ਗ੍ਰਿਫ਼ਤਾਰੀ ਤੋਂ ਬਚਣ ਲਈ ਫ਼ੋਨ ਬੰਦ ਰੱਖ ਕੇ ‘ਵੱਟਸਐਪ’ ਕਾਲਾਂ ਕਰ ਰਹੇ ਹਨ ਮਨਪ੍ਰੀਤ ਬਾਦਲ
ਯੈੱਸ ਪੰਜਾਬ
ਚੰਡੀਗੜ੍ਹ, 29 ਸਤੰਬਰ, 2023:
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਭਾਲ ਵਿੱਚ ਜਗ੍ਹਾ ਜਗ੍ਹਾ ਛਾਪੇਮਾਰੀ ਕਰ ਰਹੀਆਂ ਵਿਜੀਲੈਂਸ ਦੀਆਂ ਟੀਮਾਂ ਨੇ ਸ਼ੁੱਕਰਵਾਰ ਸ਼ਾਮ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਨਿਵਾਸ ’ਤੇ ਛਾਪੇਮਾਰੀ ਕੀਤੀ ਪਰ ਉਹ ਵਿਜੀਲੈਂਸ ਟੀਮ ਨੂੰ ਕੋਠੀ ਵਿੱਚ ਨਹੀਂ ਮਿਲੇ।
ਵਿਜੀਲੈਂਸ ਦੀ ਪੁਰਸ਼ਾਂ ਅਤੇ ਔਰਤਾਂ ’ਤੇ ਅਧਾਰਿਤ ਟੀਮ ਕੋਠੀ ਦੇ ਅੰਦਰ ਗਈ ਅਤੇ ਲਗਪਗ ਅੱਧੇ ਘੰਟੇ ਬਾਅਦ ਬਾਹਰ ਆਈ।
ਬਾਹਰ ਆ ਕੇ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਕੋਲ ਮਨਪ੍ਰੀਤ ਬਾਦਲ ਦੇ ਗ੍ਰਿਫ਼ਤਾਰੀ ਵਾਰੰਟ ਹਨ ਅਤੇ ਉਹ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਇੱਥੇ ਆਏ ਸਨ ਇਸ ਲਈ ਉਨ੍ਹਾਂ ਨੇ ਇਨ੍ਹਾਂ ਵਾਰੰਟਾਂ ਦੇ ਆਧਾਰ ’ਤੇ ਕੋਠੀ ਦੇਸਾਰੇ ਕਮਰਿਆਂ ਦੀ ਤਲਾਸ਼ੀ ਲਈ ਪਰ ਉਹ ਨਹੀਂ ਮਿਲੇ।
ਉਹਨਾਂ ਨੇ ਦੱਸਿਆ ਕਿ ਇਸ ਮੌਕੇ ਘਰ ਵਿੱਚ ਮਨਪ੍ਰੀਤ ਬਾਦਲ ਦੇ ਮਾਤਾ ਅਤੇ ਉਨ੍ਹਾਂ ਦੀ ਪਤਨੀ ਵੀਨੂੰ ਬਾਦਲ ਅਤੇ ਇੱਕ-ਦੋ ਹੋਰ ਔਰਤਾਂ ਹਾਜ਼ਰ ਸਨ ਪਰ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਵੀ ਮਨਪ੍ਰੀਤ ਬਾਦਲ ਨਾਲ ਕਾਫ਼ੀ ਦਿਨਾਂ ਤੋਂ ਕੋਈ ਸੰਪਰਕ ਨਹੀਂ ਹੈ।
ਵਿਜੀਲੈਂਸ ਅਧਿਕਾਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ, ਦਿੱਲੀ, ਰਾਜਸਥਾਨ ਅਤੇ ਹਿਮਾਚਲ ਆਦਿ ਵਿੱਚ ਟੀਮਾਂ ਮਨਪ੍ਰੀਤ ਬਾਦਲ ਦੀ ਗ੍ਰਿਫ਼ਤਾਰੀ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਦਾ ਫ਼ੋਨ ਬੰਦ ਆ ਰਿਹਾ ਹੈ ਅਤੇ ਉਹ ਕਾਲਾਂ ਲਈ ‘ਵਾਟਸਐਪ’ ਦੀ ਵਰਤੋਂ ਕਰ ਰਹੇ ਹਨ। ਮਨਪ੍ਰੀਤ ਬਾਦਲ ਦੇ ਫ਼ੋਨ ਦੀ ‘ਲਾਸਟ ਲੋਕੇਸ਼ਨ’ ਬਾਰੇ ਪੁੱਛੇ ਜਾਣ ’ਤੇ ਵਿਜੀਲੈਂਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਇੱਕ ਲੋਕੇਸ਼ਨ ਰਾਜਸਥਾਨ ਵਿੱਚ ਉਦੇਪੁਰ ਆਈ ਸੀ ਪਰ ਇਸ ਤੋਂ ਜ਼ਿਆਦਾ ਖ਼ੁਲਾਸਾ ਉਹ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅਜੇ ਮਨਪ੍ਰੀਤ ਬਾਦਲ ਦੇ ਖਿਲਾਫ਼ ਕੋਈ ਹੋਰ ਕੇਸ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਲ ਤਾਂ ਸਿਰਫ਼ ਬਠਿੰਡਾ ਦੇ ਪਲਾਟ ਮਾਮਲੇ ਦੀ ਜਾਂਚ ਦਾ ਹੀ ਕੰਮ ਹੈ।
ਇਸੇ ਦੌਰਾਨ ਮਨਪ੍ਰੀਤ ਬਾਦਲ ਨੇ ਅੱਜ ਮੁੜ ਬਠਿੰਡਾ ਦੀ ਸੈਸ਼ਨਜ਼ ਅਦਾਲਤ ਵਿੱਚ ਆਪਣੀ ਜ਼ਮਾਨਤ ਅਰਜ਼ੀ ਲਗਾਈ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਐਫ.ਆਈ.ਆਰ.ਦਰਜ ਹੋਣ ਤੋਂ ਪਹਿਲਾਂ ਹੀ ਜ਼ਮਾਨਤ ਅਰਜ਼ੀ ਲਗਾਈ ਸੀ ਜਿਹੜੀ ਐਫ.ਆਈ.ਆਰ.ਦਰਜ ਹੋਣ ’ਤੇ ਵਾਪਸ ਲੈ ਲਈ ਗਈ ਸੀ ਅਤੇ ਉਸ ਵੇਲੇ ਹੀ ਕਿਹਾ ਗਿਆ ਸੀ ਕਿ ਜ਼ਮਾਨਤ ਅਰਜ਼ੀ ਦੁਬਾਰਾ ਸੋਧ ਕੇ ਲਗਾਈ ਜਾਵੇਗੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ