾਨ ਪੰਜਾਬ ਦੀ ਕਿਸੇ ਜੱਥੇਬੰਦੀ ਨਾਲ ਸੰਬੰਧਤ ਨਹੀਂ ਹੈ। ਇਸ ਮੌਕੇ ਸੋਨੀਆ ਮਾਨ ਨੇ ਡਾ: ਦਰਸ਼ਨ ਪਾਲ ਅਤੇ ਉਗਰਾਹਾਂ ਦੀਆਂ ਜੱਥੇਬੰਦੀਆਂ ਦਾ ਨਾਂਅ ਵੀ ਲਿਆ।
ਇਸ ’ਤੇ ਵੀ ਹਰਿਆਣਾ ਵਾਲਿਆਂ ਨੇ ਕਿਹਾ ਕਿ ਅਸੀਂ ਉਸਨੂੰ ਹਰਿਆਣਾ ਵੱਲੋਂ ਬੁਲਾ ਰਹੇ ਹਾਂ ਤਾਂ ਉਨ੍ਹਾਂ ਨੇ ਇਹ ਕਹਿ ਕੇ ਬੋਲਣੋਂ ਮਨ੍ਹਾਂ ਕੀਤਾ ਕਿ ਜਦ ਪੰਜਾਬ ਦੀਆਂ ਜੱਥੇਬੰਦੀਆਂ ਹੀ ਉਸਦੇ ਬੋਲਣ ’ਤੇ ਇਤਰਾਜ਼ ਜਤਾ ਰਹੀਆਂ ਹਨ ਤਾਂ ਉਹ ਨਹੀਂ ਬੋਲੇਗੀ।
ਜ਼ਿਕਰਯੋਗ ਹੈ ਕਿ ਸਤੰਬਰ 2022 ਵਿੱਚ ਸੋਨੀਆ ਮਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਆਲ ਇੰਡੀਆ ਜੱਟ ਮਹਾਂਸਭਾ ਵਿੱਚ ਸ਼ਾਮਲ ਹੋ ਗਏ ਸਨ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਜੈ ਇੰਦਰ ਕੌਰ ਵੱਲੋਂ ਉਸਨੂੰ ਆਲ ਇੰਡੀਆ ਜੱਟ ਮਹਾਸਭਾ ਮਹਿਲਾ ਯੂਥ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।
ਬੰਦੀ ਸਿੰਘਾਂ ਦੇ ਮੁੱਦੇ ’ਤੇ ਗੱਲ ਕਰਦਿਆਂ ਸੋਨੀਆ ਮਾਨ ਨੇ ਇਹ ਵੀ ਐਲਾਨ ਕੀਤਾ ਕਿ ਮੇਜਰ ਜਨਰਲ ਸੁਬੇਗ ਸਿੰਘ ਦੇ ਭਰਾ ਅਤੇ ਸਾਡੇ ਪਰਿਵਾਰਕ ਮੈਂਬਰ ਸ: ਬਿਅੰਤ ਸਿੰਘ ਵੱਲੋਂ ਬੰਦੀ ਸਿੰਘਾਂ ਦੇ ਸਮਰਥਨ ਲਈ ਇਕ ਕਾਫ਼ਿਲਾ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਉਹ ਵੀ ਸ਼ਾਮਲ ਰਹਿਣਗੇ। ਉਨ੍ਹਾਂ ਕਿਹਾ ਕਿ ਸਿੱਧੂਪੁਰ ਯੂਨੀਅਨ ਵੱਲੋਂ ਵੀ ਇਸ ਕਾਫ਼ਿਲੇ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਉਹਨਾਂ ਆਖ਼ਿਆ ਕਿ ਬਿਲਕਿਸ ਬਾਨੋ ਮਾਮਲੇ ਦੇ ਦੋਸ਼ੀਆਂ ਨੂੰ ਤਾਂ ਛੱਡਿਆ ਜਾ ਸਕਦਾ ਹੈ ਤੇ ਉਨ੍ਹਾਂ ਦਾ ਸਿਰੋਪੇ ਪਾ ਕੇ ਸਨਮਾਨਕੀਤਾ ਜਾ ਸਕਦਾ ਹੈ ਪਰ ਬੰਦੀ ਸਿੰਘਾਂ ਨੂੰ ਨਹੀਂ ਛੱਡਿਆ ਜਾ ਰਿਹਾ ਜਿਸ ਤੋਂ ਸਪਸ਼ਟ ਹੀ ‘ਡਿਕਟੇਟਰਸ਼ਿਪ’ ਨਜ਼ਰ ਆ ਰਹੀ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ