ਸ਼ਿਮਲਾ ਦੇ ਖ਼ਲੀਨੀ ਇਲਾਕੇ ਵਿੱਚ ਵੀ ਕੀਤੀ ਗਈ ਛਾਪੇਮਾਰੀ
ਯੈੱਸ ਪੰਜਾਬ
ਚੰਡੀਗੜ੍ਹ, 29 ਸਤੰਬਰ, 2023:
ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਭਾਲ ਵਿੱਚ ਵਿਜੀਲੈਂਸ ਬਿਓਰੋ ਪੰਜਾਬ ਵੱਲੀੋਂ ਛਾਪੇਮਾਰੀ ਤੇਜ਼ ਕਰ ਦਿੱਤੇ ਜਾਣ ਦੀ ਖ਼ਬਰ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਨਾਲ ਨਾਲ ਵਿਜੀਲੈਂਸ ਦੀਆਂ ਟੀਮਾਂ ਹਿਮਾਚਲ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਉੱਤਰਾਖੰਡ ਵਿੱਚ ਛਾਪੇਮਾਰੀ ਕਰ ਰਹੀਆਂ ਹਨ।
ਪਤਾ ਲੱਗਾ ਹੈ ਕਿ ਸ਼ਿਮਲਾ ਦਾ ਖ਼ਲੀਨੀ ਇਲਾਕੇ ਵਿੱਚ ਸਾਬਕਾ ਵਿੱਤ ਮੰਤਰੀ ਦੇ ਇਕ ਮਿੱਤਰ ਦੇ ਘਰ ਛਾਪੇਮਾਰੀ ਕੀਤੀ ਗਈ ਹੈ ਹਾਲਾਂਕਿ ਉੱਥੇ ਵੀ ਮਨਪ੍ਰੀਤ ਬਾਦਲ ਨਹੀਂ ਮਿਲ ਸਕੇ। ਇਸ ਮਕਾਨ ਵਿੱਚ ਹਾਜ਼ਰ ਲੋਕਾਂ ਤੋਂ ਕਈ ਘੰਟੇ ਪੁੱਛ ਗਿੱਛ ਕੀਤੇ ਜਾਣ ਦੀ ਖ਼ਬਰ ਹੈ ਅਤੇ ਇਹ ਵੀ ਖ਼ਬਰ ਹੈ ਕਿ ਕੁਝ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਕਰਨ ਉਪਰੰਤ ਇਹ ਦਸਤਾਵੇਜ਼ ਕਬਜ਼ੇ ਵਿੱਚ ਲੈਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਪਤਾ ਲੱਗਾ ਹੈ ਕਿ ਵਿਜੀਲੈਂਸ ਦੀਆਂ ਟੀਮਾਂ ਬੀਤੇ ਕਲ੍ਹ ਤੋਂ ਹੀ ਹਿਮਾਚਲ ਵਿੱਚ ਮਨਪ੍ਰੀਤ ਬਾਦਲ ਦੀ ਭਾਲ ਕਰ ਰਹੀਆਂ ਹਨ। ਵਿਜੀਲੈਂਸ ਦੀਆਂ ਟੀਮਾਂ ਦੇ ਮਨਾਲੀ ਅਤੇ ਸੋਲਨ ਵਿੱਚ ਵੀ ਛਾਪੇਮਾਰੀ ਕਰਨ ਦੀਆਂ ਖ਼ਬਰਾਂ ਹਨ ਪਰ ਅਜੇ ਕਿਸੇ ਵਿਜੀਲੈਂਸ ਅਧਿਕਾਰੀ ਨੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ।
ਜ਼ਿਕਰਯੋਗ ਹੈ ਕਿ ਕਾਂਗਰਸ ਰਾਜ ਵੇਲੇ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਨੇ ਬਠਿੰਡਾ ਵਿੱਚ ਇੱਕ ਸਰਕਾਰੀ ਪਲਾਟ ਨੂੰ ਸਸਤੇ ਭਾਅ ਖ਼ਰੀਦਣ ਲਈ ਖ਼ਰੀਦ ਪ੍ਰਕ੍ਰਿਆ ਨੂੰ ‘ਮੈਨੀਪੁਲੇਟ’ ਕਰਕੇ ਪਲਾਟ ਖ਼ਰੀਦਿਆ ਸੀ ਉਸ ਨਾਲ 65 ਲੱਖ ਰੁਪਏ ਦਾ ਨੁਕਸਾਨ ਸਰਕਾਰੀ ਖਜ਼ਾਨੇ ਨੂੰ ਪੁਚਾਏ ਜਾਣ ਦਾ ਦਾਅਵਾ ਵਿਜੀਲੈਂਸ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਮਨਪ੍ਰੀਤ ਬਾਦਲ ਰੂਪੋਸ਼ ਹੋ ਗਏ ਸਨ, ਹਾਲਾਂਕਿ ਤਿੰਨ ਸਹਿ ਦੋਸ਼ੀਆਂ ਨੂੰੁ ਹੁਣ ਤਕ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਮਨਪ੍ਰੀਤ ਬਾਦਲ ਦੀ ਭਾਲ ਵਿੱਚ ਜੁਟੀ ਵਿਜੀਲੈਂਸ ਵੱਲੋਂ ਪਹਿਲਾਂ ਹੀ ‘ਲੁੱਕ ਆਊਟ ਸਰਕੂਲਰ’ ਜਾਰੀ ਕੀਤਾ ਜਾ ਚੁੱਕਾ ਹੈ ਤਾਂ ਜੋ ਉਨ੍ਹਾਂ ਨੂੰ ਵਿਦੇਸ਼ ਜਾਣ ਤੋਂ ਰੋਕਿਆ ਜਾ ਸਕੇ।
ਇਸ ਨੂੰ ਵੀ ਪੜ੍ਹੋ:
ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸੁਖ਼ਬੀਰ ਬਾਦਲ, ਸੁਮੇਧ ਸੈਣੀ, ਉਮਰਾਨੰਗਲ ਤੇ ਹੋਰਨਾਂ ਨੂੰ ਮਿਲੀ ਹਾਈਕੋਰਟ ਤੋਂ ਰਾਹਤ
ਸਿੱਧੂ ਮੂਸੇਵਾਲਾ ਕਤਲ ਕਾਂਡ: ਸਚਿਨ ਥਾਪਨ ਨੂੰ ਦਿੱਲੀ ਤੋਂ ਲੈ ਕੇ ਆਈ ਪੰਜਾਬ ਪੁਲਿਸ
ਸੁਖ਼ਪਾਲ ਖ਼ਹਿਰਾ ਨੂੰ ਮਿਲਣ ਜਲਾਲਾਬਾਦ ਪੁੱਜੇ ਸੀਨੀਅਰ ਕਾਂਗਰਸ ਆਗੂਆਂ ਨੂੰ ਮੁਲਾਕਾਤ ਦੀ ਨਹੀਂ ਮਿਲੀ ਇਜਾਜ਼ਤ
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ